Skip to content

Skip to table of contents

ਕੀ ਕੋਈ ਉਮੀਦ ਰੱਖੀ ਜਾ ਸਕਦੀ ਹੈ?

ਕੀ ਕੋਈ ਉਮੀਦ ਰੱਖੀ ਜਾ ਸਕਦੀ ਹੈ?

ਕੀ ਕੋਈ ਉਮੀਦ ਰੱਖੀ ਜਾ ਸਕਦੀ ਹੈ?

“ਦੁਖੀ ਵਿਆਹੁਤਾ ਰਿਸ਼ਤਿਆਂ ਦੀ ਇਕ ਵੱਡੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਪਤੀ-ਪਤਨੀ ਪੱਕਾ ਯਕੀਨ ਕਰਦੇ ਹਨ ਕਿ ਹਾਲਾਤ ਬਿਹਤਰ ਨਹੀਂ ਹੋ ਸਕਦੇ। ਅਜਿਹੇ ਯਕੀਨ ਦੇ ਕਾਰਨ ਹਰ ਕੋਸ਼ਿਸ਼ ਅਸਫ਼ਲ ਰਹਿੰਦੀ ਹੈ ਅਤੇ ਸੁਧਾਰ ਕਰਨ ਦੀ ਇੱਛਾ ਖ਼ਤਮ ਕੀਤੀ ਜਾਂਦੀ ਹੈ।”​—ਡਾ. ਐਰਨ ਟੀ. ਬੈੱਕ.

ਜ਼ਰਾ ਕਲਪਨਾ ਕਰੋ ਕਿ ਤੁਹਾਨੂੰ ਕੋਈ ਦੁੱਖ-ਦਰਦ ਹੋਵੇ ਅਤੇ ਤੁਸੀਂ ਚੈੱਕਅਪ ਕਰਵਾਉਣ ਵਾਸਤੇ ਡਾਕਟਰ ਕੋਲ ਜਾਂਦੇ ਹੋ। ਜਾਇਜ਼ ਹੈ ਕਿ ਤੁਹਾਨੂੰ ਫ਼ਿਕਰ ਹੋਵੇ। ਆਖ਼ਰਕਾਰ ਤੁਹਾਡੀ ਸਿਹਤ ਨੂੰ, ਇੱਥੋਂ ਤਕ ਕਿ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਫ਼ਰਜ਼ ਕਰੋ ਕਿ ਚੈੱਕਅਪ ਤੋਂ ਬਾਅਦ ਡਾਕਟਰ ਤੁਹਾਨੂੰ ਇਹ ਖ਼ੁਸ਼ ਖ਼ਬਰੀ ਸੁਣਾਉਂਦਾ ਹੈ ਕਿ ਭਾਵੇਂ ਤੁਹਾਡੀ ਬੀਮਾਰੀ ਮਾਮੂਲੀ ਜਿਹੀ ਨਹੀਂ ਹੈ, ਇਸ ਦਾ ਇਲਾਜ ਜ਼ਰੂਰ ਕੀਤਾ ਜਾ ਸਕਦਾ ਹੈ। ਅਸਲ ਵਿਚ, ਡਾਕਟਰ ਤੁਹਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਖ਼ੁਰਾਕ ਅਤੇ ਕਸਰਤ ਵੱਲ ਚੰਗੀ ਤਰ੍ਹਾਂ ਧਿਆਨ ਦਿਓਗੇ ਤਾਂ ਤੁਸੀਂ ਬਿਲਕੁਲ ਠੀਕ ਹੋਣ ਦੀ ਆਸ ਰੱਖ ਸਕਦੇ ਹੋ। ਬਿਨਾਂ ਸ਼ੱਕ ਤੁਹਾਡੀ ਪਰੇਸ਼ਾਨੀ ਘੱਟ ਜਾਵੇਗੀ ਅਤੇ ਤੁਸੀਂ ਖ਼ੁਸ਼ੀ ਨਾਲ ਡਾਕਟਰ ਦੀ ਸਲਾਹ ਮੰਨੋਗੇ!

ਇਸ ਮਿਸਾਲ ਨੂੰ ਹੁਣ ਵਿਆਹੁਤਾ ਜੀਵਨ ਦੀ ਗੱਲ ਨਾਲ ਮਿਲਾਓ। ਕੀ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਦੁੱਖ ਮਹਿਸੂਸ ਕਰ ਰਹੇ ਹੋ? ਇਹ ਗੱਲ ਸੱਚ ਹੈ ਕਿ ਹਰੇਕ ਵਿਆਹੁਤਾ ਬੰਧਨ ਵਿਚ ਮੁਸ਼ਕਲਾਂ ਅਤੇ ਅਣਬਣਾਂ ਹੋਣਗੀਆਂ। ਇਸ ਲਈ ਤੁਹਾਡੇ ਰਿਸ਼ਤੇ ਵਿਚ ਕੁਝ ਔਖਿਆਂ ਸਮਿਆਂ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਆਪਸ ਵਿਚ ਪਿਆਰ ਨਹੀਂ ਰਿਹਾ। ਪਰ ਉਦੋਂ ਕੀ ਜਦੋਂ ਇਹ ਦੁਖਦਾਈ ਹਾਲਤ ਕਈਆਂ ਹਫ਼ਤਿਆਂ, ਮਹੀਨਿਆਂ, ਜਾਂ ਇੱਥੋਂ ਤਕ ਕਿ ਕਈਆਂ ਸਾਲਾਂ ਲਈ ਜਾਰੀ ਰਹੇ? ਜੇਕਰ ਇਸ ਤਰ੍ਹਾਂ ਹੈ, ਤਾਂ ਫ਼ਿਕਰ ਕਰਨਾ ਬਿਲਕੁਲ ਜਾਇਜ਼ ਹੈ ਕਿਉਂਕਿ ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜੀ ਹਾਂ, ਤੁਹਾਡਾ ਵਿਆਹੁਤਾ ਰਿਸ਼ਤਾ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਹਰੇਕ ਪਹਿਲੂ ਉੱਤੇ ਅਸਰ ਪਾ ਸਕਦਾ ਹੈ। ਮਿਸਾਲ ਲਈ, ਇਹ ਸੋਚਿਆ ਗਿਆ ਹੈ ਕਿ ਡਿਪਰੈਸ਼ਨ, ਕੰਮ ਵਿਚ ਘੱਟ ਕੁਸ਼ਲਤਾ, ਅਤੇ ਸਕੂਲੇ ਬੱਚਿਆਂ ਦੀ ਅਸਫ਼ਲਤਾ ਵਰਗੀਆਂ ਸਮੱਸਿਆਵਾਂ ਦਾ ਵੱਡਾ ਕਾਰਨ ਵਿਆਹੁਤਾ ਰਿਸ਼ਤੇ ਵਿਚ ਤਣਾਅ ਹੈ। ਪਰ ਸਿਰਫ਼ ਇਨ੍ਹਾਂ ਗੱਲਾਂ ਉੱਤੇ ਹੀ ਨਹੀਂ ਅਸਰ ਪੈਂਦਾ। ਮਸੀਹੀ ਪਛਾਣਦੇ ਹਨ ਕਿ ਆਪਣੇ ਵਿਆਹੁਤਾ ਸਾਥੀ ਨਾਲ ਉਨ੍ਹਾਂ ਦਾ ਰਿਸ਼ਤਾ, ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਉੱਤੇ ਅਸਰ ਪਾ ਸਕਦਾ ਹੈ।​—1 ਪਤਰਸ 3:7.

ਜੇ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਸਮੱਸਿਆਵਾਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਆਸ ਨਹੀਂ ਹੈ। ਵਿਆਹੁਤਾ ਜੀਵਨ ਦੀ ਇਸ ਅਸਲੀਅਤ ਨੂੰ ਸਵੀਕਾਰ ਕਰਨਾ ਕਿ ਚੁਣੌਤੀਆਂ ਜ਼ਰੂਰ ਆਉਣਗੀਆਂ, ਇਕ ਜੋੜੇ ਨੂੰ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਫਿਰ ਸੁਲਝਾਉਣ ਦੀ ਮਦਦ ਕਰੇਗਾ। ਆਈਜ਼ਕ ਨਾਂ ਦਾ ਇਕ ਪਤੀ ਕਹਿੰਦਾ ਹੈ: “ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਕਿ ਵਿਆਹੁਤਾ ਜੀਵਨ ਦੌਰਾਨ ਜੋੜਿਆਂ ਦੀ ਖ਼ੁਸ਼ੀ ਕਦੀ ਘੱਟ ਅਤੇ ਕਦੀ ਜ਼ਿਆਦਾ ਹੁੰਦੀ ਹੈ। ਮੈਂ ਸੋਚਿਆ ਕਿ ਸਾਡੇ ਵਿਚ ਇਕ ਬਹੁਤ ਵੱਡੀ ਸਮੱਸਿਆ ਸੀ!”

ਭਾਵੇਂ ਕਿ ਤੁਹਾਡੇ ਰਿਸ਼ਤੇ ਦੀ ਹਾਲਤ ਬਹੁਤ ਖ਼ਰਾਬ ਹੋਵੇ ਅਤੇ ਉਸ ਵਿਚ ਪਿਆਰ ਠੰਢਾ ਪੈ ਗਿਆ ਹੋਵੇ, ਇਸ ਨੂੰ ਬਚਾਇਆ ਜਾ ਸਕਦਾ ਹੈ। ਇਹ ਸੱਚ ਹੈ ਕਿ ਇਕ ਦੁਖਦਾਈ ਰਿਸ਼ਤੇ ਦੇ ਜਜ਼ਬਾਤੀ ਜ਼ਖ਼ਮ ਬਹੁਤ ਦੀ ਗਹਿਰੇ ਹੋ ਸਕਦੇ ਹਨ, ਖ਼ਾਸ ਕਰਕੇ ਜੇ ਸਮੱਸਿਆ ਕਈਆਂ ਸਾਲਾਂ ਤੋਂ ਜਾਰੀ ਰਹੀ ਹੈ। ਪਰ, ਫਿਰ ਵੀ ਉਮੀਦ ਰੱਖੀ ਜਾ ਸਕਦੀ ਹੈ। ਇਕ ਮਹੱਤਵਪੂਰਣ ਗੱਲ ਇਹ ਹੈ ਕਿ ਪਤੀ-ਪਤਨੀ ਆਪਣਾ ਰਿਸ਼ਤਾ ਪੱਕਾ ਕਰਨ ਦੀ ਇੱਛਾ ਰੱਖਣ। ਸਭ ਤੋਂ ਭੈੜੇ ਹਾਲਾਤਾਂ ਵਿਚ ਵੀ ਰਿਸ਼ਤਾ ਸੁਧਾਰਿਆ ਜਾ ਸਕਦਾ ਹੈ ਜੇ ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਮਹੱਤਵਪੂਰਣ ਸਮਝਣ। *

ਤਾਂ ਫਿਰ ਆਪਣੇ ਆਪ ਤੋਂ ਪੁੱਛੋ, ‘ਇਕ ਚੰਗਾ ਰਿਸ਼ਤਾ ਕਾਇਮ ਕਰਨ ਦੀ ਮੇਰੀ ਕਿੰਨੀ ਕੁ ਇੱਛਾ ਹੈ?’ ਕੀ ਤੁਸੀਂ ਦੋਨੋਂ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਦਾ ਜਤਨ ਕਰਨ ਲਈ ਤਿਆਰ ਹੋ? ਡਾ. ਬੈੱਕ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਇਕ ਵਿਗੜੇ ਹੋਏ ਰਿਸ਼ਤੇ ਨੂੰ ਕਿੰਨੀ ਚੰਗੀ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਜਦੋਂ ਦੋਨੋਂ ਸਾਥੀ ਬੁਰੀਆਂ ਗੱਲਾਂ ਨੂੰ ਠੀਕ ਕਰਨ ਲਈ ਅਤੇ ਆਪਣੇ ਰਿਸ਼ਤੇ ਦੀਆਂ ਚੰਗੀਆਂ ਗੱਲਾਂ ਨੂੰ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਦੇ ਹਨ।” ਪਰ ਉਦੋਂ ਕੀ ਜੇ ਤੁਹਾਡਾ ਸਾਥੀ ਇਸ ਤਰ੍ਹਾਂ ਦਾ ਜਤਨ ਕਰਨ ਲਈ ਰਾਜ਼ੀ ਨਾ ਹੋਵੇ? ਜਾਂ, ਉਦੋਂ ਕੀ ਜੇ ਪਤੀ ਜਾਂ ਪਤਨੀ ਸੋਚੇ ਕਿ ਰਿਸ਼ਤੇ ਵਿਚ ਕੋਈ ਸਮੱਸਿਆ ਨਹੀਂ ਹੈ? ਕੀ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਇਕ ਜਣੇ ਦੇ ਜਤਨ ਬੇਕਾਰ ਹਨ? ਬਿਲਕੁਲ ਨਹੀਂ! ਡਾ. ਬੈੱਕ ਕਹਿੰਦਾ ਹੈ: “ਜੇਕਰ ਤੁਸੀਂ ਕੁਝ ਤਬਦੀਲੀਆਂ ਕਰੋਗੇ, ਤਾਂ ਸ਼ਾਇਦ ਤੁਹਾਡਾ ਸਾਥੀ ਵੀ ਆਪਣੇ ਆਪ ਤਬਦੀਲੀਆਂ ਕਰਨ ਲੱਗ ਪਵੇ​—ਇਸ ਤਰ੍ਹਾਂ ਅਕਸਰ ਹੁੰਦਾ ਹੈ।”

ਜਲਦਬਾਜ਼ੀ ਵਿਚ ਇਹ ਨਾ ਸੋਚੋ ਕਿ ਤੁਹਾਡੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਹੋ ਸਕਦਾ। ਹਾਰ ਮੰਨਣ ਵਾਲੀ ਸੋਚਣੀ ਤੁਹਾਡੇ ਵਿਆਹੁਤਾ ਬੰਧਨ ਲਈ ਖ਼ਤਰਨਾਕ ਹੋ ਸਕਦੀ ਹੈ! ਤੁਹਾਡੇ ਵਿੱਚੋਂ ਕਿਸੇ ਨੂੰ ਤਾਂ ਪਹਿਲਾ ਕਦਮ ਚੁੱਕਣ ਦੀ ਲੋੜ ਹੈ। ਕੀ ਤੁਸੀਂ ਪਹਿਲਾ ਕਦਮ ਚੁੱਕ ਸਕਦੇ ਹੋ? ਜਦ ਤੁਸੀਂ ਇਸ ਤਰ੍ਹਾਂ ਕਰਨ ਲੱਗ ਪਵੋਗੇ, ਤੁਹਾਡਾ ਸਾਥੀ ਵੀ ਸ਼ਾਇਦ ਇਕ ਖ਼ੁਸ਼ ਵਿਆਹੁਤਾ ਰਿਸ਼ਤਾ ਕਾਇਮ ਕਰਨ ਲਈ ਤੁਹਾਡੇ ਨਾਲ ਕੋਸ਼ਿਸ਼ ਕਰਨ ਦੇ ਲਾਭ ਦੇਖ ਸਕੇਗਾ।

ਤਾਂ ਫਿਰ ਤੁਸੀਂ, ਇਕੱਲੇ ਜਾਂ ਜੋੜੇ ਵਜੋਂ, ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਲਈ ਕੀ ਕਰ ਸਕਦੇ ਹੋ? ਬਾਈਬਲ ਬਹੁਤ ਹੀ ਵਧੀਆ ਤਰੀਕੇ ਵਿਚ ਇਸ ਸਵਾਲ ਦਾ ਜਵਾਬ ਦਿੰਦੀ ਹੈ। ਆਓ ਆਪਾਂ ਦੇਖੀਏ।

[ਫੁਟਨੋਟ]

^ ਪੈਰਾ 6 ਇਹ ਸੱਚ ਹੈ ਕਿ ਕੁਝ ਗੰਭੀਰ ਮਾਮਲਿਆਂ ਵਿਚ ਸ਼ਾਇਦ ਪਤੀ-ਪਤਨੀ ਲਈ ਇਕ ਦੂਸਰੇ ਤੋਂ ਅਲੱਗ ਹੋਣ ਦੇ ਜਾਇਜ਼ ਕਾਰਨ ਹੋਣ। (1 ਕੁਰਿੰਥੀਆਂ 7:10, 11) ਇਸ ਤੋਂ ਇਲਾਵਾ, ਬਾਈਬਲ ਵਿਚ ਤਲਾਕ ਦੀ ਇਜਾਜ਼ਤ ਸਿਰਫ਼ ਤਦ ਦਿੱਤੀ ਗਈ ਹੈ ਜੇਕਰ ਵਿਭਚਾਰ ਕੀਤਾ ਗਿਆ ਹੋਵੇ। (ਮੱਤੀ 19:9) ਇਕ ਬੇਵਫ਼ਾ ਸਾਥੀ ਤੋਂ ਤਲਾਕ ਲੈਣਾ ਬਹੁਤ ਹੀ ਨਿੱਜੀ ਫ਼ੈਸਲਾ ਹੈ, ਅਤੇ ਦੂਸਰਿਆਂ ਨੂੰ ਨਿਰਦੋਸ਼ ਸਾਥੀ ਉੱਤੇ ਕੋਈ ਵੀ ਦਬਾਅ ਨਹੀਂ ਪਾਉਣਾ ਚਾਹੀਦਾ ਕਿ ਉਹ ਕਿਹੜਾ ਫ਼ੈਸਲਾ ਕਰੇ।​—ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਪਰਿਵਾਰਕ ਖ਼ੁਸ਼ੀ ਦਾ ਰਾਜ਼, ਦੇ ਸਫ਼ੇ 158-61 ਦੇਖੋ।