Skip to content

Skip to table of contents

ਹਾਰ ਨਾ ਮੰਨੋ!

ਹਾਰ ਨਾ ਮੰਨੋ!

ਹਾਰ ਨਾ ਮੰਨੋ!

ਜਦ ਤੁਸੀਂ ਕਿਸੇ ਮੁਸ਼ਕਲ ਵਿਚ ਹੁੰਦੇ ਹੋ, ਤਾਂ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹੋ ਜਾਂ ਫਿਰ ਹਿੰਮਤ ਕਰ ਕੇ ਉਸ ਦਾ ਸਾਮ੍ਹਣਾ ਕਰਦੇ ਹੋ? ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਪਰ ਕੁਝ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਤਾਂ ਮੁਸ਼ਕਲਾਂ ਦੇ ਪਹਾੜ ਟੁੱਟ ਪੈਂਦੇ ਹਨ। ਕਈ ਮਾਹਰਾਂ ਦਾ ਕਹਿਣਾ ਹੈ ਕਿ ਇਕ ਇਨਸਾਨ ਦੇ ਰਵੱਈਏ ਤੋਂ ਉਸ ਦੀ ਸੋਚ ਪਤਾ ਲੱਗਦੀ ਹੈ। ਕੁਝ ਲੋਕ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਪਾਰ ਕਰ ਲੈਂਦੇ ਹਨ, ਪਰ ਕੁਝ ਲੋਕ ਛੋਟੀ ਜਿਹੀ ਮੁਸ਼ਕਲ ਆਉਣ ’ਤੇ ਹਿੰਮਤ ਹਾਰ ਬੈਠਦੇ ਹਨ। ਇੱਦਾਂ ਕਿਉਂ ਹੁੰਦਾ ਹੈ?

ਮੰਨ ਲਓ ਕਿ ਤੁਸੀਂ ਨੌਕਰੀ ਲੱਭ ਰਹੇ ਹੋ। ਤੁਸੀਂ ਇਕ ਇੰਟਰਵਿਊ ਦਿੰਦੇ ਹੋ, ਪਰ ਤੁਹਾਨੂੰ ਨੌਕਰੀ ਨਹੀਂ ਮਿਲਦੀ। ਤੁਹਾਨੂੰ ਕਿੱਦਾਂ ਲੱਗੇਗਾ? ਕੀ ਤੁਸੀਂ ਇਹ ਸੋਚੋਗੇ, ‘ਮੈਨੂੰ ਕਿਸ ਨੇ ਕੰਮ ’ਤੇ ਰੱਖਣਾ? ਮੈਨੂੰ ਕਦੇ ਕੋਈ ਨੌਕਰੀ ਨਹੀਂ ਮਿਲਣੀ।’ ਜਾਂ ‘ਮੈਂ ਕਿਸੇ ਕੰਮ ਦਾ ਨਹੀਂ। ਮੈਂ ਜ਼ਿੰਦਗੀ ਵਿਚ ਕੁਝ ਨਹੀਂ ਕਰ ਸਕਦਾ।’ ਜੇ ਤੁਸੀਂ ਇੱਦਾਂ ਸੋਚੋਗੇ, ਤਾਂ ਤੁਸੀਂ ਜ਼ਰੂਰ ਨਿਰਾਸ਼ ਹੋ ਜਾਓਗੇ।

ਗ਼ਲਤ ਸੋਚ ਨੂੰ ਹਾਵੀ ਨਾ ਹੋਣ ਦਿਓ!

ਤੁਸੀਂ ਨਿਰਾਸ਼ ਕਰਨ ਵਾਲੀ ਸੋਚ ਨਾਲ ਕਿਵੇਂ ਲੜ ਸਕਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਸੋਚ ਨੂੰ ਪਛਾਣਨਾ ਪਵੇਗਾ। ਫਿਰ ਇਸ ਸੋਚ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ। ਜੇ ਤੁਹਾਡੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਸੋਚੋ ਕਿ ਇਸ ਪਿੱਛੇ ਕੀ ਕਾਰਨ ਹੋਵੇਗਾ। ਮਿਸਾਲ ਲਈ, ਕੀ ਤੁਹਾਨੂੰ ਉਹ ਨੌਕਰੀ ਇਸ ਲਈ ਨਹੀਂ ਮਿਲੀ ਕਿਉਂਕਿ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਜਾਂ ਫਿਰ ਤੁਹਾਡੇ ਕੋਲ ਜੋ ਹੁਨਰ ਹੈ, ਉਹ ਕੰਪਨੀ ਵਾਲਿਆਂ ਦੀਆਂ ਮੰਗਾਂ ਤੋਂ ਵੱਖਰਾ ਹੈ?

ਇਕ ਪਲ ਲਈ ਠੰਢੇ ਦਿਮਾਗ਼ ਨਾਲ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਕੀ ਹਾਲਾਤ ਸੱਚੀਂ ਇੰਨੇ ਮਾੜੇ ਹਨ ਜਾਂ ਕੀ ਤੁਸੀਂ ਐਵੇਂ ਹੀ ਇੰਨੀ ਚਿੰਤਾ ਕਰ ਰਹੇ ਹੋ। ਜਦ ਤੁਹਾਡੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਇਹ ਨਾ ਸੋਚੋ ਕਿ ਤੁਸੀਂ ਕਦੀ ਕੁਝ ਚੰਗਾ ਨਹੀਂ ਕਰ ਸਕਦੇ। ਸਗੋਂ ਆਪਣਾ ਧਿਆਨ ਚੰਗੀਆਂ ਗੱਲਾਂ ਵੱਲ ਲਾਓ। ਜਿਵੇਂ, ਸੋਚੋ ਕਿ ਤੁਹਾਡੇ ਘਰ ਵਿਚ ਸਭ-ਕੁਝ ਵਧੀਆ ਚੱਲ ਰਿਹਾ ਹੈ ਜਾਂ ਤੁਹਾਡੇ ਦੋਸਤ ਕਿੰਨੇ ਚੰਗੇ ਹਨ। ਜੇ ਤੁਹਾਨੂੰ ਨੌਕਰੀ ਨਹੀਂ ਮਿਲੀ, ਤਾਂ ਇਹ ਨਾ ਸੋਚੋ ਕਿ ਤੁਹਾਨੂੰ ਕਦੇ ਵੀ ਨੌਕਰੀ ਨਹੀਂ ਮਿਲਣੀ। ਗ਼ਲਤ ਸੋਚ ਤੁਹਾਡੇ ’ਤੇ ਹਾਵੀ ਨਾ ਹੋਵੇ, ਇਸ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ?

ਟੀਚਾ ਰੱਖੋ

ਹਾਲ ਹੀ ਦੇ ਸਾਲਾਂ ਵਿਚ ਖੋਜਕਾਰਾਂ ਨੇ ਉਮੀਦ ਰੱਖਣ ਦਾ ਮਤਲਬ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਰੱਖਣ ਵਿਚ ਇਸ ਗੱਲ ਦਾ ਭਰੋਸਾ ਰੱਖਣਾ ਸ਼ਾਮਲ ਹੈ ਕਿ ਤੁਸੀਂ ਆਪਣੇ ਟੀਚੇ ਪੂਰੇ ਕਰ ਲਓਗੇ। ਇੱਦਾਂ ਕਰਨ ਨਾਲ ਤੁਸੀਂ ਆਪਣੀ ਸੋਚ ਸੁਧਾਰ ਸਕੋਗੇ ਤੇ ਆਪਣਾ ਟੀਚਾ ਹਾਸਲ ਕਰ ਸਕੋਗੇ। ਅਗਲੇ ਲੇਖ ਵਿਚ ਅਸੀਂ ਉਮੀਦ ਬਾਰੇ ਹੋਰ ਕਈ ਗੱਲਾਂ ਜਾਣਾਂਗੇ।

ਕੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣਾ ਟੀਚਾ ਪੂਰਾ ਕਰ ਸਕਦੇ ਹੋ? ਜੇ ਤੁਸੀਂ ਛੋਟੇ-ਛੋਟੇ ਟੀਚੇ ਰੱਖ ਕੇ ਉਨ੍ਹਾਂ ਨੂੰ ਹਾਸਲ ਕਰ ਲੈਂਦੇ ਹੋ, ਤਾਂ ਤੁਹਾਡਾ ਆਪਣੇ ਆਪ ’ਤੇ ਭਰੋਸਾ ਵਧੇਗਾ। ਜੇ ਤੁਸੀਂ ਹਾਲੇ ਤਕ ਕੋਈ ਟੀਚਾ ਨਹੀਂ ਰੱਖਿਆ ਹੈ, ਤਾਂ ਤੁਸੀਂ ਇੱਦਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਕਈ ਵਾਰ ਅਸੀਂ ਜ਼ਿੰਦਗੀ ਦੀ ਭੱਜ-ਦੌੜ ਵਿਚ ਇੰਨਾ ਰੁੱਝ ਜਾਂਦੇ ਹਾਂ ਕਿ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਜ਼ਿੰਦਗੀ ਵਿਚ ਕਿਹੜੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਾਡੇ ਟੀਚੇ ਕਿਹੜੇ ਹਨ। ਬਾਈਬਲ ਵਿਚ ਬਹੁਤ ਸਮਾਂ ਪਹਿਲਾਂ ਇਸ ਬਾਰੇ ਸਲਾਹ ਦਿੱਤੀ ਗਈ ਸੀ। ਇਸ ਵਿਚ ਲਿਖਿਆ ਹੈ, “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿੱਪੀਆਂ 1:10.

ਜੇ ਸਾਨੂੰ ਇਹ ਪਤਾ ਹੋਵੇ ਕਿ ਕਿਹੜੀ ਗੱਲ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੈ, ਤਾਂ ਅਸੀਂ ਇਸ ਮੁਤਾਬਕ ਟੀਚੇ ਰੱਖ ਪਾਵਾਂਗੇ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਸ਼ੁਰੂ-ਸ਼ੁਰੂ ਵਿਚ ਬਹੁਤ ਸਾਰੇ ਟੀਚੇ ਨਾ ਰੱਖੀਏ। ਨਾਲੇ ਸਾਨੂੰ ਇੱਦਾਂ ਦੇ ਟੀਚੇ ਰੱਖਣੇ ਚਾਹੀਦੇ ਹਨ ਜੋ ਅਸੀਂ ਸੌਖਿਆਂ ਪੂਰੇ ਕਰ ਸਕੀਏ। ਜੇ ਅਸੀਂ ਕੋਈ ਔਖਾ ਟੀਚਾ ਰੱਖਦੇ ਹਾਂ, ਤਾਂ ਅਸੀਂ ਨਿਰਾਸ਼ ਹੋ ਕੇ ਹਾਰ ਮੰਨ ਲਵਾਂਗੇ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਛੋਟੇ ਟੀਚੇ ਹੀ ਰੱਖੀਏ।

ਇਕ ਪੁਰਾਣੀ ਕਹਾਵਤ ਹੈ: ਜਿੱਥੇ ਚਾਹ, ਉੱਥੇ ਰਾਹ! ਟੀਚਾ ਰੱਖਣ ਤੋਂ ਬਾਅਦ ਸਾਨੂੰ ਉਸ ਨੂੰ ਪੂਰਾ ਕਰਨ ਦਾ ਠਾਣ ਲੈਣਾ ਚਾਹੀਦਾ ਹੈ। ਜੇ ਅਸੀਂ ਉਸ ਟੀਚੇ ਦੇ ਫ਼ਾਇਦਿਆਂ ਬਾਰੇ ਸੋਚਾਂਗੇ, ਤਾਂ ਅਸੀਂ ਇਸ ਨੂੰ ਪੂਰਾ ਕਰਨ ਲਈ ਹੋਰ ਵੀ ਮਿਹਨਤ ਕਰਾਂਗੇ। ਹੋ ਸਕਦਾ ਹੈ ਕਿ ਮੁਸ਼ਕਲਾਂ ਆਉਣ, ਪਰ ਸਾਨੂੰ ਨਿਰਾਸ਼ ਹੋ ਕੇ ਹਾਰ ਨਹੀਂ ਮੰਨ ਲੈਣੀ ਚਾਹੀਦੀ।

ਸਾਨੂੰ ਪਹਿਲਾਂ ਤੋਂ ਹੀ ਸੋਚਣਾ ਚਾਹੀਦਾ ਹੈ ਕਿ ਟੀਚਾ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਇਕ ਲੇਖਕ ਸੀ. ਆਰ. ਸਨਾਈਡਰ ਨੇ ਸਲਾਹ ਦਿੱਤੀ ਕਿ ਟੀਚਾ ਹਾਸਲ ਕਰਨ ਲਈ ਸਾਨੂੰ ਵੱਖੋ-ਵੱਖਰੇ ਤਰੀਕੇ ਸੋਚ ਕੇ ਰੱਖਣੇ ਚਾਹੀਦੇ ਹਨ। ਜੇ ਇਕ ਤਰੀਕਾ ਕੰਮ ਨਾ ਆਵੇ, ਤਾਂ ਅਸੀਂ ਦੂਸਰਾ ਤਰੀਕਾ ਵਰਤ ਸਕਦੇ ਹਾਂ ਅਤੇ ਜੇ ਦੂਸਰਾ ਵੀ ਕੰਮ ਨਾ ਆਵੇ, ਤਾਂ ਤੀਸਰਾ।

ਇਸ ਲੇਖਕ ਨੇ ਇਹ ਵੀ ਕਿਹਾ ਕਿ ਸ਼ਾਇਦ ਕਈ ਵਾਰ ਸਾਨੂੰ ਆਪਣੇ ਟੀਚੇ ਬਦਲਣੇ ਪੈਣ। ਜੇ ਅਸੀਂ ਕੋਈ ਟੀਚਾ ਹਾਸਲ ਨਹੀਂ ਕਰ ਪਾ ਰਹੇ, ਤਾਂ ਉਸ ਬਾਰੇ ਸੋਚਦੇ ਰਹਿਣ ਨਾਲ ਅਸੀਂ ਪਰੇਸ਼ਾਨ ਹੋ ਸਕਦੇ ਹਾਂ। ਇਸ ਲਈ ਜੇ ਅਸੀਂ ਆਪਣਾ ਟੀਚਾ ਬਦਲ ਲਈਏ ਅਤੇ ਕੋਈ ਹੋਰ ਟੀਚਾ ਰੱਖ ਲਈਏ ਜਿਸ ਨੂੰ ਅਸੀਂ ਹਾਸਲ ਕਰ ਸਕਦੇ ਹਾਂ, ਤਾਂ ਸਾਨੂੰ ਫਿਰ ਤੋਂ ਉਮੀਦ ਮਿਲੇਗੀ।

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਨੇ ਵੀ ਕੁਝ ਇੱਦਾਂ ਹੀ ਕੀਤਾ। ਉਸ ਨੇ ਸੋਚਿਆ ਸੀ ਕਿ ਉਹ ਯਹੋਵਾਹ ਪਰਮੇਸ਼ੁਰ ਲਈ ਮੰਦਰ ਬਣਾਵੇਗਾ, ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਉਹ ਨਹੀਂ, ਸਗੋਂ ਉਸ ਦਾ ਪੁੱਤਰ ਮੰਦਰ ਬਣਾਵੇਗਾ। ਇਸ ਗੱਲ ਕਰਕੇ ਨਿਰਾਸ਼ ਹੋਣ ਦੀ ਬਜਾਇ, ਦਾਊਦ ਨੇ ਆਪਣਾ ਟੀਚਾ ਬਦਲ ਲਿਆ। ਉਸ ਨੇ ਮੰਦਰ ਬਣਾਉਣ ਵਿਚ ਆਪਣੇ ਪੁੱਤਰ ਦੀ ਮਦਦ ਕਰਨ ਬਾਰੇ ਸੋਚਿਆ, ਇਸ ਲਈ ਉਹ ਸੋਨਾ-ਚਾਂਦੀ ਤੇ ਹੋਰ ਚੀਜ਼ਾਂ ਇਕੱਠੀਆਂ ਕਰਨ ਲੱਗ ਪਿਆ।​—1 ਰਾਜਿਆਂ 8:17-19; 1 ਇਤਿਹਾਸ 29:3-7.

ਚਾਹੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਤੇ ਉਮੀਦ ਰੱਖਣੀ ਸਿੱਖ ਲਈਏ, ਤਾਂ ਵੀ ਹੋ ਸਕਦਾ ਹੈ ਕਿ ਅਸੀਂ ਕਦੀ-ਕਦੀ ਨਿਰਾਸ਼ ਹੋ ਜਾਈਏ। ਕਿਉਂ? ਕਿਉਂਕਿ ਕਈ ਚੀਜ਼ਾਂ ਸਾਡੇ ਹੱਥ-ਵੱਸ ਨਹੀਂ ਹੁੰਦੀਆਂ। ਅੱਜ ਲੋਕ ਗ਼ਰੀਬੀ, ਯੁੱਧ, ਅਨਿਆਂ ਤੇ ਬੀਮਾਰੀਆਂ ਕਰਕੇ ਨਿਰਾਸ਼ ਹਨ। ਇਨ੍ਹਾਂ ਬਾਰੇ ਸੋਚ ਕੇ ਸ਼ਾਇਦ ਅਸੀਂ ਵੀ ਉਮੀਦ ਗੁਆ ਬੈਠੀਏ। ਤਾਂ ਫਿਰ ਉਸ ਵੇਲੇ ਕੌਣ ਸਾਨੂੰ ਉਮੀਦ ਦੇ ਸਕਦਾ ਹੈ?

[ਤਸਵੀਰ]

ਜੇ ਤੁਹਾਨੂੰ ਕੋਈ ਨੌਕਰੀ ਨਾ ਮਿਲੇ, ਤਾਂ ਕੀ ਤੁਸੀਂ ਸੋਚੋਗੇ ਕਿ ਤੁਹਾਨੂੰ ਕਦੇ ਵੀ ਨੌਕਰੀ ਨਹੀਂ ਮਿਲਣੀ?

[ਤਸਵੀਰ]

ਰਾਜਾ ਦਾਊਦ ਨੇ ਆਪਣਾ ਟੀਚਾ ਬਦਲਿਆ