ਨੌਜਵਾਨ ਪੁੱਛਦੇ ਹਨ
ਜਦੋਂ ਕੋਈ ਗ਼ਲਤ ਕੰਮ ਕਰਨ ਦਾ ਮਨ ਕਰੇ, ਤਾਂ ਕੀ ਕਰਾਂ?
ਪਰਮੇਸ਼ੁਰ ਦੇ ਇਕ ਸੇਵਕ ਪੌਲੁਸ ਰਸੂਲ ਨੇ ਕਿਹਾ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰਾ ਝੁਕਾਅ ਬੁਰੇ ਕੰਮ ਕਰਨ ਵੱਲ ਹੁੰਦਾ ਹੈ।” (ਰੋਮੀਆਂ 7:21) ਕੀ ਤੁਹਾਨੂੰ ਕਦੇ ਇੱਦਾਂ ਲੱਗਾ? ਜੇ ਹਾਂ, ਤਾਂ ਇਸ ਲੇਖ ਦੇ ਜ਼ਰੀਏ ਤੁਹਾਡੀ ਮਦਦ ਹੋਵੇਗੀ ਕਿ ਤੁਸੀਂ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਿਵੇਂ ਕਾਬੂ ਪਾ ਸਕਦੇ ਹੋ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਦੋਸਤਾਂ ਦੇ ਦਬਾਅ ਹੇਠ ਆ ਕੇ ਤੁਸੀਂ ਗ਼ਲਤ ਕੰਮ ਕਰ ਸਕਦੇ ਹੋ। ਬਾਈਬਲ ਵਿਚ ਲਿਖਿਆ ਹੈ ਕਿ “ਬੁਰੀਆਂ ਸੰਗਤਾਂ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33, ਫੁਟਨੋਟ) ਇੰਟਰਨੈੱਟ, ਟੀ.ਵੀ ਵਗੈਰਾ ਵਿਚ ਜੋ ਦਿਖਾਇਆ ਜਾਂਦਾ ਹੈ ਜਾਂ ਲੋਕਾਂ ਦੀਆਂ ਗੱਲਾਂ ਕਰਕੇ ਤੁਹਾਡੇ ਅੰਦਰ ਗ਼ਲਤ ਇੱਛਾਵਾਂ ਪੈਦਾ ਹੋ ਸਕਦੀਆਂ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ “ਭੀੜ ਦੇ ਪਿੱਛੇ ਲੱਗ ਕੇ” ਕੁਝ ਬੁਰਾ ਕਰ ਬੈਠੋ।—ਕੂਚ 23:2.
“ਸਾਰੇ ਨੌਜਵਾਨ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੇ ਹਾਣੀ ਉਨ੍ਹਾਂ ਨੂੰ ਪਸੰਦ ਕਰਨ ਤੇ ਉਨ੍ਹਾਂ ਨਾਲ ਦੋਸਤੀ ਕਰਨ। ਇਸ ਲਈ ਉਹ ਉਨ੍ਹਾਂ ਦੇ ਪਿੱਛੇ ਲੱਗ ਕੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ।” —ਜੈਰੇਮੀ।
ਜ਼ਰਾ ਸੋਚੋ: ਜੇ ਤੁਹਾਨੂੰ ਹਮੇਸ਼ਾ ਇਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ, ਤਾਂ ਕੀ ਤੁਹਾਡੇ ਲਈ ਗ਼ਲਤ ਕੰਮਾਂ ਤੋਂ ਬਚਣਾ ਹੋਰ ਵੀ ਔਖਾ ਨਹੀਂ ਹੋਵੇਗਾ?—ਕਹਾਉਤਾਂ 29:25.
ਮੁੱਖ ਗੱਲ: ਆਪਣੇ ਦੋਸਤਾਂ ਤੇ ਹਾਣੀਆਂ ਦੀਆਂ ਗੱਲਾਂ ਵਿਚ ਨਾ ਆਓ ਅਤੇ ਗ਼ਲਤ ਕੰਮ ਕਰਨ ਲਈ ਬਹਿਕਾਏ ਨਾ ਜਾਓ।
ਤੁਸੀਂ ਕੀ ਕਰ ਸਕਦੇ ਹੋ?
ਸੋਚੋ ਕਿ ਤੁਸੀਂ ਕੀ ਮੰਨਦੇ ਹੋ ਤੇ ਤੁਹਾਡੇ ਕੀ ਅਸੂਲ ਹਨ। ਜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕੀ ਮੰਨਦੇ ਹੋ, ਤਾਂ ਤੁਸੀਂ ਦੂਜਿਆਂ ਦੇ ਹੱਥ ਦੀ ਕਠਪੁਤਲੀ ਬਣ ਸਕਦੇ ਹੋ। ਬਾਈਬਲ ਦੀ ਇਸ ਸਲਾਹ ਨੂੰ ਮੰਨਣਾ ਤੁਹਾਡੇ ਲਈ ਵਧੀਆ ਹੋਵੇਗਾ ਕਿ “ਸਾਰੀਆਂ ਗੱਲਾਂ ਨੂੰ ਪਰਖੋ ਅਤੇ ਜਿਹੜੀਆਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ।” (1 ਥੱਸਲੁਨੀਕੀਆਂ 5:21) ਜਿੰਨੀ ਚੰਗੀ ਤਰ੍ਹਾਂ ਤੁਹਾਨੂੰ ਆਪਣੇ ਅਸੂਲਾਂ ਬਾਰੇ ਪਤਾ ਹੋਵੇਗਾ, ਉੱਨਾ ਹੀ ਸੌਖਾ ਤੁਹਾਡੇ ਲਈ ਇਨ੍ਹਾਂ ʼਤੇ ਬਣੇ ਰਹਿਣਾ ਹੋਵੇਗਾ। ਫਿਰ ਚਾਹੇ ਕੋਈ ਕੁਝ ਵੀ ਕਰ ਲਵੇ, ਤੁਸੀਂ ਡਗਮਗਾਓਗੇ ਨਹੀਂ।
ਜ਼ਰਾ ਸੋਚੋ: ਤੁਸੀਂ ਕਿਉਂ ਮੰਨਦੇ ਹੋ ਕਿ ਪਰਮੇਸ਼ੁਰ ਦੇ ਅਸੂਲ ਤੁਹਾਡੇ ਫ਼ਾਇਦੇ ਲਈ ਹਨ?
“ਮੈ ਇਹ ਦੇਖਿਆ ਹੈ ਕਿ ਜਦੋਂ ਮੈਂ ਆਪਣੇ ਵਿਸ਼ਵਾਸਾਂ ਮੁਤਾਬਕ ਚੱਲਦੀ ਹਾਂ ਅਤੇ ਦੂਜਿਆਂ ਦੀਆਂ ਗੱਲਾਂ ਵਿਚ ਨਹੀਂ ਆਉਂਦੀ, ਤਾਂ ਦੂਜੇ ਮੇਰਾ ਜ਼ਿਆਦਾ ਆਦਰ ਕਰਦੇ ਹਨ।”—ਕਿਮਬਰਲੀ।
ਬਾਈਬਲ ਦੇ ਇਕ ਕਿਰਦਾਰ ਤੋਂ ਸਿੱਖੋ: ਦਾਨੀਏਲ। ਜਦੋਂ ਉਹ ਹਾਲੇ ਜਵਾਨ ਹੀ ਸੀ, ਤਾਂ ਉਸ ਨੇ “ਮਨ ਵਿਚ ਠਾਣ ਲਿਆ” ਸੀ ਕਿ ਉਹ ਪਰਮੇਸ਼ੁਰ ਦੇ ਹੁਕਮਾਂ ʼਤੇ ਹੀ ਚੱਲੇਗਾ।—ਦਾਨੀਏਲ 1:8.
ਆਪਣੀਆਂ ਕਮੀਆਂ ਨੂੰ ਪਛਾਣੋ। ਬਾਈਬਲ ਵਿਚ “ਜਵਾਨੀ ਦੀਆਂ ਇੱਛਾਵਾਂ” ਬਾਰੇ ਗੱਲ ਕੀਤੀ ਗਈ ਹੈ। ਇਹ ਇੱਛਾਵਾਂ ਜਵਾਨੀ ਵਿਚ ਸਾਡੇ ʼਤੇ ਸਭ ਤੋਂ ਜ਼ਿਆਦਾ ਹਾਵੀ ਹੁੰਦੀਆਂ ਹਨ। (2 ਤਿਮੋਥਿਉਸ 2:22) ਜਵਾਨੀ ਦੀਆਂ ਇੱਛਾਵਾਂ ਵਿਚ ਸਿਰਫ਼ ਸੈਕਸ ਦੀ ਇੱਛਾ ਹੀ ਨਹੀਂ ਹੁੰਦੀ, ਸਗੋਂ ਇਹ ਇੱਛਾ ਵੀ ਹੁੰਦੀ ਹੈ ਕਿ ਦੂਜੇ ਸਾਨੂੰ ਪਸੰਦ ਕਰਨ ਤੇ ਸਾਨੂੰ ਕੋਈ ਰੋਕੇ-ਟੋਕੇ ਨਾ। ਨਾਲੇ ਅਸੀਂ ਆਪਣੇ ਫ਼ੈਸਲੇ ਆਪ ਕਰੀਏ, ਫਿਰ ਚਾਹੇ ਅਸੀਂ ਇਸ ਦੇ ਕਾਬਲ ਵੀ ਨਾ ਹੋਈਏ।
ਜ਼ਰਾ ਸੋਚੋ: ਬਾਈਬਲ ਵਿਚ ਲਿਖਿਆ ਹੈ ਕਿ “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।” (ਯਾਕੂਬ 1:14) ਤੁਸੀਂ ਆਪਣੀ ਕਿਹੜੀ ਇੱਛਾ ਕਰਕੇ ਜ਼ਿਆਦਾਤਰ ਬਹਿਕਾਏ ਜਾਂਦੇ ਹੋ?
“ਈਮਾਨਦਾਰੀ ਨਾਲ ਆਪਣੀ ਜਾਂਚ ਕਰੋ ਕਿ ਤੁਹਾਨੂੰ ਆਪਣੀਆਂ ਕਿਹੜੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣਾ ਔਖਾ ਲੱਗਦਾ ਹੈ। ਖੋਜਬੀਨ ਕਰੋ ਕਿ ਤੁਸੀਂ ਇਨ੍ਹਾਂ ਇੱਛਾਵਾਂ ʼਤੇ ਕਿਵੇਂ ਕਾਬੂ ਪਾ ਸਕਦੇ ਹੋ ਅਤੇ ਫਿਰ ਉਹ ਗੱਲਾਂ ਲਿਖ ਲਓ ਜਿਨ੍ਹਾਂ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਫਿਰ ਜਦੋਂ ਅਗਲੀ ਵਾਰ ਤੁਹਾਡੇ ਅੰਦਰ ਗ਼ਲਤ ਇੱਛਾਵਾਂ ਪੈਦਾ ਹੋਣਗੀਆਂ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਇਨ੍ਹਾਂ ʼਤੇ ਕਿੱਦਾਂ ਕਾਬੂ ਪਾਉਣਾ ਹੈ।”—ਸਿਲਵੀਆ।
ਬਾਈਬਲ ਦੇ ਇਕ ਕਿਰਦਾਰ ਤੋਂ ਸਿੱਖੋ: ਦਾਊਦ। ਕਈ ਵਾਰ ਦਾਊਦ ਵੀ ਲੋਕਾਂ ਦੇ ਅਤੇ ਆਪਣੀਆਂ ਇੱਛਾਵਾਂ ਦੇ ਦਬਾਅ ਹੇਠ ਆ ਕੇ ਗ਼ਲਤ ਕੰਮ ਕਰ ਬੈਠਾ। ਪਰ ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ “ਮੇਰੇ ਅੰਦਰ ਇਕ ਸਾਫ਼ ਦਿਲ ਪੈਦਾ ਕਰ ਅਤੇ ਮੈਨੂੰ ਨਵਾਂ ਅਤੇ ਪੱਕੇ ਇਰਾਦੇ ਵਾਲਾ ਮਨ ਦੇ।”—ਜ਼ਬੂਰ 51:10.
ਆਪਣੀਆਂ ਇੱਛਾਵਾਂ ʼਤੇ ਕਾਬੂ ਪਾਓ। ਬਾਈਬਲ ਕਹਿੰਦੀ ਹੈ ਕਿ “ਬੁਰਾਈ ਤੋਂ ਹਾਰ ਨਾ ਮੰਨੋ।” (ਰੋਮੀਆਂ 12:21) ਇਸ ਦਾ ਮਤਲਬ ਹੈ ਕਿ ਗ਼ਲਤ ਇੱਛਾਵਾਂ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ ਅਤੇ ਸਹੀ ਕੰਮ ਕਰਨ ਦਾ ਫ਼ੈਸਲਾ ਕਰੋ।
ਜ਼ਰਾ ਸੋਚੋ: ਜਦੋਂ ਤੁਹਾਡਾ ਗ਼ਲਤ ਕੰਮ ਕਰਨ ਦਾ ਮਨ ਕਰੇ ਜਾਂ ਕੋਈ ਹੋਰ ਤੁਹਾਨੂੰ ਗ਼ਲਤ ਕੰਮ ਕਰਨ ਲਈ ਕਹੇ, ਤਾਂ ਉਦੋਂ ਤੁਸੀਂ ਆਪਣੇ ਆਪ ʼਤੇ ਕਾਬੂ ਕਿੱਦਾਂ ਰੱਖ ਸਕਦੇ ਹੋ?
“ਜਦੋਂ ਕੋਈ ਕੰਮ ਕਰਨ ਦਾ ਮੇਰਾ ਮਨ ਕਰਦਾ ਹੈ, ਤਾਂ ਮੈਂ ਸੋਚਦੀ ਹਾਂ ਕਿ ਮੈਨੂੰ ਉਹ ਕੰਮ ਕਰਨ ਤੋਂ ਬਾਅਦ ਕਿੱਦਾਂ ਦਾ ਲੱਗੇਗਾ? ਕੀ ਮੈਨੂੰ ਚੰਗਾ ਲੱਗੇਗਾ? ਸ਼ਾਇਦ ਮੈਨੂੰ ਥੋੜ੍ਹੇ ਸਮੇਂ ਲਈ ਚੰਗਾ ਲੱਗੇ। ਪਰ ਜੇ ਥੋੜ੍ਹਾ ਸਮਾਂ ਬੀਤਣ ਤੇ ਮੈਨੂੰ ਪਛਤਾਵਾ ਹੋਵੇਗਾ, ਤਾਂ ਫਿਰ ਕੀ ਉਹ ਕੰਮ ਕਰਨ ਦਾ ਕੋਈ ਫ਼ਾਇਦਾ ਹੋਵੇਗਾ? ਨਹੀਂ।”—ਸੋਫੀਆ।
ਬਾਈਬਲ ਦੇ ਇਕ ਕਿਰਦਾਰ ਤੋਂ ਸਿੱਖੋ: ਪੌਲੁਸ। ਉਸ ਨੇ ਮੰਨਿਆ ਕਿ ਉਸ ਦੇ ਮਨ ਵਿਚ ਗ਼ਲਤ ਇੱਛਾਵਾਂ ਆਉਂਦੀਆਂ ਹਨ, ਪਰ ਉਸ ਨੇ ਇਨ੍ਹਾਂ ʼਤੇ ਕਾਬੂ ਰੱਖਿਆ। ਉਸ ਨੇ ਲਿਖਿਆ ਕਿ “ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ।”—1 ਕੁਰਿੰਥੀਆਂ 9:27.
ਮੁੱਖ ਗੱਲ: ਇਹ ਤੁਹਾਡੇ ਹੱਥ ਵਿਚ ਹੈ ਕਿ ਗ਼ਲਤ ਕੰਮ ਲਈ ਭਰਮਾਏ ਜਾਣ ਤੇ ਤੁਸੀਂ ਕੀ ਕਰੋਗੇ।
ਯਾਦ ਰੱਖੋ, ਜਿਹੜੇ ਕੰਮ ਕਰਨ ਨੂੰ ਤੁਹਾਡਾ ਦਿਲ ਅੱਜ ਕਰਦਾ ਹੈ, ਬਾਅਦ ਵਿਚ ਸ਼ਾਇਦ ਉਹ ਤੁਹਾਨੂੰ ਚੰਗੇ ਵੀ ਨਾ ਲੱਗਣ। 20 ਸਾਲਾਂ ਦੀ ਮੇਲੀਸਾ ਕਹਿੰਦੀ ਹੈ ਕਿ “ਮੈਂ ਇਸ ਗੱਲ ʼਤੇ ਹਮੇਸ਼ਾ ਸੋਚ-ਵਿਚਾਰ ਕਰਦੀ ਹਾਂ ਕਿ ਸਕੂਲ ਵਿਚ ਹੁੰਦਿਆਂ ਜਿਹੜੇ ਕੰਮ ਕਰਨ ਦਾ ਮੇਰਾ ਬਹੁਤ ਦਿਲ ਕਰਦਾ ਸੀ, ਉਹ ਹੁਣ ਮੈਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਇਸ ਲਈ ਮੈਨੂੰ ਪਤਾ ਹੈ ਕਿ ਅੱਜ ਜਿਹੜੇ ਕੰਮ ਕਰਨ ਦਾ ਮੇਰਾ ਦਿਲ ਕਰਦਾ ਹੈ, ਬਾਅਦ ਵਿਚ ਉਹ ਕੰਮ ਵੀ ਮੈਨੂੰ ਬਹੁਤੇ ਵਧੀਆ ਨਹੀਂ ਲੱਗਣਗੇ। ਇੱਦਾਂ ਮੈਨੂੰ ਭਵਿੱਖ ਵਿਚ ਆਪਣੇ ਇਨ੍ਹਾਂ ਫ਼ੈਸਲਿਆਂ ਬਾਰੇ ਸੋਚ ਕੇ ਖ਼ੁਸ਼ੀ ਹੋਵੇਗੀ ਕਿ ਚੰਗਾ ਹੋਇਆ ਕਿ ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ।”