Skip to content

Skip to table of contents

ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ

ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ

ਬਾਈਬਲ ਦਾ ਦ੍ਰਿਸ਼ਟੀਕੋਣ

ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ

ਉਹ ਅਸੂਲ ਕਿਵੇਂ ਬਣਾਈਏ ਜਿਨ੍ਹਾਂ ਉੱਤੇ ਬੱਚੇ ਚੱਲਣਗੇ”

“ਪੰਜ ਸਾਲ ਦੀ ਉਮਰ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਇਹ ਪੰਜ ਸੰਸਕਾਰ ਸਿਖਾਓ”

“ਜਜ਼ਬਾਤਾਂ ਤੇ ਕਾਬੂ ਪਾਉਣ ਲਈ ਪੰਜ ਵਧੀਆ ਨੁਕਤੇ ਜੋ ਹਰੇਕ ਬੱਚੇ ਨੂੰ ਸਿੱਖਣੇ ਚਾਹੀਦੇ ਹਨ”

“ਪੰਜ ਗੱਲਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਵਿਗਾੜ ਰਹੇ ਹੋ”

“ਸਿਰਫ਼ ਇਕ ਮਿੰਟ ਦੇ ਅਨੁਸ਼ਾਸਨ ਦਾ ਕਮਾਲ”

ਜੇ ਕਰ ਬੱਚਿਆਂ ਦਾ ਪਾਲਣ-ਪੋਸਣ ਕਰਨਾ ਸੌਖਾ ਹੁੰਦਾ, ਤਾਂ ਉੱਪਰ ਦਿਖਾਏ ਲੇਖ ਕਦੀ ਨਾ ਛਪਦੇ ਅਤੇ ਨਾ ਹੀ ਲੋਕ ਇਨ੍ਹਾਂ ਵਿਚ ਇੰਨੀ ਦਿਲਚਸਪੀ ਲੈਂਦੇ। ਪਰ ਬੱਚਿਆਂ ਦਾ ਪਾਲਣ-ਪੋਸਣ ਕਰਨਾ ਕਿਸੇ ਵੀ ਪੀੜ੍ਹੀ ਲਈ ਸੌਖਾ ਨਹੀਂ ਰਿਹਾ। ਇਸ ਸੰਬੰਧ ਵਿਚ ਹਜ਼ਾਰਾਂ ਹੀ ਸਾਲ ਪਹਿਲਾਂ ਇਕ ਬੁੱਧੀਮਾਨ ਆਦਮੀ ਨੇ ਕਿਹਾ: “ਮੂਰਖ ਪੁੱਤਰ ਆਪਣੇ ਪਿਤਾ ਦੇ ਦੁੱਖ ਦਾ ਕਾਰਨ ਅਤੇ ਆਪਣੀ ਮਾਂ ਦੀ ਸ਼ਰਮ ਦਾ ਕਾਰਨ ਬਣਦਾ ਹੈ।”—ਕਹਾਉਤਾਂ 17:25, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪਾਲਣ-ਪੋਸਣ ਸੰਬੰਧੀ ਇੰਨੀ ਜਾਣਕਾਰੀ ਮਿਲਣ ਬਾਵਜੂਦ ਅੱਜ-ਕੱਲ੍ਹ ਕਈ ਮਾਪਿਆਂ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਪਰਵਰਿਸ਼ ਕਰਨੀ ਚਾਹੀਦੀ ਹੈ। ਇਸ ਸੰਬੰਧ ਵਿਚ ਬਾਈਬਲ ਕੀ ਮਦਦ ਦਿੰਦੀ ਹੈ?

ਅਨੁਸ਼ਾਸਨ ਦਾ ਅਸਲੀ ਮਤਲਬ

ਬਾਈਬਲ ਅਨੁਸ਼ਾਸਨ ਦੇ ਸੰਬੰਧ ਵਿਚ ਮਾਪਿਆਂ ਨੂੰ ਸਾਫ਼-ਸਾਫ਼ ਸਲਾਹ ਦਿੰਦੀ ਹੈ। ਅਫ਼ਸੀਆਂ 6:4 ਵਿਚ ਕਿਹਾ ਗਿਆ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” ਇਸ ਆਇਤ ਮੁਤਾਬਕ ਬੱਚਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਪਿਤਾਵਾਂ ਨੂੰ ਸੌਂਪੀ ਗਈ ਹੈ, ਪਰ ਇਹ ਸਲਾਹ ਮਾਵਾਂ ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਦੋਨੋਂ ਮਾਤਾ-ਪਿਤਾ ਮਿਲ ਕੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ।

ਇਸ ਵਿਸ਼ੇ ਦੇ ਸੰਬੰਧ ਵਿਚ ਬਾਈਬਲ ਦਾ ਇਕ ਕੋਸ਼ ਦੱਸਦਾ ਹੈ: “ਬਾਈਬਲ ਵਿਚ ਅਨੁਸ਼ਾਸਨ ਦਾ ਸੰਬੰਧ ਟ੍ਰੇਨਿੰਗ, ਸਿੱਖਿਆ ਅਤੇ ਗਿਆਨ ਦੇਣ ਨਾਲ ਜੋੜਿਆ ਜਾਂਦਾ ਹੈ, ਪਰ ਇਸ ਵਿਚ ਸੁਧਾਰਨਾ, ਤਾੜਨਾ ਅਤੇ ਸਜ਼ਾ ਦੇਣੀ ਵੀ ਸ਼ਾਮਲ ਹੈ। ਇਹ ਸਾਰੇ ਪਹਿਲੂ ਬੱਚਿਆਂ ਦੇ ਪਾਲਣ-ਪੋਸਣ ਵਿਚ ਲਾਗੂ ਹੁੰਦੇ ਹਨ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਨੁਸ਼ਾਸਨ ਦੇਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਝਿੜਕੀਏ, ਸਗੋਂ ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਨ੍ਹਾਂ ਦੇ ਵਧਣ-ਫੁੱਲਣ ਲਈ ਉਨ੍ਹਾਂ ਨੂੰ ਜ਼ਰੂਰੀ ਸਿਖਲਾਈ ਵੀ ਦੇਈਏ। ਪਰ ਮਾਪੇ ਆਪਣੇ ਬੱਚਿਆਂ ਨੂੰ ਖਿਝਾਉਣ ਤੋਂ ਕਿਵੇਂ ਬਚ ਸਕਦੇ ਹਨ?

ਹਮਦਰਦ ਬਣੋ

ਬੱਚੇ ਕਿਹੜੀ ਚੀਜ਼ ਤੋਂ ਖਿੱਝਦੇ ਹਨ? ਜ਼ਰਾ ਇਸ ਸਥਿਤੀ ਦੀ ਕਲਪਨਾ ਕਰੋ। ਸ਼ਾਇਦ ਤੁਹਾਡੇ ਨਾਲ ਕੋਈ ਅਜਿਹਾ ਬੰਦਾ ਨੌਕਰੀ ਕਰਦਾ ਹੈ ਜੋ ਬਹੁਤ ਜਲਦੀ ਲਾਲ-ਪੀਲਾ ਹੋ ਜਾਂਦਾ ਹੈ। ਉਹ ਤੁਹਾਨੂੰ ਬਿਲਕੁਲ ਪਸੰਦ ਨਹੀਂ ਕਰਦਾ। ਉਹ ਤੁਹਾਡੀ ਹਰੇਕ ਗੱਲ ਵਿਚ ਨੁਕਸ ਕੱਢਦਾ ਹੈ। ਉਹ ਅਕਸਰ ਤੁਹਾਡੇ ਕੰਮ ਨੂੰ ਰੱਦ ਕਰ ਦਿੰਦਾ ਹੈ ਜਿਸ ਕਰਕੇ ਤੁਸੀਂ ਖ਼ੁਦ ਨੂੰ ਨਿਕੰਮੇ ਸਮਝਦੇ ਹੋ। ਕੀ ਤੁਸੀਂ ਇਸ ਕਾਰਨ ਖਿੱਝਦੇ ਨਹੀਂ ਅਤੇ ਹੌਸਲਾ ਨਹੀਂ ਹਾਰ ਜਾਂਦੇ?

ਬੱਚਿਆਂ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ ਜੇ ਉਨ੍ਹਾਂ ਦੇ ਮਾਪੇ ਲਗਾਤਾਰ ਚਿੜ-ਚਿੜ ਕਰੀ ਜਾਣ ਜਾਂ ਗੁੱਸੇ ਵਿਚ ਆ ਕੇ ਨੁਕਸ ਕੱਢੀ ਜਾਣ। ਇਹ ਸੱਚ ਹੈ ਕਿ ਬੱਚਿਆਂ ਨੂੰ ਸਮੇਂ-ਸਮੇਂ ਤੇ ਸੁਧਾਰਨ ਦੀ ਲੋੜ ਪੈਂਦੀ ਹੈ ਅਤੇ ਬਾਈਬਲ ਮਾਪਿਆਂ ਨੂੰ ਇਹ ਜ਼ਿੰਮੇਵਾਰੀ ਸੌਂਪਦੀ ਹੈ। ਪਰ ਜੇ ਮਾਪੇ ਆਪਣੇ ਬੱਚਿਆਂ ਨਾਲ ਖਿੱਝ-ਖਿੱਝ ਕੇ ਬੋਲਣ ਜਾਂ ਉਨ੍ਹਾਂ ਨੂੰ ਮਾਰਨ-ਕੁੱਟਣ, ਤਾਂ ਇਸ ਨਾਲ ਉਨ੍ਹਾਂ ਦੇ ਜਿਸਮ ਤੇ ਹੀ ਸੱਟ ਨਹੀਂ ਲੱਗਦੀ, ਸਗੋਂ ਉਨ੍ਹਾਂ ਦੇ ਦਿਲਾਂ ਨੂੰ ਵੀ ਠੇਸ ਪਹੁੰਚ ਸਕਦੀ ਹੈ।

ਆਪਣੇ ਬੱਚਿਆਂ ਨਾਲ ਲਾਡ-ਪਿਆਰ ਕਰੋ

ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ। ਪਰਮੇਸ਼ੁਰ ਦੇ ਨਿਯਮਾਂ ਬਾਰੇ ਬਿਵਸਥਾ ਸਾਰ 6:7 ਵਿਚ ਲਿਖਿਆ ਹੈ: “ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਜਨਮ ਤੋਂ ਹੀ ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਬਹੁਤ ਚਾਹੁੰਦੇ ਹਨ। ਜੇ ਤੁਸੀਂ ਰੋਜ਼ਾਨਾ ਬੈਠ ਕੇ ਆਪਣੇ ਬੱਚਿਆਂ ਨਾਲ ਪਿਆਰ ਨਾਲ ਗੱਲਾਂ ਕਰੋਗੇ, ਤਾਂ ਤੁਸੀਂ ਉਨ੍ਹਾਂ ਦੀਆਂ ਨਾਜ਼ੁਕ ਭਾਵਨਾਵਾਂ ਸਮਝ ਸਕੋਗੇ। ਇਸ ਤਰ੍ਹਾਂ, ਤੁਸੀਂ ਬਾਈਬਲ ਦੇ ਅਸੂਲ ਉਨ੍ਹਾਂ ਦੇ ਦਿਲਾਂ ਵਿਚ ਆਸਾਨੀ ਨਾਲ ਬਿਠਾ ਸਕੋਗੇ ਤੇ ਉਹ ਖ਼ੁਦ ‘ਪਰਮੇਸ਼ੁਰ ਤੋਂ ਡਰਨਗੇ ਅਤੇ ਉਹ ਦੀਆਂ ਆਗਿਆਂ ਨੂੰ ਮੰਨਣਗੇ।’ (ਉਪਦੇਸ਼ਕ ਦੀ ਪੋਥੀ 12:13) ਇਵੇਂ ਕਰ ਕੇ ਅਸੀਂ ਸਹੀ ਅਨੁਸ਼ਾਸਨ ਦੇ ਰਹੇ ਹੋਵਾਂਗੇ।

ਜੇ ਅਸੀਂ ਬੱਚਿਆਂ ਦੇ ਪਾਲਣ-ਪੋਸਣ ਦੀ ਤੁਲਨਾ ਘਰ ਉਸਾਰਨ ਦੇ ਨਾਲ ਕਰੀਏ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਨੂੰ ਪਾਲਣਾ ਕਰਨ ਵਿਚ ਇਕ ਸੰਦ ਵਜੋਂ ਵਰਤਿਆ ਜਾ ਸਕਦਾ ਹੈ। ਜੇ ਮਾਪੇ ਇਸ ਸੰਦ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਦੇ ਹਨ, ਤਾਂ ਉਹ ਆਪਣੇ ਬੱਚਿਆਂ ਵਿਚ ਚੰਗੇ ਗੁਣ ਪੈਦਾ ਕਰਦੇ ਹਨ ਤੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਸਕਦੇ ਹਨ। ਕਹਾਉਤਾਂ 23:24, 25 ਵਿਚ ਇਸ ਦਾ ਨਤੀਜਾ ਦੱਸਿਆ ਗਿਆ ਹੈ: “ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ। ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!” (g04 11/8)

[ਡੱਬੀ/ਸਫ਼ੇ 21 ਉੱਤੇ ਤਸਵੀਰ]

‘ਯਹੋਵਾਹ ਦੀ ਮੱਤ ਦਿਓ’

ਅਫ਼ਸੀਆਂ 6:4 ਵਿਚ ‘ਯਹੋਵਾਹ ਦੀ ਮੱਤ’ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਈ ਬਾਈਬਲਾਂ ਵਿਚ ਇਸ ਦਾ ਤਰਜਮਾ “ਗਿਆਨ,” “ਸਲਾਹ” ਤੇ “ਤਾੜਨਾ” ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਬਾਈਬਲ ਜਾਂ ਬਾਈਬਲ-ਆਧਾਰਿਤ ਕਿਤਾਬਾਂ ਸਿਰਫ਼ ਪੜ੍ਹਨੀਆਂ ਹੀ ਨਹੀਂ ਚਾਹੀਦੀਆਂ, ਸਗੋਂ ਮਾਪਿਆਂ ਨੂੰ ਇਹ ਵੀ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹੀਆਂ ਗੱਲਾਂ ਦਾ ਅਰਥ ਸਮਝਣ, ਆਗਿਆ ਮੰਨਣ ਦੀ ਅਹਿਮੀਅਤ ਜਾਣਨ, ਯਹੋਵਾਹ ਦਾ ਪਿਆਰ ਮਹਿਸੂਸ ਕਰਨ ਅਤੇ ਉਸ ਨੂੰ ਆਪਣੇ ਰਖਵਾਲੇ ਵਜੋਂ ਕਬੂਲ ਕਰਨ।

ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਤਿੰਨ ਬੱਚਿਆਂ ਦੀ ਮਾਂ ਜੂਡੀ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਮਿਆਰਾਂ ਬਾਰੇ ਤਾਂ ਯਾਦ ਕਰਾਉਂਦੀ ਰਹਿੰਦੀ ਸੀ, ਪਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਕੁਝ ਜ਼ਿਆਦਾ ਕਰਨ ਦੀ ਲੋੜ ਸੀ। “ਮੈਂ ਦੇਖਿਆ ਕਿ ਜਦੋਂ ਮੈਂ ਬੱਚਿਆਂ ਨੂੰ ਵਾਰ-ਵਾਰ ਇੱਕੋ ਗੱਲ ਕਹੀ ਜਾਂਦੀ ਸੀ, ਤਾਂ ਉਹ ਖਿੱਝ ਜਾਂਦੇ ਸਨ। ਇਸ ਕਰਕੇ ਮੈਂ ਉਨ੍ਹਾਂ ਨੂੰ ਸਿੱਖਿਆ ਦੇਣ ਦੇ ਅਲੱਗ-ਅਲੱਗ ਤਰੀਕੇ ਲੱਭੇ। ਮੈਂ ਜਾਗਰੂਕ ਬਣੋ! ਰਸਾਲੇ ਵਿਚ ਉਹੀ ਨੁਕਤੇ ਨਵੇਂ ਤਰੀਕੇ ਨਾਲ ਪੇਸ਼ ਕਰਨ ਦੇ ਸੁਝਾਅ ਲੱਭਦੀ ਸੀ। ਇਸ ਤਰ੍ਹਾਂ ਮੈਂ ਸਿੱਖਿਆ ਕਿ ਨਿਆਣਿਆਂ ਨੂੰ ਖਿਝਾਏ ਬਿਨਾਂ ਕਿਸ ਤਰ੍ਹਾਂ ਪਿਆਰ ਨਾਲ ਮਿਆਰਾਂ ਨੂੰ ਯਾਦ ਕਰਾਇਆ ਜਾ ਸਕਦਾ ਹੈ।”

ਐਂਜਲੋ ਨੇ ਦੱਸਿਆ ਕਿ ਉਸ ਨੇ ਮੁਸ਼ਕਲਾਂ ਵਿੱਚੋਂ ਲੰਘਦੇ ਸਮੇਂ ਆਪਣੀਆਂ ਚਾਰ ਧੀਆਂ ਨੂੰ ਬਾਈਬਲ ਉੱਤੇ ਮਨਨ ਕਰਨਾ ਕਿਸ ਤਰ੍ਹਾਂ ਸਿਖਾਇਆ। ਉਸ ਨੇ ਕਿਹਾ: “ਅਸੀਂ ਇਕੱਠੇ ਬੈਠ ਕੇ ਬਾਈਬਲ ਪੜ੍ਹਦੇ ਸਾਂ। ਫਿਰ ਮੈਂ ਆਇਤਾਂ ਵਿੱਚੋਂ ਕੁਝ ਖ਼ਾਸ ਵਾਕ ਚੁਣ ਲੈਂਦਾ ਸੀ ਤੇ ਉਨ੍ਹਾਂ ਨੂੰ ਸਮਝਾਉਂਦਾ ਸੀ ਕਿ ਇਹ ਉਨ੍ਹਾਂ ਦੇ ਹਾਲਾਤਾਂ ਉੱਤੇ ਕਿਸ ਤਰ੍ਹਾਂ ਲਾਗੂ ਹੁੰਦੇ ਹਨ। ਬਾਅਦ ਵਿਚ ਜਦੋਂ ਉਹ ਖ਼ੁਦ ਬਾਈਬਲ ਪੜ੍ਹਦੀਆਂ ਸੀ, ਤਾਂ ਮੈਂ ਦੇਖਿਆ ਕਿ ਉਹ ਬੜੇ ਧਿਆਨ ਨਾਲ ਉਸ ਉੱਤੇ ਮਨਨ ਕਰਦੀਆਂ ਸਨ।”