Skip to content

Skip to table of contents

ਅਸੀਂ ਆਪਣੇ ਆਪ ਨੂੰ ਹੋਰ ਸੋਹਣੇ ਕਿਵੇਂ ਬਣਾ ਸਕਦੇ ਹਾਂ?

ਅਸੀਂ ਆਪਣੇ ਆਪ ਨੂੰ ਹੋਰ ਸੋਹਣੇ ਕਿਵੇਂ ਬਣਾ ਸਕਦੇ ਹਾਂ?

ਨੌਜਵਾਨ ਪੁੱਛਦੇ ਹਨ . . .

ਅਸੀਂ ਆਪਣੇ ਆਪ ਨੂੰ ਹੋਰ ਸੋਹਣੇ ਕਿਵੇਂ ਬਣਾ ਸਕਦੇ ਹਾਂ?

“ਕੁੜੀਆਂ ਨਾਲ ਗੱਲਬਾਤ ਕਰਨੀ ਮੇਰੇ ਲਈ ਸੌਖੀ ਨਹੀਂ ਸੀ। ਮੈਨੂੰ ਉਨ੍ਹਾਂ ਦੇ ਖ਼ਿਆਲਾਂ ਅਤੇ ਜਜ਼ਬਾਤਾਂ ਬਾਰੇ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਮੈਂ ਇਹ ਜਾਣਦਾ ਸੀ ਕਿ ਉਹ ਕੀ ਸੋਚਦੀਆਂ ਸਨ।”​—ਟਾਈਲਰ।

ਕੁੜੀਆਂ ਨੂੰ ਮੁੰਡਿਆਂ ਬਾਰੇ ਕਿਹੜੀਆਂ ਗੱਲਾਂ ਸਭ ਤੋਂ ਜ਼ਿਆਦਾ ਪਸੰਦ ਆਉਂਦੀਆਂ ਹਨ? ਇਕ ਨੌਜਵਾਨ ਕੁੜੀ ਐਮਿਲੀ ਨੇ ਕਿਹਾ ਕਿ ਮੁੰਡਿਆਂ ਵਿਚ “ਆਤਮ-ਵਿਸ਼ਵਾਸ” ਸਭ ਤੋਂ ਵੱਡੀ ਗੱਲ ਹੈ। ਇਕ ਹੋਰ ਨੌਜਵਾਨ ਰੋਬਿਨ ਕਹਿੰਦੀ ਹੈ ਕਿ ਉਸ ਲਈ ਮੁੰਡੇ ਦਾ ਹਾਸੇ-ਮਜ਼ਾਕ ਵਾਲਾ ਮਿਜ਼ਾਜ ਹੋਣਾ ਚਾਹੀਦਾ ਹੈ। ਮੁੰਡਿਆਂ ਨੂੰ ਕੁੜੀਆਂ ਬਾਰੇ ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ? ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਕ ਸਰਵੇ ਦੇ ਅਨੁਸਾਰ ਪਹਿਲੀ ਥਾਂ ਤੇ ਇਹ ਗੱਲ ਆਈ ਸੀ ਕਿ ਕੁੜੀ ਦੇਖਣ ਨੂੰ ਸੋਹਣੀ ਹੋਵੇ। ਛੇਵੀਂ ਥਾਂ ਤੇ ਇਹ ਗੱਲ ਆਈ ਕਿ ਮੁੰਡੇ-ਕੁੜੀ ਦੀਆਂ ਦਿਲਚਸਪੀਆਂ ਅਤੇ ਕਦਰਾਂ-ਕੀਮਤਾਂ ਇੱਕੋ ਜਿਹੀਆਂ ਹੋਣ।

ਨੌਜਵਾਨਾਂ ਲਈ ਛਾਪੇ ਜਾਂਦੇ ਰਸਾਲਿਆਂ ਵਿਚ ਮੁੰਡੇ-ਕੁੜੀਆਂ ਦੇ ਰਿਸ਼ਤਿਆਂ ਬਾਰੇ ਲੇਖ ਅਤੇ ਸਰਵੇ ਬਹੁਤ ਮਸ਼ਹੂਰ ਹਨ। ਇਹ ਗੱਲ ਸਾਫ਼ ਹੈ ਕਿ ਬਹੁਤ ਸਾਰੇ ਮੁੰਡੇ ਇਸ ਬਾਰੇ ਸੋਚਦੇ ਹਨ ਜਾਂ ਫ਼ਿਕਰ ਵੀ ਕਰਦੇ ਹਨ ਕਿ ਕੁੜੀਆਂ ਉਨ੍ਹਾਂ ਬਾਰੇ ਕੀ ਸੋਚਦੀਆਂ ਹਨ ਅਤੇ ਕੁੜੀਆਂ ਨੂੰ ਵੀ ਇਹੀ ਫ਼ਿਕਰ ਹੁੰਦਾ ਹੈ ਕਿ ਮੁੰਡੇ ਉਨ੍ਹਾਂ ਬਾਰੇ ਕੀ ਸੋਚਦੇ ਹਨ। ਸ਼ਾਇਦ ਤੁਸੀਂ ਵੀ ਕਦੀ-ਕਦੀ ਇਸ ਬਾਰੇ ਫ਼ਿਕਰ ਕਰਦੇ ਹੋ ਭਾਵੇਂ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੇ ਹੋ ਜਾਂ ਨਹੀਂ। ਪਰ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਦੂਸਰੇ ਉਸ ਨੂੰ ਬਦਸੂਰਤ ਸਮਝਣ ਜਾਂ ਪਸੰਦ ਨਾ ਕਰਨ! ਟਾਈਲਰ ਕਹਿੰਦਾ ਹੈ: “ਜਦੋਂ ਤੁਸੀਂ ਜਵਾਨ ਹੁੰਦੇ ਹੋ, ਤਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਾਰਿਆਂ ਨੂੰ ਸੋਹਣੇ ਲੱਗੋ। ਤੁਸੀਂ ਚਾਹੁੰਦੇ ਹੋ ਕਿ ਸਾਰੇ ਮੁੰਡੇ-ਕੁੜੀਆਂ ਤੁਹਾਨੂੰ ਪਸੰਦ ਕਰਨ।” ਅਤੇ ਸ਼ਾਇਦ ਤੁਸੀਂ ਚਾਹੁੰਦੇ ਹੋ ਕਿ ਇਕ ਦਿਨ ਤੁਹਾਨੂੰ ਇਕ ਚੰਗਾ ਜੀਵਨ ਸਾਥੀ ਮਿਲੇ। ਜਦੋਂ ਉਹ ਸਮਾਂ ਆਵੇਗਾ, ਤਾਂ ਤੁਸੀਂ ਜ਼ਰੂਰ ਚਾਹੋਗੇ ਕਿ ਉਹ ਤੁਹਾਨੂੰ ਪਸੰਦ ਕਰੇ।

ਲੇਕਿਨ, ਇਕ ਨੌਜਵਾਨ ਮਸੀਹੀ ਵਜੋਂ ਸ਼ਾਇਦ ਤੁਹਾਡੇ ਕੋਲ ਮੁੰਡਿਆਂ ਜਾਂ ਕੁੜੀਆਂ ਨਾਲ ਬੋਲਣ-ਚੱਲਣ ਵਿਚ ਇੰਨਾ ਤਜਰਬਾ ਨਾ ਹੋਵੇ। ਇਸ ਦੇ ਨਾਲ-ਨਾਲ ਹੋ ਸਕਦਾ ਹੈ ਕਿ ਤੁਹਾਡੇ ਹਾਣੀ ਤੁਹਾਡੇ ਉੱਤੇ ਸੋਹਣਾ ਜਾਂ ਖੂਬਸੂਰਤ ਬਣਨ ਦਾ ਦਬਾਅ ਪਾਉਂਦੇ ਹੋਣ। ਟੀ. ਵੀ. ਅਤੇ ਰਸਾਲਿਆਂ ਵਿਚ ਮਾਡਲਾਂ ਅਤੇ ਹੱਟੇ-ਕੱਟੇ ਐਕਟਰਾਂ ਦੀ ਨੁਮਾਇਸ਼ ਹੁੰਦੀ ਰਹਿੰਦੀ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਨੂੰ ਦੇਖ-ਦੇਖ ਕੇ ਕਈ ਸ਼ਾਇਦ ਇਹ ਮਹਿਸੂਸ ਕਰਨ ਕਿ ਉਹ ਇਨ੍ਹਾਂ ਸਾਮ੍ਹਣੇ ਕੁਝ ਵੀ ਨਹੀਂ ਹਨ! ਤਾਂ ਫਿਰ ਦੂਸਰਿਆਂ ਨੂੰ ਪਸੰਦ ਆਉਣ ਲਈ ਕੀ ਕੀਤਾ ਜਾ ਸਕਦਾ ਹੈ?

ਸਰੀਰ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹਿਣ ਦੀ ਮੂਰਖਤਾ

ਮਨੋਵਿਗਿਆਨੀ ਵਿਲੀਅਮ ਐੱਸ. ਪੋਲੱਕ ਨੇ ਕਿਹਾ ਕਿ ਟੀ.ਵੀ ਅਤੇ ਫ਼ਿਲਮਾਂ ਦੇ ਪ੍ਰਭਾਵ ਕਾਰਨ ਕਈ ਜਵਾਨ “ਡਾਈਟਿੰਗ, ਭਾਰ ਚੁੱਕਣ ਅਤੇ ਕਸਰਤ ਕਰਨ ਵਿਚ ਅਨੇਕ ਘੰਟੇ ਲਗਾਉਂਦੇ ਹਨ ਤਾਂਕਿ ਉਹ ਆਪਣੇ ਸਰੀਰ ਨੂੰ ਸੁੰਦਰ ਬਣਾ ਸਕਣ।” ਕਈ ਤਾਂ ਆਪਣਾ ਸਰੀਰ ਸੋਹਣਾ ਬਣਾਉਣ ਲਈ ਖ਼ਤਰਾ ਵੀ ਮੁੱਲ ਲੈਂਦੇ ਹਨ, ਜਿਵੇਂ ਕਿ ਆਪਣੇ ਆਪ ਨੂੰ ਭੁੱਖੇ ਮਾਰਨਾ। ਸਮਾਜਕ ਵਿਸ਼ਿਆਂ ਉੱਤੇ ਰਿਸਰਚ ਕਰਨ ਵਾਲੀ ਇਕ ਸੰਸਥਾ ਕਹਿੰਦੀ ਹੈ: “ਅੱਜ-ਕੱਲ੍ਹ ਮੀਡੀਆ ਵਿਚ ਤੀਵੀਆਂ ਸਾਮ੍ਹਣੇ ਖੂਬਸੂਰਤੀ ਦਾ ਨਮੂਨਾ ਪੇਸ਼ ਕੀਤਾ ਜਾਂਦਾ ਹੈ। ਪਰ 5 ਫੀ ਸਦੀ ਤੋਂ ਘੱਟ ਤੀਵੀਆਂ ਅਜਿਹੀ ਖੂਬਸੂਰਤੀ ਤਕ ਪਹੁੰਚਦੀਆਂ ਹਨ ਅਤੇ ਇਹ ਤਾਂ ਸਿਰਫ਼ ਉਨ੍ਹਾਂ ਦੇ ਭਾਰ ਅਤੇ ਕੱਦ ਦੇ ਸੰਬੰਧ ਵਿਚ ਖੂਬਸੂਰਤੀ ਦੀ ਗੱਲ ਹੈ। ਅਤੇ ਜਿੱਥੇ ਸੋਹਣੇ ਸਰੀਰ, ਚਿਹਰੇ ਵਗੈਰਾ ਦੀ ਗੱਲ ਆਉਂਦੀ ਹੈ, ਤਾਂ ਸਿਰਫ਼ 1 ਫੀ ਸਦੀ ਤੀਵੀਆਂ ਹੀ ਇੰਨੀਆਂ ਖੂਬਸੂਰਤ ਹੁੰਦੀਆਂ ਹਨ।”

ਬਾਈਬਲ ਵਿਚ ਰੋਮੀਆਂ 12:2 ਵਿਚ ਇਹ ਚੰਗੀ ਸਲਾਹ ਦਿੱਤੀ ਜਾਂਦੀ ਹੈ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ।” ਪਰ, ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਆਪਣੀ ਸ਼ਕਲ-ਸੂਰਤ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ। ਕਸਰਤ ਅਤੇ ਚੰਗੀ ਖ਼ੁਰਾਕ ਖਾਣ ਦੁਆਰਾ ਆਪਣੇ ਸਰੀਰ ਦੀ ਦੇਖ-ਭਾਲ ਕਰਨੀ ਅਕਲਮੰਦੀ ਦੀ ਗੱਲ ਹੈ। (ਰੋਮੀਆਂ 12:1; 1 ਤਿਮੋਥਿਉਸ 4:8) ਚੰਗੀ ਤਰ੍ਹਾਂ ਆਰਾਮ ਕਰਨ ਦੁਆਰਾ ਵੀ ਤੁਸੀਂ ਸਿਹਤਮੰਦ ਮਹਿਸੂਸ ਕਰ ਸਕਦੇ ਹੋ। ਇਸ ਦੇ ਨਾਲ-ਨਾਲ, ਆਪਣੇ ਆਪ ਨੂੰ ਅਤੇ ਆਪਣੇ ਪਹਿਰਾਵੇ ਨੂੰ ਸਾਫ਼-ਸੁਥਰਾ ਰੱਖੋ। ਬਰਤਾਨੀਆ ਦੇ ਰਹਿਣ ਵਾਲੇ ਡੇਵਿਡ ਨਾਂ ਦੇ ਇਕ ਨੌਜਵਾਨ ਨੇ ਕਿਹਾ: “ਇਕ ਕੁੜੀ ਹੈ ਜੋ ਕਾਫ਼ੀ ਸੋਹਣੀ ਹੈ, ਪਰ ਉਸ ਤੋਂ ਬਦਬੂ ਆਉਂਦੀ ਹੈ। ਇਸ ਕਾਰਨ ਲੋਕ ਉਸ ਤੋਂ ਦੂਰ ਹੀ ਰਹਿੰਦੇ ਹਨ।” ਇਸ ਲਈ ਅਕਸਰ ਨਹਾਇਆ ਕਰੋ। ਸਾਫ਼-ਸੁਥਰੇ ਹੱਥ, ਵਾਲ ਅਤੇ ਨਹੁੰ ਤੁਹਾਨੂੰ ਹੋਰ ਵੀ ਸੋਹਣਾ ਬਣਾ ਸਕਦੇ ਹਨ।

ਭਾਵੇਂ ਕਿ ਬਾਈਬਲ ਇਹ ਸਲਾਹ ਦਿੰਦੀ ਹੈ ਕਿ ਸਾਨੂੰ ਆਪਣੇ ਪਹਿਰਾਵੇ ਉੱਤੇ ਹੱਦੋਂ ਵੱਧ ਧਿਆਨ ਨਹੀਂ ਦੇਣਾ ਚਾਹੀਦਾ, ਫਿਰ ਵੀ ਉਹ ਇਹ ਸਲਾਹ ਦਿੰਦੀ ਹੈ ਕਿ ‘ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰੋ।’ (1 ਤਿਮੋਥਿਉਸ 2:9) ਅਜਿਹੇ ਕੱਪੜੇ ਪਹਿਨੋ ਜੋ ਸਾਦੇ ਅਤੇ ਮਨਭਾਉਂਦੇ ਹਨ ਅਤੇ ਜੋ ਤੁਹਾਨੂੰ ਸੱਜਦੇ ਹਨ। * ਆਪਣੀ ਸ਼ਕਲ-ਸੂਰਤ ਵੱਲ ਧਿਆਨ ਦੇਣ ਨਾਲ ਤੁਸੀਂ ਆਪਣਾ ਆਤਮ-ਵਿਸ਼ਵਾਸ ਵਧਾ ਸਕਦੇ ਹੋ। ਪੌਲ ਨਾਂ ਦੇ ਇਕ ਨੌਜਵਾਨ ਨੇ ਇਸ ਤਰ੍ਹਾਂ ਸਮਝਾਇਆ: “ਹੋ ਸਕਦਾ ਹੈ ਕਿ ਤੁਸੀਂ ਸਭ ਤੋਂ ਸੋਹਣੇ ਨਾ ਹੋਵੋ, ਪਰ ਤੁਸੀਂ ਆਪਣੇ ਵੱਲ ਧਿਆਨ ਦੇ ਕੇ ਚੰਗੇ ਲੱਗ ਸਕਦੇ ਹੋ।”

ਅੰਦਰੂਨੀ ਗੁਣ

ਭਾਵੇਂ ਕਿ ਇਕ ਸੋਹਣਾ ਚਿਹਰਾ ਤੇ ਸਰੀਰ ਧਿਆਨ ਖਿੱਚਦਾ ਹੈ, ਪਰ ‘ਸੁਹੱਪਣ ਵਿਅਰਥ ਹੈ।’ (ਕਹਾਉਤਾਂ 31:30, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸੁੰਦਰਤਾ ਤਾਂ ਚਾਰ ਦਿਨਾਂ ਦੀ ਪਰਾਹੁਣੀ ਹੁੰਦੀ ਹੈ ਅਤੇ ਇਹ ਸੋਹਣੇ ਅੰਦਰੂਨੀ ਗੁਣਾਂ ਦੀ ਜਗ੍ਹਾ ਨਹੀਂ ਲੈ ਸਕਦੀ। (ਕਹਾਉਤਾਂ 11:22) ਇਹ ਵੀ ਯਾਦ ਰੱਖੋ ਕਿ “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) ਆਪਣੇ ਲੱਕ ਨੂੰ ਪਤਲਾ ਰੱਖਣ ਜਾਂ ਜ਼ਿਆਦਾ ਤਕੜੇ ਬਣਨ ਉੱਤੇ ਧਿਆਨ ਦੇਣ ਦੀ ਬਜਾਇ ਇਸ ਵੱਲ ਧਿਆਨ ਦਿਓ ਕਿ ਤੁਹਾਡੀ “ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।” (1 ਪਤਰਸ 3:3, 4; ਅਫ਼ਸੀਆਂ 4:24) ਇਹ ਸੱਚ ਹੈ ਕਿ ਅੱਜ-ਕੱਲ੍ਹ ਦੁਨੀਆਂ ਦੇ ਬਹੁਤ ਹੀ ਥੋੜ੍ਹੇ ਨੌਜਵਾਨ ਅੰਦਰੂਨੀ ਗੁਣਾਂ ਵੱਲ ਧਿਆਨ ਦਿੰਦੇ ਹਨ ਅਤੇ ਰੂਹਾਨੀ ਗੁਣਾਂ ਦੀ ਬਿਲਕੁਲ ਕਦਰ ਨਹੀਂ ਕਰਦੇ। * ਪਰ ਜਿਹੜੇ ਪਰਮੇਸ਼ੁਰੀ ਕਦਰਾਂ-ਕੀਮਤਾਂ ਦੀ ਇੱਜ਼ਤ ਕਰਦੇ ਹਨ, ਉਹ ਇਨ੍ਹਾਂ ਨੂੰ ਚੰਗਾ ਅਤੇ ਮਨਭਾਉਂਦਾ ਸਮਝਦੇ ਹਨ!

ਤਾਂ ਫਿਰ, ਜੇ ਤੁਸੀਂ ਉਨ੍ਹਾਂ ਮਸੀਹੀਆਂ ਨੂੰ ਪਸੰਦ ਆਉਣਾ ਹੈ ਜੋ ਰੂਹਾਨੀ ਗੱਲਾਂ ਨੂੰ ਜ਼ਰੂਰੀ ਸਮਝਦੇ ਹਨ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਰੂਹਾਨੀ ਗੱਲਾਂ ਨੂੰ ਜ਼ਰੂਰੀ ਸਮਝੋ। ਪ੍ਰਾਰਥਨਾ, ਬਾਈਬਲ ਦੇ ਨਿੱਜੀ ਅਧਿਐਨ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਰਾਹੀਂ ਰੂਹਾਨੀ ਤੌਰ ਤੇ ਮਜ਼ਬੂਤ ਹੋਵੋ। (ਜ਼ਬੂਰਾਂ ਦੀ ਪੋਥੀ 1:1-3) ਇਸ ਤੋਂ ਇਲਾਵਾ, ਤੁਸੀਂ ਹੋਰ ਵੀ ਚੰਗੇ ਗੁਣ ਪੈਦਾ ਕਰ ਸਕਦੇ ਹੋ। ਇਨ੍ਹਾਂ ਨੂੰ ਪੈਦਾ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਬੁਆਏ-ਫ੍ਰੈਂਡ ਜਾਂ ਗਰਲ-ਫ੍ਰੈਂਡ ਹੋਵੇ। ਇਸ ਦੀ ਬਜਾਇ ਇਹ ਹਰ ਰੋਜ਼ ਦੂਸਰਿਆਂ ਨਾਲ ਮਿਲਦੇ-ਵਰਤਦੇ ਹੋਏ ਸਿੱਖੇ ਜਾ ਸਕਦੇ ਹਨ।

ਮਿਸਾਲ ਲਈ, ਜੇ ਤੁਸੀਂ ਮੁੰਡੇ ਹੋ, ਤਾਂ ਕੀ ਤੁਹਾਨੂੰ ਕੁੜੀਆਂ ਨਾਲ ਮਿਲਣਾ-ਵਰਤਣਾ ਔਖਾ ਲੱਗਦਾ ਹੈ ਜਾਂ ਕੀ ਤੁਹਾਨੂੰ ਉਨ੍ਹਾਂ ਤੋਂ ਸੰਗ ਆਉਂਦੀ ਹੈ? ਪੌਲ ਨਾਂ ਦੇ ਇਕ ਨੌਜਵਾਨ ਨੇ ਕਿਹਾ: “ਕਦੀ-ਕਦੀ ਮੈਨੂੰ ਔਖਾ ਲੱਗਦਾ ਹੈ ਕਿਉਂਕਿ ਮੈਂ ਕੁੜੀਆਂ ਬਾਰੇ ਉੱਨਾ ਨਹੀਂ ਜਾਣਦਾ ਜਿੰਨਾ ਮੈਂ ਮੁੰਡਿਆਂ ਬਾਰੇ ਜਾਣਦਾ ਹੈ। ਅਤੇ ਮੈਂ ਨਹੀਂ ਚਾਹੁੰਦਾ ਕਿ ਸਾਰਿਆਂ ਸਾਮ੍ਹਣੇ ਮੇਰੀ ਬੇਇੱਜ਼ਤੀ ਹੋ ਜਾਵੇ।” ਤੁਸੀਂ ਅਜਿਹਾ ਆਤਮ-ਵਿਸ਼ਵਾਸ ਅਤੇ ਸੰਤੁਲਨ ਕਿਵੇਂ ਪੈਦਾ ਕਰ ਸਕਦੇ ਹੋ ਜਿਸ ਰਾਹੀਂ ਦੂਸਰਿਆਂ ਨੂੰ ਤੁਹਾਡੇ ਨਾਲ ਗੱਲ ਕਰਨੀ ਸੌਖੀ ਲੱਗੇ? ਇਕ ਤਰੀਕਾ ਹੈ ਕਿ ਮਸੀਹੀ ਕਲੀਸਿਯਾ ਵਿਚ ਵੱਖੋ-ਵੱਖਰੇ ਭੈਣਾਂ-ਭਰਾਵਾਂ ਨਾਲ ਸੰਗਤ ਰੱਖੋ। ਸਭਾਵਾਂ ਵਿਚ ਦੂਸਰਿਆਂ ਵਿਚ ਦਿਲਚਸਪੀ ਦਿਖਾਓ, ਸਿਰਫ਼ ਆਪਣੇ ਹਾਣ ਦੇ ਮੁੰਡੇ-ਕੁੜੀਆਂ ਵਿਚ ਹੀ ਨਹੀਂ, ਪਰ ਬੱਚਿਆਂ ਅਤੇ ਸਿਆਣਿਆਂ ਵਿਚ ਵੀ ਦਿਲਚਸਪੀ ਦਿਖਾਓ। (ਫ਼ਿਲਿੱਪੀਆਂ 2:4) ਵੱਖੋ-ਵੱਖਰੇ ਭੈਣਾਂ-ਭਰਾਵਾਂ ਨਾਲ ਚੰਗੀ ਸੰਗਤ ਰੱਖਣ ਦੁਆਰਾ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਸਾਡੀ ਮਦਦ ਹੋਵੇਗੀ।

ਪਰ, ਖ਼ਬਰਦਾਰ ਰਹੋ। ਯਿਸੂ ਨੇ ਕਿਹਾ ਸੀ: “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਟੇਢੇ ਟਾਈਪ ਸਾਡੇ।) (ਮੱਤੀ 19:19) ਜੇਕਰ ਤੁਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਦੂਸਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਔਖਾ ਨਹੀਂ ਲੱਗੇਗਾ। * ਪਰ, ਜਦ ਕਿ ਕੁਝ ਹੱਦ ਤਕ ਆਤਮ-ਸਨਮਾਨ ਰੱਖਣਾ ਠੀਕ ਹੈ ਸਾਨੂੰ ਆਪਣੇ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ। ਪੌਲੁਸ ਰਸੂਲ ਨੇ ਕਿਹਾ: ‘ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।’​—ਰੋਮੀਆਂ 12:3.

ਦੂਸਰਿਆਂ ਨਾਲ ਮਿਲਣ-ਵਰਤਣ ਦੇ ਆਪਣੇ ਅੰਦਾਜ਼ ਵੱਲ ਚੰਗੀ ਤਰ੍ਹਾਂ ਧਿਆਨ ਦਿਓ। ਬਰਤਾਨੀਆ ਦੀ ਰਹਿਣ ਵਾਲੀ ਲੁਡਿਯਾ ਨਾਂ ਦੀ ਕੁੜੀ ਨੇ ਕਿਹਾ: “ਮੇਰੇ ਸਕੂਲ ਵਿਚ ਇਕ ਮੁੰਡਾ ਹੈ ਜਿਸ ਨੂੰ ਕਈ ਕੁੜੀਆਂ ਪਸੰਦ ਕਰਦੀਆਂ ਹਨ। ਪਰ ਜਦੋਂ ਉਹ ਉਸ ਨੂੰ ਜਾਣਨ ਲੱਗਦੀਆਂ ਹਨ, ਤਾਂ ਉਹ ਦੇਖਦੀਆਂ ਹਨ ਕਿ ਉਹ ਬਹੁਤ ਹੀ ਬਦਤਮੀਜ਼ ਹੈ ਅਤੇ ਗੱਲ ਕਰਨ ਤੋਂ ਪਹਿਲਾਂ ਸੋਚਦਾ ਨਹੀਂ। ਇਸ ਲਈ ਉਨ੍ਹਾਂ ਦੀ ਉਸ ਨਾਲ ਨਹੀਂ ਬਣਦੀ।” ਲੋਕ ਅਜਿਹੇ ਇਨਸਾਨ ਵੱਲ ਖਿੱਚੇ ਜਾਂਦੇ ਹਨ ਜੋ ਪਿਆਰਾ ਹੈ, ਜਿਸ ਨੂੰ ਬੋਲਣ ਦੀ ਤਮੀਜ਼ ਹੈ ਅਤੇ ਜੋ ਦੂਸਰਿਆਂ ਦਾ ਧਿਆਨ ਰੱਖਦਾ ਹੈ। (ਅਫ਼ਸੀਆਂ 4:29, 32; ਅਫ਼ਸੀਆਂ 5:3, 4) ਡਾਕਟਰ ਟੀ. ਬੈਰੀ ਬ੍ਰੇਜ਼ਾਲਟਨ ਨੇ ਕਿਹਾ ਕਿ ‘ਚੰਗੀ ਤਮੀਜ਼ ਇਕ ਪਾਸਪੋਰਟ ਵਾਂਗ ਹੈ ਜੋ ਤੁਹਾਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਆਜ਼ਾਦੀ ਦਿੰਦੀ ਹੈ। ਦੂਜਿਆਂ ਨੂੰ ਚੰਗੇ ਲੱਗਣ ਲਈ ਤਮੀਜ਼ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ।’

ਦੁਨੀਆਂ ਭਰ ਵਿਚ ਸੁਚੱਜ ਦੇ ਤਰੀਕੇ ਅਤੇ ਅਸੂਲ ਵੱਖੋ-ਵੱਖਰੇ ਹਨ। ਇਸ ਲਈ ਤੁਸੀਂ ਸ਼ਾਇਦ ਧਿਆਨ ਦੇਣਾ ਚਾਹੋਗੇ ਕਿ ਸਿਆਣੇ ਮਸੀਹੀ ਭੈਣ-ਭਰਾ ਇਕ ਦੂਸਰੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਮਿਸਾਲ ਲਈ, ਕੀ ਤੁਹਾਡੇ ਦੇਸ਼ ਵਿਚ ਇਹ ਚੰਗੀ ਗੱਲ ਸਮਝੀ ਜਾਂਦੀ ਹੈ ਜੇ ਆਦਮੀ ਕਿਸੇ ਤੀਵੀਂ ਲਈ ਦਰਵਾਜ਼ਾ ਖੋਲ੍ਹ ਕੇ ਰੱਖੇ? ਜੇਕਰ ਹਾਂ, ਤਾਂ ਅਜਿਹੀ ਮਿਹਰਬਾਨੀ ਕਰਨ ਦੁਆਰਾ ਤੁਸੀਂ ਚੰਗੀ ਤਮੀਜ਼ ਵਾਲੇ ਜਾਣੇ ਜਾਓਗੇ।

ਆਖ਼ਰਕਾਰ, ਹਾਸੇ-ਮਜ਼ਾਕ ਦਾ ਮਿਜ਼ਾਜ ਪੈਦਾ ਕਰਨ ਨਾਲ ਵੀ ਤੁਹਾਡਾ ਫ਼ਾਇਦਾ ਹੋਵੇਗਾ। ਬਾਈਬਲ ਕਹਿੰਦੀ ਹੈ ਕਿ “ਇੱਕ ਹੱਸਣ ਦਾ ਵੇਲਾ ਹੈ” ਅਤੇ ਜਿਹੜਾ ਇਨਸਾਨ ਹੱਸਦਾ ਤੇ ਖ਼ੁਸ਼ ਰਹਿੰਦਾ ਹੈ, ਉਹ ਅਕਸਰ ਆਸਾਨੀ ਨਾਲ ਦੋਸਤੀ ਕਰ ਲੈਂਦਾ ਹੈ।​—ਉਪਦੇਸ਼ਕ ਦੀ ਪੋਥੀ 3:1, 4.

ਦੋਸਤੀ ਜਾਂ ਪਿਆਰ ਦਾ ਨਾਟਕ

“ਡੇਟਿੰਗ ਨੂੰ ਸਫ਼ਲ ਬਣਾਉਣ ਦੇ ਤਰੀਕੇ” ਬਾਰੇ ਇਕ ਰਸਾਲੇ ਨੇ ਇਹ ਸਲਾਹ ਦਿੱਤੀ ਕਿ ਕਿਸੇ ਨੂੰ ਆਪਣੇ ਵੱਲ ਖਿੱਚਣ ਦਾ ਰਾਜ਼ ਹੈ ਉਨ੍ਹਾਂ ਵਿਚ ਰੋਮਾਂਟਿਕ ਦਿਲਚਸਪੀ ਦਿਖਾਉਣੀ। ਰਸਾਲੇ ਨੂੰ ਪੜ੍ਹਨ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਮੁਸਕਰਾਉਣ, ਅੱਖ ਮਿਲਾਉਣ ਅਤੇ ਉਨ੍ਹਾਂ ‘ਸ਼ਬਦਾਂ’ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਵਿਚ ਸਮਾਂ ਲਗਾਉਣ ਜੋ ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿਚ ਕਹਿਣੇ ਹਨ। ਇਹ ਸਲਾਹ ਉਸ ਸਲਾਹ ਤੋਂ ਬਿਲਕੁਲ ਉਲਟ ਹੈ ਜੋ ਪੌਲੁਸ ਨੇ ਤਿਮੋਥਿਉਸ ਨੂੰ ਦਿੱਤੀ ਸੀ ਕਿ ਉਹ ਤੀਵੀਆਂ ਨਾਲ “ਅੱਤ ਪਵਿੱਤਰਤਾਈ” ਨਾਲ ਸਲੂਕ ਕਰੇ।​—1 ਤਿਮੋਥਿਉਸ 5:2.

ਭਾਵੇਂ ਕਿ ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਨਾਲ ਖੇਡ ਕੇ ਤੁਹਾਡਾ ਆਤਮ-ਸਨਮਾਨ ਵਧਦਾ ਹੈ, ਪਰ ਇਹ ਪਖੰਡ ਅਤੇ ਧੋਖਾ ਹੈ। ਇਕ ਚੰਗੀ ਗੱਲਬਾਤ ਜਾਰੀ ਰੱਖਣ ਲਈ ਤੁਹਾਨੂੰ ਰੋਮਾਂਟਿਕ ਦਿਲਚਸਪੀ ਦਿਖਾਉਣ ਜਾਂ ਜ਼ਿਆਦਾ ਹੁਸ਼ਿਆਰੀ ਦਿਖਾਉਣ ਦੀ ਲੋੜ ਨਹੀਂ ਹੈ। ਨਾ ਹੀ ਤੁਹਾਨੂੰ ਦੂਸਰੇ ਦੇ ਖ਼ਿਆਲ ਜਾਣਨ ਲਈ ਪਰੇਸ਼ਾਨ ਕਰਨ ਵਾਲੇ ਜਾਂ ਗ਼ਲਤ ਸਵਾਲ ਪੁੱਛਣੇ ਚਾਹੀਦੇ ਹਨ। ਅਜਿਹੀਆਂ ਚੀਜ਼ਾਂ ਬਾਰੇ ਗੱਲ ਕਰੋ ਜੋ ‘ਆਦਰ ਜੋਗ, ਸ਼ੁੱਧ, ਅਤੇ ਸੁਹਾਉਣੀਆਂ ਹਨ।’ ਇਸ ਤਰ੍ਹਾਂ ਤੁਸੀਂ ਦਿਖਾਓਗੇ ਕਿ ਤੁਸੀਂ ਇਕ ਸਿਆਣੇ ਇਨਸਾਨ ਬਣ ਰਹੇ ਹੋ ਜੋ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣਾ ਚਾਹੁੰਦਾ ਹੈ। (ਫ਼ਿਲਿੱਪੀਆਂ 4:8) ਪਰਮੇਸ਼ੁਰ ਦੇ ਸਿਧਾਂਤਾਂ ਪ੍ਰਤੀ ਆਗਿਆਕਾਰ ਹੋਣ ਦੁਆਰਾ ਤੁਸੀਂ ਸਿਰਫ਼ ਦੂਸਰਿਆਂ ਨੂੰ ਹੀ ਨਹੀਂ ਪਰ ਖ਼ੁਦ ਪਰਮੇਸ਼ੁਰ ਨੂੰ ਵੀ ਪਸੰਦ ਹੋਵੋਗੇ। *​—ਕਹਾਉਤਾਂ 1:7-9.

[ਫੁਟਨੋਟ]

^ ਪੈਰਾ 10 ਅੰਗ੍ਰੇਜ਼ੀ ਦਾ 8 ਅਕਤੂਬਰ 1989 ਵਿਚ “ਨੌਜਵਾਨ ਪੁੱਛਦੇ ਹਨ . . . ਸਹੀ ਕੱਪੜੇ ਕਿਵੇਂ ਚੁਣੇ ਜਾ ਸਕਦੇ ਹਨ” ਨਾਮਕ ਲੇਖ ਦੇਖੋ।

^ ਪੈਰਾ 12 ਇਕ ਖੋਜਕਾਰ ਨੇ ਕਿਹਾ ਕਿ ਸਰਵੇ ਕਰਨ ਤੋਂ ਇਹ ਪਤਾ ਲੱਗਿਆ ਹੈ ਕਿ ਹੁਸ਼ਿਆਰ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰਾਂ ਕਰਕੇ ਅਕਸਰ ਸਤਾਇਆ ਜਾਂਦਾ ਹੈ। ਇਸ ਕਰਕੇ ਉਹ ਆਪਣੀ ਹੁਸ਼ਿਆਰੀ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।

^ ਪੈਰਾ 15 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ​—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਦੇ 12ਵੇਂ ਅਧਿਆਇ ਵਿਚ ਆਤਮ-ਸਨਮਾਨ ਵਧਾਉਣ ਸੰਬੰਧੀ ਚੰਗੀ ਰਾਇ ਦਿੱਤੀ ਗਈ ਹੈ।

^ ਪੈਰਾ 21 ਜੇਕਰ ਤੁਹਾਡੀ ਹਾਲੇ ਵਿਆਹ ਕਰਵਾਉਣ ਦੀ ਉਮਰ ਨਹੀਂ ਹੈ, ਤਾਂ ਚੰਗਾ ਹੋਵੇਗਾ ਜੇ ਤੁਸੀਂ ਮੁੰਡਿਆਂ ਅਤੇ ਕੁੜੀਆਂ ਨਾਲ ਸੰਗਤ ਕਰੋ। ਜਾਗਰੂਕ ਬਣੋ! ਦੇ 22 ਜਨਵਰੀ 2001 ਦੇ ਅੰਕ ਵਿਚ “ਨੌਜਵਾਨ ਪੁੱਛਦੇ ਹਨ . . . ਉਦੋਂ ਕੀ ਜਦੋਂ ਮੇਰੇ ਮਾਪੇ ਕਹਿੰਦੇ ਹਨ ਕਿ ਮੈਂ ਮੁੰਡੇ ਨਾਲ ਦੋਸਤੀ ਕਰਨ ਲਈ ਹਾਲੇ ਛੋਟੀ ਹੈ” ਨਾਮਕ ਲੇਖ ਦੇਖੋ।

[ਸਫ਼ਾ 30 ਉੱਤੇ ਤਸਵੀਰਾਂ]

ਆਪਣੀ ਸ਼ਕਲ-ਸੂਰਤ ਵੱਲ ਜ਼ਿਆਦਾ ਧਿਆਨ ਦੇਣ ਦੀ ਬਜਾਇ ਰੂਹਾਨੀ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰੋ

[ਸਫ਼ਾ 30 ਉੱਤੇ ਤਸਵੀਰ]

ਵੱਖੋ-ਵੱਖਰੀ ਉਮਰ ਦੇ ਲੋਕਾਂ ਨਾਲ ਸੰਗਤ ਦਾ ਆਨੰਦ ਮਾਣੋ