Skip to content

Skip to table of contents

ਇਕ ਦਿਨ ਧਰਤੀ ਉੱਤੇ ਅਮਨ-ਚੈਨ ਜ਼ਰੂਰ ਹੋਵੇਗਾ

ਇਕ ਦਿਨ ਧਰਤੀ ਉੱਤੇ ਅਮਨ-ਚੈਨ ਜ਼ਰੂਰ ਹੋਵੇਗਾ

ਇਕ ਦਿਨ ਧਰਤੀ ਉੱਤੇ ਅਮਨ-ਚੈਨ ਜ਼ਰੂਰ ਹੋਵੇਗਾ

ਕੁਝ ਲੋਕ ਸੋਚਦੇ ਹਨ ਕਿ ਹਿੰਸਾ ਦਾ ਰਾਹ ਅਪਣਾ ਕੇ ਹੀ ਦੇਸ਼ ਦੀ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ ਜਾਂ ਸੱਚੀ-ਸੁੱਚੀ ਭਗਤੀ ਕੀਤੀ ਜਾ ਸਕਦੀ ਹੈ। ਇਸ ਮਾਰੂ ਤਾਕਤ ਨਾਲ ਹੀ ਮਾੜੇ ਹਾਕਮਾਂ ਨੂੰ ਹਟਾਇਆ ਜਾ ਸਕਦਾ ਹੈ। ਕੁਝ ਸਰਕਾਰਾਂ ਵੀ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਜਨਤਾ ਨੂੰ ਕਾਬੂ ਵਿਚ ਰੱਖਣ ਲਈ ਹਿੰਸਾ ਦਾ ਸਹਾਰਾ ਲੈਂਦੀਆਂ ਹਨ। ਪਰ ਜੇ ਅੱਤਵਾਦ ਹਕੂਮਤ ਤੇ ਸਮਾਜ ਨੂੰ ਸੁਧਾਰਨ ਦਾ ਵਧੀਆ ਤਰੀਕਾ ਹੈ, ਤਾਂ ਇਸ ਨਾਲ ਸ਼ਾਂਤੀ ਤੇ ਖ਼ੁਸ਼ਹਾਲੀ ਆਉਣੀ ਚਾਹੀਦੀ ਹੈ ਤੇ ਕਾਨੂੰਨ-ਵਿਵਸਥਾ ਕਾਇਮ ਹੋਣੀ ਚਾਹੀਦੀ ਹੈ। ਕੁਝ ਸਮੇਂ ਬਾਅਦ ਹਿੰਸਾ ਅਤੇ ਡਰ ਖ਼ਤਮ ਹੋ ਜਾਣੇ ਚਾਹੀਦੇ ਹਨ। ਕੀ ਅਸੀਂ ਇਸ ਤਰ੍ਹਾਂ ਹੁੰਦਾ ਦੇਖਿਆ ਹੈ?

ਸੱਚ ਤਾਂ ਇਹ ਹੈ ਕਿ ਅੱਤਵਾਦੀ ਜ਼ਿੰਦਗੀ ਦੀ ਕਦਰ ਨਹੀਂ ਕਰਦੇ ਅਤੇ ਉਹ ਖ਼ੂਨ ਦੀਆਂ ਨਦੀਆਂ ਵਹਾਉਂਦੇ ਤੇ ਜ਼ੁਲਮ ਢਾਹੁੰਦੇ ਹਨ। ਅੱਤਵਾਦ ਦਾ ਸੰਤਾਪ ਹੰਢਾਉਣ ਵਾਲੇ ਲੋਕ ਬਦਲਾ ਲੈਂਦੇ ਹਨ। ਇਕ-ਦੂਜੇ ਤੋਂ ਬਦਲਾ ਲੈਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਅੱਤਵਾਦ ਦੀ ਅੱਗ ਕਦੇ ਠੰਢੀ ਨਹੀਂ ਪੈਂਦੀ।

ਹਿੰਸਾ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ

ਇਨਸਾਨ ਹਜ਼ਾਰਾਂ ਸਾਲਾਂ ਤੋਂ ਆਪਣੀਆਂ ਸਿਆਸੀ, ਧਾਰਮਿਕ ਅਤੇ ਸਮਾਜਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਬਾਈਬਲ ਇਸ ਦਾ ਕਾਰਨ ਦੱਸਦੀ ਹੈ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਯਿਸੂ ਨੇ ਕਿਹਾ ਸੀ: ‘ਗਿਆਨ ਨਤੀਜਿਆਂ ਦੁਆਰਾ ਸੱਚਾ ਸਿੱਧ ਹੁੰਦਾ ਹੈ।’ (ਮੱਤੀ 11:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਦੇ ਇਹ ਸਿਧਾਂਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਮੱਸਿਆਵਾਂ ਦਾ ਹੱਲ ਅੱਤਵਾਦ ਨਹੀਂ ਹੈ। ਅੱਤਵਾਦ ਦੇ ਨਤੀਜੇ ਆਜ਼ਾਦੀ ਤੇ ਖ਼ੁਸ਼ੀ ਨਹੀਂ ਹਨ। ਇਸ ਦੀ ਬਜਾਇ ਇਸ ਨੇ ਮੌਤ ਅਤੇ ਦੁੱਖਾਂ ਨੂੰ ਸੱਦਾ ਦਿੱਤਾ ਹੈ ਤੇ ਤਬਾਹੀ ਮਚਾਈ ਹੈ। ਅੱਤਵਾਦ ਦਾ 20ਵੀਂ ਸਦੀ ਤੇ ਬਹੁਤ ਪ੍ਰਭਾਵ ਪਿਆ ਹੈ ਤੇ ਹੁਣ ਇਹ 21ਵੀਂ ਸਦੀ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਬਹੁਤ ਸਾਰੇ ਲੋਕ ਇਹੀ ਕਹਿੰਦੇ ਹਨ ਕਿ ਅੱਤਵਾਦ ਕਿਸੇ ਸਮੱਸਿਆ ਦਾ ਹੱਲ ਨਹੀਂ, ਸਗੋਂ ਇਕ ਸਮੱਸਿਆ ਹੈ।

“ਹਰ ਰੋਜ਼ ਮੈਂ ਇਹੀ ਸੋਚਦੀ ਹਾਂ ਕਿ ਮੇਰੇ ਘਰ ਦਾ ਕੋਈ ਮੈਂਬਰ ਜਾਂ ਮੇਰਾ ਕੋਈ ਦੋਸਤ ਮਰੇ ਨਾ . . . ਸ਼ਾਇਦ ਸਾਨੂੰ ਕਿਸੇ ਚਮਤਕਾਰ ਦੀ ਲੋੜ ਹੈ।” ਇਕ ਕੁੜੀ ਨੇ ਇਸ ਤਰ੍ਹਾਂ ਲਿਖਿਆ ਜਿਸ ਦੇ ਸ਼ਹਿਰ ਨੂੰ ਅੱਤਵਾਦੀਆਂ ਨੇ ਅੱਗ ਲਾ ਦਿੱਤੀ ਸੀ। ਉਸ ਵਾਂਗ ਹੋਰ ਕਈਆਂ ਨੇ ਇਹੀ ਸਿੱਟਾ ਕੱਢਿਆ ਹੈ: ਇਨਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਇਨਸਾਨਾਂ ਦਾ ਸਿਰਜਣਹਾਰ ਹੀ ਅੱਜ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਅੱਤਵਾਦ ਦਾ ਖ਼ਾਤਮਾ ਕਰ ਸਕਦਾ ਹੈ। ਪਰ ਸਾਨੂੰ ਪਰਮੇਸ਼ੁਰ ਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?

ਪਰਮੇਸ਼ੁਰ ਸਾਡੇ ਭਰੋਸੇ ਦੇ ਲਾਇਕ ਕਿਉਂ ਹੈ

ਇਕ ਕਾਰਨ ਇਹ ਹੈ ਕਿ ਯਹੋਵਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਸ਼ਾਂਤੀ ਤੇ ਸੰਤੁਸ਼ਟੀ ਨਾਲ ਜ਼ਿੰਦਗੀ ਬਸਰ ਕਰੀਏ। ਪਰਮੇਸ਼ੁਰ ਦੇ ਇਕ ਨਬੀ ਯਸਾਯਾਹ ਨੇ ਲਿਖਿਆ ਸੀ: “ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” (ਯਸਾਯਾਹ 64:8) ਯਹੋਵਾਹ ਸਾਰੀ ਮਨੁੱਖਜਾਤੀ ਦਾ ਪਿਤਾ ਹੈ ਤੇ ਉਹ ਸਾਰੀਆਂ ਕੌਮਾਂ ਨੂੰ ਬਹੁਤ ਪਿਆਰ ਕਰਦਾ ਹੈ। ਉਹ ਬੇਇਨਸਾਫ਼ੀ ਅਤੇ ਨਫ਼ਰਤ ਲਈ ਜ਼ਿੰਮੇਵਾਰ ਨਹੀਂ ਹੈ ਜਿਸ ਕਰਕੇ ਅੱਤਵਾਦ ਭੜਕਦਾ ਹੈ। ਇਕ ਵਾਰ ਬੁੱਧੀਮਾਨ ਰਾਜੇ ਸੁਲੇਮਾਨ ਨੇ ਕਿਹਾ: “ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।” (ਉਪਦੇਸ਼ਕ ਦੀ ਪੋਥੀ 7:29) ਅੱਤਵਾਦ ਲੋਕਾਂ ਦੇ ਬੁਰੇ ਕੰਮਾਂ ਅਤੇ ਦੁਸ਼ਟ ਆਤਮਾਵਾਂ ਦੇ ਪ੍ਰਭਾਵ ਕਰਕੇ ਫੈਲ ਰਿਹਾ ਹੈ, ਨਾ ਕਿ ਇਸ ਕਰਕੇ ਕਿ ਪਰਮੇਸ਼ੁਰ ਇਸ ਨੂੰ ਰੋਕਣ ਦੇ ਕਾਬਲ ਨਹੀਂ ਹੈ।—ਅਫ਼ਸੀਆਂ 6:11, 12.

ਯਹੋਵਾਹ ਤੇ ਭਰੋਸਾ ਰੱਖਣ ਦਾ ਇਕ ਹੋਰ ਕਾਰਨ ਇਹ ਹੈ ਕਿ ਸਾਡਾ ਸਿਰਜਣਹਾਰ ਹੋਣ ਕਰਕੇ ਉਹੀ ਬਿਹਤਰ ਤਰੀਕੇ ਨਾਲ ਜਾਣਦਾ ਹੈ ਕਿ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਕਾਰਨ ਕੀ ਹੈ ਤੇ ਇਨ੍ਹਾਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ। ਇਸ ਸੱਚਾਈ ਨੂੰ ਕਹਾਉਤਾਂ 3:19 ਵਿਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ: “ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨਿਉਂ ਧਰੀ, ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।” ਪੁਰਾਣੇ ਜ਼ਮਾਨੇ ਦੇ ਇਕ ਆਦਮੀ ਨੇ ਪਰਮੇਸ਼ੁਰ ਉੱਤੇ ਪੂਰੇ ਭਰੋਸੇ ਨਾਲ ਲਿਖਿਆ: “ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।”—ਜ਼ਬੂਰਾਂ ਦੀ ਪੋਥੀ 121:1, 2.

ਪਰਮੇਸ਼ੁਰ ਤੇ ਭਰੋਸਾ ਰੱਖਣ ਦਾ ਤੀਜਾ ਕਾਰਨ ਹੈ: ਪਰਮੇਸ਼ੁਰ ਖ਼ੂਨ-ਖ਼ਰਾਬੇ ਨੂੰ ਰੋਕਣ ਦੀ ਤਾਕਤ ਰੱਖਦਾ ਹੈ। ਨੂਹ ਦੇ ਜ਼ਮਾਨੇ ਵਿਚ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” (ਉਤਪਤ 6:11) ਪਰਮੇਸ਼ੁਰ ਨੇ ਉਸ ਜ਼ਮਾਨੇ ਦੀ ਦੁਨੀਆਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ: ‘ਪਰਮੇਸ਼ੁਰ ਨੇ ਪੁਰਾਣੇ ਸੰਸਾਰ ਨੂੰ ਨਾ ਛੱਡਿਆ ਸਗੋਂ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ।’—2 ਪਤਰਸ 2:5.

ਨੂਹ ਦੇ ਜ਼ਮਾਨੇ ਦੀ ਜਲ-ਪਰਲੋ ਤੋਂ ਬਾਈਬਲ ਸਾਨੂੰ ਇਹ ਸਬਕ ਸਿਖਾਉਂਦੀ ਹੈ: “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!” (2 ਪਤਰਸ 2:9) ਪਰਮੇਸ਼ੁਰ ਦੇਖ ਸਕਦਾ ਹੈ ਕਿ ਕਿਹੜੇ ਲੋਕ ਸੱਚ-ਮੁੱਚ ਵਧੀਆ ਜ਼ਿੰਦਗੀ ਚਾਹੁੰਦੇ ਹਨ ਤੇ ਕਿਹੜੇ ਦੂਜਿਆਂ ਦਾ ਜੀਣਾ ਦੁੱਭਰ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ “ਭਗਤੀਹੀਣ ਮਨੁੱਖਾਂ” ਦੇ ਨਾਲ ਹੀ ਨਾਸ਼ ਕਰ ਦੇਵੇਗਾ ਜੋ ਦੂਜਿਆਂ ਦਾ ਜੀਣਾ ਦੁੱਭਰ ਕਰਦੇ ਹਨ। ਪਰ ਅਮਨ-ਚੈਨ ਚਾਹੁਣ ਵਾਲਿਆਂ ਲਈ ਉਹ ਇਕ ਨਵੀਂ ਧਰਤੀ ਤਿਆਰ ਕਰ ਰਿਹਾ ਹੈ ਜਿੱਥੇ ਧਾਰਮਿਕਤਾ ਦਾ ਬੋਲਬਾਲਾ ਹੋਵੇਗਾ।—2 ਪਤਰਸ 3:7, 13.

ਧਰਤੀ ਉੱਤੇ ਹਮੇਸ਼ਾ ਲਈ ਅਮਨ-ਚੈਨ

ਬਾਈਬਲ ਦੇ ਲਿਖਾਰੀਆਂ ਨੇ “ਧਰਤੀ” ਸ਼ਬਦ ਅਕਸਰ ਲੋਕਾਂ ਨੂੰ ਦਰਸਾਉਣ ਲਈ ਵਰਤਿਆ। ਉਦਾਹਰਣ ਲਈ ਪਤਰਸ ਰਸੂਲ ਨੇ “ਨਵੀਂ ਧਰਤੀ” ਬਾਰੇ ਲਿਖਿਆ। ਨਵੀਂ ਧਰਤੀ ਦਾ ਮਤਲਬ ਹੈ ਅਜਿਹਾ ਮਨੁੱਖੀ ਸਮਾਜ ਜਿਸ ਵਿਚ ਹਿੰਸਾ ਤੇ ਨਫ਼ਰਤ ਦੀ ਥਾਂ ਧਾਰਮਿਕਤਾ ਤੇ ਇਨਸਾਫ਼ ਦਾ ਬੋਲਬਾਲਾ ਹੋਵੇਗਾ। ਯਹੋਵਾਹ ਪਰਮੇਸ਼ੁਰ ਇਹ ਨਵਾਂ ਸਮਾਜ ਸਥਾਪਿਤ ਕਰੇਗਾ। ਮੀਕਾਹ 4:3 ਵਿਚ ਭਵਿੱਖਬਾਣੀ ਕੀਤੀ ਗਈ ਹੈ: “ਉਹ ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, ਅਤੇ ਤਕੜੀਆਂ ਦੁਰੇਡੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ।”

ਇਹ ਭਵਿੱਖਬਾਣੀ ਪੂਰੀ ਹੋਣ ਤੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨਗੇ? ਮੀਕਾਹ 4:4 ਦੱਸਦਾ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” ਫਿਰਦੌਸ ਵਰਗੀ ਧਰਤੀ ਉੱਤੇ ਉਸ ਵੇਲੇ ਕਿਸੇ ਨੂੰ ਵੀ ਅੱਤਵਾਦੀ ਹਮਲੇ ਦਾ ਡਰ ਨਹੀਂ ਹੋਵੇਗਾ। ਕੀ ਤੁਸੀਂ ਇਸ ਵਾਅਦੇ ਉੱਤੇ ਭਰੋਸਾ ਕਰ ਸਕਦੇ ਹੋ? ਹਾਂ, ‘ਕਿਉਂ ਜੋ ਇਹ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।’—ਮੀਕਾਹ 4:4.

ਜਿੱਦਾਂ-ਜਿੱਦਾਂ ਅੱਤਵਾਦ ਦਾ ਖ਼ਤਰਾ ਵਧਦਾ ਜਾ ਰਿਹਾ ਹੈ ਤੇ ਹਿੰਸਾ ਕਾਰਨ ਕੌਮਾਂ ਦਹਿਲ ਰਹੀਆਂ ਹਨ, ਉੱਦਾਂ-ਉੱਦਾਂ ਸ਼ਾਂਤੀ ਦੇ ਪ੍ਰੇਮੀਆਂ ਨੂੰ ਯਹੋਵਾਹ ਤੇ ਭਰੋਸਾ ਰੱਖਣ ਦੀ ਲੋੜ ਹੈ। ਇੱਦਾਂ ਦੀ ਕੋਈ ਸਮੱਸਿਆ ਨਹੀਂ ਹੈ ਜੋ ਉਹ ਹੱਲ ਨਹੀਂ ਕਰ ਸਕਦਾ। ਉਹ ਹਰ ਜ਼ਖ਼ਮ ਤੇ ਦੁੱਖ ਨੂੰ ਮਿਟਾਉਣ ਦੇ ਨਾਲ-ਨਾਲ ਮੌਤ ਦਾ ਵੀ ਅੰਤ ਕਰ ਦੇਵੇਗਾ। ਬਾਈਬਲ ਦੱਸਦੀ ਹੈ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾਯਾਹ 25:8) ਜਿਨ੍ਹਾਂ ਲੋਕਾਂ ਦੇ ਦੇਸ਼ ਇਸ ਵੇਲੇ ਅੱਤਵਾਦ ਦੇ ਸ਼ਿਕਾਰ ਹਨ, ਉਨ੍ਹਾਂ ਦੇਸ਼ਾਂ ਵਿਚ ਛੇਤੀ ਹੀ ਸ਼ਾਂਤੀ ਹੋਵੇਗੀ। ਇਸ ਸ਼ਾਂਤੀ ਦਾ ਵਾਅਦਾ ਉਸ ਪਰਮੇਸ਼ੁਰ ਨੇ ਕੀਤਾ ਹੈ “ਜੋ ਝੂਠ ਬੋਲ ਨਹੀਂ ਸੱਕਦਾ।”—ਤੀਤੁਸ 1:2; ਇਬਰਾਨੀਆਂ 6:17, 18. (g 6/06)

[ਸਫ਼ਾ 24 ਉੱਤੇ ਡੱਬੀ/ਤਸਵੀਰਾਂ]

ਬੰਦੂਕ ਦੀ ਗੋਲੀ ਜਵਾਬ ਨਹੀਂ

ਥੱਲੇ ਦਿੱਤੇ ਸ਼ਬਦ ਉਨ੍ਹਾਂ ਵਿਅਕਤੀਆਂ ਨੇ ਕਹੇ ਸਨ ਜੋ ਮੰਨਦੇ ਸਨ ਕਿ ਹਿੰਸਾ ਨਾਲ ਹੀ ਰਾਜਨੀਤਿਕ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ।

◼ “ਇਤਿਹਾਸ ਦੀਆਂ ਕਿਤਾਬਾਂ ਪੜ੍ਹ ਕੇ ਮੈਂ ਦੇਖਿਆ ਹੈ ਕਿ ਰਾਜਿਆਂ ਅਤੇ ਉੱਚ ਅਧਿਕਾਰੀਆਂ ਨੇ ਹਮੇਸ਼ਾ ਗ਼ਰੀਬਾਂ ਨੂੰ ਦਬਾਇਆ ਹੈ। ਮੈਂ ਨੀਵੀਆਂ ਜਾਤਾਂ ਦੇ ਦੁੱਖ ਨੂੰ ਅਨੁਭਵ ਕੀਤਾ ਹੈ। ਮੈਂ ਸੋਚਦਾ ਹੁੰਦਾ ਸੀ ਕਿ ਇਸ ਬੁਰਾਈ ਨੂੰ ਕਿੱਦਾਂ ਖ਼ਤਮ ਕੀਤਾ ਜਾਵੇ। ਫਿਰ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਲੋਕਾਂ ਨੂੰ ਇਸ ਦੇ ਖ਼ਿਲਾਫ਼ ਲੜਨ ਦੀ ਲੋੜ ਹੈ। ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦੀ ਲੋੜ ਹੈ।”—ਰਾਮੋਨ। *

◼ “ਮੈਂ ਕਈ ਲੜਾਈਆਂ ਵਿਚ ਹਿੱਸਾ ਲਿਆ। ਮੇਰਾ ਮਕਸਦ ਸੀ ਪੁਰਾਣੇ ਅਧਿਕਾਰੀਆਂ ਦਾ ਤਖ਼ਤਾ ਪਲਟਾ ਕੇ ਇਕ ਅਜਿਹਾ ਸਮਾਜ ਬਣਾਉਣਾ ਜਿੱਥੇ ਲੋਕਾਂ ਵਿਚ ਕੋਈ ਭਿੰਨ-ਭੇਦ ਨਾ ਕੀਤਾ ਜਾਵੇ।”—ਲੂਸ਼ੀਅਨ।

◼ “ਬਚਪਨ ਤੋਂ ਹੀ ਮੈਂ ਦੁਨੀਆਂ ਵਿਚ ਹੁੰਦੀ ਬੇਇਨਸਾਫ਼ੀ ਦੇਖ ਕੇ ਪਰੇਸ਼ਾਨ ਸੀ। ਲੋਕ ਗ਼ਰੀਬੀ ਤੇ ਜ਼ੁਲਮ ਦੇ ਸਤਾਏ ਹੋਏ ਹਨ ਅਤੇ ਚੰਗੀ ਪੜ੍ਹਾਈ ਤੇ ਡਾਕਟਰੀ ਸਹੂਲਤਾਂ ਤੋਂ ਵਾਂਝੇ ਹਨ। ਮੈਂ ਮੰਨਦਾ ਸੀ ਕਿ ਇਨ੍ਹਾਂ ਬੇਇਨਸਾਫ਼ੀਆਂ ਖ਼ਿਲਾਫ਼ ਹਥਿਆਰ ਚੁੱਕ ਕੇ ਸਾਰੇ ਲੋਕ ਚੰਗੀ ਪੜ੍ਹਾਈ, ਡਾਕਟਰੀ ਸਹੂਲਤਾਂ, ਘਰ ਅਤੇ ਨੌਕਰੀ ਹਾਸਲ ਕਰ ਸਕਦੇ ਸਨ। ਮੈਂ ਇਹ ਵੀ ਮੰਨਦਾ ਸੀ ਕਿ ਜੋ ਵੀ ਸਹੀ ਕੰਮ ਨਹੀਂ ਕਰੇਗਾ ਤੇ ਆਪਣੇ ਗੁਆਂਢੀ ਨਾਲ ਅਦਬ ਨਾਲ ਪੇਸ਼ ਨਹੀਂ ਆਵੇਗਾ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।”—ਪੀਟਰ।

◼ “ਮੈਂ ਤੇ ਮੇਰਾ ਪਤੀ ਦੋਵੇਂ ਇਕ ਗੁਪਤ ਸੰਗਠਨ ਦੇ ਮੈਂਬਰ ਸਾਂ ਜੋ ਹਿੰਸਾ ਤੇ ਬਗਾਵਤ ਕਰਨ ਦੀ ਹੱਲਾਸ਼ੇਰੀ ਦਿੰਦਾ ਸੀ। ਅਸੀਂ ਅਜਿਹੀ ਸਰਕਾਰ ਬਣਾਉਣੀ ਚਾਹੁੰਦੇ ਸੀ ਜੋ ਸਮਾਜ ਨੂੰ ਹਰ ਪੱਖੋਂ ਖ਼ੁਸ਼ਹਾਲ ਬਣਾਵੇ ਤੇ ਜਿਸ ਵਿਚ ਕਾਇਦੇ-ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲਣ। ਅਸੀਂ ਸੋਚਦੇ ਸੀ ਕਿ ਕ੍ਰਾਂਤੀਕਾਰੀ ਕਾਰਵਾਈਆਂ ਕਰ ਕੇ ਹੀ ਆਪਣੇ ਦੇਸ਼ ਵਿਚ ਇਨਸਾਫ਼ ਹਾਸਲ ਕੀਤਾ ਜਾ ਸਕਦਾ ਹੈ।”—ਲੁਰਡਸ।

ਇਨ੍ਹਾਂ ਵਿਅਕਤੀਆਂ ਨੇ ਤਾਕਤ ਦੇ ਜ਼ੋਰ ਤੇ ਦੁਖੀ ਲੋਕਾਂ ਦੀ ਮਦਦ ਕਰਨੀ ਚਾਹੀ। ਪਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਇਕ ਵਧੀਆ ਤਰੀਕੇ ਦਾ ਪਤਾ ਲੱਗਾ। ਯਾਕੂਬ 1:20 ਵਿਚ ਬਾਈਬਲ ਦੱਸਦੀ ਹੈ: “ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” ਪਵਿੱਤਰ ਬਾਈਬਲ ਨਵਾਂ ਅਨੁਵਾਦ ਕਹਿੰਦਾ ਹੈ: “ਮਨੁੱਖ ਦੇ ਗੁਸੇ ਨਾਲ ਪਰਮੇਸ਼ੁਰ ਦੇ ਭਲੇ ਉਦੇਸ਼ ਵਿਚ ਵਾਧਾ ਨਹੀਂ ਹੁੰਦਾ ਹੈ।”

ਸਿਰਫ਼ ਪਰਮੇਸ਼ੁਰ ਦੀ ਸਰਕਾਰ ਹੀ ਮਨੁੱਖੀ ਸਮਾਜ ਨੂੰ ਬਦਲ ਸਕਦੀ ਹੈ। ਮੱਤੀ ਦੇ 24ਵੇਂ ਅਧਿਆਇ ਅਤੇ 2 ਤਿਮੋਥਿਉਸ 3:1-5 ਵਰਗੀਆਂ ਭਵਿੱਖਬਾਣੀਆਂ ਸੰਕੇਤ ਕਰਦੀਆਂ ਹਨ ਕਿ ਪਰਮੇਸ਼ੁਰ ਦੀ ਸਰਕਾਰ ਜਲਦ ਹੀ ਮਨੁੱਖੀ ਸਮਾਜ ਨੂੰ ਬਦਲਣ ਵਾਲੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਇਨ੍ਹਾਂ ਸੱਚਾਈਆਂ ਨੂੰ ਸਿੱਖੋ।

[ਫੁਟਨੋਟ]

^ ਪੈਰਾ 19 ਨਾਂ ਬਦਲੇ ਗਏ ਹਨ।