Skip to content

Skip to table of contents

ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?

ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?

ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?

ਜਿਹੜੇ ਲੋਕ ਇਕ ਲੰਬੀ ਅਤੇ ਸੁਖੀ ਜ਼ਿੰਦਗੀ ਜੀਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਿਗਰਟਾਂ ਨਹੀਂ ਪੀਣੀਆਂ ਚਾਹੀਦੀਆਂ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਲੰਬੇ ਸਮੇਂ ਤੋਂ ਸਿਗਰਟ ਪੀਣ ਕਰਕੇ ਦੋ ਵਿਅਕਤੀਆਂ ਵਿੱਚੋਂ ਇਕ ਜ਼ਰੂਰ ਮਰੇਗਾ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਨੇ ਕਿਹਾ: “ਸਿਗਰਟਾਂ ਬਹੁਤ ਚਤਰਾਈ ਨਾਲ ਬਣਾਈਆਂ ਗਈਆਂ ਹਨ; ਇਹ ਪੀਣ ਵਾਲੇ ਨੂੰ ਉੱਨੀ ਕੁ ਨਿਕੋਟੀਨ ਦਿੰਦੀਆਂ ਹਨ ਜਿੰਨੀ ਕੁ ਉਸ ਨੂੰ ਅਮਲੀ ਬਣਾਉਣ ਲਈ ਜ਼ਰੂਰੀ ਹੈ। ਇਸ ਤੋਂ ਬਾਅਦ ਇਹ ਉਸ ਨੂੰ ਮਾਰ ਦਿੰਦੀਆਂ ਹਨ।”

ਤਾਂ ਫਿਰ, ਸਿਗਰਟਾਂ ਬੰਦ ਕਰਨ ਦਾ ਇਕ ਕਾਰਨ ਇਹ ਹੈ ਕਿ ਇਨ੍ਹਾਂ ਕਰਕੇ ਸਿਹਤ ਅਤੇ ਜ਼ਿੰਦਗੀ ਨੂੰ ਖ਼ਤਰਾ ਪੇਸ਼ ਹੁੰਦਾ ਹੈ। ਪੱਚੀ ਨਾਲੋਂ ਜ਼ਿਆਦਾ ਜਾਨਲੇਵਾ ਬੀਮਾਰੀਆਂ ਤਮਾਖੂਨੋਸ਼ੀ ਨਾਲ ਜੋੜੀਆਂ ਗਈਆਂ ਹਨ। ਮਿਸਾਲ ਲਈ ਦਿਲ ਦੇ ਦੌਰੇ, ਸਟ੍ਰੋਕ, ਸਾਹ ਦੀਆਂ ਬੀਮਾਰੀਆਂ, ਫੇਫੜਿਆਂ ਦੀ ਸੋਜ, ਅਤੇ ਕਈ ਕੈਂਸਰ, ਖ਼ਾਸ ਕਰਕੇ ਫੇਫੜਿਆਂ ਦਾ ਕੈਂਸਰ ਇਸੇ ਕਾਰਨ ਹੋ ਸਕਦੇ ਹਨ।

ਫਿਰ ਵੀ, ਇਕ ਇਨਸਾਨ ਬੀਮਾਰ ਹੋਣ ਤੋਂ ਪਹਿਲਾਂ ਸ਼ਾਇਦ ਕਈਆਂ ਸਾਲਾਂ ਲਈ ਸਿਗਰਟਾਂ ਪੀਂਦਾ ਰਿਹਾ ਹੋਵੇ। ਕਈਆਂ ਦੀ ਸੋਚਣੀ ਦੇ ਉਲਟ ਸਿਗਰਟ ਪੀਣ ਨਾਲ ਅਸੀਂ ਜ਼ਿਆਦਾ ਦੋਸਤ-ਮਿੱਤਰ ਨਹੀਂ ਬਣਾਉਂਦੇ ਹਾਂ। ਬੇੱਸ਼ਕ ਇਸ਼ਤਿਹਾਰਾਂ ਵਿਚ ਸਿਗਰਟ ਪੀਣ ਵਾਲਿਆਂ ਨੂੰ ਸੁੰਦਰ ਅਤੇ ਸਿਹਤਮੰਦ ਦਿਖਾਇਆ ਜਾਂਦਾ ਹੈ। ਪਰ ਅਸਲੀਅਤ ਕੁਝ ਹੋਰ ਹੈ। ਸਿਗਰਟ ਪੀਣ ਨਾਲ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਤੁਹਾਡੇ ਦੰਦ ਪੀਲ਼ੇ ਅਤੇ ਤੁਹਾਡੀਆਂ ਉਂਗਲੀਆਂ ਹਲਦੀ ਰੰਗ ਦੀਆਂ ਹੋ ਜਾਂਦੀਆਂ ਹਨ। ਆਦਮੀਆਂ ਵਿਚ ਇਹ ਨਾਮਰਦੀ ਦਾ ਕਾਰਨ ਵੀ ਬਣ ਸਕਦਾ ਹੈ। ਇਸ ਨਾਲ ਭੈੜੀ ਖੰਘ ਲੱਗਦੀ ਹੈ ਅਤੇ ਸਾਹ ਦੀ ਕਸਰ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸ਼ਾਇਦ ਸਿਗਰਟ ਪੀਣ ਵਾਲਿਆਂ ਦੇ ਚਿਹਰਿਆਂ ਤੇ ਦੂਸਰਿਆਂ ਲੋਕਾਂ ਤੋਂ ਪਹਿਲਾਂ ਝੁਰੜੀਆਂ ਪੈ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਚਮੜੀ ਦੇ ਹੋਰ ਰੋਗ ਵੀ ਲੱਗ ਸਕਦੇ ਹਨ।

ਤਮਾਖੂ ਪੀਣ ਦਾ ਦੂਸਰਿਆਂ ਉੱਤੇ ਅਸਰ

ਬਾਈਬਲ ਕਹਿੰਦੀ ਹੈ ਕਿ “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਸਿਗਰਟਾਂ ਛੱਡਣ ਦਾ ਠੋਸ ਕਾਰਨ ਹੈ ਆਪਣੇ ਗੁਆਂਢੀ ਲਈ ਪਿਆਰ ਦਿਖਾਉਣਾ, ਅਤੇ ਤੁਹਾਡੇ ਸਭ ਤੋਂ ਨਜ਼ਦੀਕ ਗੁਆਂਢੀ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰ ਹੀ ਹਨ।

ਸਿਗਰਟ ਪੀਣ ਨਾਲ ਦੂਸਰਿਆਂ ਨੂੰ ਤਕਲੀਫ਼ ਹੁੰਦੀ ਹੈ। ਕੁਝ ਸਾਲ ਪਹਿਲਾਂ ਲੋਕੀ ਜਿੱਥੇ ਮਰਜ਼ੀ ਅਤੇ ਜਦੋਂ ਮਰਜ਼ੀ ਸਿਗਰਟ ਪੀ ਸਕਦੇ ਸਨ, ਅਤੇ ਕੋਈ ਉਨ੍ਹਾਂ ਨੂੰ ਕੁਝ ਨਹੀਂ ਸੀ ਕਹਿੰਦਾ। ਪਰ ਹੁਣ ਕਈਆਂ ਦੇ ਵਿਚਾਰ ਬਦਲ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਦੂਸਰਿਆਂ ਦੀਆਂ ਸਿਗਰਟਾਂ ਦੇ ਧੂੰਏਂ ਨੂੰ ਅੰਦਰ ਲੈਣਾ ਖ਼ਤਰਨਾਕ ਹੈ। ਮਿਸਾਲ ਲਈ ਜੇ ਸ਼ਾਦੀ-ਸ਼ੁਦਾ ਜੋੜੇ ਵਿੱਚੋਂ ਇਕ ਜਣਾ ਸਿਗਰਟ ਪੀਂਦਾ ਹੋਵੇ ਤਾਂ ਦੂਸਰੇ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ 30 ਫੀ ਸਦੀ ਜ਼ਿਆਦਾ ਖ਼ਤਰਾ ਹੈ। ਜਿਨ੍ਹਾਂ ਬੱਚਿਆਂ ਦੇ ਮਾਪੇ ਸਿਗਰਟ ਪੀਂਦੇ ਹਨ ਉਨ੍ਹਾਂ ਨੂੰ ਪਹਿਲੇ ਦੋ ਸਾਲਾਂ ਵਿਚ ਨਮੂਨੀਆ ਜਾਂ ਸਾਹ ਦੀ ਕਸਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਪਰ ਜਿਨ੍ਹਾਂ ਬੱਚਿਆਂ ਦੇ ਘਰ ਵਿਚ ਸਿਗਰਟ ਕੋਈ ਨਹੀਂ ਪੀਂਦਾ ਉਨ੍ਹਾਂ ਨੂੰ ਇੰਨਾ ਖ਼ਤਰਾ ਨਹੀਂ ਹੈ।

ਸਿਗਰਟ ਪੀਣ ਵਾਲੀਆਂ ਗਰਭਵਤੀ ਔਰਤਾਂ ਆਪਣੇ ਅਣਜੰਮੇ ਬੱਚਿਆਂ ਨੂੰ ਖ਼ਤਰੇ ਵਿਚ ਪਾਉਂਦੀਆਂ ਹਨ। ਸਿਗਰਟ ਦੇ ਧੂੰਏਂ ਵਿਚ ਨਿਕੋਟੀਨ, ਜ਼ਿਹਰੀਲੇ ਗੈਸ, ਅਤੇ ਹੋਰ ਖ਼ਤਰਨਾਕ ਪਦਾਰਥ ਹਨ ਜੋ ਮਾਂ ਦੇ ਖ਼ੂਨ ਰਾਹੀਂ ਬੱਚੇ ਤਕ ਸਿੱਧੇ ਪਹੁੰਚਦੇ ਹਨ। ਇਸ ਦੇ ਨਤੀਜੇ ਵਜੋਂ ਗਰਭਪਾਤ, ਜਣੇਪੇ ਦੇ ਵੇਲੇ ਜਾਂ ਇਸ ਤੋਂ ਜਲਦੀ ਬਾਅਦ ਬੱਚੇ ਦੀ ਮੌਤ ਦਾ ਵਧੇਰਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ, ਜਿਹੜੀਆਂ ਮਾਵਾਂ ਗਰਭ ਦੌਰਾਨ ਸਿਗਰਟ ਪੀਂਦੀਆਂ ਹਨ ਉਨ੍ਹਾਂ ਦੇ ਬੱਚਿਆਂ ਦੀ ਅਚਾਨਕ ਮੌਤ ਹੋਣ ਦਾ ਤਿੰਨ ਗੁਣਾ ਜ਼ਿਆਦਾ ਖ਼ਤਰਾ ਹੈ।

ਮਹਿੰਗੀ ਆਦਤ

ਸਿਗਰਟਾਂ ਮਹਿੰਗੀਆਂ ਹਨ, ਅਤੇ ਇਨ੍ਹਾਂ ਨੂੰ ਬੰਦ ਕਰਨ ਦਾ ਇਹ ਇਕ ਹੋਰ ਕਾਰਨ ਹੈ। ਵਰਲਡ ਬੈਂਕ ਦੇ ਇਕ ਅਧਿਐਨ ਨੇ ਅੰਦਾਜ਼ਾ ਲਗਾਇਆ ਕਿ ਸਿਗਰਟ ਪੀਣ ਦੇ ਕਾਰਨ ਬੀਮਾਰੀਆਂ ਦਾ ਇਲਾਜ ਕਰਨ ਲਈ ਹਰ ਸਾਲ 20 ਹਜ਼ਾਰ ਕਰੋੜ ਡਾਲਰ ਖ਼ਰਚਾ ਹੁੰਦਾ ਹੈ। ਪਰ ਸਿਗਰਟ ਪੀਣ ਵਾਲੇ ਸੱਚ-ਮੁੱਚ ਕਿੰਨੀ ਕੀਮਤ ਚੁੱਕਦੇ ਹਨ​—ਕਿੰਨਾ ਦੁੱਖ, ਕਿੰਨੀ ਤਕਲੀਫ਼, ਕਿੰਨੀ ਬੀਮਾਰੀ​—ਇਸ ਦਾ ਵੀ ਕੋਈ ਹਿਸਾਬ ਨਹੀਂ ਹੈ।

ਸਿਗਰਟਾਂ ਦਾ ਅਸਲੀ ਖ਼ਰਚ ਦੇਖਣਾ ਸੌਖਾ ਹੈ। ਜੇ ਤੁਸੀਂ ਸਿਗਰਟਾਂ ਪੀਂਦੇ ਹੋ, ਤਾਂ ਜਿੰਨੇ ਪੈਸੇ ਤੁਸੀਂ ਹਰ ਰੋਜ਼ ਖ਼ਰਚਦੇ ਹੋ ਉਸ ਨੂੰ 365 ਨਾਲ ਗੁਣਾ ਕਰੋ। ਇਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇਕ ਸਾਲ ਵਿਚ ਇਸ ਆਦਤ ਉੱਤੇ ਕਿੰਨਾ ਪੈਸਾ ਲਾਉਂਦੇ ਹੋ। ਇਸ ਰਕਮ ਨੂੰ ਹੁਣ ਦਸ ਨਾਲ ਗੁਣਾ ਕਰੋ ਅਤੇ ਤੁਸੀਂ ਦੇਖੋਗੇ ਕਿ ਜੇ ਤੁਸੀਂ ਅਗਲੇ ਦਸਾਂ ਸਾਲਾਂ ਲਈ ਪੀਂਦੇ ਰਹੋਗੇ ਤਾਂ ਤੁਹਾਡਾ ਕਿੰਨਾ-ਕੁ ਖ਼ਰਚਾ ਹੋਵੇਗਾ। ਇਸ ਅੰਦਾਜ਼ੇ ਨੂੰ ਦੇਖ ਕੇ ਤੁਸੀਂ ਸ਼ਾਇਦ ਹੈਰਾਨ ਹੋਵੋਗੇ। ਜ਼ਰਾ ਸੋਚੋ ਕਿ ਤੁਸੀਂ ਇੰਨੇ ਸਾਰੇ ਪੈਸਿਆਂ ਨਾਲ ਹੋਰ ਕੀ ਕੁਝ ਕਰ ਸਕਦੇ ਹੋ।

ਕੀ ਸਿਗਰਟ ਬਦਲਣ ਨਾਲ ਫ਼ਰਕ ਪਵੇਗਾ?

ਸਿਗਰਟਾਂ ਬਣਾਉਣ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਘੱਟ ਟਾਰ (ਲੁੱਕ) ਅਤੇ ਨਿਕੋਟੀਨ ਵਾਲੀਆਂ ਹਲਕੀਆਂ ਸਿਗਰਟਾਂ ਤੁਹਾਡੀ ਸਿਹਤ ਲਈ ਇੰਨੀਆਂ ਮਾੜੀਆਂ ਨਹੀਂ ਹਨ। ਪਰ ਜਿਹੜੇ ਲੋਕ ਅਜਿਹੀਆਂ ਸਿਗਰਟਾਂ ਪੀਣੀਆਂ ਸ਼ੁਰੂ ਕਰਦੇ ਹਨ ਉਹ ਪਹਿਲਾਂ ਜਿੰਨੀ ਨਿਕੋਟੀਨ ਲਈ ਤਰਸਦੇ ਹਨ। ਇਸ ਦੇ ਨਤੀਜੇ ਵਜੋਂ ਉਹ ਪਹਿਲਾਂ ਨਾਲੋਂ ਜ਼ਿਆਦਾ ਸਿਗਰਟਾਂ ਪੀਣ ਲੱਗ ਪੈਂਦੇ ਹਨ, ਅਤੇ ਇਨ੍ਹਾਂ ਨੂੰ ਪੀਂਦੇ ਸਮੇਂ ਜ਼ਿਆਦਾ ਅਤੇ ਡੂੰਘੇ ਸਾਹ ਭਰਦੇ ਹਨ ਅਤੇ ਧੂੰਏਂ ਨੂੰ ਹੋਰ ਖਿੱਚਦੇ ਹਨ। ਉਹ ਪੂਰੀ ਸਿਗਰਟ ਪੀ ਕੇ ਹੀ ਹਟਦੇ ਹਨ। ਪਰ ਜਿਹੜੇ ਲੋਕ ਸਿਗਰਟ ਬਦਲਣ ਤੋਂ ਬਾਅਦ ਇਸ ਤਰ੍ਹਾਂ ਨਹੀਂ ਕਰਦੇ ਉਨ੍ਹਾਂ ਦੀ ਸਿਹਤ ਨੂੰ ਇੰਨਾ ਫ਼ਰਕ ਨਹੀਂ ਪੈਂਦੇ, ਜਿੰਨਾ ਸਿਗਰਟ ਬੰਦ ਕਰਨ ਨਾਲ ਪੈਂਦਾ ਹੈ।

ਹੁੱਕਾ ਅਤੇ ਸਿਗਾਰਾਂ ਪੀਣ ਬਾਰੇ ਕੀ? ਸਿਗਰਟਾਂ ਦੀਆਂ ਕੰਪਨੀਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਹੁੱਕਾ ਅਤੇ ਸਿਗਾਰ ਪੀਂਦੇ ਹਨ ਉਹ ਸਮਾਜ ਵਿਚ ਵੱਡੇ ਗਿਣੇ ਜਾਂਦੇ ਹਨ। ਪਰ ਇਨ੍ਹਾਂ ਦਾ ਧੂੰਆਂ ਸਿਗਰਟਾਂ ਦੇ ਧੂੰਏਂ ਜਿੰਨਾ ਹੀ ਖ਼ਤਰਨਾਕ ਹੈ। ਭਾਵੇਂ ਕਿ ਹੁੱਕਾ ਅਤੇ ਸਿਗਾਰ ਪੀਣ ਵਾਲੇ ਧੂੰਏਂ ਨੂੰ ਆਪਣੇ ਅੰਦਰ ਫੇਫੜਿਆਂ ਤਕ ਨਹੀਂ ਲਿਜਾਂਦੇ, ਫਿਰ ਵੀ ਉਨ੍ਹਾਂ ਨੂੰ ਬੁੱਲ੍ਹਾਂ, ਮੂੰਹ, ਅਤੇ ਜੀਬ ਦਾ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਹੈ।

ਕੀ ਤਮਾਖੂ ਹੋਰ ਕਿਸੇ ਤਰ੍ਹਾਂ ਇਸਤੇਮਾਲ ਕਰਨਾ ਠੀਕ ਹੈ? ਦੋ ਹੋਰ ਕਿਸਮ ਦੇ ਤਮਾਖੂ ਮਿਲਦੇ ਹਨ: ਨਸਵਾਰ ਅਤੇ ਚਿੱਥਣ ਵਾਲਾ ਤਮਾਖੂ। ਨਸਵਾਰ ਪੀਸਿਆ ਹੋਇਆ ਤਮਾਖੂ ਹੁੰਦਾ ਹੈ ਜੋ ਡੱਬੀਆਂ ਜਾਂ ਗੁਥਲੀਆਂ ਵਿਚ ਵੇਚਿਆ ਜਾਂਦਾ ਹੈ। ਲੋਕ ਇਸ ਨੂੰ ਹੇਠਲੇ ਬੁੱਲ੍ਹ ਵਿਚ, ਜਾਂ ਮੂੰਹ ਦੇ ਇਕ ਪਾਸੇ ਖਾਖ ਵਿਚ ਰੱਖਦੇ ਹਨ। ਚਿੱਥਣ ਵਾਲੇ ਤਮਾਖੂ ਦੀਆਂ ਲੰਬੀਆਂ-ਲੰਬੀਆਂ ਲੜੀਆਂ ਗੁਥਲੀਆਂ ਵਿਚ ਵੇਚੀਆਂ ਜਾਂਦੀਆਂ ਹਨ। ਇਸ ਨੂੰ ਚੂਸਿਆ ਨਹੀਂ ਸਗੋਂ ਚਿੱਥਿਆ ਜਾਂਦਾ ਹੈ। ਨਸਵਾਰ ਅਤੇ ਚਿੱਥਣ ਵਾਲੇ ਤਮਾਖੂ ਦੇ ਨਾਲ ਮੂੰਹ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਦੰਦ ਖ਼ਰਾਬ ਹੋ ਜਾਂਦੇ ਹਨ, ਮੂੰਹ ਅਤੇ ਸੰਘ ਦਾ ਕੈਂਸਰ ਹੋ ਸਕਦਾ ਹੈ, ਨਿਕੋਟੀਨ ਦੀ ਲਤ ਪੈਂਦੀ ਹੈ, ਮੂੰਹ ਵਿਚ ਚਿੱਟੇ-ਚਿੱਟੇ ਛਾਲੇ ਪੈ ਜਾਂਦੇ ਹਨ ਜਿਨ੍ਹਾਂ ਨਾਲ ਕੈਂਸਰ ਸ਼ੁਰੂ ਹੋ ਸਕਦਾ ਹੈ, ਬੁੱਟਾਂ ਦੀ ਛਿੱਲ ਲਿੱਥਣ ਲੱਗ ਪੈਂਦੀ ਹੈ ਅਤੇ ਦੰਦਾਂ ਦੇ ਆਲੇ-ਦੁਆਲੇ ਦੀਆਂ ਹੱਡੀਆਂ ਦਾ ਨੁਕਸਾਨ ਹੁੰਦਾ ਹੈ। ਹਾਂ, ਸਿਗਰਟਾਂ ਪੀਣ ਦੀ ਬਜਾਇ ਤਮਾਖੂ ਚੂਸਣਾ ਜਾਂ ਚਿੱਥਣਾ ਵੀ ਮੂਰਖਤਾ ਦੀ ਗੱਲ ਹੈ।

ਇਸ ਨੂੰ ਛੱਡਣ ਦੇ ਫ਼ਾਇਦੇ

ਫ਼ਰਜ਼ ਕਰੋ ਕਿ ਤੁਸੀਂ ਬਹੁਤ ਚਿਰ ਤੋਂ ਸਿਗਰਟ ਪੀਂਦੇ ਆਏ ਹੋ। ਇਸ ਆਦਤ ਨੂੰ ਛੱਡਣ ਤੇ ਤੁਹਾਡੇ ਉੱਤੇ ਕੀ ਅਸਰ ਪਵੇਗਾ? ਅਖ਼ੀਰਲੀ ਸਿਗਰਟ ਪੀਣ ਤੋਂ 20 ਮਿੰਟ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਕੇ ਠੀਕ ਹੋ ਜਾਵੇਗਾ। ਇਕ ਹਫ਼ਤੇ ਬਾਅਦ ਤੁਹਾਡੇ ਸਰੀਰ ਵਿਚ ਕੋਈ ਨਿਕੋਟੀਨ ਨਹੀਂ ਰਹੇਗੀ। ਇਕ ਮਹੀਨੇ ਬਾਅਦ ਤੁਹਾਡੀ ਖੰਘ ਠੀਕ ਹੋਣ ਲੱਗ ਪਵੇਗੀ, ਤੁਹਾਡਾ ਨੱਕ ਹਮੇਸ਼ਾ ਬੰਧ ਨਹੀਂ ਰਹੇਗਾ, ਤੁਹਾਡੀ ਥਕਾਵਟ ਦੂਰ ਹੋਣ ਲੱਗ ਪਵੇਗੀ, ਅਤੇ ਤੁਸੀਂ ਠੀਕ ਤਰ੍ਹਾਂ ਸਾਹ ਲੈਣ ਲੱਗ ਪਵੋਗੇ। ਪੰਜਾਂ ਸਾਲਾਂ ਬਾਅਦ ਤੁਹਾਡੇ ਲਈ ਫੇਫੜਿਆਂ ਦੇ ਕੈਂਸਰ ਤੋਂ ਮਰਨ ਦਾ ਖ਼ਤਰਾ 50 ਫੀ ਸਦੀ ਘੱਟ ਜਾਵੇਗਾ। ਅਤੇ 15 ਸਾਲਾਂ ਬਾਅਦ ਦਿਲ ਦੇ ਰੋਗ ਦਾ ਖ਼ਤਰਾ ਵੀ ਇੰਨਾ ਘੱਟ ਜਾਵੇਗਾ ਜਿਵੇਂ ਤੁਸੀਂ ਸਿਗਰਟ ਕਦੇ ਪੀਤੀ ਹੀ ਨਹੀਂ।

ਤੁਹਾਨੂੰ ਆਪਣਾ ਖਾਣਾ ਪਹਿਲਾਂ ਨਾਲੋਂ ਜ਼ਿਆਦ ਸੁਆਦਲਾ ਲੱਗੇਗਾ। ਤੁਹਾਡੇ ਸਾਹ, ਸਰੀਰ, ਅਤੇ ਕੱਪੜਿਆਂ ਤੋਂ ਬਦਬੂ ਨਹੀਂ ਆਵੇਗੀ। ਨਾ ਤੁਹਾਨੂੰ ਸਿਗਰਟ ਖ਼ਰੀਦਣ ਦੀ ਖੇਚਲ ਕਰਨੀ ਪਵੇਗੀ ਅਤੇ ਨਾ ਉਸ ਦਾ ਖ਼ਰਚਾ ਹੋਵੇਗਾ। ਤੁਸੀਂ ਖ਼ੁਸ਼ ਹੋਵੋਗੇ ਕਿ ਤੁਸੀਂ ਇਸ ਆਦਤ ਉੱਤੇ ਕਾਬੂ ਪਾ ਸਕੇ ਹੋ। ਜੇ ਤੁਹਾਡੇ ਬੱਚੇ ਹਨ, ਤਾਂ ਤੁਹਾਡੀ ਮਿਸਾਲ ਦਾ ਉਨ੍ਹਾਂ ਤੇ ਅਸਰ ਪਾਵੇਗਾ ਅਤੇ ਉਹ ਵੀ ਸ਼ਾਇਦ ਤਮਾਖੂ ਤੋਂ ਪਰੇ ਰਹਿਣਗੇ। ਸੰਭਵ ਹੈ ਕਿ ਤੁਹਾਡੀ ਉਮਰ ਲੰਬੀ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ ਪਰਮੇਸ਼ੁਰ ਦੀ ਮਰਜ਼ੀ ਵੀ ਪੂਰੀ ਕਰਦੇ ਹੋਵੋਗੇ, ਕਿਉਂਕਿ ਉਸ ਦਾ ਬਚਨ ਕੰਹਿਦਾ ਹੈ: “ਆਓ, ਅਸੀਂ ਆਪਣੇ ਆਪ ਨੂੰ ਸਰੀਰ . . . ਦੀ ਸਾਰੀ ਮਲੀਨਤਾਈ ਤੋਂ ਸ਼ੁੱਧ [ਕਰੀਏ]।” (2 ਕੁਰਿੰਥੀਆਂ 7:1) ਇਹ ਨਾ ਸੋਚੋ ਕਿ ਤੁਸੀਂ ਸਿਗਰਟ ਪੀਣੀ ਨਹੀਂ ਛੱਡ ਸਕਦੇ, ਕਿ ਇਹ ਆਦਤ ਪੱਕ ਗਈ ਹੈ। ਜਿੰਨੀ ਜਲਦੀ ਤੁਸੀਂ ਛੱਡਦੇ ਹੋ ਉੱਨੀ ਜਲਦੀ ਤੁਹਾਨੂੰ ਫ਼ਾਇਦਾ ਹੋਵੇਗਾ।

ਇਹ ਆਦਤ ਛੱਡਣੀ ਇੰਨੀ ਮੁਸ਼ਕਲ ਕਿਉਂ?

ਤਮਾਖੂ ਦੀ ਆਦਤ ਛੱਡਣੀ ਬਹੁਤ ਔਖੀ ਹੈ, ਭਾਵੇਂ ਤੁਸੀਂ ਆਪਣਾ ਮਨ ਬਣਾ ਵੀ ਲਿਆ ਹੋਵੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਤਮਾਖੂ ਵਿਚਲੀ ਨਿਕੋਟੀਨ ਬਹੁਤ ਨਸ਼ੇ ਵਾਲੀ ਚੀਜ਼ ਹੈ। WHO ਨੇ ਕਿਹਾ ਕਿ “ਮਨ ਉੱਤੇ ਅਸਰ ਪਾਉਣ ਵਾਲੇ ਡ੍ਰੱਗਜ਼ ਦੇ ਨਸ਼ੇ ਦੀ ਤੁਲਨਾ ਕਰਦੇ ਹੋਏ, ਇਹ ਦੇਖਿਆ ਗਿਆ ਸੀ ਕਿ ਹੀਰੋਇਨ [ਅਤੇ] ਕੋਕੀਨ ਨਾਲੋਂ ਨਿਕੋਟੀਨ ਜ਼ਿਆਦਾ ਨਸ਼ੀਲੀ ਸੀ।” ਹੀਰੋਇਨ ਅਤੇ ਕੋਕੀਨ ਤੋਂ ਵੱਖ, ਨਿਕੋਟੀਨ ਦਾ ਅਸਰ ਇਕਦਮ ਨਹੀਂ ਦੇਖਿਆ ਜਾਂਦਾ, ਇਸ ਲਈ ਲੋਕ ਸ਼ਾਇਦ ਇਸ ਦੇ ਅਸਰ ਦਾ ਗ਼ਲਤ ਅੰਦਾਜ਼ਾ ਲਗਾਉਂਦੇ ਹਨ। ਪਰ ਲੋਕਾਂ ਨੂੰ ਇਹ ਥੋੜ੍ਹੀ-ਬਹੁਤੀ ਚੜ੍ਹ ਜਾਂਦੀ ਹੈ ਅਤੇ ਇਸ ਤਰ੍ਹਾਂ ਦੁਬਾਰਾ ਮਹਿਸੂਸ ਕਰਨ ਲਈ ਉਹ ਪੀਂਦੇ ਰਹਿੰਦੇ ਹਨ। ਨਿਕੋਟੀਨ ਤੁਹਾਡੇ ਮੂਡ ਨੂੰ ਸੱਚੀਂ ਬਦਲ ਦਿੰਦੀ ਹੈ; ਇਹ ਚਿੰਤਾ ਦੇ ਵੇਲੇ ਚੈਨ ਦਿੰਦੀ ਹੈ। ਲੇਕਿਨ ਜਿਹੜੀ ਬੇਚੈਨੀ ਸਿਗਰਟ ਪੀ ਕੇ ਘਟਾਈ ਜਾਂਦੀ ਹੈ ਉਹ ਕੁਝ ਹੱਦ ਤਕ ਨਿਕੋਟੀਨ ਦੀ ਇੱਛਾ ਕਰਕੇ ਹੀ ਹੁੰਦੀ ਹੈ।

ਸਿਗਰਟ ਪੀਣੀ ਇਕ ਅਮਲ ਹੀ ਨਹੀਂ ਪਰ ਇਕ ਆਦਤ ਵੀ ਹੈ। ਇਸੇ ਲਈ ਇਸ ਨੂੰ ਛੱਡਣਾ ਇੰਨਾ ਔਖਾ ਹੈ। ਤਮਾਖੂ ਦੇ ਅਮਲੀ ਹੋਣ ਦੇ ਨਾਲ-ਨਾਲ, ਸਿਗਰਟ ਪੀਣ ਵਾਲੇ ਸਿਗਰਟ ਜਲਾਉਣ ਅਤੇ ਪੀਣ ਦੀ ਰੁਟੀਨ ਵਿਚ ਵੀ ਪੈ ਚੁੱਕੇ ਹਨ। ਕੁਝ ਲੋਕ ਸ਼ਾਇਦ ਇਹ ਕਹਿਣ ਕਿ ‘ਵੇਲੇ ਬੈਠਣ ਨਾਲੋਂ ਸਿਗਰਟ ਪੀਣੀ ਬਿਹਤਰ ਹੈ।’

ਇਕ ਤੀਜਾ ਕਾਰਨ ਵੀ ਹੈ ਜਿਸ ਕਰਕੇ ਸਿਗਰਟ ਛੱਡਣੀ ਔਖੀ ਹੈ। ਇਹ ਹਰ ਰੋਜ਼ ਦੀ ਜ਼ਿੰਦਗੀ ਦਾ ਆਮ ਹਿੱਸਾ ਬਣ ਗਈ ਹੈ। ਤਮਾਖੂ ਦੀਆਂ ਕੰਪਨੀਆਂ ਇਸ਼ਤਿਹਾਰਾਂ ਉੱਤੇ ਹਰੇਕ ਸਾਲ ਲਗਭਗ 6 ਅਰਬ ਡਾਲਰ ਖ਼ਰਚਦੀਆਂ ਹਨ। ਅਜਿਹਿਆਂ ਇਸ਼ਤਿਹਾਰਾਂ ਵਿਚ ਸਿਗਰਟ ਪੀਣ ਵਾਲੇ ਲੋਕ ਸੁੰਦਰ, ਜੋਸ਼ੀਲੇ, ਤੰਦਰੁਸਤ, ਅਤੇ ਸਮਝਦਾਰ ਲੋਕਾਂ ਵਜੋਂ ਦਿਖਾਏ ਜਾਂਦੇ ਹਨ। ਅਕਸਰ ਉਨ੍ਹਾਂ ਨੂੰ ਘੋੜਿਆਂ ਤੇ ਸਵਾਰ ਹੋਏ, ਜਾਂ ਟੈਨਿਸ ਖੇਡਦੇ ਹੋਏ, ਜਾਂ ਹੋਰ ਕੋਈ ਦਿਲਚਸਪ ਕੰਮ ਕਰਦੇ ਹੋਏ ਦਿਖਾਇਆ ਜਾਂਦਾ ਹੈ। ਫ਼ਿਲਮਾਂ ਅਤੇ ਟੀ. ਵੀ. ਵਿਚ ਲੋਕ ਸਿਗਰਟ ਪੀਂਦੇ ਦਿਖਾਏ ਜਾਂਦੇ ਹਨ​—ਅਤੇ ਇਹ ਸਿਰਫ਼ ਵਿਲੇਨ ਦੇ ਰੋਲ ਕਰਨ ਵਾਲੇ ਹੀ ਨਹੀਂ ਹੁੰਦੇ ਪਰ ਹੀਰੋ ਵੀ। ਤਮਾਖੂ ਕੋਈ ਗ਼ੈਰ-ਕਾਨੂੰਨੀ ਚੀਜ਼ ਨਹੀਂ ਹੈ ਅਤੇ ਇਸ ਨੂੰ ਹਰ ਜਗ੍ਹਾ ਖ਼ਰੀਦਿਆ ਜਾ ਸਕਦਾ ਹੈ। ਅਤੇ ਤਕਰੀਬਨ ਸਾਡੇ ਸਾਰਿਆਂ ਦੇ ਆਲੇ-ਦੁਆਲੇ ਕੋਈ-ਨ-ਕੋਈ ਸਿਗਰਟ ਪੀਣ ਵਾਲਾ ਨੇੜੇ-ਤੇੜੇ ਹੁੰਦਾ ਹੀ ਹੈ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਤੁਸੀਂ ਇਨ੍ਹਾਂ ਪ੍ਰਭਾਵਾਂ ਤੋਂ ਬਚ ਨਹੀਂ ਸਕਦੇ।

ਕਾਸ਼ ਕਿ ਅਜਿਹੀ ਕੋਈ ਦਵਾਈ ਜਾਂ ਗੋਲੀ ਹੁੰਦੀ ਜਿਸ ਨੂੰ ਲੈ ਕੇ ਸਿਗਰਟ ਪੀਣ ਦੀ ਲੋਚ ਉਸੇ ਤਰ੍ਹਾਂ ਮਿਟਾਈ ਜਾ ਸਕਦੀ, ਜਿਸ ਤਰ੍ਹਾਂ ਅਸੀਂ ਸਿਰਦਰਦ ਲਈ ਐਸਪਰੀਨ ਲੈਂਦੇ ਹਾਂ। ਅਜਿਹਾ ਕੋਈ ਇਲਾਜ ਤਾਂ ਨਹੀਂ ਹੈ, ਪਰ ਇਸ ਆਦਤ ਨੂੰ ਛੱਡਣ ਵਿਚ ਸਫ਼ਲ ਹੋਣ ਲਈ ਤੁਹਾਨੂੰ ਬਹੁਤ ਦ੍ਰਿੜ੍ਹ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਕਿਸੇ ਨੂੰ ਭਾਰ ਘਟਾਉਣ ਵਿਚ ਕਾਫ਼ੀ ਸਮੇਂ ਲਈ ਦ੍ਰਿੜ੍ਹ ਹੋਣਾ ਪੈਂਦਾ ਹੈ, ਇਸ ਆਦਤ ਛੱਡਣ ਬਾਰੇ ਵੀ ਇਹੀ ਸੱਚ ਹੈ। ਜੇ ਕੋਈ ਵਿਅਕਤੀ ਇਸ ਵਿਚ ਸਫ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਇਸ ਲਈ ਆਪ ਜ਼ਿੰਮੇਵਾਰ ਹੈ।

[ਸਫ਼ਾ 5 ਉੱਤੇ ਡੱਬੀ]

ਛੋਟੀ ਉਮਰ ਵਿਚ ਆਦਤ ਪਈ

ਅਮਰੀਕਾ ਵਿਚ ਇਕ ਅਧਿਐਨ ਨੇ ਦਿਖਾਇਆ ਕਿ ਹਰੇਕ 4 ਨੌਜਵਾਨਾਂ ਵਿੱਚੋਂ ਜਿਨ੍ਹਾਂ ਨੇ ਸਿਗਰਟ ਪੀ ਕੇ ਦੇਖੀ, 1 ਨੌਜਵਾਨ ਨੂੰ ਪੀਣ ਦੀ ਆਦਤ ਪੈ ਗਈ। ਇਹ ਕੋਕੀਨ ਅਤੇ ਹੀਰੋਇਨ ਨਾਲ ਤਜਰਬਾ ਕਰਨ ਵਾਲਿਆਂ ਦੇ ਬਰਾਬਰ ਸੀ। ਭਾਵੇਂ 70 ਫੀ ਸਦੀ ਨੌਜਵਾਨ ਪਛਤਾਉਂਦੇ ਹਨ ਕਿ ਉਨ੍ਹਾਂ ਨੇ ਸਿਗਰਟ ਪੀਣੀ ਸ਼ੁਰੂ ਕੀਤੀ, ਉਹ ਇਸ ਨੂੰ ਛੱਡਣ ਵਿਚ ਸਫ਼ਲ ਨਹੀਂ ਹੋ ਰਹੇ।

[ਸਫ਼ਾ 5 ਉੱਤੇ ਡੱਬੀ]

ਸਿਗਰਟ ਦੇ ਧੂੰਏਂ ਵਿਚ ਕੀ ਹੈ?

ਸਿਗਰਟ ਦੇ ਧੂੰਏਂ ਵਿਚ ਟਾਰ ਹੈ, ਜਿਸ ਵਿਚ 4,000 ਤੋਂ ਜ਼ਿਆਦਾ ਰਸਾਇਣਕ ਪਦਾਰਥ ਜਾਂ ਕੈਮਿਕਲ ਹੁੰਦੇ ਹਨ। ਇਨ੍ਹਾਂ ਪਦਾਰਥਾਂ ਵਿੱਚੋਂ 43 ਦੇ ਨਾਲ ਕੈਂਸਰ ਹੋ ਸਕਦਾ ਹੈ। ਇਨ੍ਹਾਂ ਵਿਚ ਸਾਈਨਾਈਡ, ਬੈਨਜ਼ੀਨ, ਮੈਥਾਨੋਲ, ਅਤੇ ਐਸਟਿਲੀਨ ਹੈ। ਸਿਗਰਟ ਦੇ ਧੂੰਏਂ ਵਿਚ ਨਾਈਟ੍ਰੋਜਨ ਆਕਸਾਈਡ, ਅਤੇ ਕਾਰਬਨ ਮੋਨਾਕਸਾਈਡ ਵੀ ਹਨ, ਜੋ ਦੋਵੇਂ ਜ਼ਿਹਰੀਲੇ ਗੈਸ ਹਨ। ਧੂੰਏਂ ਵਿਚ ਮੁੱਖ ਚੀਜ਼ ਨਿਕੋਟੀਨ ਹੈ, ਜੋ ਅਮਲ ਸ਼ੁਰੂ ਕਰਾਉਂਦੀ ਹੈ।

[ਸਫ਼ਾ 6 ਉੱਤੇ ਡੱਬੀ]

ਤਮਾਖੂ ਦੀ ਆਦਤ ਛੱਡਣ ਵਿਚ ਕਿਸੇ ਪਿਆਰੇ ਦੀ ਮਦਦ ਕਰਨੀ

ਜੇਕਰ ਤੁਸੀਂ ਸਿਗਰਟਾਂ ਦੇ ਖ਼ਤਰੇ ਜਾਣਦੇ ਹੋ ਅਤੇ ਇਸ ਕਰਕੇ ਖ਼ੁਦ ਨਹੀਂ ਪੀਂਦੇ, ਤਾਂ ਤੁਸੀਂ ਸ਼ਾਇਦ ਬਹੁਤ ਪਰੇਸ਼ਾਨ ਹੁੰਦੇ ਹੋ ਜਦੋਂ ਤੁਹਾਡੇ ਦੋਸਤ-ਮਿੱਤਰ ਅਤੇ ਪਰਿਵਾਰ ਦੇ ਮੈਂਬਰ ਸਿਗਰਟਾਂ ਪੀਂਦੇ ਰਹਿੰਦੇ ਹਨ। ਤੁਸੀਂ ਉਨ੍ਹਾਂ ਦੀ ਮਦਦ ਕਿੱਦਾਂ ਕਰ ਸਕਦੇ ਹੋ? ਅਸੀਂ ਸ਼ਾਇਦ ਸਤਾ-ਸਤਾ ਕੇ, ਮਿੰਨਤਾਂ ਕਰ ਕੇ, ਜ਼ੋਰ ਪਾ ਕੇ, ਅਤੇ ਮਖੌਲ ਉਡਾ ਕੇ ਸਫ਼ਲ ਨਹੀਂ ਹੋਵਾਂਗੇ। ਅਤੇ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਕਰਾਉਣ ਨਾਲ ਗੱਲ ਨਹੀਂ ਬਣੇਗੀ। ਸਾਡੇ ਤੋਂ ਦੁਖੀ ਹੋ ਕੇ ਸ਼ਾਇਦ ਉਹ ਸਿਗਰਟ ਛੱਡਣ ਦੀ ਬਜਾਇ ਹੋਰ ਪੀਣ ਲੱਗ ਪੈਣ। ਇਸ ਲਈ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਸਿਗਰਟ ਛੱਡਣੀ ਬਹੁਤ ਔਖੀ ਹੈ ਅਤੇ ਕਈਆਂ ਲਈ ਇਸ ਤਰ੍ਹਾਂ ਕਰਨਾ ਦੂਜਿਆਂ ਨਾਲੋਂ ਜ਼ਿਆਦਾ ਔਖਾ ਹੈ।

ਤੁਸੀਂ ਕਿਸੇ ਨੂੰ ਇਹ ਆਦਤ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ। ਉਸ ਵਿਅਕਤੀ ਦੀ ਆਪਣੀ ਇੱਛਾ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਆਪਣੇ ਆਪ ਉੱਤੇ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਇਸ ਨੂੰ ਛੱਡ ਸਕਦਾ ਹੈ। ਤੁਹਾਨੂੰ ਪ੍ਰੇਮ ਨਾਲ ਉਸ ਨੂੰ ਹੌਸਲਾ ਦੇਣਾ ਚਾਹੀਦਾ ਹੈ ਤਾਂਕਿ ਉਹ ਸਫ਼ਲ ਹੋ ਸਕੇ।

ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? ਸਹੀ ਮੌਕੇ ਤੇ ਤੁਸੀਂ ਸ਼ਾਇਦ ਉਸ ਵਿਅਕਤੀ ਨੂੰ ਪਿਆਰ ਨਾਲ ਦੱਸ ਸਕਦੇ ਹੋ ਕਿ ਉਸ ਦੀ ਆਦਤ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ। ਇਹ ਵੀ ਸਮਝਾਓ ਕਿ ਜੇ ਉਹ ਇਸ ਆਦਤ ਨੂੰ ਛੱਡਣਾ ਚਾਹੇ ਤਾਂ ਤੁਸੀਂ ਉਸ ਦੀ ਮਦਦ ਕਰੋਗੇ। ਪਰ ਯਾਦ ਰੱਖੋ ਕਿ ਜੇ ਤੁਸੀਂ ਵਾਰ-ਵਾਰ ਇਸ ਤਰ੍ਹਾਂ ਕਹਿੰਦੇ ਰਹੋਗੇ ਤਾਂ ਇਸ ਦਾ ਅਤੇ ਤੁਹਾਡੀ ਪਰੇਸ਼ਾਨੀ ਦਾ ਕੋਈ ਅਸਰ ਨਹੀਂ ਹੋਵੇਗਾ।

ਜੇ ਤੁਹਾਡਾ ਮਿੱਤਰ ਜਾਂ ਪਰਿਵਾਰ ਦਾ ਮੈਂਬਰ ਸਿਗਰਟਾਂ ਛੱਡਣ ਦਾ ਫ਼ੈਸਲਾ ਕਰਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ? ਯਾਦ ਰੱਖੋ ਕਿ ਪਹਿਲਾਂ-ਪਹਿਲਾਂ ਉਸ ਉੱਤੇ ਕਾਫ਼ੀ ਅਸਰ ਪੈਣਗੇ, ਉਹ ਸ਼ਾਇਦ ਜਲਦੀ ਖਿੱਝ ਜਾਵੇ, ਜਾਂ ਜਲਦੀ ਨਿਰਾਸ਼ ਹੋ ਜਾਵੇ। ਸਿਰਦਰਦ ਵੱਧ ਸਕਦਾ ਹੈ ਅਤੇ ਸ਼ਾਇਦ ਉਸ ਦੀ ਨੀਂਦ ਉੱਡਦੀ ਰਹੇ। ਉਸ ਨੂੰ ਇਹ ਚੇਤੇ ਕਰਾਉਂਦੇ ਰਹੋ ਕਿ ਉਹ ਹਮੇਸ਼ਾ ਹੀ ਇਵੇਂ ਨਹੀਂ ਮਹਿਸੂਸ ਕਰੇਗਾ ਪਰ ਇਹ ਸਿਰਫ਼ ਨਿਸ਼ਾਨੀਆਂ ਹਨ ਕਿ ਉਸ ਦਾ ਸਰੀਰ ਅਤੇ ਉਸ ਦੀ ਸਿਹਤ ਸੁਧਰ ਰਹੇ ਹਨ। ਜ਼ਿਆਦਾ ਗੰਭੀਰ ਨਾ ਬਣੋ ਪਰ ਉਤਸ਼ਾਹ ਦਿੰਦੇ ਰਹੋ। ਉਸ ਨੂੰ ਦੱਸੋ ਕਿ ਤੁਸੀਂ ਕਿੰਨੇ ਖ਼ੁਸ਼ ਹੋ ਕਿ ਉਹ ਸਿਗਰਟਾਂ ਨੂੰ ਬੰਦ ਕਰ ਰਿਹਾ ਹੈ। ਇਸ ਪੂਰੇ ਸਮੇਂ ਦੌਰਾਨ ਉਸ ਨੂੰ ਤਣਾਅ-ਭਰੇ ਮੌਕਿਆਂ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਉਹ ਸ਼ਾਇਦ ਤਸੱਲੀ ਪਾਉਣ ਲਈ ਸਿਗਰਟ ਪੀ ਬੈਠੇ।

ਉਦੋਂ ਕੀ ਜੇ ਉਹ ਦੁਬਾਰਾ ਸਿਗਰਟ ਪੀਵੇ? ਨਾ ਗੁੱਸੇ ਹੋਵੋ, ਨਾ ਕਾਹਲੀ ਵਿਚ ਕੁਝ ਕਹੋ। ਤਰਸ ਖਾਓ। ਸਮਝ ਲਓ ਕਿ ਤੁਸੀਂ ਇਸ ਮੋੜ ਤੋਂ ਕੁਝ ਸਿੱਖ ਸਕਦੇ ਹੋ, ਅਤੇ ਇਸ ਤਰ੍ਹਾਂ ਕਰਨ ਨਾਲ ਅਗਲੀ ਵਾਰ ਸ਼ਾਇਦ ਤੁਸੀਂ ਕਾਮਯਾਬ ਹੋਵੋਗੇ।

[ਸਫ਼ਾ 7 ਉੱਤੇ ਤਸਵੀਰ]

ਤਮਾਖੂ ਦੀਆਂ ਕੰਪਨੀਆਂ ਇਸ਼ਤਿਹਾਰਾਂ ਉੱਤੇ ਹਰੇਕ ਸਾਲ ਲਗਭਗ 6 ਅਰਬ ਡਾਲਰ ਖ਼ਰਚਦੀਆਂ ਹਨ