ਕੀ ਯਹੋਵਾਹ ਦੇ ਗਵਾਹ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ʼਤੇ ਪਾਬੰਦੀ ਲਾਉਂਦੇ ਹਨ?
ਨਹੀਂ। ਸਾਡਾ ਸੰਗਠਨ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ਦੀ ਸਮੀਖਿਆ ਨਹੀਂ ਕਰਦਾ ਕਿ ਸਾਡੇ ਲਈ ਕੀ ਠੀਕ ਹੈ ਅਤੇ ਕੀ ਨਹੀਂ। ਕਿਉਂ ਨਹੀਂ?
ਬਾਈਬਲ ਹਰ ਵਿਅਕਤੀ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤ ਕੇ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਸਿੱਖੇ।—ਇਬਰਾਨੀਆਂ 5:14.
ਬਾਈਬਲ ਵਿਚ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਨੂੰ ਵਰਤ ਕੇ ਇਕ ਮਸੀਹੀ ਦੇਖ ਸਕਦਾ ਹੈ ਕਿ ਕਿਹੜਾ ਮਨੋਰੰਜਨ ਕਰਨਾ ਠੀਕ ਹੈ। a ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ‘ਹਮੇਸ਼ਾ ਪਤਾ ਕਰਦੇ ਰਹੀਏ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।’—ਅਫ਼ਸੀਆਂ 5:10.
ਬਾਈਬਲ ਦੱਸਦੀ ਹੈ ਕਿ ਪਰਿਵਾਰ ਦੇ ਮੁਖੀ ਕੋਲ ਅਧਿਕਾਰ ਹੈ ਤੇ ਇਸ ਕਰਕੇ ਉਹ ਆਪਣੇ ਪਰਿਵਾਰ ਲਈ ਇਹ ਫ਼ੈਸਲਾ ਕਰ ਸਕਦਾ ਹੈ ਕਿ ਉਸ ਦੇ ਪਰਿਵਾਰ ਨੂੰ ਕਿਹੋ ਜਿਹਾ ਮਨੋਰੰਜਨ ਕਰਨਾ ਚਾਹੀਦਾ ਹੈ ਤੇ ਕਿਹੋ ਜਿਹਾ ਨਹੀਂ। (1 ਕੁਰਿੰਥੀਆਂ 11:3; ਅਫ਼ਸੀਆਂ 6:1-4) ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਦੱਸਣ ਦਾ ਹੱਕ ਨਹੀਂ ਕਿ ਗਵਾਹਾਂ ਨੂੰ ਕਿਹੜੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ, ਕਿਹੜੇ ਗਾਣੇ ਸੁਣਨੇ ਚਾਹੀਦੇ ਹਨ ਜਾਂ ਕਿਹੜਾ ਗਾਇਕ ਵਧੀਆ ਹੈ।—ਗਲਾਤੀਆਂ 6:5.
a ਮਿਸਾਲ ਲਈ, ਬਾਈਬਲ ਅਜਿਹੇ ਮਨੋਰੰਜਨ ਦੀ ਨਿੰਦਾ ਕਰਦੀ ਹੈ ਜਿਸ ਵਿਚ ਹਿੰਸਾ, ਜਾਦੂਗਰੀ ਜਾਂ ਗੰਦ-ਮੰਦ ਹੁੰਦਾ ਹੈ।—ਬਿਵਸਥਾ ਸਾਰ 18:10-13; ਅਫ਼ਸੀਆਂ 5:3; ਕੁਲੁੱਸੀਆਂ 3:8.