Skip to content

Skip to table of contents

ਊਂਘਦੇ ਨੌਜਵਾਨ—ਚਿੰਤਾ ਦਾ ਕਾਰਨ ਹੈ?

ਊਂਘਦੇ ਨੌਜਵਾਨ—ਚਿੰਤਾ ਦਾ ਕਾਰਨ ਹੈ?

ਊਂਘਦੇ ਨੌਜਵਾਨ—ਚਿੰਤਾ ਦਾ ਕਾਰਨ ਹੈ?

ਕੈਨੇਡਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕੈਨੇਡਾ ਦੇ ਗਲੋਬ ਐਂਡ ਮੇਲ ਅਖ਼ਬਾਰ ਦੇ ਮੁਤਾਬਕ ਜਦੋਂ ਕੋਈ ਪੂਰੀ ਨੀਂਦ ਨਹੀਂ ਸੌਂਦਾ, ਤਾਂ ਇਸ ਦਾ ਉਸ ਦੇ ਦਿਮਾਗ਼ ਅਤੇ ਚੇਤਾ ਰੱਖਣ ਦੀ ਸ਼ਕਤੀ ਉੱਤੇ ਅਸਰ ਪੈਂਦਾ ਹੈ। ਇਸ ਗੱਲ ਦਾ ਖ਼ਤਰਾ ਖ਼ਾਸ ਕਰਕੇ ਸਕੂਲੇ ਪੜ੍ਹਦੇ ਨੌਜਵਾਨਾਂ ਨੂੰ ਹੈ। “ਨਿਆਣਿਆਂ ਤੇ ਨੌਜਵਾਨਾਂ ਵਿਚ ਨੀਂਦ ਦੀ ਕਮੀ ਦਾ ਸੰਬੰਧ ਵਿਗੜੀਆਂ ਆਦਤਾਂ, ਚਿੜਚਿੜੇਪਣ ਅਤੇ ਹੱਦੋਂ ਵੱਧ ਉੱਛਲਣ-ਕੁੱਦਣ ਨਾਲ ਜੋੜਿਆ ਗਿਆ ਹੈ।” ਵਿਗਿਆਨੀਆਂ ਨੇ ਵੱਡੇ ਸਕੂਲ ਦੇ ਲਗਭਗ 2,200 ਵਿਦਿਆਰਥੀਆਂ ਦੀਆਂ ਸੌਣ ਦੀਆਂ ਆਦਤਾਂ ਨੂੰ ਪਰਖਿਆ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਵਿੱਚੋਂ 47 ਫੀ ਸਦੀ ਹਰੇਕ ਰਾਤ ਅੱਠ ਤੋਂ ਘੱਟ ਘੰਟੇ ਸੌਂਦੇ ਹਨ।

ਕੁਝ ਨੌਜਵਾਨਾਂ ਦਾ ਜੀਵਨ-ਢੰਗ ਉਨ੍ਹਾਂ ਨੂੰ ਸੌਣ ਦਾ ਸਮਾਂ ਨਹੀਂ ਦਿੰਦਾ। ਗਲੋਬ ਅਖ਼ਬਾਰ ਦੇ ਮੁਤਾਬਕ “ਕੁਝ ਨੌਜਵਾਨਾਂ ਨੂੰ ਸ਼ਾਇਦ ਕੋਈ ਰੋਗ ਲੱਗਾ ਹੋਵੇ ਜਿਸ ਬਾਰੇ ਅਜੇ ਪਤਾ ਨਾ ਹੋਵੇ। ਸਲੀਪ ਐਪਨੀਆ ਇਕ ਰੋਗ ਹੈ ਜੋ 4 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ 4 ਫੀ ਸਦੀ ਨੂੰ ਲੱਗਾ ਹੋਇਆ ਹੈ।” ਇਸ ਰੋਗ ਨਾਲ ਸੁੱਤੇ ਪਏ ਇਨਸਾਨ ਦਾ ਗਲਾ ਬੰਦ ਹੋ ਜਾਂਦਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ। ਇਸ ਕਰਕੇ ਦਿਮਾਗ਼ ਨੂੰ ਚੰਗੀ ਤਰ੍ਹਾਂ ਆਰਾਮ ਨਹੀਂ ਮਿਲਦਾ ਅਤੇ ਜਦੋਂ ਬੱਚੇ ਸਵੇਰ ਨੂੰ ਉੱਠਦੇ ਹਨ ਉਹ ਥੱਕੇ ਹੋਏ ਤੇ ਚਿੜਚਿੜੇ ਜਿਹੇ ਮਹਿਸੂਸ ਕਰਦੇ ਹਨ।

ਇਸ ਰੋਗ ਦੀਆਂ ਕੁਝ ਨਿਸ਼ਾਨੀਆਂ ਹਨ: ਖਰਾਟੇ ਮਾਰਨੇ, ਨੀਂਦ ਵਿਚ ਔਖੇ-ਔਖੇ ਸਾਹ ਲੈਣੇ, ਸਵੇਰੇ ਉੱਠਦਿਆਂ ਸਿਰ ਦਰਦ ਕਰਨਾ, ਚੇਤਾ ਨਾ ਰਹਿਣਾ, ਧਿਆਨ ਲਾਉਣਾ ਮੁਸ਼ਕਲ ਲੱਗਣਾ ਅਤੇ ਦਿਨੇ ਹਮੇਸ਼ਾ ਨੀਂਦਰਾਏ ਮਹਿਸੂਸ ਕਰਨਾ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਦੇ-ਕਦੇ ਆਪਣੇ ਸੁੱਤੇ ਪਏ ਬੱਚਿਆਂ ਦੀਆਂ ਆਵਾਜ਼ਾਂ ਸੁਣਨ। ਰੌਬਰਟ ਬਰੁਇਯੈਟ ਮਾਂਟ੍ਰੀਆਲ ਦੇ ਬੱਚਿਆਂ ਦੇ ਹਸਪਤਾਲ ਵਿਚ ਕੰਮ ਕਰਦਾ ਹੈ। ਬੱਚਿਆਂ ਦਾ ਇਹ ਡਾਕਟਰ ਸੌਣ ਦੇ ਰੋਗਾਂ ਦਾ ਮਾਹਰ ਹੈ। ਉਸ ਦੇ ਅਨੁਸਾਰ ਸਲੀਪ ਐਪਨੀਆ ਦੇ ਰੋਗੀ ਬੱਚੇ ਦੀ ਛਾਤੀ ਭਾਵੇਂ ਹਿੱਲ ਰਹੀ ਹੋਵੇ, ਉਹ ਸੁੱਤਾ ਪਿਆ ਸਾਹ ਲੈਣੋਂ ਹਟ ਸਕਦਾ ਹੈ। “ਇਸ ਰੁਕਾਵਟ ਕਰਕੇ ਬੱਚਾ ਉੱਠ ਜਾਂਦਾ ਹੈ ਤੇ ਕੁਝ ਸਾਹ ਲੈਣ ਤੋਂ ਬਾਅਦ ਫਿਰ ਸੌਂ ਜਾਂਦਾ ਹੈ।” ਹਰ ਰਾਤ ਇਸ ਤਰ੍ਹਾਂ ਕਈ ਸੌ ਵਾਰ ਹੋ ਸਕਦਾ ਹੈ ਜਿਸ ਕਰਕੇ ਬੱਚਾ ਦਿਨੇ ਥਕੇਵਾਂ ਮਹਿਸੂਸ ਕਰਦਾ ਹੈ।

ਸੌਣ ਦੇ ਰੋਗਾਂ ਬਾਰੇ ਇਕ ਅਮਰੀਕੀ ਸੰਸਥਾ ਇਹ ਸੁਝਾਅ ਦਿੰਦੀ ਹੈ: ਸੌਣ ਦੇ ਕਮਰੇ ਵਿਚ ਠਰ੍ਹੰਮੀ ਤੇ ਹਨੇਰ ਰੱਖੋ। ਉਸ ਵਿਚ ਟੈਲੀਵਿਯਨ ਤੇ ਕੰਪਿਊਟਰ ਵਰਗੀਆਂ ਧਿਆਨ-ਭੰਗ ਕਰਨ ਵਾਲੀਆਂ ਚੀਜ਼ਾਂ ਨਾ ਰੱਖੋ। ਬਾਕਾਇਦਾ ਇੱਕੋ ਵੇਲੇ ਸੌਣ ਤੇ ਜਾਗਣ ਨਾਲ ਵੀ ਬੱਚਿਆਂ ਤੇ ਨੌਜਵਾਨਾਂ ਨੂੰ ਚੰਗੀ ਨੀਂਦ ਆਵੇਗੀ। ਸਲੀਪ ਐਪਨੀਆ ਦੇ ਕੁਝ ਰੋਗੀ ਇਕ ਮਸ਼ੀਨ ਲਾ ਕੇ ਸੌਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਨਾਸਾਂ ਤੇ ਮੂੰਹ ਵਿਚ ਲਗਾਤਾਰ ਹਲਕੀ ਜਿਹੀ ਹਵਾ ਪਾਈ ਜਾਂਦੀ ਹੈ ਤਾਂਕਿ ਸੁੱਤੇ ਪਏ ਉਨ੍ਹਾਂ ਦਾ ਗਲਾ ਬੰਦ ਨਾ ਹੋ ਜਾਵੇ। ਬੱਚਿਆਂ ਦੀ ਇਕ ਡਾਕਟਰ ਨੇ ਕਿਹਾ: “ਸੌਣਾ ਸਾਡੀ ਖ਼ੁਰਾਕ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ। ਇਹ ਕਸਰਤ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ। ਨੀਂਦ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਉੱਤੇ, ਸਾਡੇ ਹਾਰਮੋਨਜ਼ ਉੱਤੇ ਤੇ ਸਾਡੀ ਭਾਵਾਤਮਕ ਸਹਿਤ ਉੱਤੇ ਅਸਰ ਪਾਉਂਦੀ ਹੈ।” (g02 7/22)