Skip to content

Skip to table of contents

ਮੈਂ ਉਸ ਕੁੜੀ ਨਾਲ ਕਿੱਦਾਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ?

ਮੈਂ ਉਸ ਕੁੜੀ ਨਾਲ ਕਿੱਦਾਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ?

ਨੌਜਵਾਨ ਪੁੱਛਦੇ ਹਨ . . .

ਮੈਂ ਉਸ ਕੁੜੀ ਨਾਲ ਕਿੱਦਾਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ?

“ਸੂਜ਼ਨ ਨੇ ਪਹਿਲਾ ਕਦਮ ਚੁੱਕਿਆ ਅਤੇ ਇਹ ਮੈਨੂੰ ਬੁਰਾ ਲੱਗਣ ਦੀ ਬਜਾਇ ਚੰਗਾ ਲੱਗਿਆ।”—ਜੇਮਜ਼। *

“ਜੇ ਕੋਈ ਮਰਦ ਔਰਤਾਂ ਦੇ ਜਜ਼ਬਾਤਾਂ ਨਾਲ ਖੇਡਦਾ ਹੈ, ਤਾਂ ਉਹ ਉਨ੍ਹਾਂ ਦੇ ਦਿਲਾਂ ਤੇ ਗਹਿਰੀ ਸੱਟ ਲਾ ਸਕਦਾ ਹੈ।”—ਰਮਿੰਦਰ।

ਕ ਲਪਨਾ ਕਰੋ ਕਿ ਤੁਸੀਂ ਕਿਸੇ ਕੁੜੀ ਨੂੰ ਜਾਣਦੇ ਹੋ। ਉਹ ਤੁਹਾਡੇ ਦੋਸਤ-ਮਿੱਤਰਾਂ ਵਿੱਚੋਂ ਹੈ ਅਤੇ ਤੁਹਾਨੂੰ ਉਸ ਨਾਲ ਗੱਲ ਕਰਨੀ ਚੰਗੀ ਲੱਗਦੀ ਹੈ। ਪਰ ਇਕ ਦਿਨ ਉਹ ਤੁਹਾਨੂੰ ਅਜਿਹੀ ਗੱਲ ਕਹਿ ਦਿੰਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਂਦੇ ਹੋ। ਉਹ ਤੁਹਾਨੂੰ ਦੱਸਦੀ ਹੈ ਕਿ ਉਹ ਤੁਹਾਨੂੰ ਪਸੰਦ ਕਰਦੀ ਹੈ ਅਤੇ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਵੀ ਉਸ ਨੂੰ ਪਸੰਦ ਕਰਦੇ ਹੋ ਜਾਂ ਨਹੀਂ।

ਜੇ ਤੁਹਾਡਾ ਵਿਚਾਰ ਹੈ ਕਿ ਪਿਆਰ-ਮੁਹੱਬਤ ਦੇ ਮਾਮਲੇ ਵਿਚ ਪਹਿਲਾ ਕਦਮ ਮੁੰਡੇ ਨੂੰ ਚੁੱਕਣਾ ਚਾਹੀਦਾ ਹੈ, ਤਾਂ ਕੁੜੀ ਦੀ ਗੱਲ ਤੁਹਾਨੂੰ ਸ਼ਾਇਦ ਚੰਗੀ ਨਾ ਲੱਗੇ। ਇਹ ਸੱਚ ਹੈ ਕਿ ਅਕਸਰ ਮੁੰਡੇ ਹੀ ਪਹਿਲਾ ਕਦਮ ਚੁੱਕਦੇ ਹਨ, ਪਰ ਯਾਦ ਰੱਖੋ ਕਿ ਆਪਣੇ ਪਿਆਰ ਦਾ ਇਜ਼ਹਾਰ ਕਰ ਕੇ ਕੁੜੀ ਨੇ ਬਾਈਬਲ ਦੇ ਕਿਸੇ ਸਿਧਾਂਤ ਦੀ ਉਲੰਘਣਾ ਨਹੀਂ ਕੀਤੀ। ਇਹ ਗੱਲ ਯਾਦ ਰੱਖ ਕੇ ਤੁਹਾਨੂੰ ਸ਼ਾਇਦ ਉਸ ਕੁੜੀ ਨਾਲ ਆਦਰ ਨਾਲ ਪੇਸ਼ ਆਉਣ ਵਿਚ ਮਦਦ ਮਿਲੇ।

ਕੁੜੀ ਦੀ ਗੱਲ ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਇਸ ਸਿੱਟੇ ਤੇ ਪਹੁੰਚੋ ਕਿ ਤੁਸੀਂ ਹਾਲੇ ਕਿਸੇ ਨਾਲ ਰੋਮਾਂਟਿਕ ਰਿਸ਼ਤਾ ਜੋੜਨ ਲਈ ਤਿਆਰ ਨਹੀਂ ਹੋ ਜਾਂ ਤੁਸੀਂ ਉਸ ਕੁੜੀ ਨੂੰ ਕਦੇ ਇਸ ਨਜ਼ਰ ਤੋਂ ਦੇਖਿਆ ਹੀ ਨਹੀਂ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਹੀ ਸ਼ਾਇਦ ਉਸ ਨੂੰ ਇਸ ਗ਼ਲਤਫ਼ਹਿਮੀ ਵਿਚ ਪਾਇਆ ਹੋਵੇ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ। ਜੇ ਇੱਦਾਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪਹਿਲਾਂ ਤਾਂ ਕੁੜੀ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖੋ।

ਉਸ ਦੇ ਦਿਲ ਦੀ ਹਾਲਤ ਨੂੰ ਸਮਝੋ

ਸਭ ਤੋਂ ਪਹਿਲਾਂ ਜ਼ਰਾ ਸੋਚੋ ਕਿ ਉਸ ਘੜੀ ਉਸ ਤੇ ਕੀ ਬੀਤੀ ਹੋਵੇਗੀ ਜਦ ਉਹ ਤੁਹਾਡੇ ਨਾਲ ਗੱਲ ਕਰਨ ਨੂੰ ਆਈ ਸੀ। ਉਸ ਨੇ ਸ਼ਾਇਦ ਆਪਣੇ ਮਨ ਵਿਚ ਕਈ ਦਫ਼ਾ ਦੁਹਰਾਇਆ ਹੋਵੇ ਕਿ ਉਹ ਕਿੱਦਾਂ ਮੁਸਕਰਾ ਕੇ ਤੁਹਾਡੇ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰੇਗੀ। ਹੋ ਸਕਦਾ ਹੈ ਕਿ ਉਹ ਇਹ ਸੋਚ-ਸੋਚ ਕੇ ਵੀ ਕਾਫ਼ੀ ਡਰੀ ਹੋਵੇ ਕਿ ਤੁਸੀਂ ਉਸ ਨੂੰ ਨਾਂਹ ਕਹਿ ਦਿਓਗੇ। ਅਖ਼ੀਰ ਵਿਚ ਉਸ ਨੇ ਹਿੰਮਤ ਕਰ ਕੇ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿ ਹੀ ਦਿੱਤੀ।

ਪਰ ਉਹ ਇਹ ਸਭ ਕੁਝ ਕਰਨ ਲਈ ਤਿਆਰ ਕਿਉਂ ਸੀ? ਸ਼ਾਇਦ ਉਸ ਨੂੰ ਤੁਹਾਡੇ ਨਾਲ ਇਸ਼ਕ ਹੋ ਗਿਆ ਹੋਵੇ ਜਾਂ ਫਿਰ ਉਸ ਨੇ ਤੁਹਾਡੇ ਵਿਚ ਖੂਬੀਆਂ ਦੇਖੀਆਂ ਹੋਣ। ਸੋ ਤੁਹਾਨੂੰ ਕਹਿ ਕੇ ਕਿ ਉਹ ਤੁਹਾਨੂੰ ਪਸੰਦ ਕਰਦੀ ਹੈ, ਉਸ ਨੇ ਅਸਲ ਵਿਚ ਤੁਹਾਡੀ ਤਾਰੀਫ਼ ਕੀਤੀ ਹੈ ਜੋ ਤਾਰੀਫ਼ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ।

ਇਹ ਗੱਲਾਂ ਤੁਹਾਡਾ ਇਰਾਦਾ ਬਦਲਣ ਲਈ ਨਹੀਂ ਕਹੀਆਂ ਗਈਆਂ, ਬਲਕਿ ਇਸ ਲਈ ਕਿ ਤੁਸੀਂ ਕੁੜੀ ਨਾਲ ਕੋਮਲਤਾ ਨਾਲ ਪੇਸ਼ ਆਓ। ਜੂਲੀ ਨਾਂ ਦੀ ਇਕ ਮੁਟਿਆਰ ਕਹਿੰਦੀ ਹੈ: “ਜੇ ਮੁੰਡਾ ਕੁੜੀ ਨੂੰ ਪਸੰਦ ਨਾ ਵੀ ਕਰਦਾ ਹੋਵੇ, ਫਿਰ ਵੀ ਉਸ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਕੁੜੀ ਨੇ ਉਸ ਨੂੰ ਪਸੰਦ ਕੀਤਾ। ਇਸ ਲਈ ਉਸ ਨੂੰ ਰੁੱਖਾ ਜਵਾਬ ਦੇਣ ਦੀ ਬਜਾਇ ਪਿਆਰ ਨਾਲ ਨਾਂਹ ਕਹਿਣੀ ਚਾਹੀਦੀ ਹੈ।” ਫ਼ਰਜ਼ ਕਰੋ ਕਿ ਤੁਸੀਂ ਕੁੜੀ ਨੂੰ ਨਾਂਹ ਕਹਿਣੀ ਹੈ, ਪਰ ਤੁਸੀਂ ਉਸ ਦਾ ਦਿਲ ਵੀ ਨਹੀਂ ਤੋੜਨਾ ਚਾਹੁੰਦੇ। ਤਾਂ ਫਿਰ ਤੁਸੀਂ ਇਹ ਕਿੱਦਾਂ ਕਰੋਗੇ?

ਜੇ ਤੁਸੀਂ ਉਸੇ ਕੁੜੀ ਨੂੰ ਪਹਿਲਾਂ ਵੀ ਨਾਂਹ ਕਹਿ ਚੁੱਕੇ ਹੋ, ਤਾਂ ਹੋ ਸਕਦਾ ਹੈ ਕਿ ਇਸ ਦਫ਼ਾ ਤੁਹਾਨੂੰ ਖਿੱਝ ਆ ਜਾਵੇ। ਪਰ ਆਪਣੇ ਗੁੱਸੇ ਉੱਤੇ ਕਾਬੂ ਰੱਖੋ। ਕਹਾਉਤਾਂ 12:18 ਵਿਚ ਲਿਖਿਆ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” ਤਾਂ ਫਿਰ, ਤੁਸੀਂ “ਬੁੱਧਵਾਨ ਦੀ ਜ਼ਬਾਨ” ਨਾਲ ਕਿਵੇਂ ਬੋਲ ਸਕਦੇ ਹੋ?

ਪਹਿਲਾਂ ਤਾਂ ਤੁਸੀਂ ਉਸ ਦਾ ਸ਼ੁਕਰੀਆ ਕਰ ਸਕਦੇ ਹੋ ਕਿ ਉਸ ਨੇ ਤੁਹਾਨੂੰ ਆਪਣੇ ਪਿਆਰ ਦੇ ਲਾਇਕ ਸਮਝਿਆ। ਫਿਰ ਕਹੋ ਕਿ ਜੇ ਉਸ ਨੂੰ ਤੁਹਾਡੀ ਕਿਸੇ ਗੱਲ ਕਰਕੇ ਗ਼ਲਤਫ਼ਹਿਮੀ ਹੋਈ ਹੈ, ਤਾਂ ਤੁਸੀਂ ਇਸ ਲਈ ਬਹੁਤ ਸ਼ਰਮਿੰਦਾ ਹੋ। ਇਸ ਤੋਂ ਬਾਅਦ ਉਸ ਨੂੰ ਸਾਫ਼-ਸਾਫ਼ ਪਰ ਪਿਆਰ ਨਾਲ ਸਮਝਾਓ ਕਿ ਤੁਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ। ਪਰ ਅਗਰ ਉਹ ਤੁਹਾਡੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ, ਫਿਰ ਤੁਸੀਂ ਕੀ ਕਰੋਗੇ? ਭਾਵੇਂ ਤੁਹਾਨੂੰ ਆਪਣੀ ਗੱਲ ਵਾਰ-ਵਾਰ ਕਹਿਣੀ ਪਵੇ, ਪਰ ਗੁੱਸੇ ਨਾਲ ਗੱਲ ਨਾ ਕਰੋ ਅਤੇ ਨਾ ਹੀ ਚੁਭਵੇਂ ਬੋਲ ਬੋਲੋ। ਯਾਦ ਰੱਖੋ ਕਿ ਤੁਹਾਡੇ ਨਾਂਹ ਕਹਿਣ ਨਾਲ ਉਸ ਉੱਤੇ ਕੀ ਬੀਤ ਰਹੀ ਹੋਵੇਗੀ। ਇਸ ਲਈ ਤੁਹਾਨੂੰ ਧੀਰਜ ਨਾਲ ਗੱਲ ਕਰਨ ਦੀ ਲੋੜ ਹੈ। ਇਹ ਵੀ ਯਾਦ ਰੱਖੋ ਕਿ ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ ਅਤੇ ਉਹ ਤੁਹਾਨੂੰ ਨਾਂਹ ਕਹਿ ਦਿੰਦੀ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ।

ਪਰ ਹੋ ਸਕਦਾ ਹੈ ਕਿ ਉਹ ਸ਼ਾਇਦ ਇਸ ਗੱਲ ਤੇ ਜ਼ੋਰ ਦੇਵੇ ਕਿ ਤੁਸੀਂ ਉਸ ਨੂੰ ਜਾਣ-ਬੁੱਝ ਕੇ ਧੋਖਾ ਦਿੱਤਾ। ਉਹ ਸ਼ਾਇਦ ਕਹੇ: ‘ਹੁਣ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਉਸ ਦਿਨ ਤੁਹਾਡੇ ਮਨ ਵਿਚ ਕੀ ਸੀ ਜਦ ਤੁਸੀਂ ਮੈਨੂੰ ਫੁੱਲ ਦਿੱਤਾ ਸੀ ਜਾਂ ਜਦ ਤੁਸੀਂ ਮੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਸਨ?’ ਜੇ ਤੁਸੀਂ ਵਾਕਈ ਇੱਦਾਂ ਕੀਤਾ ਸੀ, ਤਾਂ ਤੁਹਾਨੂੰ ਆਪਣੇ ਅਗਲੇ ਕਦਮ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।

ਸੱਚ ਤੋਂ ਮੂੰਹ ਨਾ ਮੋੜੋ

ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਕਈ ਮੁੰਡੇ ਆਪਣੀ ਸ਼ਾਨ ਵਧਾਉਣ ਲਈ ਕੁੜੀਆਂ ਨੂੰ ਆਪਣੇ ਇਸ਼ਕ ਦੇ ਜਾਲ ਵਿਚ ਫਸਾ ਲੈਂਦੇ ਹਨ। ਪਰ ਵਿਆਹ ਕਰਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੁੰਦਾ। ਅਜਿਹੇ ਸੁਆਰਥੀ ਮੁੰਡੇ ਕੁੜੀਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਅਤੇ ਧੋਖੇ ਨਾਲ ਉਨ੍ਹਾਂ ਦਾ ਦਿਲ ਜਿੱਤ ਲੈਂਦੇ ਹਨ। ਕਲੀਸਿਯਾ ਦੇ ਇਕ ਨਿਗਾਹਬਾਨ ਨੇ ਕਿਹਾ: “ਕਈ ਇਸ਼ਕਬਾਜ਼ ਮੁੰਡੇ ਰੋਮਾਂਟਿਕ ਰਿਸ਼ਤਿਆਂ ਨੂੰ ਇਕ ਖੇਡ ਸਮਝਦੇ ਹਨ ਅਤੇ ਇਕ ਤੋਂ ਬਾਅਦ ਦੂਜੀ ਕੁੜੀ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਕੁੜੀਆਂ ਦੇ ਜਜ਼ਬਾਤਾਂ ਨਾਲ ਇਸ ਤਰ੍ਹਾਂ ਖੇਡਣਾ ਠੀਕ ਨਹੀਂ ਹੈ।” ਅਜਿਹੀ ਇਸ਼ਕਬਾਜ਼ੀ ਦੇ ਕੀ ਨਤੀਜੇ ਨਿਕਲ ਸਕਦੇ ਹਨ?

ਬਾਈਬਲ ਕਹਿੰਦੀ ਹੈ: “ਜੋ ਮਨੁੱਖ ਪਹਿਲਾਂ ਆਪਣੇ ਗੁਆਂਢੀ ਨੂੰ ਕੁਰਾਹੇ ਪਾ ਲਵੇ ਅਤੇ ਫਿਰ ਕਹੇ ‘ਮੈਂ ਤਾਂ ਮਖੌਲ ਕਰ ਰਿਹਾ ਸਾਂ,’ ਉਹ ਉਸ ਮੂਰਖ ਆਦਮੀ ਵਰਗਾ ਹੈ ਜੋ ਖ਼ਤਰਨਾਕ ਹਥਿਆਰ ਨਾਲ ਖੇਲ ਰਿਹਾ ਹੋਵੇ।” (ਕਹਾਉਤਾਂ 26:18, 19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਜਦੋਂ ਕੋਈ ਮੁੰਡਾ ਕੁੜੀ ਦੇ ਦਿਲ ਨਾਲ ਖੇਡਦਾ ਹੈ, ਤਾਂ ਕੁੜੀ ਨੂੰ ਇਕ-ਨ-ਇਕ ਦਿਨ ਤਾਂ ਪਤਾ ਹੀ ਲੱਗ ਜਾਣਾ ਕਿ ਮੁੰਡੇ ਦੀ ਨੀਅਤ ਮਾੜੀ ਹੈ। ਨਤੀਜੇ ਵਜੋਂ ਮੁੰਡੇ ਦੀ ਧੋਖੇਬਾਜ਼ੀ ਕੁੜੀ ਦੇ ਦਿਲ ਨੂੰ ਛਲਣੀ ਕਰ ਕੇ ਰੱਖ ਦੇਵੇਗੀ। ਆਓ ਆਪਾਂ ਇਸ ਦੀ ਇਕ ਉਦਾਹਰਣ ਦੇਖੀਏ।

ਇਕ ਮੁੰਡਾ ਇਕ ਕੁੜੀ ਨੂੰ ਬਾਹਰ ਘੁਮਾਉਣ-ਫਿਰਾਉਣ ਲੈ ਜਾਂਦਾ ਸੀ, ਪਰ ਉਸ ਦੀ ਵਿਆਹ ਕਰਨ ਦੀ ਕੋਈ ਇੱਛਾ ਨਹੀਂ ਸੀ। ਉਹ ਕੁੜੀ ਨੂੰ ਵਧੀਆ ਤੋਂ ਵਧੀਆ ਰੈਸਤੋਰਾਂ ਵਿਚ ਲੈ ਜਾਂਦਾ ਸੀ ਅਤੇ ਉਹ ਦੋਵੇਂ ਪਾਰਟੀਆਂ ਵਿਚ ਜਾਂਦੇ ਸਨ। ਮੁੰਡੇ ਨੇ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਉਸ ਦਾ ਮਨ ਮੋਹ ਲਿਆ ਜਿਸ ਕਰਕੇ ਉਹ ਮੰਨਦੀ ਸੀ ਕਿ ਮੁੰਡਾ ਉਸ ਨਾਲ ਵਿਆਹ ਕਰ ਲਵੇਗਾ। ਪਰ ਜਦ ਉਸ ਨੂੰ ਪਤਾ ਲੱਗਾ ਕਿ ਮੁੰਡਾ ਸਿਰਫ਼ ਉਸ ਨਾਲ ਆਪਣਾ ਦਿਲ ਪਰਚਾ ਰਿਹਾ ਸੀ, ਤਾਂ ਉਸ ਦੇ ਦਿਲ ਨੂੰ ਗਹਿਰੀ ਸੱਟ ਲੱਗੀ।

ਜੇ ਤੁਸੀਂ ਅਣਜਾਣੇ ਵਿਚ ਕੁੜੀ ਦੇ ਮਨ ਵਿਚ ਇਹ ਵਿਚਾਰ ਪਾ ਦਿੱਤਾ ਹੈ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਅਤੇ ਸਾਰਾ ਦੋਸ਼ ਉਸ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰੋਗੇ, ਤਾਂ ਕੁੜੀ ਦੇ ਦਿਲ ਵਿਚ ਤੁਹਾਡੇ ਲਈ ਨਫ਼ਰਤ ਪੈਦਾ ਹੋ ਜਾਵੇਗੀ। ਬਾਈਬਲ ਦਾ ਇਹ ਸਿਧਾਂਤ ਤੁਹਾਡੀ ਮਦਦ ਕਰ ਸਕਦਾ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾਉਤਾਂ 28:13) ਤਾਂ ਫਿਰ ਸੱਚ ਤੋਂ ਮੂੰਹ ਨਾ ਮੋੜੋ। ਜੇ ਤੁਹਾਡੇ ਕਾਰਨ ਉਸ ਨੂੰ ਕੋਈ ਗ਼ਲਤਫ਼ਹਿਮੀ ਹੋਈ ਹੈ, ਤਾਂ ਆਪਣੀ ਗ਼ਲਤੀ ਕਬੂਲ ਕਰੋ। ਜੇਕਰ ਤੁਸੀਂ ਜਾਣ-ਬੁੱਝ ਕੇ ਉਸ ਨੂੰ ਧੋਖਾ ਦਿੱਤਾ ਹੈ, ਤਾਂ ਆਪਣੀ ਭੁੱਲ ਦਾ ਇਕਰਾਰ ਕਰੋ ਅਤੇ ਉਸ ਕੋਲੋਂ ਦਿਲੋਂ ਮਾਫ਼ੀ ਮੰਗੋ।

ਇਹ ਨਾ ਸੋਚੋ ਕਿ ਮਾਫ਼ੀ ਮੰਗਣ ਤੇ ਤੁਹਾਨੂੰ ਅੱਗੇ ਹੋਰ ਕੁਝ ਕਰਨ ਦੀ ਲੋੜ ਨਹੀਂ। ਉਹ ਕੁੜੀ ਸ਼ਾਇਦ ਤੁਹਾਡੇ ਨਾਲ ਕਾਫ਼ੀ ਚਿਰ ਤਕ ਖਫ਼ਾ ਰਹੇ। ਤੁਹਾਨੂੰ ਸ਼ਾਇਦ ਉਸ ਦੇ ਮਾਪਿਆਂ ਨੂੰ ਸਮਝਾਉਣਾ ਪਵੇ ਕਿ ਜੇ ਤੁਸੀਂ ਉਨ੍ਹਾਂ ਦੀ ਧੀ ਨੂੰ ਪਸੰਦ ਨਹੀਂ ਕਰਦੇ ਸੀ, ਤਾਂ ਫਿਰ ਤੁਸੀਂ ਉਸ ਨੂੰ ਘੁਮਾਉਣ-ਫਿਰਾਉਣ ਕਿਉਂ ਲੈ ਜਾਂਦੇ ਸੀ। ਇਸ ਤੋਂ ਇਲਾਵਾ ਤੁਹਾਨੂੰ ਸ਼ਾਇਦ ਹੋਰ ਵੀ ਗੱਲਾਂ ਸਹਾਰਨੀਆਂ ਪੈਣ। ਗਲਾਤੀਆਂ 6:7 ਬਿਆਨ ਕਰਦਾ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” ਤਾਂ ਫਿਰ ਕੀ ਮਾਫ਼ੀ ਮੰਗਣ ਅਤੇ ਸੁਲ੍ਹਾ-ਸਫ਼ਾਈ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਫ਼ਾਇਦਾ ਹੋਵੇਗਾ? ਹਾਂ, ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਕੁੜੀ ਲਈ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣਾ ਆਸਾਨ ਹੋ ਜਾਵੇਗਾ ਅਤੇ ਉਹ ਭਵਿੱਖ ਬਾਰੇ ਸੋਚਣ ਲੱਗ ਸਕਦੀ ਹੈ। ਇਸ ਅਨੁਭਵ ਤੋਂ ਤੁਸੀਂ ਆਪਣੀ ਜ਼ਿੰਦਗੀ ਦੇ ਹਰ ਮਾਮਲੇ ਵਿਚ, ਖ਼ਾਸ ਕਰਕੇ ਕੁੜੀਆਂ ਦੇ ਮਾਮਲੇ ਵਿਚ ‘ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖਣਾ’ ਸਿੱਖੋਗੇ।—ਜ਼ਬੂਰਾਂ ਦੀ ਪੋਥੀ 34:13.

ਸੋਚ-ਸਮਝ ਕੇ ਕਦਮ ਚੁੱਕੋ

ਪਰ ਫ਼ਰਜ਼ ਕਰੋ ਕਿ ਤੁਸੀਂ ਕੁੜੀ ਨੂੰ ਪਸੰਦ ਕਰਦੇ ਹੋ। ਇਸ ਲਈ ਗੱਲ ਨੂੰ ਅੱਗੇ ਵਧਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪਹਿਲਾਂ ਤੁਹਾਡੇ ਲਈ ਇਹ ਗੱਲ ਯਾਦ ਰੱਖਣੀ ਮਹੱਤਵਪੂਰਣ ਹੈ ਕਿ ਕਿਸੇ ਨਾਲ ਪਿਆਰ ਜਾਂ ਡੇਟਿੰਗ ਕਰਨੀ ਮੌਜ-ਮਸਤੀ ਕਰਨ ਦਾ ਬਹਾਨਾ ਨਹੀਂ ਹੈ। ਡੇਟਿੰਗ ਕਰਨ ਦਾ ਮਕਸਦ ਇਕ ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਹੈ ਤਾਂਕਿ ਮੁੰਡਾ-ਕੁੜੀ ਫ਼ੈਸਲਾ ਕਰ ਸਕਣ ਕਿ ਉਹ ਇਕ-ਦੂਜੇ ਨਾਲ ਸਾਰੀ ਉਮਰ ਗੁਜ਼ਾਰਨ ਲਈ ਤਿਆਰ ਹਨ ਜਾਂ ਨਹੀਂ। ਇਸ ਦੌਰਾਨ ਉਨ੍ਹਾਂ ਅੰਦਰ ਪਿਆਰ ਦੀਆਂ ਜ਼ਬਰਦਸਤ ਭਾਵਨਾਵਾਂ ਜਾਗਦੀਆਂ ਹਨ। ਵਿਆਹ ਤੋਂ ਬਾਅਦ ਇਹ ਪਿਆਰ ਉਨ੍ਹਾਂ ਦੇ ਪਤੀ-ਪਤਨੀ ਦੇ ਬੰਧਨ ਨੂੰ ਮਜ਼ਬੂਤ ਰੱਖੇਗਾ। ਡੇਟਿੰਗ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਤੁਹਾਨੂੰ ਆਪਣਾ ਅਗਲਾ ਕਦਮ ਸਮਝਦਾਰੀ ਨਾਲ ਚੁੱਕਣਾ ਚਾਹੀਦਾ ਹੈ।

ਕੁੜੀ ਬਾਰੇ ਸੋਚਣ ਤੋਂ ਬਾਅਦ ਤੁਹਾਨੂੰ ਸ਼ਾਇਦ ਉਸ ਵਿਚ ਕਈ ਖੂਬੀਆਂ ਨਜ਼ਰ ਆਉਣ। ਉਸ ਨੇ ਤੁਹਾਡੇ ਲਈ ਆਪਣੇ ਦਿਲ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਹੁਣ ਤੁਸੀਂ ਇਸ ਮੌਕੇ ਨੂੰ ਹੱਥੋਂ ਨਹੀਂ ਗੁਆਉਣਾ ਚਾਹੁੰਦੇ। ਪਰ ਬਿਨਾਂ ਸੋਚੇ-ਵਿਚਾਰੇ ਡੇਟਿੰਗ ਕਰਨ ਦੀ ਬਜਾਇ ਪਹਿਲਾਂ ਕੁਝ ਗੱਲਾਂ ਵੱਲ ਧਿਆਨ ਦਿਓ ਤਾਂਕਿ ਬਾਅਦ ਵਿਚ ਤੁਹਾਡੇ ਜਾਂ ਕੁੜੀ ਦੇ ਦਿਲ ਨੂੰ ਗਹਿਰੀ ਸੱਟ ਨਾ ਲੱਗੇ।

ਤੁਸੀਂ ਸ਼ਾਇਦ ਕੁੜੀ ਬਾਰੇ ਕੁਝ ਸਿਆਣੇ ਭੈਣ-ਭਾਈਆਂ ਜਾਂ ਮਸੀਹੀ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੋ ਜੋ ਉਸ ਨੂੰ ਜਾਣਦੇ ਹਨ। ਸਲਾਹ ਲੈਣ ਵੇਲੇ ਤੁਹਾਨੂੰ ਉਨ੍ਹਾਂ ਤੋਂ ਕੁੜੀ ਦੇ ਚੰਗੇ ਗੁਣਾਂ ਅਤੇ ਕਮਜ਼ੋਰੀਆਂ ਬਾਰੇ ਪੁੱਛਣਾ ਚਾਹੀਦਾ ਹੈ। ਤੁਸੀਂ ਕੁੜੀ ਨੂੰ ਵੀ ਸੁਝਾਅ ਦੇ ਸਕਦੇ ਹੋ ਕਿ ਉਹ ਵੀ ਤੁਹਾਡੇ ਬਾਰੇ ਇਸੇ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੇ। ਜੀ ਹਾਂ, ਇਹ ਜਾਣਨਾ ਜ਼ਰੂਰੀ ਹੈ ਕਿ ਜਿਸ ਕੁੜੀ ਨੂੰ ਤੁਸੀਂ ਪਸੰਦ ਕੀਤਾ ਹੈ, ਉਸ ਦੀ ਕਲੀਸਿਯਾ ਵਿਚ ਨੇਕਨਾਮੀ ਹੈ ਜਾਂ ਨਹੀਂ।

ਪਰ ਤੁਸੀਂ ਸ਼ਾਇਦ ਸੋਚੋ: ‘ਦੂਸਰੇ ਲੋਕ ਮੇਰੇ ਜ਼ਾਤੀ ਮਾਮਲੇ ਵਿਚ ਲੱਤ ਕਿਉਂ ਅੜਾਉਣ?’ ਇਸ ਬਾਰੇ ਬਾਈਬਲ ਵਿਚ ਲਿਖਿਆ ਹੈ: “ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਕਹਾਉਤਾਂ 15:22, ਨਵਾਂ ਅਨੁਵਾਦ) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪਿਆਰ-ਮੁਹੱਬਤ ਵਰਗੇ ਨਿੱਜੀ ਮਾਮਲੇ ਵਿਚ ਹੋਰਨਾਂ ਲੋਕਾਂ ਦੀ ਰਾਇ ਲੈਣੀ ਅਕਲਮੰਦੀ ਦੀ ਗੱਲ ਹੈ। ਜਿਨ੍ਹਾਂ ਭੈਣ-ਭਾਈਆਂ ਨਾਲ ਤੁਸੀਂ ਗੱਲ ਕਰੋਗੇ ਉਹ ਤੁਹਾਡੇ ਲਈ ਫ਼ੈਸਲਾ ਤਾਂ ਨਹੀਂ ਕਰਨਗੇ, ਪਰ ਉਨ੍ਹਾਂ ਦੀ “ਮਨੋਂ ਦਿੱਤੀ ਹੋਈ ਸਲਾਹ” ਤੋਂ ਤੁਸੀਂ ਆਪਣੇ ਅਤੇ ਕੁੜੀ ਬਾਰੇ ਉਹ ਗੱਲਾਂ ਜਾਣ ਸਕੋਗੇ ਜੋ ਤੁਹਾਨੂੰ ਸ਼ਾਇਦ ਪਹਿਲਾਂ ਨਜ਼ਰ ਨਹੀਂ ਆਈਆਂ ਸਨ।—ਕਹਾਉਤਾਂ 27:9.

ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਜੇਮਜ਼ ਨੇ ਇੱਦਾਂ ਹੀ ਕੀਤਾ ਸੀ। ਭਾਵੇਂ ਉਹ ਆਪਣੇ ਮਾਪਿਆਂ ਤੋਂ ਅਲੱਗ ਰਹਿੰਦਾ ਸੀ, ਪਰ ਉਸ ਨੇ ਉਨ੍ਹਾਂ ਨਾਲ ਸੂਜ਼ਨ ਬਾਰੇ ਗੱਲ ਕੀਤੀ। ਫਿਰ ਜੇਮਜ਼ ਤੇ ਸੂਜ਼ਨ ਨੇ ਇਕ-ਦੂਜੇ ਨੂੰ ਸਿਆਣੇ ਭੈਣ-ਭਰਾਵਾਂ ਦੇ ਨਾਂ ਦਿੱਤੇ ਜਿਨ੍ਹਾਂ ਤੋਂ ਉਹ ਸਲਾਹ ਲੈ ਸਕਦੇ ਸਨ ਕਿ ਉਨ੍ਹਾਂ ਦੋਹਾਂ ਦੀ ਜੋੜੀ ਨਿਭੇਗੀ ਕਿ ਨਹੀਂ। ਇਕ-ਦੂਸਰੇ ਬਾਰੇ ਚੰਗੀਆਂ ਗੱਲਾਂ ਸੁਣਨ ਤੋਂ ਬਾਅਦ ਜੇਮਜ਼ ਅਤੇ ਸੂਜ਼ਨ ਨੇ ਡੇਟਿੰਗ ਕਰਨੀ ਸ਼ੁਰੂ ਕੀਤੀ ਤਾਂਕਿ ਉਹ ਉਮਰ ਭਰ ਜ਼ਿੰਦਗੀ ਇਕੱਠੇ ਬਿਤਾਉਣ ਦਾ ਫ਼ੈਸਲਾ ਕਰ ਸਕਣ। ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਕੁੜੀ ਤੇ ਪੂਰੀ ਤਰ੍ਹਾਂ ਲੱਟੂ ਹੋ ਜਾਓ, ਚੰਗਾ ਹੋਵੇਗਾ ਜੇ ਤੁਸੀਂ ਜੇਮਜ਼ ਦੇ ਨਮੂਨੇ ਤੇ ਚੱਲੋ ਅਤੇ ਵਿਆਹ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਸੋਚ-ਸਮਝ ਕੇ ਕਰੋ।

ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਡੇਟਿੰਗ ਕਰਨ ਤੋਂ ਪਹਿਲਾਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਅਤੇ ਵਿਆਹ ਬਾਰੇ ਸਹੀ ਫ਼ੈਸਲਾ ਕਰਨ ਵਿਚ ਉਸ ਦੀ ਮਦਦ ਮੰਗੋ। ਫਿਰ ਤੁਹਾਨੂੰ ਆਪਣੇ ਦੋਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਤੁਸੀਂ ਯਹੋਵਾਹ ਦੇ ਨੇੜੇ ਰਹੋ। ਸਿਰਫ਼ ਉਸ ਦੇ ਸਹਾਰੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਪਾ ਸਕੋਗੇ। (g05 6/22)

[ਫੁਟਨੋਟ]

^ ਪੈਰਾ 3 ਸਾਰੇ ਨਾਂ ਬਦਲੇ ਗਏ ਹਨ।

[ਸਫ਼ੇ 19 ਉੱਤੇ ਤਸਵੀਰਾਂ]

ਜੇ ਤੁਸੀਂ ਕੁੜੀ ਨੂੰ ਪਸੰਦ ਨਹੀਂ ਕਰਦੇ, ਤਾਂ ਉਸ ਨੂੰ ਗ਼ਲਤਫ਼ਹਿਮੀ ਵਿਚ ਨਾ ਪਾਓ