Skip to content

Skip to table of contents

ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?

ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?

ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?

ਸਦੀਆਂ ਤੋਂ ਬੀਮਾਰੀਆਂ ਦੇ ਇਲਾਜ ਲਈ ਜੜੀ-ਬੂਟੀਆਂ ਵਰਤੀਆਂ ਜਾ ਰਹੀਆਂ ਹਨ। ਏਬਰਸ ਪਪਾਇਰਸ ਨਾਂ ਦੇ ਡਾਕਟਰੀ ਮੂਲ-ਪਾਠ (ਜੋ ਮਿਸਰ ਵਿਚ ਲਗਭਗ 1550 ਸਾ.ਯੁ.ਪੂ. ਵਿਚ ਲਿਖਿਆ ਗਿਆ ਸੀ) ਵਿਚ ਵਿਭਿੰਨ ਦੁੱਖਾਂ ਲਈ ਸੈਂਕੜੇ ਘਰੇਲੂ ਇਲਾਜ ਦੱਸੇ ਗਏ ਹਨ। ਪਰ ਆਮ ਤੌਰ ਤੇ ਜੜੀ-ਬੂਟੀਆਂ ਦੇ ਇਲਾਜਾਂ ਬਾਰੇ ਮੂੰਹ-ਜ਼ਬਾਨੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਦੱਸਿਆ ਜਾਂਦਾ ਸੀ।

ਲੱਗਦਾ ਹੈ ਕਿ ਪੱਛਮ ਵਿਚ ਜੜੀ-ਬੂਟੀ ਦੁਆਰਾ ਇਲਾਜ ਪਹਿਲੀ ਸਦੀ ਦੇ ਯੂਨਾਨੀ ਡਾਕਟਰ ਡੀਓਸਕੋਰਡੀਜ਼ ਨੇ ਸ਼ੁਰੂ ਕੀਤਾ ਸੀ। ਇਸ ਡਾਕਟਰ ਨੇ ਦਵਾਈਆਂ ਸੰਬੰਧੀ ਇਕ ਪੁਸਤਕ ਵੀ ਤਿਆਰ ਕੀਤੀ ਸੀ ਜੋ ਅਗਲੇ 1,600 ਸਾਲਾਂ ਤਕ ਡਾਕਟਰੀ ਇਲਾਜ ਕਰਨ ਵਿਚ ਇਸਤੇਮਾਲ ਹੁੰਦੀ ਰਹੀ। ਦੁਨੀਆਂ ਦੇ ਕਈਆਂ ਹਿੱਸਿਆਂ ਵਿਚ ਹਾਲੇ ਵੀ ਜੜੀ-ਬੂਟੀਆਂ ਨਾਲ ਇਲਾਜ ਕੀਤਾ ਜਾਂਦਾ ਹੈ। ਜਰਮਨੀ ਵਿਚ ਜਦੋਂ ਲੋਕ ਸਰਕਾਰੀ ਸੰਸਥਾਵਾਂ ਤੋਂ ਦੇਸੀ ਦਵਾਈਆਂ ਖ਼ਰੀਦਦੇ ਹਨ, ਤਾਂ ਕਦੀ-ਕਦੀ ਸਰਕਾਰ ਉਨ੍ਹਾਂ ਦਾ ਖ਼ਰਚਾ ਵੀ ਵਾਪਸ ਕਰਦੀ ਹੈ।

ਭਾਵੇਂ ਕਿ ਮੰਨਿਆ ਜਾਂਦਾ ਹੈ ਕਿ ਆਮ ਦਵਾਈਆਂ ਦੀ ਬਜਾਇ ਜੜੀ-ਬੂਟੀਆਂ ਨਾਲ ਇਲਾਜ ਕਰਨਾ ਸਿਹਤ ਲਈ ਜ਼ਿਆਦਾ ਚੰਗਾ ਹੈ, ਪਰ ਇਹ ਖ਼ਤਰੇ ਤੋਂ ਬਿਨਾਂ ਨਹੀਂ ਹਨ। ਇਸ ਲਈ ਸਵਾਲ ਇਹ ਉੱਠਦੇ ਹਨ: ਜੋ ਵਿਅਕਤੀ ਜੜੀ-ਬੂਟੀਆਂ ਨਾਲ ਇਲਾਜ ਕਰਨ ਬਾਰੇ ਸੋਚ ਰਿਹਾ ਹੈ, ਉਸ ਨੂੰ ਕਿਨ੍ਹਾਂ ਸਾਵਧਾਨੀਆਂ ਅਤੇ ਸਲਾਹਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ? ਅਤੇ ਕੀ ਅਜਿਹੇ ਹਾਲਾਤ ਹਨ ਜਿਨ੍ਹਾਂ ਵਿਚ ਇਕ ਕਿਸਮ ਦਾ ਇਲਾਜ ਹੋਰ ਕਿਸੇ ਇਲਾਜ ਨਾਲੋਂ ਜ਼ਿਆਦਾ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ? *

ਜੜੀ-ਬੂਟੀਆਂ ਦਾ ਫ਼ਾਇਦਾ

ਮੰਨਿਆ ਜਾਂਦਾ ਹੈ ਕਿ ਜੜੀ-ਬੂਟੀਆਂ ਵਿਚ ਬਹੁਤ ਸਾਰੇ ਆਯੁਰਵੈਦਿਕ ਗੁਣ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸਰੀਰ ਦੀ ਇਨਫ਼ੈਕਸ਼ਨ ਨਾਲ ਲੜਨ ਵਿਚ ਮਦਦ ਕਰਦੇ ਹਨ। ਨਾਲੇ ਇਨ੍ਹਾਂ ਵਿਚ ਹਾਜ਼ਮੇ ਨੂੰ ਠੀਕ ਕਰਨ, ਮਨ ਨੂੰ ਸ਼ਾਂਤ ਕਰਨ, ਕਬਜ਼ ਖੋਲ੍ਹਣ ਜਾਂ ਗਲੈਂਡਾਂ ਦੀ ਸਹੀ ਤਰ੍ਹਾਂ ਕੰਮ ਕਰਨ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਵਾਲੇ ਵਿਸ਼ੇਸ਼ ਤੱਤ ਹੁੰਦੇ ਹਨ।

ਕੁਝ ਜੜੀ-ਬੂਟੀਆਂ ਨਾਲ ਇਲਾਜ ਵੀ ਹੁੰਦਾ ਹੈ ਅਤੇ ਉਨ੍ਹਾਂ ਤੋਂ ਤਾਕਤ ਵੀ ਮਿਲਦੀ ਹੈ। ਮਿਸਾਲ ਲਈ, ਪਾਰਸਲੇ ਵਰਗੇ ਕੁਝ ਪੌਦਿਆਂ ਵਿਚ, ਜੋ ਪਿਸ਼ਾਬ-ਵਧਾਊ ਦਵਾਈ ਵਜੋਂ ਵਰਤੇ ਜਾਂਦੇ ਹਨ, ਪੋਟਾਸ਼ੀਅਮ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ। ਪਿਸ਼ਾਬ ਰਾਹੀਂ ਇਹ ਤੱਤ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਪਰ ਇਨ੍ਹਾਂ ਪੌਦਿਆਂ ਤੋਂ ਮਿਲਿਆ ਪੋਟਾਸ਼ੀਅਮ ਇਸ ਘਾਟ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਵਲੀਰੀਅਨ ਦਾ ਬੂਟਾ, ਜੋ ਸ਼ਾਂਤ ਕਰਨ ਵਾਲੀ ਦਵਾਈ ਵਜੋਂ ਵਰਤਿਆ ਜਾਂਦਾ ਹੈ, ਵਿਚ ਕੈਲਸ਼ੀਅਮ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ। ਕੈਲਸ਼ੀਅਮ ਕਰਕੇ ਸ਼ਾਇਦ ਦਵਾਈ ਦਾ ਨਾੜੀ ਤੰਤਰ (nervous system) ਉੱਤੇ ਜ਼ਿਆਦਾ ਅਸਰ ਹੋਵੇ।

ਜੜੀ-ਬੂਟੀਆਂ ਕਿਵੇਂ ਲਈਆਂ ਜਾ ਸਕਦੀਆਂ ਹਨ

ਜੜੀ-ਬੂਟੀਆਂ ਕਈ ਤਰੀਕਿਆਂ ਨਾਲ ਲਈਆਂ ਜਾ ਸਕਦੀਆਂ ਹਨ, ਜਿਵੇਂ ਕਿ ਚਾਹ, ਕਾੜ੍ਹੇ, ਘੋਲ ਅਤੇ ਲੇਪ ਦੇ ਰੂਪ ਵਿਚ। ਜੜੀ-ਬੂਟੀ ਉੱਤੇ ਉਬਲਦਾ ਪਾਣੀ ਪਾ ਕੇ ਚਾਹ ਬਣਾਈ ਜਾਂਦੀ ਹੈ। ਪਰ ਮਾਹਰ ਸਲਾਹ ਦਿੰਦੇ ਹਨ ਕਿ ਚਾਹ ਦੇ ਤੌਰ ਤੇ ਵਰਤੀਆਂ ਜਾਂਦੀਆਂ ਜੜੀ-ਬੂਟੀਆਂ ਨੂੰ ਪਾਣੀ ਵਿਚ ਪਾ ਕੇ ਨਹੀਂ ਉਬਾਲਿਆ ਜਾਣਾ ਚਾਹੀਦਾ। ਕਾੜ੍ਹਾ ਬਣਾਉਣ ਲਈ ਜੜ੍ਹਾਂ ਅਤੇ ਸੱਕ ਨੂੰ ਪਾਣੀ ਵਿਚ ਉਬਾਲਿਆ ਜਾਂਦਾ ਹੈ ਤਾਂਕਿ ਉਨ੍ਹਾਂ ਦੇ ਅਸਰ ਨੂੰ ਕੱਢਿਆ ਜਾ ਸਕੇ।

ਘੋਲਾਂ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਇਕ ਕਿਤਾਬ ਕਹਿੰਦੀ ਹੈ ਕਿ ਇਹ “ਸ਼ਰਾਬ, ਬ੍ਰਾਂਡੀ ਜਾਂ ਵੋਡਕਾ ਦੇ ਸ਼ੁੱਧ ਜਾਂ ਪਤਲੇ ਤਰਲ ਪਦਾਰਥਾਂ ਦੀ ਮਦਦ ਨਾਲ ਬਣਾਏ ਜੜੀ-ਬੂਟੀਆਂ ਦੇ ਅਰਕ ਹਨ।” ਲੇਪ ਵੱਖੋ-ਵੱਖਰੇ ਤਰੀਕਿਆਂ ਨਾਲ ਤਿਆਰ ਕੀਤੇ ਜਾਂਦੇ ਹਨ। ਆਮ ਤੌਰ ਤੇ ਇਨ੍ਹਾਂ ਨੂੰ ਰੋਗ-ਗ੍ਰਸਤ ਜਾਂ ਦਰਦ ਕਰਦੇ ਅੰਗਾਂ ਤੇ ਮਲਿਆ ਜਾਂਦਾ ਹੈ।

ਬਹੁਤ ਸਾਰੇ ਵਿਟਾਮਿਨਾਂ ਅਤੇ ਦਵਾਈਆਂ ਤੋਂ ਭਿੰਨ ਜ਼ਿਆਦਾਤਰ ਜੜੀ-ਬੂਟੀਆਂ ਨੂੰ ਖ਼ੁਰਾਕ ਸਮਝਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਅਕਸਰ ਖਾਲੀ ਪੇਟ ਲਿਆ ਜਾਂਦਾ ਹੈ। ਇਨ੍ਹਾਂ ਨੂੰ ਕੈਪਸੂਲ ਦੇ ਰੂਪ ਵਿਚ ਵੀ ਲਿਆ ਜਾ ਸਕਦਾ ਹੈ ਜੋ ਅੰਦਰ ਲੰਘਾਉਣ ਵਿਚ ਸੁਖਾਲਾ ਅਤੇ ਜ਼ਿਆਦਾ ਸੁਆਦੀ ਹੁੰਦਾ ਹੈ। ਜੇ ਤੁਸੀਂ ਜੜੀ-ਬੂਟੀਆਂ ਦੇ ਇਲਾਜ ਦੀ ਚੋਣ ਕੀਤੀ ਹੈ, ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਕਿਸੇ ਮਾਹਰ ਦੀ ਸਲਾਹ ਲੈ ਕੇ ਆਪਣਾ ਇਲਾਜ ਕਰੋ।

ਆਮ ਤੌਰ ਤੇ ਜੜੀ-ਬੂਟੀਆਂ ਨਾਲ ਇਲਾਜ ਕਰਨ ਦੀ ਸਲਾਹ ਸਾਧਾਰਣ ਜ਼ੁਕਾਮ, ਬਦਹਜ਼ਮੀ, ਕਬਜ਼, ਉਣੀਂਦਰਾ-ਰੋਗ ਅਤੇ ਕਚਿਆਣ ਵਰਗੀਆਂ ਬੀਮਾਰੀਆਂ ਲਈ ਦਿੱਤੀ ਜਾਂਦੀ ਹੈ। ਪਰ ਦੇਸੀ ਦਵਾਈਆਂ ਕਦੇ-ਕਦੇ ਜ਼ਿਆਦਾ ਗੰਭੀਰ ਰੋਗਾਂ ਲਈ ਵੀ ਵਰਤੀਆਂ ਜਾਂਦੀਆਂ ਹਨ। ਜੜੀ-ਬੂਟੀਆਂ ਨਾਲ ਸਿਰਫ਼ ਇਲਾਜ ਹੀ ਨਹੀਂ ਕੀਤਾ ਜਾਂਦਾ, ਸਗੋਂ ਇਨ੍ਹਾਂ ਨਾਲ ਬੀਮਾਰੀਆਂ ਨੂੰ ਰੋਕਿਆ ਵੀ ਜਾਂਦਾ ਹੈ। ਮਿਸਾਲ ਲਈ, ਜਰਮਨੀ ਅਤੇ ਆਸਟ੍ਰੀਆ ਵਿਚ ਸਾ ਪਾਲਮੀਟੋ ਨਾਂ ਦੀ ਬੂਟੀ ਪ੍ਰਾਸਟੇਟ ਗਲੈਂਡ ਦੇ ਸੋਜੇ ਲਈ ਵਰਤੀ ਜਾਂਦੀ ਹੈ। ਕੁਝ ਦੇਸ਼ਾਂ ਵਿਚ ਇਹ ਬੀਮਾਰੀ 50-60 ਪ੍ਰਤਿਸ਼ਤ ਮਰਦਾਂ ਨੂੰ ਪ੍ਰਭਾਵਿਤ ਕਰਦੀ ਹੈ। ਪਰ ਇਹ ਮਹੱਤਵਪੂਰਣ ਹੈ ਕਿ ਸੋਜੇ ਦੇ ਅਸਲੀ ਕਾਰਨ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇ, ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਰੋਗ ਕਿੰਨਾ ਕੁ ਵੱਧ ਚੁੱਕਾ ਹੈ ਅਤੇ ਕਿ ਜ਼ਿਆਦਾ ਤੇਜ਼ ਜਾਂ ਅਸਰਦਾਰ ਦਵਾਈ ਦੀ ਜ਼ਰੂਰਤ ਹੈ ਕਿ ਨਹੀਂ, ਜਿਵੇਂ ਕਿ ਕੈਂਸਰ ਆਦਿ ਦੇ ਮਾਮਲੇ ਵਿਚ।

ਕੁਝ ਸਾਵਧਾਨੀਆਂ

ਭਾਵੇਂ ਕਿ ਕਿਸੇ ਜੜੀ-ਬੂਟੀ ਨੂੰ ਸਿਹਤ ਲਈ ਚੰਗਾ ਸਮਝਿਆ ਜਾਂਦਾ ਹੈ, ਫਿਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਲੇਬਲ ਤੇ “ਦੇਸੀ” ਲਿਖਿਆ ਗਿਆ ਹੈ ਇਸ ਲਈ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਇਸ ਬਾਰੇ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ: ‘ਕੌੜਾ ਸੱਚ ਤਾਂ ਇਹ ਹੈ ਕਿ ਕੁਝ ਜੜੀ-ਬੂਟੀਆਂ ਅਤਿਅੰਤ ਖ਼ਤਰਨਾਕ ਹਨ। ਅਫ਼ਸੋਸ ਹੈ ਕਿ ਕੁਝ ਲੋਕ ਜੜੀ-ਬੂਟੀਆਂ ਦੇ ਖ਼ਤਰਿਆਂ ਅਤੇ ਫ਼ਾਇਦਿਆਂ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਨਹੀਂ ਕਰਦੇ।’ ਜੜੀ-ਬੂਟੀਆਂ ਵਿਚ ਰਸਾਇਣੀ ਤੱਤਾਂ ਕਾਰਨ ਦਿਲ ਦੀ ਧੜਕਣ, ਬਲੱਡ-ਪ੍ਰੈਸ਼ਰ ਅਤੇ ਗਲੂਕੋਜ਼ ਦੀ ਦਰ ਘੱਟ ਜਾਂ ਵਧ ਸਕਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ, ਹਾਈ ਬਲੱਡ-ਪ੍ਰੈਸ਼ਰ ਜਾਂ ਸ਼ੂਗਰ ਦੀ ਬੀਮਾਰੀ ਹੋਵੇ, ਉਨ੍ਹਾਂ ਨੂੰ ਖ਼ਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ।

ਪਰ ਆਮ ਤੌਰ ਤੇ ਜੜੀ-ਬੂਟੀਆਂ ਦੇ ਬੁਰੇ ਅਸਰ ਅਲਰਜੀ ਦੇ ਲੱਛਣਾਂ ਵਰਗੇ ਹੁੰਦੇ ਹਨ। ਮਿਸਾਲ ਲਈ, ਸਿਰਦਰਦ, ਚੱਕਰ ਆਉਣੇ, ਕਚਿਆਣ ਜਾਂ ਧੱਫੜ। ਇਹ ਵੀ ਮੰਨਿਆ ਜਾਂਦਾ ਹੈ ਕਿ ਜੜੀ-ਬੂਟੀਆਂ ਕਾਰਨ ਬੀਮਾਰੀ ਦੇ ਲੱਛਣ ਹੋਰ ਜ਼ਿਆਦਾ ਗੰਭੀਰ ਹੋ ਸਕਦੇ ਹਨ। ਦੇਸੀ ਦਵਾਈ ਖਾਣ ਨਾਲ ਵਿਅਕਤੀ ਠੀਕ ਹੋਣ ਦੀ ਬਜਾਇ ਪਹਿਲਾਂ-ਪਹਿਲਾਂ ਸ਼ਾਇਦ ਜ਼ਿਆਦਾ ਬੀਮਾਰ ਨਜ਼ਰ ਆਵੇ। ਇਹ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਦੇਸੀ ਦਵਾਈ ਅਸਰ ਕਰਨ ਲੱਗਦੀ ਹੈ, ਤਾਂ ਸ਼ੁਰੂ-ਸ਼ੁਰੂ ਵਿਚ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਨਿਕਲਦੇ ਹਨ।

ਕਦੇ-ਕਦੇ ਜੜੀ-ਬੂਟੀਆਂ ਦੇ ਇਲਾਜ ਕਾਰਨ ਲੋਕ ਮਰ ਵੀ ਜਾਂਦੇ ਹਨ। ਇਸ ਲਈ ਦਵਾਈਆਂ ਲੈਣ ਤੋਂ ਪਹਿਲਾਂ ਸਮਝਦਾਰੀ ਵਰਤਣ ਅਤੇ ਸਹੀ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ। ਮਿਸਾਲ ਲਈ, ਇਫੇਡ੍ਰਾ ਨਾਂ ਦੀ ਬੂਟੀ, ਜੋ ਆਮ ਤੌਰ ਤੇ ਭਾਰ ਘਟਾਉਣ ਲਈ ਵਰਤੀ ਜਾਂਦੀ ਹੈ, ਬਲੱਡ-ਪ੍ਰੈਸ਼ਰ ਵੀ ਵਧਾ ਸਕਦੀ ਹੈ। ਅਮਰੀਕਾ ਵਿਚ 100 ਤੋਂ ਜ਼ਿਆਦਾ ਮੌਤਾਂ ਦਾ ਸੰਬੰਧ ਇਸ ਬੂਟੀ ਤੋਂ ਬਣੀਆਂ ਦਵਾਈਆਂ ਨਾਲ ਜੋੜਿਆ ਗਿਆ ਹੈ। ਪਰ ਸਾਨ ਫ਼ਰਾਂਸਿਸਕੋ ਦੇ ਰੋਗ-ਵਿਗਿਆਨੀ ਸਟੀਵਨ ਕਾਰਚ ਕਹਿੰਦਾ ਹੈ: “ਜਿਨ੍ਹਾਂ ਮਰੀਜ਼ਾਂ ਬਾਰੇ ਮੈਂ ਜਾਣਦਾ ਹਾਂ ਜੋ [ਇਫੇਡ੍ਰਾ ਖਾ ਕੇ] ਮਰੇ ਹਨ, ਉਨ੍ਹਾਂ ਨੂੰ ਜਾਂ ਤਾਂ ਦਿਲ ਦੀਆਂ ਨਾੜੀਆਂ ਦਾ ਰੋਗ ਸੀ ਜਾਂ ਉਨ੍ਹਾਂ ਨੇ ਦਵਾਈ ਦੀ ਜ਼ਿਆਦਾ ਮਾਤਰਾ ਖਾਧੀ ਸੀ।”

ਜੜੀ-ਬੂਟੀਆਂ ਦੇ ਦੇਸੀ ਇਲਾਜ ਬਾਰੇ ਇਕ ਕਿਤਾਬ ਦਾ ਲੇਖਕ ਡਾ. ਲੋਗਨ ਚੇਮਬਰਲਿਨ ਕਹਿੰਦਾ ਹੈ: “ਹਾਲ ਹੀ ਦੇ ਸਾਲਾਂ ਦੌਰਾਨ ਜੋ ਵੀ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਵਿੱਚੋਂ ਤਕਰੀਬਨ ਸਾਰੇ ਕੇਸ ਉਨ੍ਹਾਂ ਲੋਕਾਂ ਦੇ ਹਨ ਜਿਨ੍ਹਾਂ ਨੇ ਡਾਕਟਰੀ ਸਲਾਹ ਨਹੀਂ ਮੰਨੀ। . . . ਦਵਾਈਆਂ ਉੱਤੇ ਲੱਗੇ ਲੇਬਲ ਤੇ ਸਹੀ ਮਾਤਰਾ ਜਾਂ ਇਸ ਤੋਂ ਘੱਟ ਦੱਸੀ ਜਾਂਦੀ ਹੈ। ਮਰੀਜ਼ ਨੂੰ ਜੜੀ-ਬੂਟੀਆਂ ਦੇ ਕਿਸੇ ਮਾਹਰ ਦੀ ਸਲਾਹ ਲੈਣ ਤੋਂ ਬਿਨਾਂ ਕਿਸੇ ਦਵਾਈ ਦੀ ਮਾਤਰਾ ਬਾਰੇ ਆਪ ਅੰਦਾਜ਼ਾ ਲਾ ਕੇ ਦਵਾਈ ਨਹੀਂ ਲੈਣੀ ਚਾਹੀਦੀ।”

ਮਾਹਰ ਲਿੰਡਾ ਪੇਜ ਇਹ ਸਲਾਹ ਦਿੰਦੀ ਹੈ: “ਗੰਭੀਰ ਬੀਮਾਰੀਆਂ ਲਈ ਵੀ ਦਵਾਈਆਂ ਦੀ ਸਹੀ ਮਾਤਰਾ ਲੈਣੀ ਚਾਹੀਦੀ ਹੈ। ਇਹ ਨਾ ਸੋਚੋ ਕਿ ਵੱਡੀ ਮਾਤਰਾ ਵਿਚ ਦਵਾਈ ਲੈਣ ਨਾਲ ਬੀਮਾਰੀ ਜਲਦੀ ਠੀਕ ਹੋ ਜਾਵੇਗੀ। ਇਸ ਦੀ ਬਜਾਇ ਜੇ ਲੰਬੇ ਸਮੇਂ ਤਕ ਥੋੜ੍ਹੀ-ਥੋੜ੍ਹੀ ਦਵਾਈ ਖਾਧੀ ਜਾਵੇ, ਤਾਂ ਇਸ ਦਾ ਜ਼ਿਆਦਾ ਫ਼ਾਇਦਾ ਹੋਵੇਗਾ। ਸਿਹਤ ਠੀਕ ਹੋਣ ਵਿਚ ਸਮਾਂ ਲੱਗਦਾ ਹੈ।”

ਜੜੀ-ਬੂਟੀਆਂ ਬਾਰੇ ਇਕ ਕਿਤਾਬ ਵਿਚ ਸਮਝਾਇਆ ਗਿਆ ਹੈ ਕਿ ਕੁਝ ਬੂਟੀਆਂ ਵਿਚ ਅਜਿਹਾ ਤੱਤ ਹੈ ਜੋ ਜ਼ਿਆਦਾ ਮਾਤਰਾ ਵਿਚ ਲਈ ਦਵਾਈ ਦੇ ਨੁਕਸਾਨ ਤੋਂ ਬਚਾਉਂਦਾ ਹੈ। ਮਿਸਾਲ ਲਈ, ਇਕ ਦਵਾਈ ਜੋ ਸਰੀਰ ਨੂੰ ਸ਼ਾਂਤ ਕਰਨ ਲਈ ਖਾਧੀ ਜਾਂਦੀ ਹੈ, ਜੇ ਜ਼ਿਆਦਾ ਖਾ ਲਈ ਜਾਵੇ, ਤਾਂ ਉਸ ਨਾਲ ਉਲਟੀਆਂ ਲੱਗ ਜਾਂਦੀਆਂ ਹਨ। ਪਰ ਇਹ ਗੱਲ ਸਾਰੀਆਂ ਦੇਸੀ ਦਵਾਈਆਂ ਬਾਰੇ ਸੱਚ ਨਹੀਂ। ਇਸ ਲਈ ਤੁਹਾਨੂੰ ਦੱਸੀ ਗਈ ਮਾਤਰਾ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ।

ਪਰ ਕਈ ਲੋਕ ਸਮਝਦੇ ਹਨ ਕਿ ਜੜੀ-ਬੂਟੀਆਂ ਸਿਰਫ਼ ਉਦੋਂ ਅਸਰਦਾਰ ਹੁੰਦੀਆਂ ਹਨ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿਚ ਅਤੇ ਵੱਡੀ ਮਾਤਰਾ ਵਿਚ ਖਾਧਾ ਜਾਂਦਾ ਹੈ। ਕਦੇ-ਕਦੇ ਇਸ ਤਰ੍ਹਾਂ ਕਰਨ ਦਾ ਇੱਕੋ ਚਾਰਾ ਹੁੰਦਾ ਹੈ, ਉਨ੍ਹਾਂ ਦਾ ਰਸ ਕੱਢਣਾ। ਇਹ ਗੱਲ ਗਿੰਕੋ ਰੁੱਖ ਬਾਰੇ ਸੱਚ ਹੈ। ਇਸ ਦੇ ਪੀਸੇ ਪੱਤਿਆਂ ਤੋਂ ਬਣਾਈ ਦਵਾਈ ਨੂੰ ਸਦੀਆਂ ਤੋਂ ਯਾਦ-ਸ਼ਕਤੀ ਵਧਾਉਣ ਅਤੇ ਖ਼ੂਨ ਦੇ ਦੌਰੇ ਨੂੰ ਸਹੀ ਰੱਖਣ ਲਈ ਵਰਤਿਆ ਜਾ ਰਿਹਾ ਹੈ ਅਤੇ ਇਸ ਦਵਾਈ ਦੀ ਇਕ ਅਸਰਦਾਰ ਮਾਤਰਾ ਲਈ ਇਸ ਬੂਟੇ ਦੇ ਕਈ ਕਿਲੋਗ੍ਰਾਮ ਪੱਤਿਆਂ ਦੀ ਲੋੜ ਪੈਂਦੀ ਹੈ।

ਹਾਨੀਕਾਰਕ ਮਿਸ਼੍ਰਣ

ਜੇਕਰ ਅਸੀਂ ਆਮ ਦਵਾਈਆਂ ਦੇ ਨਾਲ-ਨਾਲ ਜੜੀ-ਬੂਟੀਆਂ ਵੀ ਖਾਂਦੇ ਹਾਂ, ਤਾਂ ਇਸ ਦਾ ਸਾਡੇ ਉੱਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਸਰ ਹੋ ਸਕਦਾ ਹੈ। ਮਿਸਾਲ ਲਈ, ਜੜੀ-ਬੂਟੀਆਂ ਕਾਰਨ ਸਾਡੀ ਆਮ ਦਵਾਈ ਦਾ ਅਸਰ ਘੱਟ ਜਾਂ ਵਧ ਸਕਦਾ ਹੈ, ਇਸ ਨੂੰ ਸਰੀਰ ਵਿੱਚੋਂ ਜ਼ਿਆਦਾ ਜਲਦੀ ਕੱਢਿਆ ਜਾ ਸਕਦਾ ਹੈ ਜਾਂ ਇਸ ਦੇ ਬੁਰੇ ਅਸਰ ਵਧ ਸਕਦੇ ਹਨ। ਸੇਂਟ ਜੌਨ ਵਰਟ ਦੇ ਪੌਦੇ ਦੇ ਰਸ ਨਾਲ ਜਰਮਨੀ ਵਿਚ ਹਲਕੇ ਡਿਪਰੈਸ਼ਨ ਦਾ ਇਲਾਜ ਕੀਤਾ ਜਾਂਦਾ ਹੈ। ਪਰ ਇਸ ਨਾਲ ਦੂਸਰੀਆਂ ਦਵਾਈਆਂ ਸਰੀਰ ਵਿੱਚੋਂ ਬਹੁਤ ਜਲਦੀ ਨਿਕਲ ਜਾਂਦੀਆਂ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਅਸਰ ਬਹੁਤ ਘੱਟ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਕੋਈ ਹੋਰ ਦਵਾਈ ਖਾ ਰਹੇ ਹੋ ਜਿਵੇਂ ਕਿ ਗਰਭ-ਨਿਰੋਧਕ ਗੋਲੀਆਂ, ਤਾਂ ਦੇਸੀ ਦਵਾਈ ਖਾਣ ਤੋਂ ਪਹਿਲਾਂ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਵੋ।

ਜੜੀ-ਬੂਟੀਆਂ ਦੇ ਅਸਰ ਬਾਰੇ ਇਕ ਕਿਤਾਬ ਕਹਿੰਦੀ ਹੈ: “ਜਦੋਂ ਸ਼ਰਾਬ, ਸੁੱਕੀ ਭੰਗ, ਕੋਕੀਨ, ਤਮਾਖੂ ਅਤੇ ਇਸ ਤਰ੍ਹਾਂ ਦੇ ਹੋਰਨਾਂ ਨਸ਼ਿਆਂ ਨੂੰ ਜੜੀ-ਬੂਟੀਆਂ ਤੋਂ ਬਣਾਈਆਂ ਦਵਾਈਆਂ ਨਾਲ ਮਿਲਾਇਆ ਜਾਂਦਾ ਹੈ, ਤਾਂ ਇਨ੍ਹਾਂ ਦਾ ਬਹੁਤ ਹੀ ਬੁਰਾ ਅਸਰ ਹੋ ਸਕਦਾ ਹੈ। . . . ਅਕਲਮੰਦੀ ਦੀ ਗੱਲ ਹੈ ਕਿ ਤੁਸੀਂ [ਅਜਿਹਿਆਂ ਨਸ਼ਿਆਂ] ਤੋਂ ਦੂਰ ਰਹੋ ਖ਼ਾਸ ਕਰਕੇ ਜਦੋਂ ਤੁਸੀਂ ਬੀਮਾਰ ਹੁੰਦੇ ਹੋ।” ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਮਾਵਾਂ ਨੂੰ ਵੀ ਇਸ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ। ਖ਼ੈਰ, ਜਦੋਂ ਤਮਾਖੂ ਜਾਂ ਨਸ਼ਿਆਂ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਮਸੀਹੀਆਂ ਨੂੰ ਬਾਈਬਲ ਦੇ ਇਸ ਹੁਕਮ ਅਨੁਸਾਰ ਚੱਲ ਕੇ ਸੁਰੱਖਿਆ ਮਿਲਦੀ ਹੈ ਕਿ ‘ਤੁਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰੋ।’—2 ਕੁਰਿੰਥੀਆਂ 7:1.

ਇਕ ਕਿਤਾਬ ਵਿਚ ਜੜੀ-ਬੂਟੀਆਂ ਬਾਰੇ ਇਹ ਚੇਤਾਵਨੀ ਦਿੱਤੀ ਜਾਂਦੀ ਹੈ: “ਜੇ ਔਰਤ ਜੜੀ-ਬੂਟੀਆਂ ਤੋਂ ਬਣੀ ਦਵਾਈ ਖਾਂਦੀ ਹੋਈ ਗਰਭਵਤੀ ਹੋ ਜਾਵੇ, ਤਾਂ ਉਸ ਨੂੰ ਦਵਾਈ ਖਾਣੀ ਬੰਦ ਕਰਨੀ ਚਾਹੀਦੀ ਹੈ ਜਦ ਤਕ ਉਹ ਡਾਕਟਰ ਨਾਲ ਗੱਲ ਨਹੀਂ ਕਰ ਲੈਂਦੀ। ਇਹ ਯਾਦ ਰੱਖਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਦਵਾਈ ਦੀ ਕਿੰਨੀ ਮਾਤਰਾ ਅਤੇ ਉਸ ਨੂੰ ਕਿੰਨੀ ਦੇਰ ਤਕ ਖਾਂਦੇ ਆਏ ਹੋ।”

ਜੜੀ-ਬੂਟੀਆਂ ਬਾਰੇ ਇਕ ਐਨਸਾਈਕਲੋਪੀਡੀਆ ਦਾ ਕਹਿਣਾ ਹੈ: “[ਜੜੀ-ਬੂਟੀਆਂ ਨਾਲ] ਸਵੈ-ਇਲਾਜ ਦੇ ਖ਼ਤਰੇ ਬਹੁਤ ਹਨ।” “ਸਵੈ-ਇਲਾਜ ਦੇ ਖ਼ਤਰੇ” ਨਾਂ ਦੀ ਡੱਬੀ ਵਿਚ ਤੁਸੀਂ ਜੜੀ-ਬੂਟੀਆਂ ਨਾਲ ਇਲਾਜ ਕਰਨ ਦੇ ਸੰਬੰਧ ਵਿਚ ਕੁਝ ਖ਼ਤਰਿਆਂ ਬਾਰੇ ਪੜ੍ਹ ਸਕਦੇ ਹੋ।

ਹੋਰਨਾਂ ਦਵਾਈਆਂ ਦੀ ਤਰ੍ਹਾਂ ਜੜੀ-ਬੂਟੀਆਂ ਤੋਂ ਬਣੀ ਦਵਾਈ ਵੀ ਸਮਝਦਾਰੀ, ਪੂਰੇ ਗਿਆਨ ਅਤੇ ਹਿਸਾਬ ਨਾਲ ਖਾਧੀ ਜਾਣੀ ਚਾਹੀਦੀ ਹੈ। ਇਹ ਵੀ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਇਸ ਸਮੇਂ ਹਰ ਬੀਮਾਰੀ ਦਾ ਇਲਾਜ ਨਹੀਂ ਮਿਲਦਾ। ਸੱਚੇ ਮਸੀਹੀ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਬੀਮਾਰੀ ਅਤੇ ਮੌਤ ਦੀ ਜੜ੍ਹ ਪੁੱਟੀ ਜਾਵੇਗੀ। ਉਦੋਂ ਪਰਮੇਸ਼ੁਰ ਦੇ ਸ਼ਾਨਦਾਰ ਰਾਜ ਅਧੀਨ ਵਿਰਸੇ ਵਿਚ ਸਾਨੂੰ ਮਿਲੇ ਪਾਪ ਨੂੰ ਸਦਾ ਲਈ ਮਿਟਾਇਆ ਜਾਵੇਗਾ।—ਰੋਮੀਆਂ 5:12; ਪਰਕਾਸ਼ ਦੀ ਪੋਥੀ 21:3, 4. (g03 12/22)

[ਫੁਟਨੋਟ]

^ ਪੈਰਾ 4 ਜਾਗਰੂਕ ਬਣੋ! ਡਾਕਟਰੀ ਰਸਾਲਾ ਨਹੀਂ ਹੈ, ਇਸ ਲਈ ਇਹ ਕਿਸੇ ਖ਼ਾਸ ਕਿਸਮ ਦੀ ਖ਼ੁਰਾਕ, ਇਲਾਜ ਜਾਂ ਦਵਾਈ ਲੈਣ ਦੀ ਸਲਾਹ ਨਹੀਂ ਦਿੰਦਾ। ਇਸ ਲੇਖ ਵਿਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸਿਰਫ਼ ਆਮ ਜਾਣਕਾਰੀ ਹੈ। ਪੜ੍ਹਨ ਵਾਲੇ ਨੂੰ ਸਿਹਤ ਅਤੇ ਇਲਾਜ ਦੇ ਮਾਮਲਿਆਂ ਵਿਚ ਨਿੱਜੀ ਫ਼ੈਸਲਾ ਕਰਨ ਦੀ ਲੋੜ ਹੈ।

[ਸਫ਼ੇ 14 ਉੱਤੇ ਡੱਬੀ]

ਸਵੈ-ਇਲਾਜ ਦੇ ਖ਼ਤਰੇ

ਮਾਹਰਾਂ ਦੀ ਸਲਾਹ ਲਏ ਬਿਨਾਂ ­ਜੜੀ-ਬੂਟੀਆਂ ਨਾਲ ਇਲਾਜ ਕਰਨ ਦੇ ਸੰਬੰਧ ਵਿਚ ਹੇਠਾਂ ਕੁਝ ਖ਼ਤਰਿਆਂ ਬਾਰੇ ਦੱਸਿਆ ਗਿਆ ਹੈ।

ਤੁਹਾਨੂੰ ਸ਼ਾਇਦ ਆਪਣੀ ਬੀਮਾਰੀ ਦੀ ਸਹੀ ਪਛਾਣ ਨਾ ਹੋਵੇ।

ਭਾਵੇਂ ਤੁਸੀਂ ਬੀਮਾਰੀ ਦੀ ਸਹੀ ਪਛਾਣ ਕਰ ਲਈ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਉਸ ਬੀਮਾਰੀ ਦੇ ਇਲਾਜ ਲਈ ਦਵਾਈ ਦੀ ਸਹੀ ਮਾਤਰਾ ਸਹੀ ਸਮੇਂ ਤੇ ਨਹੀਂ ਲੈ ਰਹੇ।

ਸਵੈ-ਇਲਾਜ ਨਾਲ ਹੋ ਸਕਦਾ ਹੈ ਕਿ ਬੀਮਾਰੀ ਹੋਰ ਵਿਗੜ ਜਾਵੇ ਅਤੇ ਜ਼ਰੂਰੀ ਤੇ ਢੁਕਵਾਂ ਡਾਕਟਰੀ ਇਲਾਜ ਮਿਲਣ ਵਿਚ ਬਹੁਤ ਦੇਰ ਹੋ ਜਾਵੇ।

ਅਲਰਜੀ ਜਾਂ ਬਲੱਡ-ਪ੍ਰੈਸ਼ਰ ਵਰਗੀਆਂ ਬੀਮਾਰੀਆਂ ਲਈ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦੇ ਨਾਲ-ਨਾਲ ਦੇਸੀ ਦਵਾਈਆਂ ਦਾ ਖਾਣਾ ਸ਼ਾਇਦ ਠੀਕ ਨਾ ਬੈਠੇ।

ਹੋ ਸਕਦਾ ਹੈ ਕਿ ਸਵੈ-ਇਲਾਜ ਨਾਲ ਘੱਟ ਗੰਭੀਰ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਹੋਰ ਸਿਹਤ ਸਮੱਸਿਆ ਵੀ ਪੈਦਾ ਹੋ ਸਕਦੀ ਹੈ, ਜਿਵੇਂ ਕਿ ਹਾਈ ਬਲੱਡ-ਪ੍ਰੈਸ਼ਰ।

[ਕ੍ਰੈਡਿਟ ਲਾਈਨ]

ਸ੍ਰੋਤ: ਜੜੀ-ਬੂਟੀਆਂ ਦਾ ਐਨਸਾਈਕਲੋਪੀਡੀਆ

(Rodale’s Illustrated Encyclopedia of Herbs)