Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸਤੰਬਰ 2004 ਵਿਚ ਮੈਕਸੀਕੋ ਦੀ ਖਾੜੀ ਵਿਚ ਆਏ ਆਈਵਨ ਤੂਫ਼ਾਨ ਦੇ ਕਾਰਨ ਉੱਠੀਆਂ ਲਹਿਰਾਂ ਵਿੱਚੋਂ ਘੱਟੋ-ਘੱਟ 24 ਲਹਿਰਾਂ 15 ਮੀਟਰ ਤੋਂ ਉੱਚੀਆਂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਲਹਿਰ 27.7 ਮੀਟਰ ਉੱਚੀ ਸੀ।—ਸਾਇੰਸ ਰਸਾਲਾ, ਅਮਰੀਕਾ। (g 4/06)

ਕਾਰ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਵਰਤਣ ਕਾਰਨ ਹਾਦਸਿਆਂ ਵਿਚ ਚਾਰ ਗੁਣਾ ਵਾਧਾ ਹੋਇਆ ਜਿਨ੍ਹਾਂ ਕਾਰਨ ਹਸਪਤਾਲ ਜਾਣ ਦੀ ਲੋੜ ਪੈਂਦੀ ਹੈ। ਇਹ ਹਾਦਸੇ ਉਦੋਂ ਵੀ ਹੁੰਦੇ ਹਨ ਜਦ ਡ੍ਰਾਈਵਰ ਹੈਂਡਸ-ਫ੍ਰੀ ਫ਼ੋਨ ਇਸਤੇਮਾਲ ਕਰਦਾ ਹੈ।—ਬੀ. ਐੱਮ. ਜੇ., ਬਰਤਾਨੀਆ। (g 4/06)

ਅਗਲੇ ਦਸਾਂ ਸਾਲਾਂ ਵਿਚ ਏਸ਼ੀਆ ਦੇ 1.27 ਅਰਬ ਬੱਚਿਆਂ ਵਿੱਚੋਂ ਅੱਧਿਆਂ ਦੀਆਂ ਆਮ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਜਿਵੇਂ ਕਿ ਸਾਫ਼ ਪਾਣੀ, ਖਾਣਾ, ਡਾਕਟਰੀ ਸਹੂਲਤਾਂ, ਪੜ੍ਹਾਈ-ਲਿਖਾਈ ਦਾ ਪ੍ਰਬੰਧ ਅਤੇ ਰਹਿਣ ਦੀ ਜਗ੍ਹਾ।—ਪਲੈਨ ਏਸ਼ੀਆ ਰੀਜਨਲ ਆਫ਼ਿਸ, ਥਾਈਲੈਂਡ। (g 5/06)

ਕੰਮ ਦੀ ਥਾਂ ਤੇ ਸਭ ਤੋਂ ਭੈੜੀਆਂ ਆਦਤਾਂ

ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਕੰਮ ਦੀ ਥਾਂ ਤੇ ਲੋਕਾਂ ਦੀਆਂ ਬੁਰੀਆਂ ਆਦਤਾਂ ਬਾਰੇ ਰਿਪੋਰਟ ਦਿੱਤੀ। ਸਭ ਤੋਂ ਭੈੜੀ ਆਦਤ ਸੀ “ਟੈਲੀਫ਼ੋਨ ਤੇ ਉੱਚੀ-ਉੱਚੀ ਗੱਲ ਕਰਨੀ, ਸਪੀਕਰ-ਫ਼ੋਨ ਤੇ ਗੱਲ ਕਰਨੀ ਅਤੇ ਜ਼ਿਆਦਾ ਕੰਮ ਹੋਣ ਕਰਕੇ ਸ਼ਿਕਾਇਤ ਕਰਦੇ ਰਹਿਣਾ।” ਕੁਝ ਹੋਰ ਵੀ ਬੁਰੀਆਂ ਆਦਤਾਂ ਸਨ ਜਿਨ੍ਹਾਂ ਤੋਂ ਦੂਸਰਿਆਂ ਨੂੰ ਖਿੱਝ ਆਉਂਦੀ ਹੈ ਜਿਵੇਂ “ਸਿਰਫ਼ ਉਨ੍ਹਾਂ ਲੋਕਾਂ ਨਾਲ ਮਿਲਣਾ-ਬੈਠਣਾ ਜੋ ਉਨ੍ਹਾਂ ਵਰਗੇ ਖ਼ਿਆਲ ਰੱਖਦੇ ਹਨ, ਕੰਮ ਤੇ ਸਮੇਂ ਸਿਰ ਨਾ ਪਹੁੰਚਣਾ, ਆਪਣੇ ਆਪ ਨਾਲ ਗੱਲਾਂ ਕਰਨੀਆਂ, ਆਪਣੀ ਥਾਂ ਤੇ ਬੈਠੇ ਹੋਰਨਾਂ ਨਾਲ ਗੱਲਾਂ ਕਰਨੀਆਂ, ਚੰਗੀ ਤਰ੍ਹਾਂ ਨਹਾ-ਧੋ ਕੇ ਨਾ ਆਉਣਾ ਅਤੇ ਚਪੜ-ਚਪੜ ਖਾਣਾ।” ਅਜਿਹੀਆਂ ਆਦਤਾਂ ਕਰਕੇ ਲੋਕ ਕੰਮ ਵੀ ਘੱਟ ਕਰ ਪਾਉਂਦੇ ਹਨ। ਸਰਵੇ ਵਿਚ ਹੋਰਨਾਂ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਅਜਿਹੇ ਲੋਕਾਂ ਨਾਲ ਕਿੱਦਾਂ ਸਿੱਝਦੇ ਹਨ। ਅਖ਼ਬਾਰ ਨੇ ਅੱਗੇ ਕਿਹਾ ਕਿ “ਉਨ੍ਹਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਉਹ ਵੀ ਸ਼ਾਇਦ ਅਜਿਹਾ ਕੁਝ ਕਰਦੇ ਹੋਣਗੇ ਜੋ ਦੂਸਰਿਆਂ ਨੂੰ ਪਸੰਦ ਨਾ ਹੋਵੇ।”

ਸ਼ਹਿਰਾਂ ਦੀ ਆਬਾਦੀ ਵਧੀ

ਕੈਨੇਡਾ ਦੇ ਇਕ ਰੇਡੀਓ ਸਟੇਸ਼ਨ ਤੇ ਦੱਸਿਆ ਗਿਆ ਸੀ ਕਿ “ਦੋ ਸਾਲਾਂ ਵਿਚ ਦੁਨੀਆਂ ਦੀ ਅੱਧੀ ਆਬਾਦੀ ਸ਼ਹਿਰਾਂ ਵਿਚ ਵੱਸਦੀ ਹੋਵੇਗੀ।” ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ਦੇ ਜ਼ਿਆਦਾਤਰ ਲੋਕ ਸ਼ਹਿਰਾਂ ਵਿਚ ਰਹਿੰਦੇ ਹਨ। ਉੱਥੇ ਦਸਾਂ ਲੋਕਾਂ ਵਿੱਚੋਂ ਨੌਂ ਸ਼ਹਿਰਾਂ ਵਿਚ ਵੱਸਦੇ ਹਨ। ਪਚਵੰਜਾ ਸਾਲ ਪਹਿਲਾਂ ਸਿਰਫ਼ ਨਿਊਯਾਰਕ ਅਤੇ ਟੋਕੀਓ ਸ਼ਹਿਰਾਂ ਵਿਚ ਹੀ ਇਕ ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਸਨ। ਅੱਜ ਅਜਿਹੇ ਸ਼ਹਿਰਾਂ ਦੀ ਗਿਣਤੀ ਵਧ ਗਈ ਹੈ। ਹੁਣ ਦੁਨੀਆਂ ਦੇ 20 ਸ਼ਹਿਰਾਂ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕੀ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸ਼ਹਿਰ ਹਨ ਸਾਓ ਪੌਲੋ, ਜਕਾਰਤਾ, ਮੁੰਬਈ ਅਤੇ ਮੈਕਸੀਕੋ। ਯੂ. ਐੱਨ. ਦਾ ਸੈਕਟਰੀ-ਜਨਰਲ ਕੋਫੀ ਆਨਾਨ ਕਹਿੰਦਾ ਹੈ ਕਿ “ਅਜਿਹੇ ਵਾਧੇ ਕਾਰਨ ਕਈ ਦੇਸ਼ਾਂ ਵਿਚ ਲੋਕਾਂ ਨੂੰ ਆਪਣੀ ਰਹਿਣੀ-ਬਹਿਣੀ ਵਿਚ ਅਤੇ ਆਰਥਿਕ ਤੌਰ ਤੇ ਵੀ ਕਾਫ਼ੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ।” (g 6/06)

ਪਾਦਰੀਆਂ ਦੀ ਮਾਰ-ਕੁਟਾਈ ਵਧੀ

ਸੰਨ 2005 ਵਿਚ ਲੰਡਨ ਦੀ ਡੇਲੀ ਟੈਲੀਗ੍ਰਾਫ਼ ਅਖ਼ਬਾਰ ਵਿਚ ਦੱਸਿਆ ਗਿਆ ਸੀ ਕਿ “[ਬਰਤਾਨੀਆ] ਵਿਚ ਪਾਦਰੀ ਬਣਨਾ ਸਭ ਤੋਂ ਖ਼ਤਰਨਾਕ ਪੇਸ਼ਾ ਹੈ।” ਸੰਨ 2001 ਵਿਚ ਬਰਤਾਨੀਆ ਦੀ ਸਰਕਾਰ ਵੱਲੋਂ ਕੀਤੇ ਸਰਵੇਖਣ ਤੋਂ ਜ਼ਾਹਰ ਹੋਇਆ ਕਿ ਸਾਲ 1999 ਅਤੇ 2000 ਵਿਚ ਤਕਰੀਬਨ 75 ਫੀ ਸਦੀ ਪਾਦਰੀਆਂ ਨੂੰ ਕੁੱਟਿਆ-ਮਾਰਿਆ ਗਿਆ ਸੀ। ਸਾਲ 1996 ਤੋਂ ਹੁਣ ਤਕ ਤਕਰੀਬਨ 7 ਪਾਦਰੀਆਂ ਨੂੰ ਜਾਨੋਂ ਮਾਰਿਆ ਗਿਆ ਹੈ। ਅਖ਼ਬਾਰ ਨੇ ਅੱਗੇ ਦੱਸਿਆ ਕਿ ਕਈ ਥਾਵਾਂ ਤੇ “ਚਰਚ ਜਾਣ ਵਾਲਿਆਂ ਦੀ ਮਾਰ-ਕਟਾਈ ਅਤੇ ਉਨ੍ਹਾਂ ਨੂੰ ਗੁੰਡਿਆਂ ਵੱਲੋਂ ਦਿੱਤੀਆਂ ਜਾਂਦੀਆਂ ਧਮਕੀਆਂ” ਵਿਚ ਵਾਧਾ ਹੋਇਆ ਹੈ। ਮਰਜ਼ੀਸਾਈਡ ਨਾਂ ਦੇ ਇਲਾਕੇ ਦੇ “1,400 ਗਿਰਜਿਆਂ ਵਿੱਚੋਂ ਇਕ ਗਿਰਜੇ ਤੇ ਹਰ ਰੋਜ਼ ਜਾਂ ਤਾਂ “ਹਮਲਾ ਕੀਤਾ ਜਾਂਦਾ ਹੈ ਜਾਂ ਚੋਰੀ ਕੀਤੀ ਜਾਂਦੀ ਹੈ, ਜਾਂ ਫਿਰ ਇਸ ਨੂੰ ਸਾੜਿਆ-ਫੂਕਿਆ ਜਾਂਦਾ ਹੈ।” (g 1/06)

ਪਟਰੋਲ ਅਤੇ ਸ਼ਰਾਬ ਨਾਲ ਚੱਲਦੀਆਂ ਕਾਰਾਂ

ਵੇਜ਼ਾ ਰਸਾਲਾ ਦੱਸਦਾ ਹੈ ਕਿ ਬ੍ਰਾਜ਼ੀਲ ਵਿਚ ਹਰ ਤਿੰਨ ਨਵੀਆਂ ਕਾਰਾਂ ਵਿੱਚੋਂ ਇਕ ਕਾਰ ਪਟਰੋਲ ਤੇ ਸ਼ਰਾਬ ਨਾਲ ਚੱਲਦੀ ਹੈ। ਇਹ ਕਾਰਾਂ ਸ਼ਰਾਬ ਅਤੇ ਪਟਰੋਲ ਨੂੰ ਮਿਲਾ ਕੇ ਚਲਾਈਆਂ ਜਾ ਸਕਦੀਆਂ ਹਨ। ਇਹ ਸ਼ਰਾਬ ਗੰਨਿਆਂ ਦੇ ਰਸ ਤੋਂ ਬਣਾਈ ਜਾਂਦੀ ਹੈ। ਸਾਲ 2003 ਤੋਂ 2004 ਦੌਰਾਨ ਇਸ ਸ਼ਰਾਬ ਦੀ ਵਿੱਕਰੀ 34 ਫੀ ਸਦੀ ਵਧ ਗਈ। ਸ਼ਰਾਬ ਨਾਲ ਕਾਰ ਚਲਾਉਣ ਦਾ ਕਾਰਨ ਇਹ ਨਹੀਂ ਕਿ ਲੋਕਾਂ ਨੂੰ ਵਾਤਾਵਰਣ ਦੀ ਚਿੰਤਾ ਹੈ, ਸਗੋਂ ਕਾਰ ਚਲਾਉਣ ਲਈ ਸ਼ਰਾਬ ਵਰਤਣੀ ਸਸਤੀ ਪੈਂਦੀ ਹੈ। ਇਕ ਸਰਕਾਰੀ ਸੰਸਥਾ ਦੇ ਡਾਇਰੈਕਟਰ ਰਫੈਲ ਸ਼ਾਈਡਮੌਨ ਨੇ ਕਿਹਾ ਕਿ “ਭਾਵੇਂ ਪਟਰੋਲ ਦੀ ਕੀਮਤ ਵਧੇ ਜਾਂ ਘਟੇ, ਇਸ ਦਾ ਡ੍ਰਾਈਵਰ ਉੱਤੇ ਕੋਈ ਅਸਰ ਨਹੀਂ ਪੈਂਦਾ। ਕਿਉਂ? ਕਿਉਂਕਿ ਜੇ ਸ਼ਰਾਬ ਦੀ ਕੀਮਤ ਵਧ ਜਾਵੇ, ਤਾਂ ਉਹ ਪਟਰੋਲ ਵਰਤ ਸਕਦਾ ਹੈ ਅਤੇ ਜੇ ਪਟਰੋਲ ਦੀ ਕੀਮਤ ਵਧ ਜਾਵੇ, ਤਾਂ ਉਹ ਸ਼ਰਾਬ ਵਰਤ ਸਕਦਾ ਹੈ।” (g 6/06)