Skip to content

Skip to table of contents

ਟਮਾਟਰਾਂ ਦੀ ਮਸ਼ਹੂਰੀ

ਟਮਾਟਰਾਂ ਦੀ ਮਸ਼ਹੂਰੀ

ਟਮਾਟਰਾਂ ਦੀ ਮਸ਼ਹੂਰੀ

ਸਪੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕਈ ਸਦੀਆਂ ਪਹਿਲਾਂ ਟਮਾਟਰ ਦਾ ਪੌਦਾ ਦੱਖਣੀ ਅਮਰੀਕਾ ਦੇ ਐਂਡੀਨ ਇਲਾਕੇ ਵਿਚ ਕੁਦਰਤੀ ਤੌਰ ਤੇ ਉੱਗਦਾ ਸੀ। ਉਸ ਦਾ ਫਲ ਕਾਫ਼ੀ ਸੁਆਦਲਾ ਹੋਣ ਦੇ ਬਾਵਜੂਦ ਉੱਥੇ ਰਹਿਣ ਵਾਲੇ ਅਮਰੀਕੀ ਆਦਿਵਾਸੀਆਂ ਨੇ ਇਸ ਪੌਦੇ ਨੂੰ ਨਹੀਂ ਉਗਾਇਆ ਸੀ। ਕਿਸੇ-ਨ-ਕਿਸੇ ਤਰ੍ਹਾਂ ਇਹ ਅਨੋਖਾ ਪੌਦਾ ਮੈਕਸੀਕੋ ਤਕ ਪਹੁੰਚ ਗਿਆ। ਉੱਥੇ ਦੇ ਐਜ਼ਟੈਕ ਲੋਕਾਂ ਨੇ ਇਸ ਦਾ ਨਾਂ ਸੀਟੌਮਾਟਲ ਰੱਖ ਦਿੱਤਾ। ਇਸ ਵਰਗੇ ਕਈ ਰਸਦਾਰ ਫਲਾਂ ਨੂੰ ਟੌਮਾਟਲ ਸੱਦਿਆ ਜਾਂਦਾ ਸੀ। ਥੋੜ੍ਹੀ ਦੇਰ ਬਾਅਦ ਟਮਾਟਰਾਂ ਦੀ ਚਟਣੀ ਐਜ਼ਟੈਕ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਬਣ ਗਈ। ਇਸ ਤਰ੍ਹਾਂ ਹੌਲੀ-ਹੌਲੀ ਟਮਾਟਰ ਦੁਨੀਆਂ ਵਿਚ ਮਸ਼ਹੂਰੀ ਦੀ ਚੜ੍ਹਾਈ ਚੜ੍ਹਨ ਲੱਗਾ।

ਸਪੇਨੀ ਫ਼ੌਜੀਆਂ ਨੂੰ ਵੀ ਟਮਾਟਰਾਂ ਦੀ ਚਟਣੀ ਬਹੁਤ ਹੀ ਸੁਆਦ ਲੱਗੀ ਸੀ। ਮੈਕਸੀਕੋ ਵਿਚ ਰਹਿਣ ਵਾਲੇ ਇਕ ਜੈਸੂਇਟ ਪਾਦਰੀ ਨੇ 1590 ਵਿਚ ਕਿਹਾ ਕਿ ਟਮਾਟਰ ਸਿਹਤ ਲਈ ਬਹੁਤ ਚੰਗੇ, ਖਾਣ ਲਈ ਸੁਆਦ, ਅਤੇ ਰਸ ਨਾਲ ਭਰੇ ਹਨ ਜਿਸ ਨਾਲ ਬਹੁਤ ਹੀ ਵਧੀਆ ਤਰੀ ਬਣਦੀ ਹੈ। ਸਪੇਨ ਦੇ ਲੋਕਾਂ ਨੇ ਮੈਕਸੀਕੋ ਤੋਂ ਸਪੇਨ ਨੂੰ ਅਤੇ ਕੈਰੀਬੀਅਨ ਤੇ ਫ਼ਿਲਪੀਨ ਵਿਚ ਆਪਣੇ ਇਲਾਕਿਆਂ ਨੂੰ ਟਮਾਟਰ ਦੇ ਬੀ ਘੱਲੇ। ਪਰ ਇਸ ਚੰਗੀ ਸ਼ੁਰੂਆਤ ਦੇ ਬਾਵਜੂਦ ਸੰਸਾਰ ਵਿਚ ਮਸ਼ਹੂਰ ਹੋਣ ਲਈ ਟਮਾਟਰ ਨੂੰ ਤਿੰਨ ਸਦੀਆਂ ਤੋਂ ਜ਼ਿਆਦਾ ਸਮਾਂ ਲੱਗਾ।

ਟਮਾਟਰ ਦੀ ਬਦਨਾਮੀ

ਜਦ ਕੋਈ ਚੀਜ਼ ਬਦਨਾਮ ਹੋ ਜਾਂਦੀ ਹੈ, ਤਾਂ ਉਸ ਨੂੰ ਦੁਬਾਰਾ ਪਸੰਦ ਕਰਨਾ ਬਹੁਤੀ ਔਖਾ ਹੁੰਦਾ ਹੈ। ਮੈਕਸੀਕੋ ਵਿਚ ਮਸ਼ਹੂਰ ਹੋਣ ਦੇ ਬਾਵਜੂਦ ਯੂਰਪ ਵਿਚ ਟਮਾਟਰਾਂ ਨੂੰ ਪਸੰਦ ਨਹੀਂ ਕੀਤਾ ਗਿਆ ਸੀ। ਸਮੱਸਿਆ ਉਦੋਂ ਖੜ੍ਹੀ ਹੋਈ ਜਦੋਂ ਯੂਰਪ ਵਿਚ ਬਨਸਪਤੀ ਦੇ ਵਿਗਿਆਨੀਆਂ ਨੇ ਟਮਾਟਰ ਦਾ ਸੰਬੰਧ ਬੈਲਾਡਾਨਾ ਦੇ ਜ਼ਹਿਰੀਲੇ ਪੌਦੇ ਨਾਲ ਜੋੜਿਆ। ਇਸ ਤੋਂ ਇਲਾਵਾ ਉਸ ਦੇ ਪੱਤਿਆਂ ਤੋਂ ਮੁਸ਼ਕ ਆਉਂਦਾ ਸੀ ਅਤੇ ਇਹ ਜ਼ਹਿਰੀਲੇ ਸਨ। ਸਮੱਸਿਆ ਨੂੰ ਹੋਰ ਵੀ ਵਧਾਉਣ ਲਈ ਕੁਝ ਨੀਮ-ਹਕੀਮਾਂ ਨੇ ਦਾਅਵਾ ਕੀਤਾ ਕਿ ਟਮਾਟਰਾਂ ਵਿਚ ਜਿਨਸੀ ਕਾਮਨਾਵਾਂ ਨੂੰ ਉਕਸਾਉਣ ਵਾਲੇ ਤੱਤ ਹਨ। ਕਈ ਲੋਕ ਇਹ ਸੋਚਦੇ ਹਨ ਕਿ ਇਸੇ ਲਈ ਫਰਾਂਸੀਸੀ ਲੋਕਾਂ ਨੇ ਇਸ ਨੂੰ ਪੌਮ ਡਾਮੁਰ ਜਾਂ “ਲਵ ਐਪਲ” ਸੱਦਿਆ ਸੀ।

ਟਮਾਟਰਾਂ ਦੀ ਬਦਨਾਮੀ ਉੱਤਰੀ ਅਮਰੀਕਾ ਤਕ ਵੀ ਪਹੁੰਚ ਗਈ। ਮੈਸੇਚਿਉਸੇਟਸ ਦੇ ਇਕ ਅਮਰੀਕੀ ਮਾਲੀ ਨੇ 1820 ਵਿਚ ਕਿਹਾ: “ਮੈਨੂੰ [ਟਮਾਟਰ] ਇੰਨੇ ਭੈੜੇ ਲੱਗੇ ਕਿ ਮੈਂ ਸੋਚਿਆ ਕਿ ਮੈਂ ਸਿਰਫ਼ ਉਦੋਂ ਹੀ ਇਨ੍ਹਾਂ ਨੂੰ ਖਾਵਾਂਗਾ ਜਦੋਂ ਮੈਨੂੰ ਬਹੁਤ ਹੀ ਭੁੱਖ ਲੱਗੀ ਹੋਵੇਗੀ।” ਸਿਰਫ਼ ਇਹੀ ਇਨਸਾਨ ਟਮਾਟਰਾਂ ਨੂੰ ਬੁਰਾ ਨਹੀਂ ਸਮਝਦਾ ਸੀ। ਪੈਨਸਿਲਵੇਨੀਆ ਦੇ ਇਕ ਆਦਮੀ ਨੇ ਇਨ੍ਹਾਂ ਨੂੰ “ਬੇਸੁਆਦਾ ਕੂੜਾ” ਸੱਦਿਆ ਸੀ। ਬਰਤਾਨੀਆ ਦੇ ਇਕ ਬਾਗ਼ਬਾਨੀ ਮਾਹਰ ਨੇ ਇਸ ਫਲ ਨੂੰ “ਸੜਿਆ ਸੁਨਹਿਰਾ ਸੇਬ” ਸੱਦਿਆ ਸੀ।

ਇਹ ਚੰਗੀ ਗੱਲ ਹੈ ਕਿ ਇਟਲੀ ਦੇ ਲੋਕਾਂ ਨੇ ਇਸ ਨੂੰ ਬੁਰਾ ਨਹੀਂ ਸਮਝਿਆ ਪਰ ਇਸ ਨੂੰ ਚੰਗੀ ਤਰ੍ਹਾਂ ਵਰਤਿਆ ਸੀ। ਸੋਲ੍ਹਵੀਂ ਸਦੀ ਵਿਚ ਉਨ੍ਹਾਂ ਨੇ ਟਮਾਟਰ ਨੂੰ ਪੋਮੋਡੋਰੋ (ਸੁਨਹਿਰਾ ਸੇਬ) ਸੱਦਿਆ। * ਸਤਾਰ੍ਹਵੀਂ ਸਦੀ ਦੇ ਮੁਢਲਿਆਂ ਸਾਲਾਂ ਤਕ ਟਮਾਟਰ ਇਟਲੀ ਵਿਚ ਬਹੁਤ ਹੀ ਮਸ਼ਹੂਰ ਹੋ ਗਏ ਸਨ। ਉੱਥੇ ਉਨ੍ਹਾਂ ਨੂੰ ਉਗਾਉਣ ਲਈ ਬਹੁਤ ਹੀ ਚੰਗਾ ਧੁੱਪਦਾਰ ਮੌਸਮ ਸੀ। ਇਸ ਦੇ ਬਾਵਜੂਦ ਕੁਝ ਦੋ ਸਦੀਆਂ ਲਈ ਉੱਤਰੀ ਯੂਰਪ ਦੇ ਮਾਲੀਆਂ ਨੇ ਟਮਾਟਰਾਂ ਨੂੰ ਖਾਣ ਵਾਸਤੇ ਚੰਗਾ ਨਹੀਂ ਸਮਝਿਆ ਸੀ। ਉਹ ਇਨ੍ਹਾਂ ਨੂੰ ਸਿਰਫ਼ ਖਾਣਿਆਂ ਦੀ ਸਜਾਵਟ ਅਤੇ ਦਵਾਈ ਲਈ ਉਗਾਉਂਦੇ ਸਨ।

ਬਦਨਾਮੀ ਤੋਂ ਮਸ਼ਹੂਰੀ

ਜਦੋਂ ਲੋਕਾਂ ਨੇ ਟਮਾਟਰਾਂ ਨੂੰ ਖਾ ਕੇ ਦੇਖਿਆ, ਤਾਂ ਉਨ੍ਹਾਂ ਦੇ ਸਾਰੇ ਸ਼ੱਕ ਦੂਰ ਹੋ ਗਏ ਅਤੇ ਇਨ੍ਹਾਂ ਨੂੰ ਉਗਾਉਣ ਦਾ ਕੰਮ ਚੱਲ ਪਿਆ। ਕੈਲੇਫ਼ੋਰਨੀਆ ਦੇ ਤਾਜ਼ੇ ਟਮਾਟਰ 1870 ਦੇ ਦਹਾਕੇ ਤਕ ਸਾਰਾ ਦੇਸ਼ ਪਾਰ ਕਰਨ ਵਾਲੇ ਨਵੇਂ ਰੇਲਵੇ ਸਦਕਾ ਨਿਊਯਾਰਕ ਵਿਚ ਵੇਚੇ ਜਾ ਰਹੇ ਸਨ। ਕੁਝ ਹੀ ਦਹਾਕੇ ਪਹਿਲਾਂ ਨੇਪਲਜ਼, ਇਟਲੀ ਵਿਚ ਪੀਟਜ਼ਾ ਦੀ ਪਹਿਲੀ ਦੁਕਾਨ ਖੁੱਲ੍ਹੀ ਸੀ। ਪੀਟਜ਼ਾ ਦੀ ਮਸ਼ਹੂਰੀ ਕਰਕੇ ਟਮਾਟਰਾਂ ਲਈ ਵੱਡੀ ਮੰਗ ਹੋਣ ਲੱਗ ਪਈ। ਵੀਹਵੀਂ ਸਦੀ ਦੌਰਾਨ ਪੀਟਜ਼ਾ ਦੀ ਮਸ਼ਹੂਰੀ ਦੇ ਨਾਲ-ਨਾਲ ਟਮਾਟਰਾਂ ਦਾ ਸੂਪ, ਰਸ, ਸਾਸ ਅਤੇ ਚਟਣੀ ਵੀ ਮਸ਼ਹੂਰ ਹੋ ਗਏ। ਇਸ ਤਰ੍ਹਾਂ ਬਦਨਾਮ ਟਮਾਟਰ ਧਰਤੀ ਤੇ ਸਭ ਤੋਂ ਮਸ਼ਹੂਰ ਅਤੇ ਪਸੰਦ ਕੀਤਾ ਗਿਆ ਫਲ ਬਣ ਗਿਆ। (ਨਾਲ ਦੀ ਡੱਬੀ ਦੇਖੋ।) ਵਪਾਰ ਲਈ ਟਮਾਟਰਾਂ ਦੀ ਖੇਤੀ-ਬਾੜੀ ਦੇ ਨਾਲ-ਨਾਲ, ਟਮਾਟਰ ਮੱਧ-ਪੂਰਬੀ ਰੇਗਿਸਤਾਨ ਤੋਂ ਤੂਫ਼ਾਨੀ ਉੱਤਰੀ ਸਾਗਰ ਦੇ ਮਾਲੀਆਂ ਦਾ ਵੀ ਮਨ-ਪਸੰਦ ਫਲ ਬਣ ਗਿਆ।

ਰੇਗਿਸਤਾਨ ਤੋਂ ਸਮੁੰਦਰ ਤਕ

ਉੱਤਰੀ ਸਾਗਰ ਵਿਚ ਤੇਲ ਦਾ ਇਕ ਖੂਹ ਸ਼ਾਇਦ ਫਲ-ਸਬਜ਼ੀਆਂ ਉਗਾਉਣ ਲਈ ਚੰਗੀ ਜਗ੍ਹਾ ਨਾ ਲੱਗੇ, ਪਰ ਟਮਾਟਰ ਕਿਸੇ ਵੀ ਜਗ੍ਹਾ ਤੇ ਉੱਗ ਜਾਂਦੇ ਹਨ। ਜੇ ਉਨ੍ਹਾਂ ਨੂੰ ਪਾਣੀ ਤੇ ਲੋੜੀਂਦੇ ਪਦਾਰਥ ਮਿਲ ਜਾਣ ਤਾਂ ਉਸ ਦੇ ਬੀ ਮਿੱਟੀ ਤੋਂ ਬਗੈਰ ਵੀ ਪਲਾਸਟਿਕ ਬੈਗ ਵਿਚ ਉੱਗ ਸਕਦੇ ਹਨ। ਇਸ ਲਈ, ਤੇਲ ਦੇ ਖੂਹ ਤੇ ਕੰਮ ਕਰਨ ਵਾਲਿਆਂ ਵਿਚਕਾਰ ਟਮਾਟਰ ਉਗਾਉਣੇ ਬਹੁਤ ਸਫ਼ਲ ਹੋਏ ਹਨ ਕਿਉਂਕਿ ਉਹ ਪਾਈਪਾਂ ਅਤੇ ਮਸ਼ੀਨਾਂ ਨਾਲ ਘਿਰੇ ਹੋਣ ਕਰਕੇ ਅੱਕ ਜਾਂਦੇ ਹਨ। ਉਹ ਹਰੇ-ਹਰੇ ਪੌਦੇ ਦੇਖਣੇ ਬਹੁਤ ਪਸੰਦ ਕਰਦੇ ਹਨ ਅਤੇ ਨਾਲੇ ਉਨ੍ਹਾਂ ਨੂੰ ਘਰ ਉਗਾਏ ਗਏ ਫਲ ਖਾਣ ਨੂੰ ਮਿਲ ਜਾਂਦੇ ਹਨ।

ਜੇ ਪਿਆਰ ਨਾਲ ਟਮਾਟਰਾਂ ਦੀ ਦੇਖ-ਭਾਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਰੇਗਿਸਤਾਨ ਦੀ ਮਿੱਟੀ ਵਿਚ ਵੀ ਉਗਾਇਆ ਜਾ ਸਕਦਾ ਹੈ। ਮਿਸਰ ਦੇ ਸੀਨਈ ਪਹਾੜਾਂ ਵਿਚ ਰਹਿਣ ਵਾਲੇ ਲੋਕ ਛੋਟੇ ਜਿਹੇ ਬਾਗ਼ ਬਣਾ ਲੈਂਦੇ ਹਨ ਜਿਨ੍ਹਾਂ ਤੇ ਉਹ ਖੂਹ ਤੋਂ ਪਾਣੀ ਪਾਉਂਦੇ ਹਨ ਜਾਂ ਕਦੀ-ਕਦਾਈਂ ਉੱਥੇ ਮੀਂਹ ਪੈ ਜਾਂਦਾ ਹੈ। ਧਿਆਨ ਨਾਲ ਇਨ੍ਹਾਂ ਬਾਗ਼ਾਂ ਨੂੰ ਸਿੰਜ ਕੇ ਉਹ ਵੱਡੇ-ਵੱਡੇ ਟਮਾਟਰਾਂ ਦੀ ਵਧੀਆ ਫ਼ਸਲ ਉਗਾਉਂਦੇ ਹਨ। ਫਿਰ ਉਹ ਇਨ੍ਹਾਂ ਨੂੰ ਧੁੱਪ ਵਿਚ ਸੁੱਕਾ ਲੈਂਦੇ ਹਨ ਤਾਂਕਿ ਉਹ ਸਰਦੀਆਂ ਵਿਚ ਵੀ ਵਰਤੇ ਜਾ ਸਕਣ।

ਪਰ, ਟਮਾਟਰ ਦੀ ਦੁਨੀਆਂ ਭਰ ਵਿਚ ਮਸ਼ਹੂਰੀ ਸਿਰਫ਼ ਇਸ ਲਈ ਨਹੀਂ ਹੋਈ ਕਿ ਉਹ ਜਿੱਥੇ ਮਰਜ਼ੀ, ਕਿਸੇ ਵੀ ਮਿੱਟੀ ਵਿਚ ਅਤੇ ਕਿਸੇ ਵੀ ਮੌਸਮ ਵਿਚ ਉੱਗ ਜਾਂਦੇ ਸਨ। ਟਮਾਟਰਾਂ ਦੇ ਜ਼ਿਆਦਾਤਰ ਪੌਦੇ ਆਪਣਾ ਪਰਾਗ ਖ਼ੁਦ ਹੀ ਛਿੜਕਦੇ ਹਨ, ਇਸ ਲਈ ਆਪਣੀ ਪਸੰਦ ਅਨੁਸਾਰ ਇਸ ਦੀਆਂ ਵੱਖੋ-ਵੱਖਰੀਆਂ ਕਿਸਮਾਂ ਉਗਾਈਆਂ ਜਾ ਸਕਦੀਆਂ ਹਨ। ਹੁਣ ਟਮਾਟਰਾਂ ਦੀਆਂ ਕੁਝ 4,000 ਕਿਸਮਾਂ ਹਨ ਜਿਨ੍ਹਾਂ ਤੋਂ ਮਾਲੀ ਚੁਣ ਸਕਦੇ ਹਨ। ਅੰਗੂਰ ਜਿੰਨਾ ਛੋਟਾ ਟਮਾਟਰ ਸਲਾਦ ਨੂੰ ਰੰਗੀਨ ਅਤੇ ਸੁਆਦਲਾ ਬਣਾਉਂਦਾ ਹੈ। ਇਕ ਲੰਬਾ ਮਿੱਠਾ ਟਮਾਟਰ ਅਕਸਰ ਟੀਨਾਂ ਵਿਚ ਵੇਚਿਆ ਜਾਂਦਾ ਹੈ। ਇਕ ਵੱਡਾ ਟਮਾਟਰ ਸਪੇਨੀ ਲੋਕਾਂ ਦੀ ਪ੍ਰਮੁੱਖ ਖ਼ੁਰਾਕ ਹੈ ਅਤੇ ਸਲਾਦ ਅਤੇ ਹੋਰ ਚੀਜ਼ਾਂ ਬਣਾਉਣ ਵਿਚ ਵਰਤਿਆ ਜਾਂਦਾ ਹੈ।

ਪਰ, ਆਖ਼ਰਕਾਰ ਟਮਾਟਰ ਦੀ ਮਸ਼ਹੂਰੀ ਉਸ ਦੇ ਸੁਆਦ ਕਾਰਨ ਹੋਈ ਸੀ। ਇਹ ਪੀਟਜ਼ੇ ਦੇ ਸਾਸ ਨੂੰ ਸੁਆਦਲਾ ਬਣਾਉਂਦਾ, ਸਲਾਦ ਨੂੰ ਸਜਾਉਂਦਾ ਅਤੇ ਚਟਣੀ ਨੂੰ ਮਜ਼ੇਦਾਰ ਬਣਾਉਂਦਾ ਹੈ। ਕੀ ਇਨ੍ਹਾਂ ਖਾਣਿਆਂ ਬਾਰੇ ਸੋਚ ਕੇ ਸਾਡੇ ਮੂੰਹ ਵਿਚ ਪਾਣੀ ਨਹੀਂ ਆਉਂਦਾ? ਭਾਵੇਂ ਕਿ ਟਮਾਟਰ ਪਹਿਲਾਂ ਬਦਨਾਮ ਸਨ, ਪਰ ਹੁਣ ਪੂਰੀ ਦੁਨੀਆਂ ਇਨ੍ਹਾਂ ਨੂੰ ਪਸੰਦ ਕਰਦੀ ਹੈ। (g02 7/22)

[ਫੁਟਨੋਟ]

^ ਪੈਰਾ 8 ਅਨੁਮਾਨ ਲਗਾਇਆ ਗਿਆ ਹੈ ਕਿ ਟਮਾਟਰਾਂ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਜੋ ਟਮਾਟਰ ਇਟਲੀ ਦੇ ਲੋਕਾਂ ਨੇ ਪਹਿਲਾਂ-ਪਹਿਲਾਂ ਉਗਾਏ ਸਨ ਉਨ੍ਹਾਂ ਦਾ ਰੰਗ ਪੀਲਾ ਸੀ।

[ਸਫ਼ਾ 18 ਉੱਤੇ ਡੱਬੀ/ਤਸਵੀਰਾਂ]

ਗਜ਼ਪਾਚੋ—ਟਮਾਟਰਾਂ ਤੋਂ ਬਣਿਆ ਮਜ਼ੇਦਾਰ ਸੂਪ

ਕੀ ਤੁਸੀਂ ਗਰਮੀਆਂ ਦੇ ਦਿਨ ਤੇ ਇਕ ਮਜ਼ੇਦਾਰ ਠੰਢੇ ਸੂਪ ਦਾ ਸੁਆਦ ਚੱਖਣਾ ਚਾਹੋਗੇ? ਸਪੇਨ ਦੇ ਐਂਡਾਲੂਜ਼ੀ ਇਲਾਕੇ ਵਿਚ ਗਜ਼ਪਾਚੋ ਰੋਟੀ ਨਾਲ ਲਗਭਗ ਹਰ ਦਿਨ ਪੀਤਾ ਜਾਂਦਾ ਹੈ। ਇਸ ਨੂੰ ਬਣਾਉਣਾ ਬਹੁਤ ਸੌਖਾ ਹੈ। ਬਣਾਉਣ ਲਈ ਸਿਰਫ਼ ਥੋੜ੍ਹੀਆਂ ਹੀ ਚੀਜ਼ਾਂ ਚਾਹੀਦੀਆਂ ਹਨ ਅਤੇ ਇਸ ਨਾਲ ਤੁਹਾਡੇ ਪਰਿਵਾਰ ਲਈ ਖਾਣੇ ਦੀ ਚੰਗੀ ਸ਼ੁਰੂਆਤ ਹੋਵੇਗੀ। ਗਜ਼ਪਾਚੋ ਬਣਾਉਣ ਦਾ ਇਹ ਇਕ ਮਸ਼ਹੂਰ ਸਪੇਨੀ ਤਰੀਕਾ ਹੈ ਜਿਸ ਨਾਲ ਪੰਜ ਲੋਕਾਂ ਜੋਗਾ ਸੂਪ ਬਣਦਾ ਹੈ।

ਸਾਮੱਗਰੀ

600 ਗ੍ਰਾਮ ਲਾਲ ਟਮਾਟਰ

350 ਗ੍ਰਾਮ ਖੀਰੇ

250 ਗ੍ਰਾਮ ਲਾਲ ਮਿੱਠੀਆਂ ਮਿਰਚਾਂ

2 ਸੁੱਕੀਆਂ ਡਬਲਰੋਟੀਆਂ (60 ਗ੍ਰਾਮ)

1/2 ਚਮਚਾ ਸਿਰਕਾ

1/2 ਚਮਚਾ ਜ਼ੈਤੂਨ ਦਾ ਤੇਲ

ਲੂਣ

ਲਸਣ ਦੀ 1 ਗੰਢੀ

ਚੁਟਕੀ ਭਰ ਜੀਰਾ

ਤਿਆਰੀ ਮਿਰਚਾਂ ਵਿੱਚੋਂ ਬੀ ਕੱਢੋ ਅਤੇ ਖੀਰਿਆਂ ਤੇ ਟਮਾਟਰਾਂ ਨੂੰ ਛਿੱਲੋ। ਫਿਰ ਇਨ੍ਹਾਂ ਚੀਜ਼ਾਂ ਦੇ ਛੋਟੇ-ਛੋਟੇ ਡੱਕਰੇ ਕਰ ਲਓ। ਇਨ੍ਹਾਂ ਨੂੰ ਇਕ ਲਿਟਰ ਪਾਣੀ ਨਾਲ ਭਾਂਡੇ ਵਿਚ ਪਿਓ ਦਿਓ (ਸਾਰੀਆਂ ਸਬਜ਼ੀਆਂ ਨੂੰ ਪਾਣੀ ਵਿਚ ਭਿੱਜਣਾ ਚਾਹੀਦਾ ਹੈ)। ਇਸ ਦੇ ਨਾਲ ਭਾਂਡੇ ਵਿਚ ਡਬਲਰੋਟੀ, ਲਸਣ, ਲੂਣ, ਸਿਰਕਾ ਅਤੇ ਤੇਲ ਪਾਓ। ਸੂਪ ਨੂੰ ਰਾਤ ਭਰ ਛੱਡ ਦਿਓ ਅਤੇ ਅਗਲੇ ਦਿਨ ਇਸ ਨੂੰ ਮਿਕਸੀ ਨਾਲ ਰਲਾਓ ਅਤੇ ਫਿਰ ਇਸ ਨੂੰ ਪੁਣ ਲਓ। ਜੇ ਲੋੜ ਪਵੇ ਤਾਂ ਹੋਰ ਲੂਣ ਪਾ ਲਓ। ਗਜ਼ਪਾਚੋ ਨੂੰ ਉਦੋਂ ਤਕ ਫਰਿੱਜ ਵਿਚ ਰੱਖੋ ਜਦੋਂ ਤਕ ਤੁਸੀਂ ਇਸ ਨੂੰ ਖਾਣ ਲਈ ਤਿਆਰ ਨਹੀਂ ਹੁੰਦੇ। ਗਜ਼ਪਾਚੋ ਦੇ ਨਾਲ ਤੁਸੀਂ ਟਮਾਟਰ, ਖੀਰੇ ਅਤੇ ਮਿਰਚਾਂ ਦੇ ਛੋਟੇ-ਛੋਟੇ ਡੱਕਰੇ ਵੀ ਖਾ ਸਕਦੇ ਹੋ।

[ਸਫ਼ਾ 19 ਉੱਤੇ ਡੱਬੀ]

ਟਮਾਟਰਾਂ ਬਾਰੇ ਕੁਝ ਗੱਲਾਂ

ਟਮਾਟਰ ਹੁਣ ਦੁਨੀਆਂ ਵਿਚ ਸਭ ਤੋਂ ਮਸ਼ਹੂਰ ਫਲ ਹੈ। ਹਰ ਸਾਲ ਲਗਭਗ 10 ਕਰੋੜ ਟਨ ਟਮਾਟਰਾਂ ਦੀ ਵਾਢੀ ਕੀਤੀ ਜਾਂਦੀ ਹੈ। ਦੁਨੀਆਂ ਦੇ ਹੋਰ ਕਿਸੇ ਵੀ ਮੁੱਖ ਫਲ (ਸੇਬ, ਕੇਲੇ, ਅੰਗੂਰ, ਅਤੇ ਸੰਤਰੇ) ਨਾਲੋਂ ਵੀ ਜ਼ਿਆਦਾ।

ਭਾਵੇਂ ਕਿ ਕਦੀ-ਕਦੀ ਟਮਾਟਰ ਨੂੰ ਸਬਜ਼ੀ ਕਿਹਾ ਜਾਂਦਾ ਹੈ, ਪਰ ਵਿਗਿਆਨ ਅਨੁਸਾਰ ਇਹ ਇਕ ਫਲ ਹੈ। ਇਸ ਦੇ ਖਾਣ ਵਾਲੇ ਹਿੱਸੇ ਵਿਚ ਬੀ ਹਨ ਤੇ ਆਮ ਤੋਰ ਤੇ ਸਬਜ਼ੀਆਂ ਦੇ ਖਾਣ ਵਾਲੇ ਹਿੱਸੇ ਵਿਚ ਪੌਦੇ ਦੀ ਡੰਡੀ, ਪੱਤੇ ਅਤੇ ਜੜ੍ਹਾਂ ਹੁੰਦੀਆਂ ਹਨ।

ਗਿਨਿਸ ਬੁੱਕ ਆਫ਼ ਰੈਕੋਡਸ ਦੇ ਅਨੁਸਾਰ ਸਭ ਤੋਂ ਵੱਡੇ ਟਮਾਟਰ ਦਾ ਭਾਰ 3.5 ਕਿਲੋ ਸੀ ਅਤੇ ਇਹ ਓਕਲਾਹੋਮਾ, ਅਮਰੀਕਾ ਵਿਚ ਉਗਾਇਆ ਗਿਆ ਸੀ।

ਟਮਾਟਰ ਦੇ ਪੌਦਿਆਂ ਦੇ ਲਾਗੇ ਜਾਂ ਇਨ੍ਹਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਸਿਗਰਟ ਪੀਣੀ ਇਨ੍ਹਾਂ ਲਈ ਨੁਕਸਾਨਦੇਹ ਹੈ। ਤਮਾਖੂ ਵਿਚ ਅਜਿਹਾ ਵਾਇਰਸ ਹੈ ਜੋ ਟਮਾਟਰ ਦੇ ਪੌਦਿਆਂ ਉੱਤੇ ਬੁਰਾ ਅਸਰ ਪਾਉਂਦਾ ਹੈ।

ਵਿਟਾਮਿਨ ਏ ਅਤੇ ਵਿਟਾਮਿਨ ਸੀ ਤੋਂ ਇਲਾਵਾ ਟਮਾਟਰਾਂ ਵਿਚ ਹੋਰ ਵੀ ਲਾਭਦਾਇਕ ਪਦਾਰਥ ਹਨ। ਕੁਝ ਰਿਸਰਚ ਕਰਨ ਵਾਲਿਆਂ ਨੇ ਦੇਖਿਆ ਹੈ ਕਿ ਟਮਾਟਰਾਂ ਨਾਲ ਭਰਪੂਰ ਖ਼ੁਰਾਕ ਕੈਂਸਰ ਦਾ ਖ਼ਤਰਾ ਵੀ ਘਟਾ ਸਕਦੀ ਹੈ।