Skip to content

Skip to table of contents

ਆਮਾਟੇ—ਮੈਕਸੀਕੋ ਦਾ ਪਪਾਇਰਸ

ਆਮਾਟੇ—ਮੈਕਸੀਕੋ ਦਾ ਪਪਾਇਰਸ

ਆਮਾਟੇ—ਮੈਕਸੀਕੋ ਦਾ ਪਪਾਇਰਸ

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਮੈਕਸੀਕੋ ਦੇ ਲੋਕਾਂ ਦਾ ਇਤਿਹਾਸ ਵਾਕਈ ਬਹੁਤ ਅਮੀਰ ਅਤੇ ਰੋਮਾਂਚਕ ਹੈ। ਉਨ੍ਹਾਂ ਦੇ ਸਭਿਆਚਾਰ ਦੀ ਜਾਣਕਾਰੀ ਦੇਣ ਵਾਲੀਆਂ ਕੁਝ ਕੀਮਤੀ ਚੀਜ਼ਾਂ ਨੂੰ ਅੱਜ ਤਕ ਬਚਾ ਕੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਹੈ ਚਿੱਤਰ-ਲਿਪੀ ਵਿਚ ਲਿਖੀਆਂ ਗਈਆਂ ਹੱਥ-ਲਿਖਤਾਂ। ਇਨ੍ਹਾਂ ਹੱਥ-ਲਿਖਤਾਂ ਦੀ ਮਦਦ ਨਾਲ ਮੈਕਸੀਕੋ ਦੇ ਇਤਿਹਾਸ, ਵਿਗਿਆਨ, ਧਰਮ ਅਤੇ ਇਤਿਹਾਸਕ ਤਾਰੀਖ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਉੱਤਰੀ ਅਮਰੀਕਾ ਦੇ ਦੱਖਣੀ ਇਲਾਕੇ ਦੇ ਐਜ਼ਟੈਕ, ਮਾਇਆ ਅਤੇ ਹੋਰ ਸਭਿਆਚਾਰਾਂ ਦੇ ਰਹਿਣ-ਸਹਿਣ ਦੀ ਜਾਣਕਾਰੀ ਵੀ ਮਿਲਦੀ ਹੈ। ਇਨ੍ਹਾਂ ਦੇ ਨਕਲਨਵੀਸ ਬਹੁਤ ਹੀ ਹੁਨਰਮੰਦ ਸਨ ਅਤੇ ਇਨ੍ਹਾਂ ਨੇ ਆਪਣੇ ਇਤਿਹਾਸ ਨੂੰ ਅਲੱਗ-ਅਲੱਗ ਚੀਜ਼ਾਂ ਉੱਤੇ ਬੜੇ ਹੀ ਵਧੀਆ ਢੰਗ ਨਾਲ ਕਲਮਬੱਧ ਕੀਤਾ।

ਕੁਝ ਹੱਥ-ਲਿਖਤਾਂ ਕੱਪੜਿਆਂ, ਹਿਰਨ ਦੀ ਖੱਲ ਜਾਂ ਏਗੇਵ ਨਾਂ ਦੇ ਪੌਦਿਆਂ ਤੋਂ ਬਣਾਏ ਕਾਗਜ਼ ਤੋਂ ਤਿਆਰ ਕੀਤੀਆਂ ਜਾਂਦੀਆਂ ਸਨ। ਪਰ ਜ਼ਿਆਦਾਤਰ ਹੱਥ-ਲਿਖਤਾਂ ਆਮਾਟੇ ਤੋਂ ਬਣਾਈਆਂ ਜਾਂਦੀਆਂ ਸਨ। ਨਾਂ ਆਮਾਟੇ ਨਾਹੁਅਟਲ ਭਾਸ਼ਾ ਦੇ ਸ਼ਬਦ ਆਮਾਟਲ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਕਾਗਜ਼। ਆਮਾਟੇ ਇਕ ਖ਼ਾਸ ਅੰਜੀਰ ਦੇ ਦਰਖ਼ਤ ਦੇ ਸੱਕ ਤੋਂ ਬਣਾਇਆ ਜਾਂਦਾ ਸੀ। ਮੈਕਸੀਕੋ ਦੇ ਇਕ ਐਨਸਾਈਕਲੋਪੀਡੀਆ ਅਨੁਸਾਰ “ਅੰਜੀਰ ਦੇ ਦਰਖ਼ਤ ਦੀਆਂ ਕਈ ਕਿਸਮਾਂ ਹਨ ਅਤੇ ਜਦ ਤਕ ਉਨ੍ਹਾਂ ਦੇ ਤਣਿਆਂ, ਪੱਤਿਆਂ, ਫੁੱਲਾਂ ਅਤੇ ਫਲਾਂ ਦੀ ਚੰਗੀ ਤਰ੍ਹਾਂ ਜਾਂਚ ਨਾ ਕੀਤੀ ਜਾਵੇ, ਤਾਂ ਉਨ੍ਹਾਂ ਵਿਚ ਫ਼ਰਕ ਦੱਸਣਾ ਮੁਸ਼ਕਲ ਹੈ।” ਅੰਜੀਰ ਦੇ ਦਰਖ਼ਤ ਦੀਆਂ ਕੁਝ ਕਿਸਮਾਂ ਹਨ ਸਫ਼ੈਦ ਆਮਾਟੇ, ਸਫ਼ੈਦ ਵੁੱਡਲੈਂਡ ਆਮਾਟੇ ਅਤੇ ਗੂੜ੍ਹਾ ਭੂਰਾ ਆਮਾਟੇ।

ਬਣਾਉਣ ਦਾ ਤਰੀਕਾ

ਜਦੋਂ ਸੋਲਵੀਂ ਸਦੀ ਵਿਚ ਸਪੇਨੀ ਲੋਕਾਂ ਨੇ ਮੈਕਸੀਕੋ ਉੱਤੇ ਕਬਜ਼ਾ ਕੀਤਾ ਸੀ, ਤਾਂ ਉਨ੍ਹਾਂ ਨੇ ਆਮਾਟੇ ਬਣਾਉਣ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ। ਕਿਉਂ? ਕਿਉਂਕਿ ਸਪੇਨੀਆਂ ਨੂੰ ਲੱਗਿਆ ਕਿ ਆਮਾਟੇ ਦਾ ਉਨ੍ਹਾਂ ਧਾਰਮਿਕ ਰੀਤੀ-ਰਿਵਾਜਾਂ ਨਾਲ ਗਹਿਰਾ ਸੰਬੰਧ ਸੀ ਜਿਨ੍ਹਾਂ ਦੀ ਕੈਥੋਲਿਕ ਚਰਚ ਸਾਫ਼-ਸਾਫ਼ ਨਿੰਦਿਆ ਕਰਦਾ ਸੀ। ਇਕ ਸਪੇਨੀ ਪਾਦਰੀ ਡਿਏਗੋ ਡੂਰਾਨ ਨੇ ਮੈਕਸੀਕੋ ਵਿਚ ਸਪੇਨੀਆਂ ਦੇ ਇਤਿਹਾਸ ਬਾਰੇ ਆਪਣੀ ਕਿਤਾਬ ਵਿਚ ਕਿਹਾ ਕਿ ਮੈਕਸੀਕੋ ਦੇ ਨਿਵਾਸੀਆਂ ਨੇ “ਆਪਣੇ ਦਾਦਿਆਂ-ਪੜਦਾਦਿਆਂ ਦੇ ਇਤਿਹਾਸ ਨੂੰ ਵਿਸਥਾਰ ਵਿਚ ਲਿਖਿਆ। ਜੇ ਕੁਝ ਲੋਕਾਂ ਨੇ ਅਗਿਆਨਤਾ ਵੱਸ ਜੋਸ਼ ਵਿਚ ਆ ਕੇ ਹੱਥ-ਲਿਖਤਾਂ ਨੂੰ ਨਸ਼ਟ ਨਾ ਕੀਤਾ ਹੁੰਦਾ, ਤਾਂ ਅੱਜ ਸਾਡੇ ਕੋਲ ਜਾਣਕਾਰੀ ਦਾ ਭੰਡਾਰ ਹੁੰਦਾ। ਕੁਝ ਨਾਸਮਝ ਲੋਕਾਂ ਨੇ ਸੋਚਿਆ ਕਿ ਇਹ ਹੱਥ-ਲਿਖਤਾਂ ਮੂਰਤੀਆਂ ਸਨ, ਇਸ ਲਈ ਉਨ੍ਹਾਂ ਨੇ ਹੱਥ-ਲਿਖਤਾਂ ਸਾੜ ਦਿੱਤੀਆਂ। ਇਸ ਨਾਲ ਇਹ ਬਹੁਮੁੱਲਾ ਇਤਿਹਾਸ ਸਾਡੇ ਹੱਥੋਂ ਖੁੰਝ ਗਿਆ।”

ਪਰ ਆਮਾਟੇ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਤੇ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਅੱਜ ਤਕ ਕਾਇਮ ਰਿਹਾ ਹੈ। ਪਿਊਬਲਾ ਸੂਬੇ ਦੇ ਉੱਤਰੀ ਸੀਅਰਾ ਪਹਾੜਾਂ ਵਿਚ ਸਥਿਤ ਪਾਵਾਟਲਾਨ ਮਿਊਨਸਪੈਲਿਟੀ ਦੇ ਸਾਨ ਪਾਬਲੀਟੋ ਸ਼ਹਿਰ ਵਿਚ ਅਜੇ ਵੀ ਆਮਾਟੇ ਕਾਗਜ਼ ਬਣਾਇਆ ਜਾਂਦਾ ਹੈ। ਰਾਜਾ ਫਿਲਿਪ ਦੂਸਰੇ ਦੇ ਸ਼ਾਹੀ ਵੈਦ ਫਰਾਂਥੀਸਕੋ ਅਰਨਾਨਦੇਥ ਨੇ ਜੋ ਜਾਣਕਾਰੀ ਦਰਜ ਕੀਤੀ, ਉਸ ਦਾ ਹਵਾਲਾ ਦਿੰਦੇ ਹੋਏ ਇਕ ਰਸਾਲਾ ਕਹਿੰਦਾ ਹੈ ਕਿ “ਕਾਗਜ਼ ਬਣਾਉਣ ਲਈ ਦਰਖ਼ਤ ਦੀਆਂ ਮੋਟੀਆਂ ਟਾਹਣੀਆਂ ਹੀ ਕੱਟੀਆਂ ਜਾਂਦੀਆਂ ਸਨ ਤੇ ਲਗਰਾਂ ਛੱਡ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਬਾਅਦ ਟਾਹਣੀਆਂ ਨੂੰ ਨਰਮ ਕਰਨ ਲਈ ਨੇੜੇ ਦੇ ਕਿਸੇ ਨਦੀ-ਨਾਲੇ ਵਿਚ ਰਾਤ ਭਰ ਰੱਖਿਆ ਜਾਂਦਾ ਸੀ। ਅਗਲੇ ਦਿਨ ਟਾਹਣੀ ਤੋਂ ਸੱਕ ਲਾਹ ਲਿਆ ਜਾਂਦਾ ਸੀ। ਫਿਰ ਸੱਕ ਦੇ ਬਾਹਰਲੇ ਹਿੱਸੇ ਨੂੰ ਅੰਦਰਲੇ ਹਿੱਸੇ ਤੋਂ ਵੱਖ ਕੀਤਾ ਜਾਂਦਾ ਸੀ ਤੇ ਕਾਗਜ਼ ਬਣਾਉਣ ਲਈ ਸਿਰਫ਼ ਅੰਦਰਲਾ ਹਿੱਸਾ ਇਸਤੇਮਾਲ ਕੀਤਾ ਜਾਂਦਾ ਸੀ।” ਸੱਕ ਹਟਾਉਣ ਤੋਂ ਬਾਅਦ ਰੇਸ਼ਿਆਂ ਨੂੰ ਕਿਸੇ ਚਪਟੀ ਜਗ੍ਹਾ ਤੇ ਵਿਛਾ ਕੇ ਪੱਥਰ ਦੇ ਹਥੌੜੇ ਨਾਲ ਕੁੱਟਿਆ ਜਾਂਦਾ ਸੀ।

ਅੱਜ-ਕੱਲ੍ਹ ਰੇਸ਼ਿਆਂ ਨੂੰ ਨਰਮ ਅਤੇ ਸਾਫ਼ ਕਰਨ ਲਈ ਇਨ੍ਹਾਂ ਨੂੰ ਵੱਡੀਆਂ-ਵੱਡੀਆਂ ਦੇਗਾਂ ਵਿਚ ਪਾਣੀ, ਸੁਆਹ ਅਤੇ ਚੂਨੇ ਨਾਲ ਤਕਰੀਬਨ ਛੇ ਘੰਟੇ ਰਿੰਨਿਆ ਜਾਂਦਾ ਹੈ। ਫਿਰ ਰੇਸ਼ਿਆਂ ਨੂੰ ਧੋ ਕੇ ਪਾਣੀ ਵਿਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਕਾਰੀਗਰ ਲੱਕੜੀ ਦੇ ਤਖਤੇ ਉੱਤੇ ਇਕ-ਇਕ ਰੇਸ਼ੇ ਨੂੰ ਆਡੇ-ਟੇਢੇ ਦਾਅ ਵਿਚ ਰੱਖ ਕੇ ਚਾਰਖਾਨੇਦਾਰ ਡੀਜ਼ਾਈਨ ਬਣਾਉਂਦੇ ਹਨ। ਫਿਰ ਉਹ ਪੱਥਰ ਦੇ ਹਥੌੜਿਆਂ ਨਾਲ ਰੇਸ਼ਿਆਂ ਨੂੰ ਉਦੋਂ ਤਕ ਕੁੱਟਦੇ ਹਨ, ਜਦ ਤਕ ਰੇਸ਼ੇ ਇਕ ਦੂਜੇ ਨਾਲ ਜੁੜ ਨਹੀਂ ਜਾਂਦੇ ਅਤੇ ਕਾਗਜ਼ ਦੀ ਸ਼ਕਲ ਇਖ਼ਤਿਆਰ ਨਹੀਂ ਕਰ ਲੈਂਦੇ। ਅਖ਼ੀਰ ਵਿਚ ਕਾਗਜ਼ ਦੇ ਕਿਨਾਰਿਆਂ ਨੂੰ ਅੰਦਰ ਵੱਲ ਮੋੜ ਦਿੱਤਾ ਜਾਂਦਾ ਹੈ ਤਾਂਕਿ ਰੇਸ਼ੇ ਬਾਹਰ ਨਾ ਨਿਕਲਣ। ਫਿਰ ਕਾਗਜ਼ ਨੂੰ ਧੁੱਪੇ ਸੁੱਕਣ ਲਈ ਰੱਖ ਦਿੱਤਾ ਜਾਂਦਾ ਹੈ।

ਆਮਾਟੇ ਕਈ ਰੰਗਾਂ ਦੇ ਹੁੰਦੇ ਹਨ। ਆਮ ਤੌਰ ਤੇ ਇਹ ਭੂਰੇ ਰੰਗ ਦਾ ਬਣਾਇਆ ਜਾਂਦਾ ਹੈ, ਪਰ ਇਹ ਸਫ਼ੈਦ, ਕ੍ਰੀਮ, ਪੀਲੇ, ਨੀਲੇ, ਗੁਲਾਬੀ ਅਤੇ ਭੂਰੇ ਤੇ ਚਿੱਟੇ ਧੱਬੇਦਾਰ ਰੰਗਾਂ ਵਿਚ ਵੀ ਤਿਆਰ ਕੀਤਾ ਜਾਂਦਾ ਹੈ।

ਅੱਜ ਇਸ ਦੀ ਵਰਤੋਂ

ਮੈਕਸੀਕੋ ਵਿਚ ਆਮਾਟੇ ਨਾਲ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਭਾਵੇਂ ਕਿ ਆਮਾਟੇ ਉੱਤੇ ਕੀਤੀ ਜਾਂਦੀ ਕੁਝ ਚਿੱਤਰਕਾਰੀ ਦਾ ਸੰਬੰਧ ਧਰਮ ਨਾਲ ਹੈ, ਪਰ ਦੂਸਰੇ ਚਿੱਤਰਾਂ ਵਿਚ ਜਾਨਵਰਾਂ, ਮੈਕਸੀਕੋ ਦੇ ਲੋਕਾਂ ਦੇ ਤਿਉਹਾਰ ਅਤੇ ਉਨ੍ਹਾਂ ਦੀ ਖ਼ੁਸ਼ਹਾਲ ਜ਼ਿੰਦਗੀ ਦਿਖਾਈ ਜਾਂਦੀ ਹੈ। ਰੰਗ-ਬਰੰਗੀਆਂ ਤਸਵੀਰਾਂ ਤੋਂ ਇਲਾਵਾ ਆਮਾਟੇ ਨਾਲ ਗ੍ਰੀਟਿੰਗ ਕਾਰਡ, ਬੁੱਕ ਮਾਰਕ ਅਤੇ ਦੂਸਰੀਆਂ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹਨ। ਅਜਿਹੀ ਕਾਰੀਗਰੀ ਸਾਰਿਆਂ ਦਾ ਮਨ ਮੋਹ ਲੈਂਦੀ ਹੈ, ਚਾਹੇ ਉਹ ਮੈਕਸੀਕੋ ਦੇ ਰਹਿਣ ਵਾਲੇ ਹੋਣ ਜਾਂ ਪ੍ਰਦੇਸੀ ਜੋ ਇਨ੍ਹਾਂ ਚੀਜ਼ਾਂ ਨੂੰ ਸਜਾਵਟ ਲਈ ਖ਼ਰੀਦਦੇ ਹਨ। ਹੁਣ ਇਹ ਕਲਾ ਮੈਕਸੀਕੋ ਦੀਆਂ ਹੱਦਾਂ ਨੂੰ ਪਾਰ ਕਰ ਕੇ ਦੁਨੀਆਂ ਦੇ ਦੂਸਰੇ ਦੇਸ਼ਾਂ ਵਿਚ ਵੀ ਪਹੁੰਚ ਚੁੱਕੀ ਹੈ। ਆਮਾਟੇ ਕਾਗਜ਼ ਉੱਤੇ ਪੁਰਾਣੀਆਂ ਹੱਥ-ਲਿਖਤਾਂ ਦੀਆਂ ਨਕਲਾਂ ਬਣਾਈਆਂ ਗਈਆਂ ਹਨ। ਸਪੇਨੀ ਲੋਕ ਪਹਿਲੀ ਵਾਰ ਇਸ ਕਲਾ ਨੂੰ ਦੇਖ ਕੇ ਕਿੰਨੇ ਹੈਰਾਨ ਹੋਏ ਹੋਣਗੇ! ਅਸਲ ਵਿਚ ਪਾਦਰੀ ਡਿਏਗੋ ਡੂਰਾਨ ਨੇ ਕਿਹਾ ਸੀ ਕਿ ਮੈਕਸੀਕੋ ਦੇ ਲੋਕਾਂ ਨੇ “ਕਿਤਾਬਾਂ ਵਿਚ ਅਤੇ ਲੰਬੇ-ਲੰਬੇ ਕਾਗਜ਼ਾਂ ਉੱਤੇ ਚਿੱਤਰਾਂ ਦੀ ਮਦਦ ਨਾਲ ਹਰ ਘਟਨਾ ਬਾਰੇ ਪੂਰੀ-ਪੂਰੀ ਜਾਣਕਾਰੀ ਦਿੱਤੀ ਹੋਈ ਸੀ ਕਿ ਇਹ ਕਿਹੜੇ ਸਾਲ, ਕਿਸ ਮਹੀਨੇ ਤੇ ਕਿਹੜੇ ਦਿਨ ਘਟੀ ਸੀ। ਉਨ੍ਹਾਂ ਨੇ ਆਪਣੇ ਨਿਯਮ ਅਤੇ ਕਾਨੂੰਨ ਅਤੇ ਮਰਦਮਸ਼ੁਮਾਰੀ ਦੀਆਂ ਸੂਚੀਆਂ ਵਗੈਰਾ ਵੀ ਤਰਤੀਬਵਾਰ ਦਰਜ ਕੀਤੀਆਂ ਸਨ।”

ਇਹ ਕਿੰਨੀ ਚੰਗੀ ਗੱਲ ਹੈ ਕਿ ਆਮਾਟੇ ਬਣਾਉਣ ਦਾ ਸਦੀਆਂ ਪੁਰਾਣਾ ਤਰੀਕਾ ਅੱਜ ਵੀ ਸਹੀ-ਸਲਾਮਤ ਹੈ ਜੋ ਕਿ ਮੈਕਸੀਕੋ ਦੇ ਲੋਕਾਂ ਦੇ ਵਿਰਸੇ ਦਾ ਇਕ ਖੂਬਸੂਰਤ ਹਿੱਸਾ ਹੈ। ਪੁਰਾਣੇ ਜ਼ਮਾਨੇ ਦੇ ਨਕਲਨਵੀਸਾਂ ਵਾਂਗ ਅੱਜ ਦੇ ਕਾਰੀਗਰਾਂ ਨੂੰ ਆਮਾਟੇ ਬਣਾਉਣ ਵਿਚ ਬੜੀ ਖ਼ੁਸ਼ੀ ਹੁੰਦੀ ਹੈ ਜਿਸ ਨੂੰ ਯਕੀਨਨ ਮੈਕਸੀਕੋ ਦਾ ਪਪਾਇਰਸ ਕਿਹਾ ਜਾ ਸਕਦਾ ਹੈ। (g04 3/08)

[ਸਫ਼ੇ 24 ਉੱਤੇ ਤਸਵੀਰ]

ਰੇਸ਼ਿਆਂ ਨੂੰ ਕੁੱਟਣਾ