Skip to content

Skip to table of contents

ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?

ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?

ਨੌਜਵਾਨ ਪੁੱਛਦੇ ਹਨ . . .

ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?

“ਪਰਮੇਸ਼ੁਰ ਆਪ ਤਾਂ ਸਵਰਗ ਵਿਚ ਚੈਨ ਨਾਲ ਬੈਠਾ ਹੋਇਆ ਹੈ ਤੇ ਅਸੀਂ ਇੱਥੇ ਧਰਤੀ ਉੱਤੇ ਦੁੱਖ ਭੋਗ ਰਹੇ ਹਾਂ।”—ਮੈਰੀ। *

ਅੱਜ ਦੇ ਨੌਜਵਾਨ ਅਜਿਹੀ ਦੁਨੀਆਂ ਵਿਚ ਪੈਦਾ ਹੋਏ ਹਨ ਜੋ ਬਹੁਤ ਹੀ ਬੇਰਹਿਮ ਹੈ। ਉਨ੍ਹਾਂ ਨੇ ਭਿਆਨਕ ਭੁਚਾਲਾਂ ਅਤੇ ਹੋਰ ਕੁਦਰਤੀ ਆਫ਼ਤਾਂ ਨੂੰ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਂਦੇ ਦੇਖਿਆ ਹੈ। ਹਰ ਰੋਜ਼ ਖ਼ਬਰਾਂ ਵਿਚ ਉਹ ਲੜਾਈਆਂ ਤੇ ਅੱਤਵਾਦੀ ਹਮਲਿਆਂ ਬਾਰੇ ਪੜ੍ਹਦੇ ਤੇ ਸੁਣਦੇ ਹਨ। ਬੀਮਾਰੀਆਂ, ਜੁਰਮ ਅਤੇ ਭਿਆਨਕ ਹਾਦਸਿਆਂ ਕਰਕੇ ਲੋਕ ਆਪਣੇ ਪਿਆਰਿਆਂ ਨੂੰ ਦਮ ਤੋੜਦੇ ਦੇਖਦੇ ਹਨ। ਉੱਪਰ ਜ਼ਿਕਰ ਕੀਤੀ ਗਈ ਮੈਰੀ ਨਾਂ ਦੀ ਕੁੜੀ ਨੇ ਵੀ ਇਸ ਤਰ੍ਹਾਂ ਦਾ ਦੁੱਖ ਸਹਿਆ ਹੈ। ਉਸ ਨੇ ਇਹ ਗੁੱਸੇ ਭਰੇ ਸ਼ਬਦ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਕਹੇ ਸਨ।

ਜਦੋਂ ਸਾਡੇ ਨਾਲ ਕੋਈ ਤ੍ਰਾਸਦੀ ਵਾਪਰਦੀ ਹੈ, ਤਾਂ ਸਾਡੇ ਦਿਲਾਂ ਵਿਚ ਦੁੱਖ, ਮਾਯੂਸੀ ਜਾਂ ਗੁੱਸੇ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਕੁਦਰਤੀ ਹਨ। ਅਜਿਹੇ ਮੌਕਿਆਂ ਤੇ ਅਸੀਂ ਸ਼ਾਇਦ ਮਨ ਹੀ ਮਨ ਸੋਚੀਏ: ‘ਇਹ ਕਿਉਂ ਹੋਇਆ? ਇਹ ਮੇਰੇ ਨਾਲ ਹੀ ਕਿਉਂ ਹੋਣਾ ਸੀ? ਇਹ ਹੁਣੇ ਹੀ ਕਿਉਂ ਹੋਣਾ ਸੀ?’ ਇਨ੍ਹਾਂ ਜਾਇਜ਼ ਸਵਾਲਾਂ ਦੇ ਸੰਤੋਖਜਨਕ ਜਵਾਬ ਲੱਭਣੇ ਜ਼ਰੂਰੀ ਹਨ। ਪਰ ਸਹੀ ਜਵਾਬ ਪਾਉਣ ਲਈ ਸਾਨੂੰ ਸਹੀ ਸੋਮੇ ਕੋਲ ਜਾਣਾ ਪਵੇਗਾ। ਪਰ ਜਿਵੇਂ ਕਿ ਟਰਲ ਨਾਂ ਦੇ ਇਕ ਨੌਜਵਾਨ ਨੇ ਸਹੀ ਕਿਹਾ ਹੈ, ਕਦੇ-ਕਦੇ ਲੋਕ “ਆਪਣੇ ਗਮ ਵਿਚ ਇੰਨੇ ਡੁੱਬ ਜਾਂਦੇ ਹਨ ਕਿ ਉਨ੍ਹਾਂ ਵਿਚ ਸੋਚਣ ਦੀ ਤਾਕਤ ਹੀ ਨਹੀਂ ਰਹਿੰਦੀ।” ਇਸ ਲਈ, ਤੁਹਾਨੂੰ ਸ਼ਾਇਦ ਪਹਿਲਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾਉਣ ਦੀ ਲੋੜ ਹੈ ਤਾਂਕਿ ਤੁਸੀਂ ਸਹੀ ਤਰੀਕੇ ਨਾਲ ਸੋਚ-ਵਿਚਾਰ ਕਰ ਸਕੋ।

ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਜੂਝਣਾ

ਭਾਵੇਂ ਲੋਕ ਮੌਤ ਅਤੇ ਦੁੱਖਾਂ ਬਾਰੇ ਸੋਚਣਾ ਪਸੰਦ ਨਹੀਂ ਕਰਦੇ, ਪਰ ਇਹ ਜ਼ਿੰਦਗੀ ਦੀਆਂ ਹਕੀਕਤਾਂ ਹਨ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅੱਯੂਬ ਨਾਂ ਦੇ ਆਦਮੀ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.

ਬਾਈਬਲ ਇਕ ਨਵੀਂ ਦੁਨੀਆਂ ਦਾ ਵਾਅਦਾ ਕਰਦੀ ਹੈ ਜਿਸ ਵਿਚ ਅਮਨ-ਚੈਨ ਅਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਪਰ ਇਹ ਨਵਾਂ ਸੰਸਾਰ ਆਉਣ ਤੋਂ ਪਹਿਲਾਂ ਮਨੁੱਖਜਾਤੀ ਨੂੰ ਬੁਰੇ ਸਮੇਂ ਵਿੱਚੋਂ ਲੰਘਣਾ ਪਵੇਗਾ। ਬਾਈਬਲ ਦੱਸਦੀ ਹੈ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।”—2 ਤਿਮੋਥਿਉਸ 3:1.

ਇਹ ਭੈੜਾ ਸਮਾਂ ਕਿੰਨਾ ਚਿਰ ਰਹੇਗਾ? ਯਿਸੂ ਦੇ ਚੇਲਿਆਂ ਨੇ ਵੀ ਉਸ ਤੋਂ ਇਸੇ ਤਰ੍ਹਾਂ ਦਾ ਸਵਾਲ ਪੁੱਛਿਆ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਇਸ ਦੁੱਖਾਂ-ਭਰੀ ਦੁਨੀਆਂ ਦੇ ਅੰਤ ਦਾ ਪੱਕਾ ਦਿਨ ਜਾਂ ਘੜੀ ਨਹੀਂ ਦੱਸੀ। ਇਸ ਦੀ ਬਜਾਇ ਉਸ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:3, 13) ਯਿਸੂ ਸਾਨੂੰ ਦੂਰ ਦੀ ਸੋਚਣ ਲਈ ਕਹਿ ਰਿਹਾ ਸੀ। ਦੁੱਖ-ਤਕਲੀਫ਼ਾਂ ਦਾ ਅੰਤ ਹੋਣ ਤੋਂ ਪਹਿਲਾਂ ਸਾਨੂੰ ਕਈ ਦੁਖਦਾਈ ਹਾਲਾਤ ਸਹਿਣ ਲਈ ਤਿਆਰ ਰਹਿਣਾ ਪੈਣਾ ਹੈ।

ਕੀ ਪਰਮੇਸ਼ੁਰ ਦਾ ਦੋਸ਼ ਹੈ?

ਕੀ ਪਰਮੇਸ਼ੁਰ ਨਾਲ ਗੁੱਸੇ ਹੋਣਾ ਜਾਇਜ਼ ਹੈ ਕਿਉਂਕਿ ਉਹ ਦੁੱਖਾਂ ਨੂੰ ਨਹੀਂ ਹਟਾਉਂਦਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਸਾਰੇ ਦੁੱਖਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਸਾਡੇ ਉੱਤੇ ਦੁੱਖ ਨਹੀਂ ਲਿਆਉਂਦਾ। ਤ੍ਰਾਸਦੀ ਅਤੇ ਭੈੜੀਆਂ ਵਾਰਦਾਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੀਆਂ। ਮਿਸਾਲ ਲਈ, ਜਦੋਂ ਤੂਫ਼ਾਨੀ ਹਵਾਵਾਂ ਕਾਰਨ ਦਰਖ਼ਤ ਡਿੱਗਣ ਨਾਲ ਕੋਈ ਵਿਅਕਤੀ ਫੱਟੜ ਹੋ ਜਾਂਦਾ ਹੈ, ਤਾਂ ਲੋਕ ਸ਼ਾਇਦ ਇਸ ਨੂੰ ਰੱਬੀ ਕਰੋਪ ਕਹਿਣ। ਪਰ ਹਕੀਕਤ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਉਹ ਦਰਖ਼ਤ ਨਹੀਂ ਡੇਗਿਆ ਸੀ। ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਕਈ ਵਾਰ ਅਸੀਂ ਆਪਣੀ ਗ਼ਲਤੀ ਕਰਕੇ ਵੀ ਦੁੱਖ ਭੋਗਦੇ ਹਾਂ। ਮਿਸਾਲ ਲਈ, ਕਲਪਨਾ ਕਰੋ ਕਿ ਕਈ ਨੌਜਵਾਨ ਖੂਬ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕੀ ਇਸ ਹਾਦਸੇ ਲਈ ਅਸੀਂ ਪਰਮੇਸ਼ੁਰ ਨੂੰ ਦੋਸ਼ ਦਿਆਂਗੇ? ਨਹੀਂ, ਸਗੋਂ ਉਨ੍ਹਾਂ ਨੌਜਵਾਨਾਂ ਨੇ ਆਪਣੀ ਗ਼ਲਤੀ ਦਾ ਫਲ ਭੋਗਿਆ।—ਗਲਾਤੀਆਂ 6:7.

ਪਰ ਕੋਈ ਪੁੱਛ ਸਕਦਾ ਹੈ ਕਿ ‘ਕੀ ਰੱਬ ਕੋਲ ਇੰਨੀ ਸ਼ਕਤੀ ਨਹੀਂ ਕਿ ਉਹ ਹੁਣੇ ਦੁੱਖਾਂ ਨੂੰ ਖ਼ਤਮ ਕਰ ਸਕੇ?’ ਪੁਰਾਣੇ ਸਮਿਆਂ ਵਿਚ ਵੀ ਪਰਮੇਸ਼ੁਰ ਦੇ ਕਈ ਭਗਤਾਂ ਨੇ ਇਹੋ ਸਵਾਲ ਪੁੱਛਿਆ ਸੀ। ਬਾਈਬਲ ਮੁਤਾਬਕ, ਇਕ ਵਾਰ ਹਬੱਕੂਕ ਨਬੀ ਨੇ ਪਰਮੇਸ਼ੁਰ ਨੂੰ ਪੁੱਛਿਆ: “ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈਂ? ਤੂੰ ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ?” ਫਿਰ ਵੀ ਹਬੱਕੂਕ ਨੇ ਧੀਰਜ ਨਾਲ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ। ਉਸ ਨੇ ਕਿਹਾ: “ਮੈਂ . . . ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ।” ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ “ਠਹਿਰਾਏ ਹੋਏ ਸਮੇਂ” ਤੇ ਉਹ ਦੁੱਖਾਂ ਨੂੰ ਜ਼ਰੂਰ ਖ਼ਤਮ ਕਰੇਗਾ। (ਹਬੱਕੂਕ 1:13; 2:1-3) ਇਸ ਲਈ ਸਾਨੂੰ ਧੀਰਜ ਧਰਨ ਦੀ ਲੋੜ ਹੈ ਜਦ ਤਕ ਕਿ ਪਰਮੇਸ਼ੁਰ ਆਪਣੇ ਠਹਿਰਾਏ ਹੋਏ ਸਮੇਂ ਤੇ ਸਾਰੀ ਬੁਰਾਈ ਨੂੰ ਹਟਾ ਨਹੀਂ ਦਿੰਦਾ।

ਇਹ ਸਿੱਟਾ ਕੱਢਣ ਵਿਚ ਕਾਹਲੀ ਨਾ ਕਰੋ ਕਿ ਪਰਮੇਸ਼ੁਰ ਸਾਨੂੰ ਦੁਖੀ ਦੇਖਣਾ ਚਾਹੁੰਦਾ ਹੈ ਜਾਂ ਉਹ ਸਾਨੂੰ ਪਰਤਾ ਰਿਹਾ ਹੈ। ਇਹ ਸੱਚ ਹੈ ਕਿ ਜਦੋਂ ਅਸੀਂ ਦੁੱਖਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਇਸ ਨਾਲ ਸਾਡੀ ਸ਼ਖ਼ਸੀਅਤ ਵਿਚ ਨਿਖਾਰ ਆ ਸਕਦਾ ਹੈ। ਬਾਈਬਲ ਵੀ ਕਹਿੰਦੀ ਹੈ ਕਿ ਜਦੋਂ ਪਰਮੇਸ਼ੁਰ ਸਾਨੂੰ ਅਜ਼ਮਾਇਸ਼ਾਂ ਵਿੱਚੋਂ ਲੰਘਣ ਦਿੰਦਾ ਹੈ, ਤਾਂ ਇਸ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਸਕਦੀ ਹੈ। (ਇਬਰਾਨੀਆਂ 5:8; 1 ਪਤਰਸ 1:7) ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਜੋ ਦੁਖਦਾਈ ਹਾਲਾਤਾਂ ਵਿੱਚੋਂ ਲੰਘੇ ਹਨ, ਉਹ ਜ਼ਿਆਦਾ ਧੀਰਜਵਾਨ ਜਾਂ ਹਮਦਰਦ ਹੁੰਦੇ ਹਨ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਨੇ ਹੀ ਉਨ੍ਹਾਂ ਉੱਤੇ ਦੁੱਖ ਲਿਆਂਦੇ ਸਨ। ਅਜਿਹੀ ਸੋਚ ਪਰਮੇਸ਼ੁਰ ਦੇ ਪਿਆਰ ਅਤੇ ਬੁੱਧੀ ਨਾਲ ਮੇਲ ਨਹੀਂ ਖਾਂਦੀ। ਬਾਈਬਲ ਸਾਫ਼ ਦੱਸਦੀ ਹੈ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਸਗੋਂ ਪਰਮੇਸ਼ੁਰ ਤਾਂ ਸਾਨੂੰ ‘ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ’ ਦਿੰਦਾ ਹੈ!—ਯਾਕੂਬ 1:13, 17.

ਪਰਮੇਸ਼ੁਰ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ?

ਤਾਂ ਫਿਰ ਦੁੱਖਾਂ-ਤਕਲੀਫ਼ਾਂ ਲਈ ਕੌਣ ਜ਼ਿੰਮੇਵਾਰ ਹੈ? ਯਾਦ ਰੱਖੋ ਕਿ ਪਰਮੇਸ਼ੁਰ ਦੇ ਕਈ ਵੈਰੀ ਹਨ। ਇਨ੍ਹਾਂ ਵਿੱਚੋਂ ਮੁੱਖ ਵੈਰੀ ‘ਇਬਲੀਸ ਅਤੇ ਸ਼ਤਾਨ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।’ (ਪਰਕਾਸ਼ ਦੀ ਪੋਥੀ 12:9) ਪਰਮੇਸ਼ੁਰ ਨੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੂੰ ਰਚ ਕੇ ਦੁੱਖਾਂ ਤੋਂ ਆਜ਼ਾਦ ਇਕ ਸੋਹਣੀ ਧਰਤੀ ਉੱਤੇ ਰੱਖਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਹੱਵਾਹ ਸ਼ਤਾਨ ਦੇ ਧੋਖੇ ਵਿਚ ਆ ਗਈ। ਉਹ ਵਿਸ਼ਵਾਸ ਕਰਨ ਲੱਗ ਪਈ ਕਿ ਪਰਮੇਸ਼ੁਰ ਦੀ ਹਕੂਮਤ ਤੋਂ ਆਜ਼ਾਦ ਹੋ ਕੇ ਉਹ ਜ਼ਿਆਦਾ ਖ਼ੁਸ਼ ਰਹੇਗੀ। (ਉਤਪਤ 3:1-5) ਇਸ ਲਈ ਉਸ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਅਤੇ ਆਦਮ ਨੇ ਵੀ ਇਸ ਬਗਾਵਤ ਵਿਚ ਉਸ ਦਾ ਸਾਥ ਦਿੱਤਾ। ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ ਕਿ ਨਤੀਜੇ ਵਜੋਂ “ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।”—ਰੋਮੀਆਂ 5:12.

ਇਸ ਬਗਾਵਤ ਨੂੰ ਤੁਰੰਤ ਕੁਚਲਣ ਦੀ ਬਜਾਇ, ਪਰਮੇਸ਼ੁਰ ਨੇ ਬਾਗ਼ੀਆਂ ਨੂੰ ਸਮਾਂ ਦੇਣ ਦਾ ਫ਼ੈਸਲਾ ਕੀਤਾ। ਇਸ ਦਾ ਕੀ ਫ਼ਾਇਦਾ ਹੁੰਦਾ? ਇਕ ਤਾਂ ਇਹ ਫ਼ਾਇਦਾ ਹੁੰਦਾ ਕਿ ਸਮਾਂ ਬੀਤਣ ਨਾਲ ਆਪ ਹੀ ਸ਼ਤਾਨ ਦੇ ਝੂਠ ਦਾ ਪਰਦਾ ਫ਼ਾਸ਼ ਹੋ ਜਾਂਦਾ! ਇਸ ਤੋਂ ਇਲਾਵਾ, ਇਹ ਗੱਲ ਜਗਜ਼ਾਹਰ ਹੋ ਜਾਂਦੀ ਕਿ ਪਰਮੇਸ਼ੁਰ ਦੀ ਹਕੂਮਤ ਨੂੰ ਤਿਆਗ ਕੇ ਇਨਸਾਨਾਂ ਨੂੰ ਦੁੱਖਾਂ ਤੇ ਤਬਾਹੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਣਾ। ਕੀ ਅੱਜ ਦੇ ਹਾਲਾਤ ਇਸ ਗੱਲ ਦਾ ਸਬੂਤ ਨਹੀਂ ਹਨ? “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਤੋਂ ਇਲਾਵਾ, ‘ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਨੁਕਸਾਨ ਕਰਦਾ ਹੈ।’ (ਉਪਦੇਸ਼ਕ ਦੀ ਪੋਥੀ 8:9) ਇਨਸਾਨਾਂ ਦੇ ਬਣਾਏ ਧਰਮ ਢੇਰ ਸਾਰੀਆਂ ਵਿਰੋਧੀ ਗੱਲਾਂ ਸਿਖਾਉਂਦੇ ਹਨ। ਅੱਜ ਲੋਕ ਬਦਚਲਣੀ ਦੀ ਹੱਦ ਪਾਰ ਕਰ ਚੁੱਕੇ ਹਨ। ਇਨਸਾਨਾਂ ਨੇ ਹਰ ਤਰ੍ਹਾਂ ਦੀ ਹਕੂਮਤ ਅਜ਼ਮਾ ਕੇ ਦੇਖ ਲਈ ਹੈ। ਉਹ ਸੰਧੀਆਂ ਤੇ ਦਸਤਖਤ ਕਰਦੇ ਅਤੇ ਨਵੇਂ-ਨਵੇਂ ਨਿਯਮ ਬਣਾਉਂਦੇ ਹਨ, ਪਰ ਫਿਰ ਵੀ ਸਾਧਾਰਣ ਲੋਕਾਂ ਦੀਆਂ ਲੋੜਾਂ ਅਜੇ ਅਧੂਰੀਆਂ ਹੀ ਹਨ। ਯੁੱਧਾਂ ਨੇ ਲੋਕਾਂ ਉੱਤੇ ਇਕ ਤੋਂ ਬਾਅਦ ਇਕ ਦੁੱਖ ਲਿਆਂਦੇ ਹਨ।

ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿਰਫ਼ ਪਰਮੇਸ਼ੁਰ ਹੀ ਬੁਰਾਈ ਨੂੰ ਖ਼ਤਮ ਕਰ ਸਕਦਾ ਹੈ! ਪਰ ਉਹ ਆਪਣੇ ਠਹਿਰਾਏ ਹੋਏ ਸਮੇਂ ਤੇ ਹੀ ਕਦਮ ਚੁੱਕੇਗਾ। ਉਦੋਂ ਤਕ ਸਾਡੇ ਕੋਲ ਇਹ ਮੌਕਾ ਹੈ ਕਿ ਅਸੀਂ ਬਾਈਬਲ ਵਿਚ ਦੱਸੇ ਗਏ ਉਸ ਦੇ ਹੁਕਮਾਂ ਤੇ ਅਸੂਲਾਂ ਉੱਤੇ ਚੱਲ ਕੇ ਉਸ ਦੀ ਹਕੂਮਤ ਦਾ ਪੂਰਾ-ਪੂਰਾ ਸਮਰਥਨ ਕਰੀਏ। ਜਦੋਂ ਸਾਡੇ ਉੱਤੇ ਦੁੱਖ-ਤਕਲੀਫ਼ਾਂ ਆਉਂਦੀਆਂ ਹਨ, ਤਾਂ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ਨੂੰ ਚੇਤੇ ਕਰ ਕੇ ਹੌਸਲਾ ਰੱਖ ਸਕਦੇ ਹਾਂ ਕਿ ਉਹ ਛੇਤੀ ਹੀ ਇਸ ਦੁਨੀਆਂ ਵਿੱਚੋਂ ਸਾਰੇ ਦੁੱਖ ਮਿਟਾ ਦੇਵੇਗਾ।

ਅਸੀਂ ਇਕੱਲੇ ਨਹੀਂ ਹਾਂ

ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਸ਼ਾਇਦ ਦੁੱਖਾਂ ਦਾ ਸਾਮ੍ਹਣਾ ਕਰਨ ਵੇਲੇ ਸੋਚੀਏ ਕਿ ‘ਇਹ ਮੇਰੇ ਨਾਲ ਹੀ ਕਿਉਂ ਹੋਇਆ?’ ਪਰ ਪੌਲੁਸ ਰਸੂਲ ਸਾਨੂੰ ਚੇਤੇ ਕਰਾਉਂਦਾ ਹੈ ਕਿ ਅਸੀਂ ਇਕੱਲੇ ਹੀ ਦੁੱਖ ਨਹੀਂ ਭੋਗ ਰਹੇ। ਉਹ ਕਹਿੰਦਾ ਹੈ ਕਿ ‘ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।’ (ਰੋਮੀਆਂ 8:22) ਇਸ ਗੱਲ ਨੂੰ ਯਾਦ ਰੱਖਣ ਨਾਲ ਤੁਹਾਨੂੰ ਆਪਣੇ ਦੁੱਖ ਸਹਿਣ ਵਿਚ ਮਦਦ ਮਿਲੇਗੀ। ਮਿਸਾਲ ਲਈ, ਨੀਕੋਲ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਸੀ ਜਦੋਂ 11 ਸਤੰਬਰ 2001 ਨੂੰ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀ.ਸੀ. ਉੱਤੇ ਅੱਤਵਾਦੀ ਹਮਲੇ ਹੋਏ ਸਨ। ਨੀਕੋਲ ਦੱਸਦੀ ਹੈ ਕਿ ਉਹ “ਬਹੁਤ ਹੀ ਡਰ ਗਈ ਸੀ।” ਪਰ ਜਦੋਂ ਉਸ ਨੇ ਆਪਣੇ ਸੰਗੀ ਮਸੀਹੀਆਂ ਬਾਰੇ ਪੜ੍ਹਿਆ ਕਿ ਉਨ੍ਹਾਂ ਨੇ ਇਸ ਤ੍ਰਾਸਦੀ ਨਾਲ ਕਿਵੇਂ ਨਜਿੱਠਿਆ, ਤਾਂ ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਕਰ ਸਕੀ। * “ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕੱਲੀ ਨਹੀਂ ਸੀ। ਇਸ ਹਕੀਕਤ ਨੇ ਮੇਰੇ ਦੁੱਖ ਨੂੰ ਘਟਾਉਣ ਵਿਚ ਮਦਦ ਕੀਤੀ।”

ਕਈ ਵਾਰ ਕਿਸੇ ਭਰੋਸੇਯੋਗ ਵਿਅਕਤੀ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਸ਼ਾਇਦ ਫ਼ਾਇਦੇਮੰਦ ਸਾਬਤ ਹੋਣ। ਅਸੀਂ ਆਪਣੇ ਮੰਮੀ, ਡੈਡੀ, ਸੂਝਵਾਨ ਮਿੱਤਰ ਜਾਂ ਮਸੀਹੀ ਨਿਗਾਹਬਾਨ ਨਾਲ ਗੱਲ ਕਰ ਕੇ ਮਨ ਹਲਕਾ ਕਰ ਸਕਦੇ ਹਾਂ। ਬਦਲੇ ਵਿਚ ਉਹ ਸਾਨੂੰ “ਚੰਗਾ ਬਚਨ” ਸੁਣਾ ਕੇ ਸਾਨੂੰ ਹੌਸਲਾ ਦੇ ਸਕਦੇ ਹਨ। (ਕਹਾਉਤਾਂ 12:25) ਇਕ ਬ੍ਰਾਜ਼ੀਲੀ ਨੌਜਵਾਨ ਮਸੀਹੀ ਯਾਦ ਕਰਦਾ ਹੈ: “ਮੇਰੇ ਪਿਤਾ ਜੀ ਨੂੰ ਗੁਜ਼ਰੇ ਨੌਂ ਸਾਲ ਹੋ ਗਏ ਹਨ ਅਤੇ ਮੈਂ ਜਾਣਦਾ ਹਾਂ ਕਿ ਯਹੋਵਾਹ ਇਕ ਦਿਨ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਨਵੀਂ ਜ਼ਿੰਦਗੀ ਦੇਵੇਗਾ। ਪਰ ਇਸ ਤੋਂ ਇਲਾਵਾ ਮੈਨੂੰ ਆਪਣੇ ਜਜ਼ਬਾਤਾਂ ਨੂੰ ਡਾਇਰੀ ਵਿਚ ਲਿਖਣ ਨਾਲ ਵੀ ਆਪਣੇ ਗਮ ਉੱਤੇ ਕਾਬੂ ਪਾਉਣ ਵਿਚ ਬਹੁਤ ਮਦਦ ਮਿਲੀ। ਇਸ ਤੋਂ ਇਲਾਵਾ, ਮੈਂ ਆਪਣੇ ਮਸੀਹੀ ਦੋਸਤਾਂ ਨੂੰ ਵੀ ਆਪਣੀਆਂ ਭਾਵਨਾਵਾਂ ਦੱਸਦਾ ਸੀ।” ਕੀ ਤੁਹਾਡੇ ਅਜਿਹੇ “ਮਿੱਤ੍ਰ” ਹਨ ਜਿਨ੍ਹਾਂ ਨੂੰ ਤੁਸੀਂ ਦਿਲ ਦੀ ਗੱਲ ਦੱਸ ਸਕੋ? (ਕਹਾਉਤਾਂ 17:17) ਜੇ ਤੁਹਾਡੇ ਅਜਿਹੇ ਦੋਸਤ-ਮਿੱਤਰ ਹਨ, ਤਾਂ ਉਨ੍ਹਾਂ ਦੀ ਮਦਦ ਕਬੂਲ ਕਰੋ! ਰੋਣ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਕਰਨ ਤੋਂ ਨਾ ਰੋਕੋ। ਹੰਝੂ ਵਹਾਉਣੇ ਸ਼ਰਮ ਦੀ ਗੱਲ ਨਹੀਂ ਹੈ ਕਿਉਂਕਿ ਜਦੋਂ ਯਿਸੂ ਦਾ ਪਿਆਰਾ ਦੋਸਤ ਮਰਿਆ ਸੀ, ਤਾਂ ਉਹ ਵੀ “ਰੋਇਆ” ਸੀ!—ਯੂਹੰਨਾ 11:35.

ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਇਕ ਦਿਨ ਅਸੀਂ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਹਾਸਲ ਕਰਾਂਗੇ। (ਰੋਮੀਆਂ 8:21) ਪਰੰਤੂ ਜਦੋਂ ਤਕ ਉਹ ਸਮਾਂ ਨਹੀਂ ਆਉਂਦਾ, ਉਦੋਂ ਤਕ ਚੰਗੇ ਲੋਕਾਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਹੀ ਪੈਣਾ ਹੈ। ਪਰ ਅਸੀਂ ਆਪਣਾ ਹੌਸਲਾ ਬੁਲੰਦ ਰੱਖ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਉੱਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ ਅਤੇ ਇਹ ਛੇਤੀ ਹੀ ਖ਼ਤਮ ਕਰ ਦਿੱਤੀਆਂ ਜਾਣਗੀਆਂ। (g04 3/22)

[ਫੁਟਨੋਟ]

^ ਪੈਰਾ 3 ਕੁਝ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 20 ਜਾਗਰੂਕ ਬਣੋ! ਦੇ 8 ਜਨਵਰੀ 2002 (ਅੰਗ੍ਰੇਜ਼ੀ) ਦੇ ਅੰਕ ਵਿਚ “ਉਨ੍ਹਾਂ ਨੇ ਹਿੰਮਤ ਨਾਲ ਸੰਕਟ ਦਾ ਮੁਕਾਬਲਾ ਕੀਤਾ” ਨਾਮਕ ਲੇਖ-ਮਾਲਾ ਦੇਖੋ।

[ਸਫ਼ੇ 16 ਉੱਤੇ ਤਸਵੀਰ]

ਤੁਸੀਂ ਆਪਣੇ ਦਿਲ ਦੀ ਗੱਲ ਦੱਸ ਕੇ ਮਨ ਹਲਕਾ ਕਰ ਸਕਦੇ ਹੋ