Skip to content

Skip to table of contents

ਜਦ ਤੁਹਾਡੇ ਬੱਚੇ ਨੂੰ ਬੁਖ਼ਾਰ ਚੜ੍ਹਦਾ ਹੈ

ਜਦ ਤੁਹਾਡੇ ਬੱਚੇ ਨੂੰ ਬੁਖ਼ਾਰ ਚੜ੍ਹਦਾ ਹੈ

ਜਦ ਤੁਹਾਡੇ ਬੱਚੇ ਨੂੰ ਬੁਖ਼ਾਰ ਚੜ੍ਹਦਾ ਹੈ

“ਮੰਮੀ ਮੈਂ ਠੀਕ ਨਹੀਂ, ਮੈਂ ਸਕੂਲ ਨਹੀਂ ਜਾਣਾ!” ਜਦੋਂ ਤੁਹਾਡਾ ਬੱਚਾ ਰੋਂਦਾ-ਰੋਂਦਾ ਇਸ ਤਰ੍ਹਾਂ ਕਹਿੰਦਾ ਹੈ, ਤਾਂ ਤੁਸੀਂ ਸ਼ਾਇਦ ਇਕਦਮ ਉਸ ਦੇ ਮੱਥੇ ਤੇ ਹੱਥ ਰੱਖ ਕੇ ਦੇਖੋ ਕਿ ਉਸ ਨੂੰ ਕਿਤੇ ਬੁਖ਼ਾਰ ਤਾਂ ਨਹੀਂ। ਜੇ ਉਸ ਦਾ ਮੱਥਾ ਤੱਪਦਾ ਹੋਵੇ, ਤਾਂ ਤੁਸੀਂ ਸ਼ਾਇਦ ਫ਼ਿਕਰ ਕਰਨ ਲੱਗ ਪਵੋ।

ਇਕ ਡਾਕਟਰੀ (The Johns Hopkins Children’s Center in Baltimore, Maryland, U.S.A.) ਅਧਿਐਨ ਮੁਤਾਬਕ 91 ਪ੍ਰਤਿਸ਼ਤ ਮਾਪੇ ਮੰਨਦੇ ਹਨ ਕਿ “ਹਲਕਾ ਜਿਹਾ ਤਾਪ ਚੜ੍ਹਨ ਨਾਲ ਵੀ ਦੌਰਾ ਜਾਂ ਕੋਈ ਦਿਮਾਗ਼ੀ ਨੁਕਸ ਪੈ ਸਕਦਾ ਹੈ।” ਇਸੇ ਅਧਿਐਨ ਤੋਂ ਪਤਾ ਲੱਗਾ ਕਿ “89 ਪ੍ਰਤਿਸ਼ਤ ਮਾਪੇ ਬੱਚੇ ਦਾ ਤਾਪਮਾਨ 102 ਡਿਗਰੀ ਫਾਰਨਹੀਟ (38.9 ਡਿਗਰੀ ਸੈਲਸੀਅਸ) ਤਕ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਤਾਪ ਘਟਾਉਣ ਵਾਲੀਆਂ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ।”

ਜਦ ਤੁਹਾਡੇ ਬੱਚੇ ਨੂੰ ਤਾਪ ਚੜ੍ਹਦਾ ਹੈ, ਤਾਂ ਕੀ ਤੁਹਾਨੂੰ ਫ਼ਿਕਰ ਕਰਨ ਦੀ ਲੋੜ ਹੈ? ਇਸ ਦੇ ਇਲਾਜ ਵਿਚ ਕੀ-ਕੀ ਕੀਤਾ ਜਾ ਸਕਦਾ ਹੈ?

ਬੁਖ਼ਾਰ ਕਿਉਂ ਚੜ੍ਹਦਾ ਹੈ?

ਆਮ ਤੌਰ ਤੇ ਸਰੀਰ ਦਾ ਮੂੰਹ ਰਾਹੀਂ ਲਿਆ ਗਿਆ ਤਾਪਮਾਨ 98.6 ਡਿਗਰੀ ਫਾਰਨਹੀਟ (37 ਡਿਗਰੀ ਸੈਲਸੀਅਸ) ਹੁੰਦਾ ਹੈ, ਪਰ ਇਹ ਦਿਨ ਵਿਚ ਇਕ-ਦੋ ਡਿਗਰੀ ਉੱਪਰ-ਥੱਲੇ ਹੁੰਦਾ ਰਹਿੰਦਾ ਹੈ। * ਸਵੇਰ ਵੇਲੇ ਤੁਹਾਡਾ ਤਾਪਮਾਨ ਘੱਟ ਹੋ ਸਕਦਾ ਹੈ ਅਤੇ ਦੁਪਹਿਰ ਨੂੰ ਕੁਝ ਜ਼ਿਆਦਾ। ਦਿਮਾਗ਼ ਦੇ ਹੇਠਲੇ ਹਿੱਸੇ ਵਿਚ ਸਥਿਤ ਹਾਇਪੋਥੈਲਮਸ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ, ਜਿਵੇਂ ਰੈਫ੍ਰਿਜਰੇਟਰ ਵਿਚ ਲੱਗਿਆ ਹੋਇਆ ਥਰਮੋਸਟੈਟ ਉਸ ਨੂੰ ਇਕ ਨਿਸ਼ਚਿਤ ਡਿਗਰੀ ਤੇ ਰੱਖਦਾ ਹੈ। ਤਾਪ ਉਸ ਸਮੇਂ ਚੜ੍ਹਦਾ ਹੈ ਜਦੋਂ ਕੋਈ ਬੈਕਟੀਰੀਆ ਜਾਂ ਵਾਇਰਸ ਸਰੀਰ ਵਿਚ ਦਾਖ਼ਲ ਹੁੰਦਾ ਹੈ ਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਖ਼ੂਨ ਵਿਚ ਤਾਪਮਾਨ ਵਧਾਉਣ ਵਾਲੇ ਪਦਾਰਥ (pyrogens) ਪੈਦਾ ਕਰਦੀ ਹੈ। ਫਿਰ ਇਹ ਪਦਾਰਥ ਹਾਇਪੋਥੈਲਮਸ ਨੂੰ ਸਰੀਰ ਦੇ ਤਾਪਮਾਨ ਨੂੰ ਕੁਝ ਡਿਗਰੀ ਵਧਾਉਣ ਲਈ ਉਕਸਾਉਂਦੇ ਹਨ।

ਬੁਖ਼ਾਰ ਚੜ੍ਹਨ ਨਾਲ ਬੇਚੈਨੀ ਤਾਂ ਹੁੰਦੀ ਹੈ ਤੇ ਸਰੀਰ ਵਿੱਚੋਂ ਪਾਣੀ ਜ਼ਰੂਰ ਖ਼ਤਮ ਹੁੰਦਾ ਹੈ, ਪਰ ਬੁਖ਼ਾਰ ਹਮੇਸ਼ਾ ਨੁਕਸਾਨਦੇਹ ਨਹੀਂ ਹੁੰਦਾ। ਦਰਅਸਲ ਇਕ ਡਾਕਟਰੀ ਸੰਸਥਾ (Mayo Foundation for Medical Education and Research) ਦੇ ਮੁਤਾਬਕ, ਬੁਖ਼ਾਰ ਚੜ੍ਹਨਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਰੀਰ ਬੈਕਟੀਰੀਆ ਤੇ ਵਾਇਰਸ ਤੋਂ ਹੋਣ ਵਾਲੀ ਇਨਫ਼ੈਕਸ਼ਨ ਨਾਲ ਲੜ ਰਿਹਾ ਹੈ। ਇਸ ਸੰਸਥਾ ਦਾ ਕਹਿਣਾ ਹੈ: “ਜ਼ੁਕਾਮ ਵਰਗੀਆਂ ਇਨਫ਼ੈਕਸ਼ਨਾਂ ਦੇ ਜ਼ਿੰਮੇਵਾਰ ਵਾਇਰਸ ਘੱਟ ਤਾਪਮਾਨ ਪਸੰਦ ਕਰਦੇ ਹਨ। ਇਸ ਲਈ ਜਦੋਂ ਤੁਹਾਨੂੰ ਹਲਕਾ ਜਿਹਾ ਬੁਖ਼ਾਰ ਚਾੜ੍ਹਦਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਅਸਲ ਵਿਚ ਵਾਇਰਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।” ਇਹ ਸੰਸਥਾ ਅੱਗੇ ਕਹਿੰਦੀ ਹੈ ਕਿ “ਹਲਕੇ ਤਾਪ ਨੂੰ ਘਟਾਉਣਾ ਜ਼ਰੂਰੀ ਨਹੀਂ ਹੈ ਤੇ ਇਸ ਤਰ੍ਹਾਂ ਕਰਨਾ ਬੱਚੇ ਨੂੰ ਠੀਕ ਹੋਣ ਤੋਂ ਰੋਕ ਸਕਦਾ ਹੈ।” ਦਿਲਚਸਪੀ ਦੀ ਗੱਲ ਹੈ ਕਿ ਮੈਕਸੀਕੋ ਵਿਚ ਇਕ ਹਸਪਤਾਲ ਸਰੀਰ ਦੇ ਤਾਪਮਾਨ ਨੂੰ ਚੜ੍ਹਾ ਕੇ ਕੁਝ ਰੋਗਾਂ ਦਾ ਇਲਾਜ ਕਰਦਾ ਹੈ।

ਇਕ ਡਾਕਟਰ ਕਹਿੰਦਾ ਹੈ: “ਬੁਖ਼ਾਰ ਵਿਰਲੇ ਹੀ ਨੁਕਸਾਨਦੇਹ ਹੁੰਦਾ ਹੈ। ਪਰ ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਕੋਈ ਇਨਫ਼ੈਕਸ਼ਨ ਮੌਜੂਦ ਹੈ। ਇਸ ਲਈ ਇਹ ਦੇਖਣ ਦੀ ਬਜਾਇ ਕਿ ਬੱਚੇ ਦਾ ਤਾਪਮਾਨ ਕਿੰਨੀ ਡਿਗਰੀ ਵਧਿਆ ਹੈ ਸਾਨੂੰ ਜਾਂਚ ਕਰਨ ਦੀ ਲੋੜ ਹੈ ਕਿ ਕਿਤੇ ਉਸ ਨੂੰ ਕੋਈ ਇਨਫ਼ੈਕਸ਼ਨ ਤਾਂ ਨਹੀਂ ਹੈ।” ਬਾਲ ਡਾਕਟਰੀ ਦਾ ਇਕ ਅਮਰੀਕੀ ਕਾਲਜ (The American Academy of Pediatrics) ਨੋਟ ਕਰਦਾ ਹੈ: “ਜੇ ਤੁਹਾਡੇ ਬੱਚੇ ਦਾ ਬੁਖ਼ਾਰ 101 ਡਿਗਰੀ ਫਾਰਨਹੀਟ (38.3 ਡਿਗਰੀ ਸੈਲਸੀਅਸ) ਤੋਂ ਘੱਟ ਹੈ, ਤਾਂ ਆਮ ਤੌਰ ਤੇ ਇਸ ਬਾਰੇ ਕੁਝ ਕਰਨ ਦੀ ਲੋੜ ਨਹੀਂ ਹੈ। ਪਰ ਜੇ ਬੱਚੇ ਨੂੰ ਬਹੁਤ ਤਕਲੀਫ਼ ਹੋ ਰਹੀ ਹੈ ਜਾਂ ਤੁਸੀਂ ਜਾਣਦੇ ਹੋ ਕਿ ਬੁਖ਼ਾਰ ਚੜ੍ਹਨ ਨਾਲ ਉਸ ਨੂੰ ਦੌਰੇ ਪੈ ਜਾਂਦੇ ਹਨ, ਤਾਂ ਤੁਹਾਨੂੰ ਤਾਪ ਘਟਾਉਣ ਲਈ ਕੁਝ ਕਰਨਾ ਚਾਹੀਦਾ ਹੈ। ਆਮ ਤੌਰ ਤੇ ਜ਼ਿਆਦਾ ਤਾਪ ਚੜ੍ਹਨਾ ਵੀ ਨੁਕਸਾਨਦੇਹ ਨਹੀਂ ਹੁੰਦਾ, ਸਿਵਾਇ ਉਦੋਂ ਜਦੋਂ ਤੁਹਾਡੇ ਬੱਚੇ ਨੂੰ ਦੌਰੇ ਪੈਂਦੇ ਹਨ ਜਾਂ ਉਸ ਨੂੰ ਹੋਰ ਕੋਈ ਲੰਬੇ ਸਮੇਂ ਦੀ ਬੀਮਾਰੀ ਹੈ। ਜ਼ਿਆਦਾ ਧਿਆਨ ਇਸ ਗੱਲ ਵੱਲ ਦਿੱਤਾ ਜਾਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਖਾ-ਪੀ ਰਿਹਾ ਹੈ ਕਿ ਨਹੀਂ। ਜੇ ਉਹ ਚੰਗੀ ਤਰ੍ਹਾਂ ਸੌਂਦਾ ਹੈ ਤੇ ਉੱਠ ਕੇ ਥੋੜ੍ਹਾ-ਬਹੁਤਾ ਖੇਡਦਾ ਵੀ ਹੈ, ਤਾਂ ਸ਼ਾਇਦ ਉਸ ਨੂੰ ਕਿਸੇ ਦਵਾ-ਦਾਰੂ ਦੀ ਜ਼ਰੂਰਤ ਨਹੀਂ ਹੈ।”

ਹਲਕੇ ਤਾਪ ਲਈ ਕੀ ਕੀਤਾ ਜਾਣਾ ਚਾਹੀਦਾ ਹੈ?

ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੇ ਬੱਚੇ ਦੀ ਮਦਦ ਕਰਨ ਲਈ ਕੁਝ ਨਹੀਂ ਕਰਨਾ ਚਾਹੀਦਾ। ਕੁਝ ਡਾਕਟਰ ਹਲਕੇ ਤਾਪ ਵਾਸਤੇ ਇਹ ਸੁਝਾਅ ਦਿੰਦੇ ਹਨ: ਬੱਚੇ ਦੇ ਕਮਰੇ ਨੂੰ ਠੰਢਾ ਰੱਖੋ। ਬੱਚੇ ਨੂੰ ਹਲਕੇ ਕੱਪੜੇ ਪਹਿਨਾਓ। (ਜ਼ਿਆਦਾ ਗਰਮ ਕੱਪੜੇ ਪਹਿਨਾਉਣ ਨਾਲ ਤਾਪ ਹੋਰ ਚੜ੍ਹ ਸਕਦਾ ਹੈ।) ਬੱਚੇ ਨੂੰ ਜ਼ਿਆਦਾ ਪਾਣੀ, ਫਲਾਂ ਦੇ ਰਸ ਵਿਚ ਪਾਣੀ ਮਿਲਾ ਕੇ ਅਤੇ ਸੂਪ ਵਰਗੀਆਂ ਚੀਜ਼ਾਂ ਪਿਲਾਓ ਕਿਉਂਕਿ ਬੁਖ਼ਾਰ ਚੜ੍ਹਨ ਨਾਲ ਸਰੀਰ ਵਿਚਲਾ ਪਾਣੀ ਮੁੱਕ ਸਕਦਾ ਹੈ। * (ਕੋਕਾਕੋਲਾ ਅਤੇ ਚਾਹ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਨਾ ਦਿਓ ਕਿਉਂਕਿ ਇਨ੍ਹਾਂ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ ਜਿਸ ਕਰਕੇ ਸਰੀਰ ਵਿਚ ਪਾਣੀ ਦੀ ਹੋਰ ਵੀ ਕਮੀ ਹੋ ਸਕਦੀ ਹੈ।) ਦੁੱਧ ਚੁੰਘਦੇ ਬੱਚਿਆਂ ਨੂੰ ਮਾਂ ਦਾ ਦੁੱਧ ਦਿੰਦੇ ਰਹਿਣਾ ਚਾਹੀਦਾ ਹੈ। ਜੋ ਚੀਜ਼ ਹਜ਼ਮ ਕਰਨੀ ਮੁਸ਼ਕਲ ਹੋਵੇ ਉਹ ਨਾ ਦਿਓ ਕਿਉਂਕਿ ਬੁਖ਼ਾਰ ਚੜ੍ਹਨ ਦੇ ਕਾਰਨ ਪੇਟ ਦੀ ਪਾਚਨ-ਸ਼ਕਤੀ ਘੱਟ ਜਾਂਦੀ ਹੈ।

ਜਦ ਬੱਚੇ ਨੂੰ 102 ਡਿਗਰੀ ਫਾਰਨਹੀਟ (38.9 ਡਿਗਰੀ ਸੈਲਸੀਅਸ) ਤੋਂ ਜ਼ਿਆਦਾ ਬੁਖ਼ਾਰ ਚੜ੍ਹ ਜਾਂਦਾ ਹੈ, ਤਾਂ ਉਸ ਨੂੰ ਅਕਸਰ ਪੈਰਾਸਿਟਾਮੋਲ ਵਰਗੀ ਦਵਾਈ ਦਿੱਤੀ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਲੇਬਲ ਤੇ ਦੱਸੀ ਗਈ ਮਾਤਰਾ ਨਾਲੋਂ ਜ਼ਿਆਦਾ ਦਵਾਈ ਨਾ ਦਿੱਤੀ ਜਾਵੇ। (ਦੋ ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ।) ਤਾਪ ਘਟਾਉਣ ਵਾਲੀਆਂ ਦਵਾਈਆਂ ਵਾਇਰਸਾਂ ਨੂੰ ਖ਼ਤਮ ਨਹੀਂ ਕਰਦੀਆਂ। ਤਾਂ ਫਿਰ, ਦਵਾਈ ਦੇਣ ਨਾਲ ਬੱਚੇ ਨੂੰ ਥੋੜ੍ਹਾ ਆਰਾਮ ਜ਼ਰੂਰ ਮਿਲ ਜਾਵੇਗਾ ਪਰ ਇਸ ਨਾਲ ਨਜ਼ਲਾ-ਜ਼ੁਕਾਮ ਜਾਂ ਇਹੋ ਜਿਹੀ ਕੋਈ ਹੋਰ ਬੀਮਾਰੀ ਠੀਕ ਨਹੀਂ ਹੋਵੇਗੀ। ਕੁਝ ਮਾਹਰ ਕਹਿੰਦੇ ਹਨ ਕਿ ਬੁਖ਼ਾਰ ਘਟਾਉਣ ਲਈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਸਪਰੀਨ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਨਾਲ ਰਾਇਸ ਸਿੰਡ੍ਰੋਮ ਨਾਂ ਦੀ ਜਾਨਲੇਵਾ ਬੀਮਾਰੀ ਲੱਗ ਸਕਦੀ ਹੈ। *

ਸਪੰਜ-ਇਸ਼ਨਾਨ ਕਰਾਉਣ ਨਾਲ ਵੀ ਤਾਪ ਘਟਾਇਆ ਜਾ ਸਕਦਾ ਹੈ। ਟੱਬ ਵਿਚ ਥੋੜ੍ਹਾ ਜਿਹਾ ਕੋਸਾ ਪਾਣੀ ਪਾ ਕੇ ਉਸ ਵਿਚ ਬੱਚੇ ਨੂੰ ਬਿਠਾਓ ਅਤੇ ਫਿਰ ਉਸ ਨੂੰ ਸਪੰਜ ਨਾਲ ਨਹਾਓ। (ਅਲਕੋਹਲ ਵਾਲਾ ਕੋਈ ਘੋਲ ਨਾ ਵਰਤੋ ਕਿਉਂਕਿ ਇਹ ਨੁਕਸਾਨਦੇਹ ਹੋ ਸਕਦਾ ਹੈ।)

ਇਸ ਲੇਖ ਵਿਚ ਦਿੱਤੀ ਗਈ ਡੱਬੀ ਵਿਚ ਕੁਝ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਡਾਕਟਰ ਨੂੰ ਕਦੋਂ ਬੁਲਾਉਣਾ ਚਾਹੀਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਡੈਂਗੂ ਬੁਖ਼ਾਰ, ਈਬੋਲਾ ਵਾਇਰਸ, ਟਾਈਫਾਈਡ ਜਾਂ ਪੀਲਾ ਤਾਪ ਵਰਗੀਆਂ ਨਾਮੁਰਾਦ ਬੀਮਾਰੀਆਂ ਆਮ ਹਨ, ਉੱਥੇ ਡਾਕਟਰ ਦੀ ਸਲਾਹ ਲਈ ਜਾਣੀ ਚਾਹੀਦੀ ਹੈ।

ਆਮ ਤੌਰ ਤੇ, ਬੱਚੇ ਨੂੰ ਆਰਾਮ ਨਾਲ ਸੌਣ ਦੇਣਾ ਹੀ ਸਭ ਤੋਂ ਵਧੀਆ ਗੱਲ ਹੁੰਦੀ ਹੈ। ਯਾਦ ਰੱਖੋ ਕਿ ਵਿਰਲੇ ਹੀ ਤਾਪ ਇੰਨਾ ਚੜ੍ਹਦਾ ਹੈ ਕਿ ਦਿਮਾਗ਼ ਵਿਚ ਨੁਕਸ ਪੈ ਜਾਵੇ ਜਾਂ ਮੌਤ ਹੋ ਜਾਵੇ। ਭਾਵੇਂ ਬੁਖ਼ਾਰ ਦੇ ਕਾਰਨ ਪੈਣ ਵਾਲੇ ਦੌਰੇ ਦੇਖਣ ਨੂੰ ਬਹੁਤ ਖ਼ਤਰਨਾਕ ਲੱਗਦੇ ਹਨ, ਪਰ ਆਮ ਤੌਰ ਤੇ ਇਹ ਕੋਈ ਖ਼ਾਸ ਨੁਕਸਾਨ ਨਹੀਂ ਕਰਦੇ।

ਵੈਸੇ ਇਲਾਜ ਨਾਲੋਂ ਬਚਾਅ ਕਰਨਾ ਵਧੀਆ ਹੈ। ਆਪਣੇ ਬੱਚੇ ਨੂੰ ਇਨਫ਼ੈਕਸ਼ਨ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਨੂੰ ਸਾਫ਼-ਸੁਥਰਾ ਰਹਿਣਾ ਸਿਖਾਓ। ਉਸ ਨੂੰ ਸਿਖਾਓ ਕਿ ਖ਼ਾਸਕਰ ਰੋਟੀ ਖਾਣ ਤੋਂ ਪਹਿਲਾਂ, ਟੱਟੀ ਜਾਣ ਤੋਂ ਬਾਅਦ, ਭੀੜ-ਭੜੱਕੀ ਥਾਂ ਤੇ ਸਮਾਂ ਗੁਜ਼ਾਰਨ ਤੋਂ ਬਾਅਦ ਅਤੇ ਕਿਸੇ ਜਾਨਵਰ ਨੂੰ ਹੱਥ ਲਾਉਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਤੇ ਜਾਣੇ ਚਾਹੀਦੇ ਹਨ। ਪਰ ਜੇਕਰ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡੇ ਬੱਚੇ ਨੂੰ ਥੋੜ੍ਹਾ ਤਾਪ ਚੜ੍ਹ ਵੀ ਜਾਂਦਾ ਹੈ, ਤਾਂ ਘਬਰਾਓ ਨਾ। ਜਿਵੇਂ ਅਸੀਂ ਦੇਖਿਆ ਹੈ, ਤੁਸੀਂ ਆਪਣੇ ਬੱਚੇ ਦੀ ਠੀਕ ਹੋਣ ਵਿਚ ਕਾਫ਼ੀ ਮਦਦ ਕਰ ਸਕਦੇ ਹੋ। (g03 12/08)

[ਫੁਟਨੋਟ]

^ ਪੈਰਾ 6 ਤਾਪਮਾਨ ਬਦਲ ਜਾਣ ਦੇ ਦੋ ਕਾਰਨ ਹੋ ਸਕਦੇ ਹਨ: ਤਾਪਮਾਨ ਕਿੱਥੋਂ ਲਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਦਾ ਥਰਮਾਮੀਟਰ ਵਰਤਿਆ ਜਾ ਰਿਹਾ ਹੈ।

^ ਪੈਰਾ 10 ਅਪ੍ਰੈਲ 8, 1995 ਦੇ ਅਵੇਕ! ਰਸਾਲੇ ਦਾ 11ਵਾਂ ਸਫ਼ਾ ਦੇਖੋ। ਇਸ ਵਿਚ ਖੰਡ ਤੇ ਲੂਣ ਦੇ ਘੋਲ ਨਾਲ ਸਰੀਰ ਵਿਚ ਪਾਣੀ ਦੀ ਘਾਟ ਪੂਰੀ ਕਰਨ ਦਾ ਉਪਾਅ ਦੱਸਿਆ ਗਿਆ ਹੈ ਜੋ ਟੱਟੀਆਂ ਲੱਗਣ ਜਾਂ ਉਲਟੀਆਂ ਆਉਣ ਦੇ ਕਾਰਨ ਹੋ ਸਕਦੀ ਹੈ।

^ ਪੈਰਾ 11 ਰਾਇਸ ਸਿੰਡ੍ਰੋਮ ਇਕ ਬਹੁਤ ਹੀ ਖ਼ਤਰਨਾਕ ਬੀਮਾਰੀ ਹੈ ਜੋ ਕਿਸੇ ਵਾਇਰਲ ਇਨਫ਼ੈਕਸ਼ਨ ਤੋਂ ਬਾਅਦ ਬੱਚੇ ਨੂੰ ਲੱਗ ਸਕਦੀ ਹੈ।

[ਸਫ਼ੇ 31 ਉੱਤੇ ਡੱਬੀ]

ਡਾਕਟਰ ਕਦੋਂ ਬੁਲਾਈਏ

▪ ਜੇ ਬੱਚਾ ਤਿੰਨ ਮਹੀਨੇ ਦਾ ਜਾਂ ਇਸ ਤੋਂ ਛੋਟਾ ਹੋਵੇ ਅਤੇ ਉਸ ਦਾ ਗੁਦਾ-ਤਾਪਮਾਨ 100.4 ਡਿਗਰੀ ਫਾਰਨਹੀਟ (38 ਡਿਗਰੀ ਸੈਲਸੀਅਸ) ਜਾਂ ਇਸ ਤੋਂ ਜ਼ਿਆਦਾ ਹੋਵੇ

▪ ਜੇ ਬੱਚਾ ਤਿੰਨ ਤੋਂ ਛੇ ਮਹੀਨਿਆਂ ਦਾ ਹੋਵੇ ਅਤੇ ਉਸ ਦਾ ਤਾਪਮਾਨ 101 ਡਿਗਰੀ ਫਾਰਨਹੀਟ (38.3 ਡਿਗਰੀ ਸੈਲਸੀਅਸ) ਜਾਂ ਇਸ ਤੋਂ ਜ਼ਿਆਦਾ ਹੋਵੇ

▪ ਜੇ ਬੱਚਾ ਛੇ ਮਹੀਨਿਆਂ ਤੋਂ ਵੱਡਾ ਹੋਵੇ ਅਤੇ ਉਸ ਦਾ ਤਾਪਮਾਨ 104 ਡਿਗਰੀ ਫਾਰਨਹੀਟ (40 ਡਿਗਰੀ ਸੈਲਸੀਅਸ) ਜਾਂ ਇਸ ਤੋਂ ਜ਼ਿਆਦਾ ਹੋਵੇ

▪ ਜੇ ਬੱਚਾ ਕੁਝ ਵੀ ਪੀਣ ਤੋਂ ਇਨਕਾਰ ਕਰਦਾ ਹੈ ਤੇ ਤੁਸੀਂ ਉਸ ਵਿਚ ਪਾਣੀ ਦੀ ਕਮੀ ਦੇ ਨਿਸ਼ਾਨ ਦੇਖਦੇ ਹੋ

▪ ਜੇ ਬੱਚੇ ਨੂੰ ਦੌਰਾ ਪੈਂਦਾ ਹੈ ਜਾਂ ਉਹ ਬਹੁਤ ਹੀ ਢਿੱਲਾ ਪੈ ਜਾਂਦਾ ਹੈ

▪ ਜੇ 72 ਘੰਟੇ ਬੀਤਣ ਤੋਂ ਬਾਅਦ ਵੀ ਬੱਚੇ ਦਾ ਬੁਖ਼ਾਰ ਨਹੀਂ ਉਤਰਦਾ

▪ ਜੇ ਬੱਚਾ ਰੋਈ ਜਾ ਰਿਹਾ ਹੈ ਜਾਂ ਬੇਹੋਸ਼ੀ ਦੀ ਹਾਲਤ ਵਿਚ ਬੁੜਬੁੜਾਉਂਦਾ ਹੈ

▪ ਜੇ ਬੱਚੇ ਦੇ ਸਰੀਰ ਤੇ ਧੱਫੜ ਪੈ ਜਾਂਦੇ ਹਨ, ਉਸ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ, ਉਸ ਨੂੰ ਟੱਟੀਆਂ ਲੱਗ ਜਾਂਦੀਆਂ ਹਨ ਜਾਂ ਵਾਰ-ਵਾਰ ਉਲਟੀਆਂ ਆਉਂਦੀਆਂ ਹਨ

▪ ਜੇ ਬੱਚੇ ਦੀ ਗਰਦਨ ਆਕੜ ਜਾਂਦੀ ਹੈ ਜਾਂ ਉਸ ਨੂੰ ਅਚਾਨਕ ਤੇਜ਼ ਸਿਰਦਰਦ ਹੁੰਦਾ ਹੈ

[ਕ੍ਰੈਡਿਟ ਲਾਈਨ]

ਜਾਣਕਾਰੀ ਬਾਲ ਡਾਕਟਰੀ ਦੇ ਇਕ ਅਮਰੀਕੀ ਕਾਲਜ ਤੋਂ ਲਈ ਗਈ ਹੈ

(The American Academy of Pediatrics)