Skip to content

Skip to table of contents

ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ

ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ

ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ

“ਜੇ ਤੁਸੀਂ ਆਪਣੇ ਬੱਚੇ ਨੂੰ ਇਹ ਮਹਿਸੂਸ ਕਰਾਉਂਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਉਹ ਪਰਿਵਾਰ ਦਾ ਹਿੱਸਾ ਹੈ, ਤੁਸੀਂ ਉਸ ਨੂੰ ਕਿੰਨਾ ਚਾਹੁੰਦੇ ਹੋ ਅਤੇ ਤੁਸੀਂ ਉਸ ਨੂੰ ਸਿੱਖਣ ਦੀ ਪ੍ਰੇਰਣਾ ਦਿੰਦੇ ਹੋ, ਤਾਂ ਉਸ ਦੇ ਦਿਮਾਗ਼ ਦਾ ਚੰਗੀ ਤਰ੍ਹਾਂ ਵਿਕਸਿਤ ਹੋਵੇਗਾ,” ਹਾਵਰਡ ਮੈਡੀਕਲ ਸਕੂਲ ਦਾ ਪ੍ਰੋਫ਼ੈਸਰ ਪੀਟਰ ਗੋਰਸਕੀ ਕਹਿੰਦਾ ਹੈ। “ਮਾਪਿਆਂ ਦੀ ਜ਼ਿੰਮੇਵਾਰੀ ਸਿਰਫ਼ ਬੱਚੇ ਨੂੰ ਦਿਮਾਗ਼ੀ ਤੌਰ ਤੇ ਹੁਸ਼ਿਆਰ ਬਣਾਉਣਾ ਹੀ ਨਹੀਂ ਹੈ, ਸਗੋਂ ਬੱਚੇ ਦੀ ਪਰਵਰਿਸ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਸਿਹਤਮੰਦ, ਸਮਝਦਾਰ ਤੇ ਦਇਆਵਾਨ ਇਨਸਾਨ ਬਣ ਸਕੇ।”

ਮਾਪਿਆਂ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਨੈਤਿਕ ਤੌਰ ਤੇ ਚੰਗਾ ਇਨਸਾਨ ਬਣਦਾ ਹੈ ਤੇ ਦੂਜਿਆਂ ਦੀ ਪਰਵਾਹ ਕਰਦਾ ਹੈ! ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਦਾ ਇਨਸਾਨ ਬਣੇ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਦੇ ਮਾਰਗ-ਦਰਸ਼ਕ, ਸਾਥੀ ਤੇ ਉਸ ਲਈ ਚੰਗੀ ਮਿਸਾਲ ਬਣੋ ਅਤੇ ਉਸ ਨਾਲ ਗੱਲਾਂ ਕਰੋ। ਸਾਰੇ ਬੱਚਿਆਂ ਵਿਚ ਚੰਗੇ ਇਨਸਾਨ ਬਣਨ ਦੀ ਯੋਗਤਾ ਹੁੰਦੀ ਹੈ, ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਅਸੂਲ ਸਿਖਾਉਂਦੇ ਰਹਿਣ।

ਬੱਚਿਆਂ ਦੀ ਸ਼ਖ਼ਸੀਅਤ ਨੂੰ ਕੌਣ ਢਾਲ਼ਦਾ ਹੈ?

ਵਿਦਵਾਨਾਂ ਦੇ ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ ਕਿ ਬੱਚਿਆਂ ਦੀ ਸ਼ਖ਼ਸੀਅਤ ਉੱਤੇ ਕਿਨ੍ਹਾਂ ਦਾ ਜ਼ਿਆਦਾ ਅਸਰ ਪੈਂਦਾ ਹੈ। ਕੁਝ ਮੰਨਦੇ ਹਨ ਕਿ ਬੱਚਿਆਂ ਉੱਤੇ ਉਨ੍ਹਾਂ ਦੇ ਦੋਸਤਾਂ ਦਾ ਜ਼ਿਆਦਾ ਅਸਰ ਪੈਂਦਾ ਹੈ। ਪਰ ਬਾਲ ਵਿਕਾਸ ਦੇ ਇਕ ਵੱਡੇ ਡਾਕਟਰ ਟੀ. ਬੈਰੀ ਬ੍ਰੇਜ਼ਲਟਨ ਅਤੇ ਸਟੈਨਲੀ ਗ੍ਰੀਨਸਪੈਨ ਕਹਿੰਦੇ ਹਨ ਕਿ ਸ਼ੁਰੂਆਤੀ ਸਾਲਾਂ ਦੌਰਾਨ ਮਾਪਿਆਂ ਦੀ ਪਿਆਰ ਭਰੀ ਦੇਖ-ਭਾਲ ਬੱਚੇ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਇਸ ਤੋਂ ਇਲਾਵਾ, ਬਾਲ ਉਮਰ ਦੇ ਤਜਰਬੇ ਅਤੇ ਦੂਜਿਆਂ ਦਾ ਪ੍ਰਭਾਵ ਵੀ ਬੱਚੇ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਘਰ ਵਿਚ ਸਾਰਿਆਂ ਨੂੰ ਬੱਚੇ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਕਿਵੇਂ ਚੰਗੀ ਤਰ੍ਹਾਂ ਜ਼ਾਹਰ ਕਰ ਸਕਦੇ ਹਨ। ਜਿਨ੍ਹਾਂ ਬੱਚਿਆਂ ਨੂੰ ਅਜਿਹੀ ਸਿਖਲਾਈ ਦਿੱਤੀ ਜਾਂਦੀ ਹੈ, ਉਹ ਆਮ ਤੌਰ ਤੇ ਦੂਸਰਿਆਂ ਨਾਲ ਮਿਲਵਰਤਨ ਰੱਖਦੇ ਹਨ ਅਤੇ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਂਦੇ ਹਨ।

ਛੋਟੀ ਉਮਰ ਤੋਂ ਹੀ ਬੱਚੇ ਨੂੰ ਸਿਖਲਾਈ ਦੇਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ, ਖ਼ਾਸ ਕਰਕੇ ਜੇ ਤੁਸੀਂ ਪਹਿਲੀ ਵਾਰ ਮਾਂ-ਬਾਪ ਬਣੇ ਹੋ, ਤਾਂ ਉਨ੍ਹਾਂ ਮਾਪਿਆਂ ਦੀ ਸਲਾਹ ਲੈਣੀ ਤੇ ਮੰਨਣੀ ਚੰਗੀ ਗੱਲ ਹੋਵੇਗੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਹੈ। ਵਿਦਵਾਨਾਂ ਨੇ ਬੱਚਿਆਂ ਦੇ ਵਿਕਾਸ ਉੱਤੇ ਅਣਗਿਣਤ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਸਲਾਹਾਂ ਆਮ ਤੌਰ ਤੇ ਬਾਈਬਲ ਵਿਚ ਦਿੱਤੀਆਂ ਸਲਾਹਾਂ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ। ਜਦੋਂ ਮਾਤਾ-ਪਿਤਾ ਪਰਮੇਸ਼ੁਰ ਦੇ ਬਚਨ ਦੇ ਵਧੀਆ ਅਸੂਲਾਂ ਉੱਤੇ ਚੱਲਦੇ ਹਨ, ਤਾਂ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਵਧੀਆ ਢੰਗ ਨਾਲ ਕਰ ਪਾਉਂਦੇ ਹਨ। ਕੁਝ ਵਧੀਆ ਅਸੂਲਾਂ ਤੇ ਗੌਰ ਕਰੋ।

ਪਿਆਰ ਜ਼ਾਹਰ ਕਰਨ ਤੋਂ ਨਾ ਝਿਜਕੋ

ਬੱਚੇ ਛੋਟੇ ਪੌਦਿਆਂ ਵਾਂਗ ਹੁੰਦੇ ਹਨ ਜੋ ਲਗਾਤਾਰ ਪਿਆਰ ਭਰੀ ਦੇਖ-ਭਾਲ ਮਿਲਣ ਤੇ ਵਧਦੇ-ਫੁੱਲਦੇ ਹਨ। ਪਾਣੀ ਤੇ ਸੂਰਜ ਦੀ ਰੌਸ਼ਨੀ ਮਿਲਣ ਨਾਲ ਪੌਦਾ ਵਧਦਾ ਤੇ ਜੜ੍ਹ ਫੜਦਾ ਹੈ। ਇਸੇ ਤਰ੍ਹਾਂ ਜਦੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਉਂਦੇ ਹਨ ਤੇ ਉਨ੍ਹਾਂ ਨਾਲ ਲਾਡ-ਪਿਆਰ ਕਰਦੇ ਹਨ, ਤਾਂ ਬੱਚੇ ਮਾਨਸਿਕ ਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਹੋਣਗੇ ਤੇ ਵਧਣ-ਫੁੱਲਣਗੇ।

ਬਾਈਬਲ ਕਹਿੰਦੀ ਹੈ: “ਪ੍ਰੇਮ ਬਣਾਉਂਦਾ ਹੈ।” (1 ਕੁਰਿੰਥੀਆਂ 8:1) ਆਪਣੇ ਬੱਚਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਲੇ ਮਾਂ-ਬਾਪ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੀ ਰੀਸ ਕਰਦੇ ਹਨ। ਬਾਈਬਲ ਦੱਸਦੀ ਹੈ ਕਿ ਬਪਤਿਸਮੇ ਵੇਲੇ ਯਿਸੂ ਨੇ ਆਪਣੇ ਪਿਤਾ ਨੂੰ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਸੁਣਿਆ ਸੀ। ਭਾਵੇਂ ਉਦੋਂ ਯਿਸੂ ਵੱਡਾ ਹੋ ਚੁੱਕਾ ਸੀ, ਪਰ ਫਿਰ ਵੀ ਉਸ ਨੂੰ ਇਹ ਸੁਣ ਕੇ ਕਿੰਨੀ ਖ਼ੁਸ਼ੀ ਹੋਈ ਹੋਵੇਗੀ!—ਲੂਕਾ 3:22.

ਤੁਹਾਡਾ ਪਿਆਰ, ਲੋਰੀਆਂ ਤੇ ਖੇਡਾਂ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਡਾਕਟਰ ਜੇ. ਫਰੇਜ਼ਰ ਮਸਟਰਡ ਕਹਿੰਦਾ ਹੈ: ‘ਬੱਚਾ ਜੋ ਵੀ ਕਰਦਾ ਹੈ, ਉਹ ਉਸ ਲਈ ਇਕ ਤਜਰਬਾ ਹੈ। ਜੇ ਬੱਚਾ ਰਿੜ੍ਹਨਾ ਸਿੱਖ ਰਿਹਾ ਹੈ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਨੂੰ ਹੱਲਾਸ਼ੇਰੀ ਦਿਓ।’ ਮਾਂ-ਬਾਪ ਦੇ ਪਿਆਰ ਤੇ ਦੇਖ-ਭਾਲ ਨਾਲ ਬੱਚਾ ਵਧਦਾ-ਫੁੱਲਦਾ ਹੈ ਅਤੇ ਵੱਡਾ ਹੋ ਕੇ ਇਕ ਜ਼ਿੰਮੇਵਾਰ ਤੇ ਸਮਝਦਾਰ ਇਨਸਾਨ ਬਣਦਾ ਹੈ।

ਸਾਥੀ ਬਣ ਕੇ ਉਸ ਨਾਲ ਗੱਲਾਂ ਕਰੋ

ਬੱਚੇ ਨਾਲ ਸਮਾਂ ਬਿਤਾਉਣ ਨਾਲ ਮਾਂ-ਬਾਪ ਦਾ ਉਸ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਬੱਚਾ ਵੀ ਬਿਨਾਂ ਝਿਜਕੇ ਉਨ੍ਹਾਂ ਨਾਲ ਗੱਲਾਂ ਕਰਨੀਆਂ ਸਿੱਖਦਾ ਹੈ। ਬਾਈਬਲ ਮਾਂ-ਬਾਪ ਨੂੰ ਸਲਾਹ ਦਿੰਦੀ ਹੈ ਕਿ ਉਹ ਘਰ ਵਿਚ ਅਤੇ ਹੋਰ ਥਾਵਾਂ ਤੇ ਹਰ ਮੌਕੇ ਤੇ ਬੱਚਿਆਂ ਨਾਲ ਗੱਲਾਂ ਕਰਨ।—ਬਿਵਸਥਾ ਸਾਰ 6:6, 7; 11:18-21.

ਬਾਲ ਵਿਕਾਸ ਦੇ ਮਾਹਰ ਮੰਨਦੇ ਹਨ ਕਿ ਮਾਂ-ਬਾਪ ਬੱਚਿਆਂ ਨਾਲ ਜੋ ਸਮਾਂ ਬਿਤਾਉਂਦੇ ਹਨ, ਉਹ ਮਹਿੰਗੇ ਖਿਡੌਣਿਆਂ ਜਾਂ ਖ਼ਾਸ ਖੇਡਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਰੋਜ਼ ਉਨ੍ਹਾਂ ਨਾਲ ਗੱਲ ਕਰਨ ਦੇ ਕਈ ਮੌਕੇ ਮਿਲ ਸਕਦੇ ਹਨ। ਉਦਾਹਰਣ ਲਈ, ਪਾਰਕ ਵਿਚ ਜਾ ਕੇ ਫੁੱਲ-ਬੂਟੇ ਜਾਂ ਪੰਛੀਆਂ ਨੂੰ ਦੇਖਦੇ ਵੇਲੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਈ ਸਵਾਲ ਪੁੱਛ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਸੋਚਣ ਅਤੇ ਅੱਗੋਂ ਹੋਰ ਸਵਾਲ ਪੁੱਛਣ ਦਾ ਉਤਸ਼ਾਹ ਮਿਲਦਾ ਹੈ।

ਬਾਈਬਲ ਕਹਿੰਦੀ ਹੈ ਕਿ “ਇੱਕ ਨੱਚਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 4) ਜੀ ਹਾਂ, ਬੱਚੇ ਦਾ ਨਿਸ਼ਚਿੰਤ ਹੋ ਕੇ ਖੇਡਣਾ ਬਹੁਤ ਜ਼ਰੂਰੀ ਹੈ। ਇਸ ਨਾਲ ਉਸ ਦੀ ਬੁੱਧੀ ਤੇਜ਼ ਹੁੰਦੀ ਹੈ, ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਆਪਣੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਜ਼ਾਹਰ ਕਰਨਾ ਸਿੱਖਦਾ ਹੈ। ਡਾਕਟਰ ਮਸਟਰਡ ਅਨੁਸਾਰ, ਖੇਡਣਾ ਸਿਰਫ਼ ਚੰਗੀ ਗੱਲ ਹੀ ਨਹੀਂ ਹੈ, ਸਗੋਂ ਹਰ ਹਾਲਤ ਵਿਚ ਜ਼ਰੂਰੀ ਵੀ ਹੈ। ਉਹ ਕਹਿੰਦਾ ਹੈ: “ਬੱਚੇ ਦੇ ਦਿਮਾਗ਼ ਦੇ ਪੂਰੇ ਕਨੈਕਸ਼ਨ ਮੁੱਖ ਤੌਰ ਤੇ ਖੇਡਣ ਨਾਲ ਬਣਦੇ ਹਨ।” ਸਹਿਜ-ਸੁਭਾਅ ਖੇਡਣ ਵੇਲੇ ਬੱਚਾ ਸਾਧਾਰਣ ਚੀਜ਼ਾਂ ਨੂੰ ਖਿਡੌਣੇ ਬਣਾ ਕੇ ਖੇਡ ਸਕਦਾ ਹੈ, ਜਿਵੇਂ ਕਿ ਇਕ ਖਾਲੀ ਗੱਤੇ ਦਾ ਡੱਬਾ। ਘਰਾਂ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਸਾਧਾਰਣ ਪਰ ਸੁਰੱਖਿਅਤ ਚੀਜ਼ਾਂ ਵੀ ਮਹਿੰਗੇ ਖਿਡੌਣਿਆਂ ਵਾਂਗ ਬੱਚਿਆਂ ਦਾ ਮਨ ਪਰਚਾ ਸਕਦੀਆਂ ਹਨ।

ਬਾਲ ਵਿਕਾਸ ਦੇ ਮਾਹਰ ਕਹਿੰਦੇ ਹਨ ਕਿ ਮਾਂ-ਬਾਪ ਜੇ ਬੱਚਿਆਂ ਨੂੰ ਸਹਿਜ-ਸੁਭਾਅ ਨਹੀਂ ਖੇਡਣ ਦਿੰਦੇ, ਸਗੋਂ ਉਨ੍ਹਾਂ ਉੱਤੇ ਕੁਝ-ਨਾ-ਕੁਝ ਸਿੱਖਣ ਲਈ ਜ਼ੋਰ ਪਾਉਂਦੇ ਰਹਿੰਦੇ ਹਨ, ਤਾਂ ਬੱਚਿਆਂ ਦੀ ਕਲਪਨਾ ਕਰਨ ਤੇ ਕੁਝ ਬਣਾਉਣ ਦੀ ਕਾਬਲੀਅਤ ਦੱਬ ਸਕਦੀ ਹੈ। ਇਸ ਲਈ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚੇ ਨੂੰ ਆਪਣੀ ਦੁਨੀਆਂ ਵਿਚ ਵਿਚਰਨ ਤੇ ਆਪਣਾ ਦਿਮਾਗ਼ ਲੜਾਉਣ ਦਾ ਮੌਕਾ ਦਿਓ। ਅਕਸਰ ਬੱਚਾ ਖੇਡਣ ਲਈ ਕੁਝ-ਨਾ-ਕੁਝ ਲੱਭ ਹੀ ਲੈਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਗੱਲੋਂ ਅਵੇਸਲੇ ਹੋ ਜਾਓ ਕਿ ਤੁਹਾਡਾ ਬੱਚਾ ਕੀ ਕਰ ਰਿਹਾ ਹੈ ਤੇ ਕਿੱਥੇ ਖੇਡ ਰਿਹਾ ਹੈ। ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਸ ਨੂੰ ਕੋਈ ਸੱਟ-ਚੋਟ ਨਾ ਲੱਗੇ।

ਬੱਚਿਆਂ ਲਈ ਸਮਾਂ ਕੱਢੋ

ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਤੇ ਉਨ੍ਹਾਂ ਨੂੰ ਸਮਝਦਾਰ ਇਨਸਾਨ ਬਣਾਉਣ ਲਈ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਮਾਂ-ਬਾਪ ਹਰ ਦਿਨ ਇਕ ਨਿਯਤ ਸਮੇਂ ਤੇ ਆਪਣੇ ਬੱਚਿਆਂ ਨੂੰ ਪੜ੍ਹ ਕੇ ਸੁਣਾਉਂਦੇ ਹਨ। ਇਨ੍ਹਾਂ ਮੌਕਿਆਂ ਤੇ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਸਿਰਜਣਹਾਰ ਵੱਲੋਂ ਦਿੱਤੇ ਨੈਤਿਕ ਅਸੂਲ ਸਿਖਾ ਸਕਦੇ ਹਨ। ਬਾਈਬਲ ਦੱਸਦੀ ਹੈ ਕਿ ਵਫ਼ਾਦਾਰ ਸਿੱਖਿਅਕ ਤੇ ਮਿਸ਼ਨਰੀ ਤਿਮੋਥਿਉਸ ‘ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਸੀ।’—2 ਤਿਮੋਥਿਉਸ 3:15.

ਬੱਚੇ ਨੂੰ ਪੜ੍ਹ ਕੇ ਸੁਣਾਉਣ ਨਾਲ ਉਸ ਦੇ ਦਿਮਾਗ਼ ਦੇ ਹੋਰ ਜ਼ਿਆਦਾ ਕਨੈਕਸ਼ਨ ਬਣਦੇ ਹਨ। ਇਸ ਲਈ ਜ਼ਰੂਰੀ ਹੈ ਕਿ ਜੋ ਵੀ ਵਿਅਕਤੀ ਬੱਚੇ ਨੂੰ ਪੜ੍ਹ ਕੇ ਸੁਣਾਉਂਦਾ ਹੈ, ਉਹ ਆਰਾਮ ਨਾਲ ਤੇ ਪਿਆਰ ਨਾਲ ਪੜ੍ਹੇ। ਸਿੱਖਿਆ-ਸ਼ਾਸਤਰ ਦੀ ਪ੍ਰੋਫ਼ੈਸਰ ਲਿੰਡਾ ਸੀਗਲ ਸਲਾਹ ਦਿੰਦੀ ਹੈ: “ਉਹੀ ਪੜ੍ਹੋ ਜੋ ਬੱਚੇ ਨੂੰ ਸਮਝ ਆਵੇ।” ਇਸ ਦੇ ਨਾਲ-ਨਾਲ ਨਿਯਮਿਤ ਤੌਰ ਤੇ ਅਤੇ ਹਰ ਦਿਨ ਨਿਯਤ ਸਮੇਂ ਤੇ ਪੜ੍ਹਨ ਦੀ ਕੋਸ਼ਿਸ਼ ਕਰੋ। ਇਸ ਨਾਲ ਬੱਚੇ ਦੀ ਦਿਲਚਸਪੀ ਬਣੀ ਰਹੇਗੀ।

ਬੱਚੇ ਨੂੰ ਸਿੱਖਿਆ ਦੇਣ ਵਿਚ ਉਸ ਨੂੰ ਅਨੁਸ਼ਾਸਨ ਦੇਣਾ ਵੀ ਸ਼ਾਮਲ ਹੈ। ਪਿਆਰ ਨਾਲ ਦਿੱਤੇ ਅਨੁਸ਼ਾਸਨ ਤੋਂ ਬੱਚਿਆਂ ਨੂੰ ਲਾਭ ਹੁੰਦਾ ਹੈ। ਕਹਾਉਤਾਂ 13:1 ਕਹਿੰਦਾ ਹੈ: “ਬੁੱਧਵਾਨ ਪੁੱਤ੍ਰ ਤਾਂ ਆਪਣੇ ਪਿਉ ਦੀ ਸਿੱਖਿਆ ਸੁਣਦਾ ਹੈ।” ਪਰ ਯਾਦ ਰੱਖੋ ਕਿ ਸਿੱਖਿਆ ਜਾਂ ਅਨੁਸ਼ਾਸਨ ਦੇਣ ਦਾ ਮਤਲਬ ਸਿਰਫ਼ ਮਾਰਨਾ-ਕੁੱਟਣਾ ਨਹੀਂ ਹੈ। ਤੁਸੀਂ ਬੱਚੇ ਨੂੰ ਤਾੜਨਾ ਦੇ ਕੇ ਜਾਂ ਕਿਸੇ ਮਨਪਸੰਦ ਚੀਜ਼ ਤੋਂ ਵਾਂਝਿਆਂ ਰੱਖ ਕੇ ਵੀ ਅਨੁਸ਼ਾਸਨ ਦੇ ਸਕਦੇ ਹੋ। ਡਾਕਟਰ ਬ੍ਰੇਜ਼ਲਟਨ ਦਾ ਕਹਿਣਾ ਹੈ ਕਿ ਅਨੁਸ਼ਾਸਨ ਦਾ ਮਤਲਬ ਹੈ “ਬੱਚੇ ਨੂੰ ਇਹ ਸਿਖਾਉਣਾ ਕਿ ਉਹ ਆਪਣੇ ਜਜ਼ਬਾਤ ਕਿਵੇਂ ਜ਼ਾਹਰ ਕਰੇ ਤੇ ਆਪਣੇ ਤੇ ਕਿਵੇਂ ਕਾਬੂ ਰੱਖੇ। ਹਰ ਬੱਚਾ ਚਾਹੁੰਦਾ ਹੈ ਕਿ ਕੋਈ ਉਸ ਲਈ ਹੱਦਾਂ ਮਿੱਥੇ। ਪਿਆਰ ਤੋਂ ਬਾਅਦ ਅਨੁਸ਼ਾਸਨ ਹੀ ਸਭ ਤੋਂ ਮਹੱਤਵਪੂਰਣ ਹੈ।”

ਮਾਪਿਓ, ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਅਨੁਸ਼ਾਸਨ ਦਾ ਬੱਚਿਆਂ ਉੱਤੇ ਅਸਰ ਪੈ ਰਿਹਾ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਨੁਸ਼ਾਸਨ ਕਿਉਂ ਦਿੱਤਾ ਜਾ ਰਿਹਾ ਹੈ। ਜਦੋਂ ਤੁਸੀਂ ਬੱਚੇ ਨੂੰ ਤਾੜਦੇ ਹੋ, ਤਾਂ ਉਸ ਨੂੰ ਇਸ ਤਰ੍ਹਾਂ ਤਾੜੋ ਕਿ ਉਸ ਨੂੰ ਪਤਾ ਲੱਗੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤੇ ਉਸ ਦਾ ਹੀ ਭਲਾ ਚਾਹੁੰਦੇ ਹੋ।

ਕਾਮਯਾਬ ਮਾਪਿਆਂ ਦੀ ਮਿਸਾਲ

ਫਰੈੱਡ ਨੇ ਆਪਣੀ ਬੱਚੀ ਨੂੰ ਉਸ ਸਮੇਂ ਤੋਂ ਹੀ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਅਜੇ ਬਹੁਤ ਛੋਟੀ ਸੀ। ਇਸ ਦਾ ਫ਼ਾਇਦਾ ਇਹ ਹੋਇਆ ਕਿ ਉਸ ਦੀ ਕੁੜੀ ਨੂੰ ਬਹੁਤ ਸਾਰੀਆਂ ਕਹਾਣੀਆਂ ਮੂੰਹ-ਜ਼ਬਾਨੀ ਯਾਦ ਹੋ ਗਈਆਂ ਅਤੇ ਕਿਤਾਬ ਤੋਂ ਦੇਖ-ਦੇਖ ਕੇ ਉਸ ਨੂੰ ਕਈ ਸ਼ਬਦਾਂ ਦੀ ਪਛਾਣ ਵੀ ਹੋ ਗਈ। ਕ੍ਰਿਸ ਵੀ ਆਪਣੇ ਬੱਚਿਆਂ ਨੂੰ ਬਾਕਾਇਦਾ ਪੜ੍ਹ ਕੇ ਸੁਣਾਉਂਦਾ ਸੀ। ਉਹ ਵੱਖੋ-ਵੱਖਰੇ ਵਿਸ਼ੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਉਸ ਦੇ ਬੱਚੇ ਬਹੁਤ ਛੋਟੇ ਸਨ, ਤਾਂ ਉਨ੍ਹਾਂ ਨੂੰ ਨੈਤਿਕ ਤੇ ਅਧਿਆਤਮਿਕ ਸਿੱਖਿਆ ਦੇਣ ਲਈ ਉਹ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਰਗੀਆਂ ਕਿਤਾਬਾਂ ਵਿਚ ਦਿੱਤੀਆਂ ਤਸਵੀਰਾਂ ਇਸਤੇਮਾਲ ਕਰਿਆ ਕਰਦਾ ਸੀ। *

ਕਈ ਮਾਂ-ਬਾਪ ਪੜ੍ਹ ਕੇ ਸੁਣਾਉਣ ਦੇ ਨਾਲ-ਨਾਲ ਹੋਰ ਵੀ ਕਈ ਕੁਝ ਕਰਦੇ ਹਨ ਜਿਵੇਂ ਕਿ ਉਹ ਬੱਚਿਆਂ ਨੂੰ ਡਰਾਇੰਗ, ਪੇਂਟਿੰਗ, ਸੰਗੀਤ ਸਿਖਾਉਂਦੇ ਹਨ, ਚਿੜੀਆ-ਘਰ ਜਾਂ ਹੋਰ ਥਾਵਾਂ ਤੇ ਲੈ ਕੇ ਜਾਂਦੇ ਹਨ। ਇਨ੍ਹਾਂ ਮੌਕਿਆਂ ਤੇ ਉਹ ਬੱਚਿਆਂ ਦੇ ਮਨਾਂ ਵਿਚ ਚੰਗੇ ਸੰਸਕਾਰ ਤੇ ਚੰਗੀਆਂ ਆਦਤਾਂ ਬਿਠਾਉਂਦੇ ਹਨ।

ਕੀ ਇੰਨੀ ਮਿਹਨਤ ਦਾ ਫ਼ਾਇਦਾ ਵੀ ਹੁੰਦਾ ਹੈ? ਜਿਹੜੇ ਮਾਪੇ ਘਰ ਦੇ ਸ਼ਾਂਤਮਈ ਤੇ ਵਧੀਆ ਮਾਹੌਲ ਵਿਚ ਉੱਪਰ ਦਿੱਤੀਆਂ ਸਲਾਹਾਂ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਆਤਮ-ਵਿਸ਼ਵਾਸੀ ਅਤੇ ਖ਼ੁਸ਼ਦਿਲ ਇਨਸਾਨ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੇ ਛੋਟੀ ਉਮਰ ਵਿਚ ਹੀ ਤੁਸੀਂ ਆਪਣੇ ਬੱਚਿਆਂ ਨੂੰ ਸੋਚਣ-ਸਮਝਣ ਅਤੇ ਗੱਲਬਾਤ ਕਰਨ ਦੀ ਕਲਾ ਸਿਖਾਉਂਦੇ ਹੋ, ਤਾਂ ਤੁਸੀਂ ਉਨ੍ਹਾਂ ਦੀ ਨੈਤਿਕ ਤੇ ਅਧਿਆਤਮਿਕ ਪੱਖੋਂ ਮਜ਼ਬੂਤ ਬਣਨ ਵਿਚ ਬਹੁਤ ਮਦਦ ਕਰ ਰਹੇ ਹੋਵੋਗੇ।

ਕਈ ਸਦੀਆਂ ਪਹਿਲਾਂ ਕਹਾਉਤਾਂ 22:6 ਵਿਚ ਬਾਈਬਲ ਨੇ ਕਿਹਾ ਸੀ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਬੱਚਿਆਂ ਦੀ ਸਿਖਲਾਈ ਵਿਚ ਮਾਤਾ-ਪਿਤਾ ਦੀ ਭੂਮਿਕਾ ਅਹਿਮ ਹੈ। ਆਪਣੇ ਬੱਚਿਆਂ ਨਾਲ ਦਿਲ ਖੋਲ੍ਹ ਕੇ ਪਿਆਰ ਕਰੋ। ਉਨ੍ਹਾਂ ਨਾਲ ਸਮਾਂ ਬਿਤਾਓ, ਉਨ੍ਹਾਂ ਦੀ ਪਰਵਰਿਸ਼ ਕਰੋ ਤੇ ਚੰਗੀਆਂ ਗੱਲਾਂ ਸਿਖਾਓ। ਇਸ ਨਾਲ ਉਨ੍ਹਾਂ ਨੂੰ ਤੇ ਤੁਹਾਨੂੰ ਵੀ ਖ਼ੁਸ਼ੀ ਮਿਲੇਗੀ।—ਕਹਾਉਤਾਂ 15:20. (g04 10/22)

[ਫੁਟਨੋਟ]

^ ਪੈਰਾ 23 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਉਨ੍ਹਾਂ ਦੁਆਰਾ ਛਾਪੀ ਗਈ ਇਕ ਹੋਰ ਕਿਤਾਬ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਵੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਬਹੁਤ ਸਹਾਈ ਸਾਬਤ ਹੋ ਰਹੀ ਹੈ।

[ਸਫ਼ੇ 7 ਉੱਤੇ ਡੱਬੀ]

ਆਪਣੇ ਨਿਆਣੇ ਨਾਲ ਖੇਡੋ

▪ ਨਿਆਣਿਆਂ ਦਾ ਧਿਆਨ ਛੇਤੀ ਉੱਖੜ ਜਾਂਦਾ ਹੈ, ਇਸ ਲਈ ਉਨ੍ਹਾਂ ਨਾਲ ਉਦੋਂ ਤਕ ਖੇਡੋ ਜਦੋਂ ਤਕ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ।

▪ ਧਿਆਨ ਰੱਖੋ ਕਿ ਖਿਡੌਣਿਆਂ ਤੋਂ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਅਜਿਹੇ ਖਿਡੌਣੇ ਚੁਣੋ ਜਿਨ੍ਹਾਂ ਨਾਲ ਬੱਚੇ ਦੀ ਦਿਮਾਗ਼ੀ ਕਸਰਤ ਹੋਵੇ।

▪ ਉਹ ਖੇਡਾਂ ਖੇਡੋ ਜਿਨ੍ਹਾਂ ਵਿਚ ਨਿਆਣਿਆਂ ਨੂੰ ਵੀ ਕੁਝ ਕਰਨ ਦਾ ਮੌਕਾ ਮਿਲੇ। ਉਹ ਤੁਹਾਡੇ ਤੋਂ ਕੋਈ ਕੰਮ ਵਾਰ-ਵਾਰ ਕਰਾ ਕੇ ਬਹੁਤ ਖ਼ੁਸ਼ ਹੁੰਦੇ ਹਨ, ਜਿਵੇਂ ਉਹ ਵਾਰ-ਵਾਰ ਖਿਡੌਣਾ ਸੁੱਟਦੇ ਹਨ ਤੇ ਤੁਸੀਂ ਵਾਰ-ਵਾਰ ਚੁੱਕਦੇ ਹੋ।

[ਕ੍ਰੈਡਿਟ ਲਾਈਨ]

ਸੋਮਾ: Clinical Reference Systems

[ਡੱਬੀ/ਸਫ਼ੇ 10 ਉੱਤੇ ਤਸਵੀਰ]

ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਉਣ ਸੰਬੰਧੀ ਕੁਝ ਸੁਝਾਅ

▪ ਸਾਫ਼-ਸਾਫ਼ ਪੜ੍ਹੋ ਤੇ ਸ਼ਬਦਾਂ ਦਾ ਸਹੀ ਉਚਾਰਣ ਕਰੋ। ਆਪਣੇ ਮਾਂ-ਬਾਪ ਨੂੰ ਬੋਲਦਿਆਂ ਸੁਣ ਕੇ ਬੱਚਾ ਭਾਸ਼ਾ ਸਿੱਖਦਾ ਹੈ।

▪ ਬਹੁਤ ਛੋਟੇ ਬੱਚਿਆਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਂਦੇ ਸਮੇਂ ਤਸਵੀਰਾਂ ਵਿਚ ਦਿਖਾਏ ਲੋਕਾਂ ਤੇ ਚੀਜ਼ਾਂ ਦੇ ਨਾਂ ਦੱਸੋ।

▪ ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਤਾਂ ਉਸ ਦੇ ਮਨਪਸੰਦ ਵਿਸ਼ੇ ਦੀਆਂ ਕਿਤਾਬਾਂ ਚੁਣੋ।

[ਕ੍ਰੈਡਿਟ ਲਾਈਨ]

ਸੋਮਾ: Pediatrics for Parents

[ਸਫ਼ੇ 8, 9 ਉੱਤੇ ਤਸਵੀਰ]

ਆਪਣੇ ਬੱਚਿਆਂ ਨਾਲ ਹੱਸੋ-ਖੇਡੋ