Skip to content

Skip to table of contents

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਭੇਦ-ਭਾਵ “ਕੀ ਭੇਦ-ਭਾਵ ਨੂੰ ਜੜ੍ਹੋਂ ਉਖਾੜਿਆ ਜਾ ਸਕਦਾ ਹੈ?” (ਅਕਤੂਬਰ-ਦਸੰਬਰ 2004) ਨਾਮਕ ਲੇਖਾਂ ਦੀ ਲੜੀ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਇਸ ਨੂੰ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਵੀ ਕੁਝ ਹੱਦ ਤਕ ਭੇਦ-ਭਾਵ ਕਰਦੀ ਹਾਂ। ਇਹ ਜਾਣ ਕੇ ਮੈਨੂੰ ਹੈਰਾਨੀ ਹੋਈ ਕਿਉਂਕਿ ਮੈਨੂੰ ਅਕਸਰ ਉਨ੍ਹਾਂ ਲੋਕਾਂ ਤੇ ਗੁੱਸਾ ਆਉਂਦਾ ਹੈ ਜੋ ਭੇਦ-ਭਾਵ ਕਰਦੇ ਹਨ। ਮੇਰੇ ਖ਼ਿਆਲ ਨਾਲ ਇਹ ਰਸਾਲਾ ਮੇਰੀ ਜ਼ਰੂਰ ਮਦਦ ਕਰੇਗਾ।

ਐੱਮ. ਯੂ., ਅਮਰੀਕਾ

ਭਾਵੇਂ ਮੈਂ ਆਪਣੇ ਦੇਸ਼ ਤੋਂ ਬਹੁਤ ਦੂਰ ਰਹਿੰਦੀ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਮੇਰੇ ਨਾਲ ਭੇਦ-ਭਾਵ ਕਰਦਾ ਹੈ। ਪਰ ਇਸ ਲੇਖ ਲੜੀ ਨੇ ਮੇਰੀ ਉਨ੍ਹਾਂ ਲੋਕਾਂ ਦੀ ਹਮਦਰਦ ਬਣਨ ਵਿਚ ਮਦਦ ਕੀਤੀ ਹੈ ਜੋ ਭੇਦ-ਭਾਵ ਦੇ ਸ਼ਿਕਾਰ ਹਨ। ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਜਲਦੀ ਹੀ ਇਸ ਸਮੱਸਿਆ ਨੂੰ ਖ਼ਤਮ ਕਰੇਗਾ!

ਟੀ. ਜੀ., ਨਾਰਵੇ

ਮੈਂ ਇਸ ਗੱਲ ਲਈ ਤੁਹਾਡੀ ਸ਼ਲਾਘਾ ਕਰਦੀ ਹਾਂ ਕਿ ਤੁਸੀਂ ਭੇਦ-ਭਾਵ ਦੀ ਸਮੱਸਿਆ ਵੱਲ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਹੋ। ਪਰ ਮੈਨੂੰ ਸਫ਼ੇ 8-9 ਤੋਂ ਲੱਗਦਾ ਹੈ ਕਿ ਤੁਸੀਂ ਵੀ ਪੱਖਪਾਤੀ ਹੋ। ਇਨ੍ਹਾਂ ਸਫ਼ਿਆਂ ਤੇ ਤੁਸੀਂ ਦੋ ਯਹੂਦੀ ਮੁਸਾਫ਼ਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਜ਼ਖ਼ਮੀ ਆਦਮੀ ਦੀ ਮਦਦ ਨਹੀਂ ਕੀਤੀ। ਤੁਸੀਂ ਯਹੂਦੀਆਂ ਨੂੰ ਹੀ ਕਿਉਂ ਚੁਣਿਆ?

ਐੱਚ. ਐੱਚ., ਅਮਰੀਕਾ (g05 6/22)

“ਜਾਗਰੂਕ ਬਣੋ!” ਦਾ ਜਵਾਬ: ਸਾਮਰੀ ਆਦਮੀ ਦੀ ਕਹਾਣੀ ਯਿਸੂ ਨੇ ਸੁਣਾਈ ਸੀ ਅਤੇ ਉਹ ਖ਼ੁਦ ਯਹੂਦੀ ਸੀ। ਉਸ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਸਾਮਰੀਆਂ ਨਾਲ ਭੇਦ-ਭਾਵ ਕਰਦੇ ਸਨ। ਇਸ ਲਈ ਯਿਸੂ ਨੇ ਇਹ ਕਹਾਣੀ ਸੁਣਾ ਕੇ ਦਿਖਾਇਆ ਕਿ ਕਿਸੇ ਹੋਰ ਜਾਤ ਦਾ ਵਿਅਕਤੀ ਇਕ ਯਹੂਦੀ ਦਾ ਚੰਗਾ ਗੁਆਂਢੀ ਸਾਬਤ ਹੋ ਸਕਦਾ ਸੀ। ਇਸ ਤਰ੍ਹਾਂ ਕਰ ਕੇ ਯਿਸੂ ਨੇ ਆਪਣੇ ਯਹੂਦੀ ਸਰੋਤਿਆਂ ਨੂੰ ਬਹੁਤ ਹੀ ਅਹਿਮ ਸਬਕ ਸਿਖਾਇਆ ਸੀ।

ਵਿਆਹ ਤੋਂ ਪਹਿਲਾਂ ਸੈਕਸ “ਨੌਜਵਾਨ ਪੁੱਛਦੇ ਹਨ . . . ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?” (ਅਕਤੂਬਰ-ਦਸੰਬਰ 2004) ਨਾਮਕ ਲੇਖ ਤੋਂ ਮੈਨੂੰ ਕਾਫ਼ੀ ਹੌਸਲਾ ਮਿਲਿਆ। ਇਸ ਲੇਖ ਵਿਚ ਦੱਸੇ ਗਏ ਨੌਜਵਾਨਾਂ ਦੇ ਵਿਚਾਰ ਮੇਰੇ ਵਿਚਾਰਾਂ ਨਾਲ ਮਿਲਦੇ-ਜੁਲਦੇ ਸਨ। ਜ਼ਬੂਰਾਂ ਦੀ ਪੋਥੀ 84:11 ਦੇ ਸ਼ਬਦਾਂ ਨੇ ਖ਼ਾਸਕਰ ਮੇਰੇ ਤੇ ਬਹੁਤ ਪ੍ਰਭਾਵ ਪਾਇਆ ਜਿਸ ਵਿਚ ਦੱਸਿਆ ਹੈ ਕਿ ਯਹੋਵਾਹ ਸਿੱਧੇ ਰਾਹ ਤੇ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ।

ਟੀ. ਯੂ., ਜਰਮਨੀ

ਮੈਂ ਨੌਜਵਾਨ ਹਾਂ ਅਤੇ ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਹਮੇਸ਼ਾ ਕੋਸ਼ਿਸ਼ ਕਰਦੀ ਹਾਂ, ਪਰ ਕਦੇ-ਕਦੇ ਇਸ ਤਰ੍ਹਾਂ ਕਰਨਾ ਮੈਨੂੰ ਔਖਾ ਲੱਗਦਾ ਹੈ। ਇਸ ਲੇਖ ਨੇ ਸ਼ੁੱਧ ਰਹਿਣ ਦੇ ਮੇਰੇ ਇਰਾਦੇ ਨੂੰ ਪੱਕਾ ਕੀਤਾ ਹੈ ਅਤੇ ਮੈਨੂੰ ਚੇਤੇ ਕਰਾਇਆ ਹੈ ਕਿ ਮੇਰੇ ਵਾਂਗ ਹੋਰ ਵੀ ਨੌਜਵਾਨ ਹਨ ਜੋ ਸ਼ਤਾਨ ਦੀ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਕਰਦੇ ਹਨ। ਇਹ ਜਾਣ ਕੇ ਮੈਨੂੰ ਬਹੁਤ ਹੀ ਹੌਸਲਾ ਮਿਲਿਆ ਕਿ ਯਹੋਵਾਹ ਨੂੰ ਨੌਜਵਾਨਾਂ ਦੀ ਕਿੰਨੀ ਪਰਵਾਹ ਹੈ।

ਐੱਫ਼. ਬੀ., ਬਾਤਸਵਾਨਾ (g05 5/22)

“ਨੌਜਵਾਨ ਪੁੱਛਦੇ ਹਨ . . . ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?” (ਅਕਤੂਬਰ-ਦਸੰਬਰ 2004) ਨਾਮਕ ਲੇਖ ਲਈ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ। ਮੈਂ ਇਕ ਅਧਿਆਪਕਾ ਅਤੇ ਸਲਾਹਕਾਰ ਹਾਂ ਅਤੇ ਮੈਨੂੰ ਇਹ ਲੇਖ ਬਹੁਤ ਵਧੀਆ ਲੱਗਾ। ਵਿਦਿਆਰਥੀਆਂ ਦੀ ਮਦਦ ਲਈ ਮੈਂ ਇਸ ਲੇਖ ਤੋਂ ਉਨ੍ਹਾਂ ਦੇ ਨਾਲ ਕੁਝ ਫ਼ਾਇਦੇਮੰਦ ਗੱਲਾਂ ਸਾਂਝੀਆਂ ਕੀਤੀਆਂ ਤਾਂਕਿ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਪਵਿੱਤਰ ਰਹਿਣ। ਮੈਂ ਉਨ੍ਹਾਂ ਨੂੰ ਇਹ ਵੀ ਸਮਝਾਇਆ ਕਿ ਉਹ ਉਨ੍ਹਾਂ ਸਮੱਸਿਆਵਾਂ ਤੋਂ ਬਚ ਕੇ ਪੜ੍ਹਾਈ ਵਿਚ ਚੰਗੀ ਤਰੱਕੀ ਕਰਨ ਜੋ ਵਿਆਹ ਤੋਂ ਪਹਿਲਾਂ ਸੈਕਸ ਕਰਨ ਨਾਲ ਆ ਸਕਦੀਆਂ ਹਨ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਕੁਝ ਅਧਿਆਪਕ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨਾਲ ਵੀ ਗੱਲ ਕਰਾਂ। ਹਰ ਹਫ਼ਤੇ ਮੈਂ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਨੌਜਵਾਨਾਂ ਦੇ ਸਵਾਲ (ਹਿੰਦੀ) ਕਿਤਾਬ ਦੇ ਵੱਖੋ-ਵੱਖਰੇ ਵਿਸ਼ਿਆਂ ਤੇ ਚਰਚਾ ਕਰਦੀ ਹਾਂ।

ਬੀ. ਸੀ., ਮੋਜ਼ਾਮਬੀਕ

ਮੈਂ 25 ਸਾਲਾਂ ਦਾ ਹਾਂ ਅਤੇ ਆਪਣੇ ਆਪ ਨੂੰ ਸ਼ੁੱਧ ਰੱਖਣ ਲਈ ਆਪਣੀ ਪੂਰੀ ਵਾਹ ਲਾਈ ਹੈ। ਮੇਰਾ ਇਰਾਦਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਿਆ ਹੈ ਕਿ ਮੈਂ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰਾਂਗਾ। ਇਸ ਤਰ੍ਹਾਂ ਦੇ ਲੇਖ ਲਿਖ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।

ਐੱਫ਼. ਕੇ., ਯੂਗਾਂਡਾ (g05 6/8)