Skip to content

Skip to table of contents

ਨਹੀਂ ਰੀਸਾਂ ਰੇਸ਼ਮੀ ਕੱਪੜਿਆਂ ਦੀਆਂ

ਨਹੀਂ ਰੀਸਾਂ ਰੇਸ਼ਮੀ ਕੱਪੜਿਆਂ ਦੀਆਂ

ਨਹੀਂ ਰੀਸਾਂ ਰੇਸ਼ਮੀ ਕੱਪੜਿਆਂ ਦੀਆਂ

ਜਪਾਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਜਪਾਨ ਦਾ ਕਿਮੋਨੋ, ਕੋਰੀਆ ਦਾ ਹਨਬੋਕ ਅਤੇ ਭਾਰਤ ਦੀ ਸਾੜ੍ਹੀ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ? ਹਾਂ, ਦੁਨੀਆਂ ਦੇ ਇਨ੍ਹਾਂ ਖੂਬਸੂਰਤ ਕੱਪੜਿਆਂ ਵਿਚ ਇਕ ਖ਼ਾਸੀਅਤ ਹੈ—ਇਹ ਰੇਸ਼ਮ ਤੋਂ ਬਣਾਏ ਜਾਂਦੇ ਹਨ। ਰੇਸ਼ਮ ਬਹੁਤ ਹੀ ਚਮਕੀਲਾ ਤੇ ਸੋਹਣਾ ਹੁੰਦਾ ਹੈ ਅਤੇ ਇਸ ਦੀ ਕੋਈ ਰੀਸ ਨਹੀਂ। ਪੁਰਾਣੇ ਜ਼ਮਾਨੇ ਦੇ ਸ਼ਾਹੀ ਘਰਾਣਿਆਂ ਤੇ ਅੱਜ ਦੇ ਆਮ ਲੋਕ ਸਾਰੇ ਰੇਸ਼ਮ ਦੀ ਖੂਬਸੂਰਤੀ ਦੇ ਦੀਵਾਨੇ ਹਨ। ਪਰ ਰੇਸ਼ਮ ਹਮੇਸ਼ਾ ਇੰਨੀ ਆਸਾਨੀ ਨਾਲ ਨਹੀਂ ਮਿਲਦਾ ਸੀ।

ਪਿਛਲੇ ਜ਼ਮਾਨੇ ਵਿਚ ਰੇਸ਼ਮ ਸਿਰਫ਼ ਚੀਨ ਵਿਚ ਬਣਾਇਆ ਜਾਂਦਾ ਸੀ। ਦੁਨੀਆਂ ਵਿਚ ਕਿਸੇ ਹੋਰ ਨੂੰ ਪਤਾ ਹੀ ਨਹੀਂ ਸੀ ਕਿ ਰੇਸ਼ਮ ਕਿੱਦਾਂ ਬਣਾਇਆ ਜਾਂਦਾ ਸੀ। ਅਤੇ ਚੀਨ ਵਿਚ ਜੇ ਕੋਈ ਇਸ ਦਾ ਭੇਦ ਖੋਲ੍ਹਣ ਦੀ ਜੁਰਅਤ ਕਰਦਾ ਸੀ, ਤਾਂ ਉਸ ਨੂੰ ਗੱਦਾਰ ਕਰਾਰ ਦੇ ਕੇ ਮਾਰ ਦਿੱਤਾ ਜਾਂਦਾ ਸੀ। ਰੇਸ਼ਮ ਸਿਰਫ਼ ਚੀਨ ਵਿਚ ਬਣਾਇਆ ਜਾਂਦਾ ਸੀ, ਇਸ ਲਈ ਇਹ ਬਹੁਤ ਹੀ ਮਹਿੰਗਾ ਹੁੰਦਾ ਸੀ। ਮਿਸਾਲ ਲਈ, ਰੋਮੀ ਸਾਮਰਾਜ ਦੌਰਾਨ ਰੇਸ਼ਮ ਦਾ ਭਾਅ ਸੋਨੇ ਜਿੰਨਾ ਸੀ।

ਸਮੇਂ ਦੇ ਬੀਤਣ ਨਾਲ, ਚੀਨ ਵਿੱਚੋਂ ਆਉਣ ਵਾਲਾ ਸਾਰਾ ਰੇਸ਼ਮ ਫ਼ਾਰਸ ਦੇ ਕੰਟ੍ਰੋਲ ਵਿਚ ਆ ਗਿਆ ਅਤੇ ਸਿਰਫ਼ ਫ਼ਾਰਸ ਦੇ ਵਪਾਰੀਆਂ ਤੋਂ ਹੀ ਖ਼ਰੀਦਿਆ ਜਾ ਸਕਦਾ ਸੀ। ਰੇਸ਼ਮ ਨੂੰ ਚੀਨ ਤੋਂ ਖ਼ਰੀਦਣ ਦੇ ਸਾਰੇ ਜਤਨ ਬੇਕਾਰ ਰਹੇ। ਪਰ ਰੇਸ਼ਮ ਹਾਲੇ ਵੀ ਬਹੁਤ ਹੀ ਮਹਿੰਗਾ ਸੀ, ਇਸ ਲਈ ਬਿਜ਼ੰਤੀਨੀ ਬਾਦਸ਼ਾਹ ਜਸਟਿਨੀਅਨ ਨੇ ਇਕ ਤਰਕੀਬ ਸੋਚੀ। ਸਾਲ 550 ਈ. ਵਿਚ ਉਸ ਨੇ ਦੋ ਈਸਾਈ ਸਾਧੂਆਂ ਨੂੰ ਇਕ ਮਿਸ਼ਨ ਤੇ ਚੀਨ ਭੇਜਿਆ। ਦੋ ਸਾਲ ਬਾਅਦ ਉਹ ਸਾਧੂ ਵਾਪਸ ਆਏ। ਉਹ ਬਾਂਸ ਦੀਆਂ ਸੋਟੀਆਂ ਵਿਚ ਲੁਕਾ ਕੇ ਉਹ ਖ਼ਜ਼ਾਨਾ ਲੈ ਆਏ ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਉਨ੍ਹਾਂ ਦੀਆਂ ਸੋਟੀਆਂ ਵਿਚ ਸੀ ਰੇਸ਼ਮ ਦੇ ਕੀੜੇ ਦੇ ਆਂਡੇ। ਭੇਦ ਖੁੱਲ੍ਹ ਗਿਆ ਸੀ! ਹੁਣ ਰੇਸ਼ਮ ਉੱਤੇ ਚੀਨ ਦਾ ਕਬਜ਼ਾ ਨਹੀਂ ਰਿਹਾ।

ਰੇਸ਼ਮ ਦਾ ਰਾਜ਼

ਰੇਸ਼ਮ ਦੇ ਪਤੰਗੇ ਦਾ ਲਾਰਵਾ ਰੇਸ਼ਮ ਬਣਾਉਂਦਾ ਹੈ। ਰੇਸ਼ਮ ਦੇ ਕੀੜੇ ਦੀਆਂ ਸੈਂਕੜੇ ਕਿਸਮਾਂ ਹਨ, ਪਰ ਸਭ ਤੋਂ ਵਧੀਆ ਰੇਸ਼ਮ ਬਣਾਉਣ ਵਾਲੇ ਕੀੜੇ ਦਾ ਨਾਂ ਬੰਬਿਕਸ ਮੋਰੀ ਹੈ। ਰੇਸ਼ਮ ਦਾ ਕੱਪੜਾ ਬਣਾਉਣ ਲਈ ਬਹੁਤ ਸਾਰੇ ਕੀੜਿਆਂ ਦੀ ਜ਼ਰੂਰਤ ਪੈਂਦੀ ਹੈ ਜਿਸ ਕਰਕੇ ਕੀੜਿਆਂ ਨੂੰ ਪਾਲਣ ਦਾ ਕੰਮ ਸ਼ੁਰੂ ਹੋ ਗਿਆ। ਜਪਾਨ ਵਿਚ ਲਗਭਗ 2,000 ਪਰਿਵਾਰ ਕੀੜੇ ਪਾਲਣ ਦਾ ਕਿੱਤਾ ਕਰਦੇ ਹਨ। ਸ਼ੋਈਚੀ ਕਾਵਾਹਾਰਾਡਾ ਦਾ ਪਰਿਵਾਰ ਗੱਮਾ ਇਲਾਕੇ ਵਿਚ ਰਹਿੰਦਾ ਹੈ। ਪਹਾੜੀ ਤੇ ਬਣੇ ਉਨ੍ਹਾਂ ਦੇ ਘਰ ਲਾਗੇ ਸ਼ਹਿਤੂਤ ਦੇ ਰੁੱਖ ਲੱਗੇ ਹੋਏ ਹਨ। ਇਹ ਦੋ-ਮੰਜ਼ਲਾ ਘਰ ਕੀੜੇ ਪਾਲਣ ਦੇ ਕੰਮ ਲਈ ਹੀ ਬਣਾਇਆ ਗਿਆ ਸੀ।—(1)

ਰੇਸ਼ਮ ਦਾ ਪਤੰਗਾ 500 ਕੁ ਆਂਡੇ ਦਿੰਦਾ ਹੈ ਜੋ ਸੂਈ ਦੀ ਸਿਰੇ ਜਿੰਨੇ ਵੱਡੇ ਹੁੰਦੇ ਹਨ।—(2) ਵੀਹਾਂ ਕੁ ਦਿਨਾਂ ਬਾਅਦ ਕੀੜਾ ਆਂਡੇ ਵਿੱਚੋਂ ਨਿਕਲ ਆਉਂਦਾ ਹੈ। ਇਹ ਛੋਟੇ-ਛੋਟੇ ਕੀੜੇ ਇੰਨੇ ਭੁੱਖੇ ਹੁੰਦੇ ਹਨ ਕਿ ਦਿਨ-ਰਾਤ ਉਹ ਸ਼ਹਿਤੂਤ ਦੇ ਪੱਤੇ ਖਾਂਦੇ ਰਹਿੰਦੇ ਹਨ, ਫਿਰ ਵੀ ਉਨ੍ਹਾਂ ਦਾ ਪੇਟ ਨਹੀਂ ਭਰਦਾ।—(3, 4) ਅਠਾਰਾਂ ਦਿਨਾਂ ਦੇ ਵਿਚ-ਵਿਚ ਇਹ ਕੀੜੇ 70 ਗੁਣਾ ਵਧ ਜਾਂਦੇ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਦੀ ਚਮੜੀ ਚਾਰ ਵਾਰ ਲੱਥ ਗਈ ਹੁੰਦੀ ਹੈ।

ਸ਼ੋਈਚੀ ਕਾਵਾਹਾਰਾਡਾ ਦੇ ਫਾਰਮ ਤੇ ਤਕਰੀਬਨ 1,20,000 ਕੀੜੇ ਪਾਲੇ ਜਾਂਦੇ ਹਨ। ਕੀੜੇ ਪੱਤੇ ਖਾਂਦੇ ਵੇਲੇ ਬਹੁਤ ਸ਼ੋਰ ਮਚਾਉਂਦੇ ਹਨ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਜ਼ੋਰ-ਜ਼ੋਰ ਨਾਲ ਮੀਂਹ ਪੈ ਰਿਹਾ ਹੋਵੇ। ਕੀੜਿਆਂ ਦੇ ਪੂਰੀ ਤਰ੍ਹਾਂ ਵਧ ਜਾਣ ਤੇ ਉਨ੍ਹਾਂ ਦਾ ਭਾਰ 10,000 ਗੁਣਾ ਵਧ ਜਾਂਦਾ ਹੈ! ਹੁਣ ਉਹ ਆਪਣੇ ਦੁਆਲੇ ਖ਼ੋਲ ਬਣਾਉਣ ਲਈ ਤਿਆਰ ਹੁੰਦੇ ਹਨ।

ਚੁੱਪ-ਚਾਪ ਰੇਸ਼ਮ ਬਣਾਉਣਾ

ਜਦੋਂ ਕੀੜੇ ਪੂਰੀ ਤਰ੍ਹਾਂ ਵਧ ਜਾਂਦੇ ਹਨ, ਤਾਂ ਉਨ੍ਹਾਂ ਦਾ ਰੰਗ ਬਦਲ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਰੇਸ਼ਮ ਬਣਾਉਣ ਲਈ ਤਿਆਰ ਹਨ। ਕੀੜੇ ਖ਼ੋਲ ਬਣਾਉਣ ਲਈ ਜਗ੍ਹਾ ਲੱਭਣ ਲੱਗਦੇ ਹਨ, ਇਸ ਲਈ ਇਨ੍ਹਾਂ ਨੂੰ ਛੋਟੇ-ਛੋਟੇ ਖ਼ਾਨਿਆਂ ਵਾਲੇ ਡੱਬਿਆਂ ਵਿਚ ਰੱਖਿਆ ਜਾਂਦਾ ਹੈ। ਉੱਥੇ ਉਹ ਰੇਸ਼ਮ ਦੀ ਬਾਰੀਕ ਚਿੱਟੀ ਤਾਰ ਬਣਾਉਣ ਲੱਗਦੇ ਹਨ ਅਤੇ ਇਸ ਨੂੰ ਆਪਣੇ ਦੁਆਲੇ ਲਪੇਟਣ ਲੱਗਦੇ ਹਨ।—(5)

ਸ਼ੋਈਚੀ ਕਾਵਾਹਾਰਾਡਾ ਲਈ ਇਹ ਸਭ ਤੋਂ ਬਿਜ਼ੀ ਸਮਾਂ ਹੁੰਦਾ ਹੈ ਕਿਉਂਕਿ ਸਾਰੇ 1,20,000 ਕੀੜੇ ਲਗਭਗ ਇੱਕੋ ਸਮੇਂ ਤੇ ਖ਼ੋਲ ਬਣਾਉਣਾ ਸ਼ੁਰੂ ਕਰਦੇ ਹਨ। ਘਰ ਦੀ ਦੂਸਰੀ ਮੰਜ਼ਲ ਤੇ ਠੰਢੀ ਅਤੇ ਹਵਾਦਾਰ ਜਗ੍ਹਾ ਵਿਚ ਖ਼ਾਨੇਦਾਰ ਡੱਬਿਆਂ ਨੂੰ ਕਤਾਰਾਂ ਵਿਚ ਟੰਗਿਆ ਜਾਂਦਾ ਹੈ।—(6)

ਇਸ ਸਮੇਂ ਦੌਰਾਨ ਰੇਸ਼ਮ ਦੇ ਕੀੜੇ ਵਿਚ ਵੱਡੀ ਤਬਦੀਲੀ ਆ ਰਹੀ ਹੁੰਦੀ ਹੈ। ਹਜ਼ਮ ਕੀਤੇ ਸ਼ਹਿਤੂਤ ਦੇ ਪੱਤੇ ਫਾਈਬ੍ਰਾਈਨ ਨਾਂ ਦੇ ਪ੍ਰੋਟੀਨ ਵਿਚ ਬਦਲ ਜਾਂਦੇ ਹਨ। ਇਹ ਪ੍ਰੋਟੀਨ ਕੀੜੇ ਦੀਆਂ ਦੋ ਗ੍ਰੰਥੀਆਂ ਵਿਚ ਜਮ੍ਹਾ ਹੁੰਦਾ ਹੈ। ਇਹ ਗ੍ਰੰਥੀਆਂ ਕੀੜੇ ਦੇ ਪੂਰੇ ਸਰੀਰ ਵਿਚ ਫ਼ੈਲੀਆਂ ਹੁੰਦੀਆਂ ਹਨ। ਜਦੋਂ ਫਾਈਬ੍ਰਾਈਨ ਇਨ੍ਹਾਂ ਵਿੱਚੋਂ ਦੀ ਲੰਘਦਾ ਹੈ, ਤਾਂ ਇਸ ਨਾਲ ਸੇਰਿਸਨ ਨਾਂ ਦੀ ਚਿਪਚਿਪੀ ਚੀਜ਼ ਲੱਗ ਜਾਂਦੀ ਹੈ। ਸੇਰਿਸਨ ਦੋਵੇਂ ਗ੍ਰੰਥੀਆਂ ਵਿੱਚੋਂ ਨਿਕਲਦੀਆਂ ਤਾਰਾਂ ਨੂੰ ਆਪਸ ਵਿਚ ਜੋੜ ਦਿੰਦਾ ਹੈ। ਫਿਰ ਕੀੜੇ ਦੇ ਮੂੰਹ ਵਿੱਚੋਂ ਨਿਕਲ ਕੇ ਰੇਸ਼ਮ ਦੀ ਤਾਰ ਹਵਾ ਲੱਗਣ ਤੇ ਜੰਮ ਜਾਂਦੀ ਹੈ।

ਸਾਰਾ ਫਾਈਬ੍ਰਾਈਨ ਖ਼ਤਮ ਹੋ ਜਾਣ ਤਕ ਕੀੜਾ ਰੇਸ਼ਮ ਬਣਾਉਂਦਾ ਰਹਿੰਦਾ ਹੈ। ਕੀੜਾ ਇਕ ਮਿੰਟ ਵਿਚ ਰੇਸ਼ਮ ਦੀ 10 ਤੋਂ 15 ਇੰਚ ਲੰਬੀ ਤਾਰ ਬਣਾਉਂਦਾ ਹੈ। ਰੇਸ਼ਮ ਬਣਾਉਣ ਵੇਲੇ ਉਹ ਆਪਣਾ ਸਿਰ ਵੀ ਘੁਮਾਉਂਦਾ ਰਹਿੰਦਾ ਹੈ। ਇਕ ਲੇਖ ਅਨੁਸਾਰ ਖ਼ੋਲ ਬਣਾਉਂਦੇ ਹੋਏ ਕੀੜਾ ਆਪਣਾ ਸਿਰ ਤਕਰੀਬਨ 1,50,000 ਵਾਰ ਘੁਮਾਉਂਦਾ ਹੈ। ਦੋ ਦਿਨ ਤੇ ਦੋ ਰਾਤਾਂ ਲਗਾਤਾਰ ਕੰਮ ਕਰ ਕੇ ਉਹ 1,500 ਮੀਟਰ ਲੰਬੀ ਤਾਰ ਬਣਾਉਂਦਾ ਹੈ ਜੋ ਕਿ ਕਿਸੇ ਗਗਨ-ਚੁੰਬੀ ਇਮਾਰਤ ਤੋਂ ਲਗਭਗ 4 ਗੁਣਾ ਜ਼ਿਆਦਾ ਲੰਬੀ ਹੁੰਦੀ ਹੈ।

ਇਕ ਹਫ਼ਤੇ ਬਾਅਦ ਸ਼ੋਈਚੀ ਕਾਵਾਹਾਰਾਡਾ 1,20,000 ਖ਼ੋਲ ਇਕੱਠੇ ਕਰ ਲਵੇਗਾ। ਫਿਰ ਰੇਸ਼ਮ ਦੇ ਖ਼ੋਲਾਂ ਨੂੰ ਧਾਗਾ ਤੇ ਕੱਪੜਾ ਬਣਾਉਣ ਲਈ ਭੇਜਿਆ ਜਾਂਦਾ ਹੈ। ਇਕ ਜਪਾਨੀ ਕਿਮੋਨੋ ਨੂੰ ਬਣਾਉਣ ਲਈ ਲਗਭਗ 9,000 ਖ਼ੋਲਾਂ ਦੀ ਲੋੜ ਹੁੰਦੀ ਹੈ ਅਤੇ ਟਾਈ ਬਣਾਉਣ ਲਈ ਲਗਭਗ 140, ਜਦ ਕਿ ਰੇਸ਼ਮੀ ਰੁਮਾਲ ਬਣਾਉਣ ਲਈ 100 ਤੋਂ ਜ਼ਿਆਦਾ ਖ਼ੋਲਾਂ ਦੀ ਲੋੜ ਪੈਂਦੀ ਹੈ।

ਰੇਸ਼ਮੀ ਕੱਪੜਾ ਬਣਾਉਣਾ

ਇਨ੍ਹਾਂ ਖ਼ੋਲਾਂ ਤੋਂ ਧਾਗਾ ਤੇ ਕੱਪੜਾ ਕਿੱਦਾਂ ਬਣਾਇਆ ਜਾਂਦਾ ਹੈ? ਇਨ੍ਹਾਂ ਖ਼ੋਲਾਂ ਤੋਂ ਤਾਰਾਂ ਲਾਹ ਕੇ ਰੀਲਾਂ ਉੱਤੇ ਲਪੇਟਿਆ ਜਾਂਦਾ ਹੈ। ਪਰ ਤਾਰਾਂ ਨੂੰ ਇਸ ਤਰ੍ਹਾਂ ਲਾਹ ਕੇ ਰੀਲਾਂ ਤੇ ਲਪੇਟਣ ਦਾ ਤਰੀਕੇ ਕਿਵੇਂ ਸੁੱਝਿਆ? ਇਸ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ। ਇਕ ਕਹਾਣੀ ਇਹ ਹੈ ਕਿ ਇਕ ਦਿਨ ਚੀਨ ਦੀ ਮਹਾਰਾਣੀ ਸ਼ੀ ਲਿੰਗ-ਸ਼ਾਈ ਦੇ ਚਾਹ ਦੇ ਕੱਪ ਵਿਚ ਸ਼ਹਿਤੂਤ ਦੇ ਦਰਖ਼ਤ ਤੋਂ ਇਕ ਖ਼ੋਲ ਡਿੱਗ ਪਿਆ। ਜਦ ਉਸ ਨੇ ਖ਼ੋਲ ਨੂੰ ਕੱਪ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੇਖਿਆ ਕਿ ਇਹ ਬਾਰੀਕ-ਬਾਰੀਕ ਧਾਗੇ ਦਾ ਬਣਿਆ ਹੋਇਆ ਸੀ। ਇਸ ਤਰ੍ਹਾਂ ਰੇਸ਼ਮ ਨੂੰ ਰੀਲ ਤੇ ਲਪੇਟਣ ਦਾ ਤਰੀਕਾ ਪੈਦਾ ਹੋਇਆ ਅਤੇ ਅੱਜ ਇਹ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

ਰੇਸ਼ਮ ਲਾਹੁਣ ਤੋਂ ਪਹਿਲਾਂ ਖ਼ੋਲ ਅੰਦਰ ਕੀੜੇ ਨੂੰ ਮਾਰਨਾ ਜ਼ਰੂਰੀ ਹੈ। ਕੀੜਿਆਂ ਨੂੰ ਮਾਰਨ ਲਈ ਖ਼ੋਲਾਂ ਨੂੰ ਸੇਕਿਆ ਜਾਂਦਾ ਹੈ। ਜੇ ਕੀੜਿਆਂ ਨੂੰ ਨਾ ਮਾਰਿਆ ਜਾਵੇ, ਤਾਂ ਖ਼ੋਲਾਂ ਨੂੰ ਚੰਗੀ ਕੀਮਤ ਤੇ ਨਹੀਂ ਵੇਚਿਆ ਜਾ ਸਕਦਾ। ਇਸ ਤੋਂ ਬਾਅਦ ਚੰਗੇ ਤੇ ਖ਼ਰਾਬ ਖ਼ੋਲਾਂ ਨੂੰ ਇਕ-ਦੂਜੇ ਤੋਂ ਜੁਦਾ ਕੀਤਾ ਜਾਂਦਾ ਹੈ। ਫਿਰ ਸੇਰਿਸਨ ਲਾਹੁਣ ਲਈ ਚੰਗੇ ਖ਼ੋਲਾਂ ਨੂੰ ਗਰਮ ਪਾਣੀ ਵਿਚ ਪਾਇਆ ਜਾਂਦਾ ਹੈ ਜਾਂ ਉਨ੍ਹਾਂ ਨੂੰ ਭਾਫ਼ ਦਿੱਤੀ ਜਾਂਦੀ ਹੈ। ਫਿਰ ਰੇਸ਼ਮ ਦੀ ਬਾਰੀਕ ਤਾਰ ਦਾ ਸਿਰਾ ਲੱਭਣ ਲਈ ਘੁੰਮਦੇ ਬੁਰਸ਼ਾਂ ਨੂੰ ਵਰਤਿਆ ਜਾਂਦਾ ਹੈ।—(7) ਮੋਟਾ ਧਾਗਾ ਬਣਾਉਣ ਲਈ ਦੋ ਜਾਂ ਜ਼ਿਆਦਾ ਤਾਰਾਂ ਨੂੰ ਮਿਲਾਇਆ ਜਾਂਦਾ ਹੈ। ਧਾਗੇ ਨੂੰ ਫਿਰ ਸੁਕਾ ਕੇ ਰੀਲ ਤੇ ਲਪੇਟਿਆ ਜਾਂਦਾ ਹੈ। ਕੱਚੇ ਰੇਸ਼ਮ ਨੂੰ ਦੁਬਾਰਾ ਵੱਡੀ ਰੀਲ ਤੇ ਲਪੇਟਿਆ ਜਾਂਦਾ ਹੈ ਅਤੇ ਮਰਜ਼ੀ ਅਨੁਸਾਰ ਲੰਬੇ ਤੇ ਭਾਰੇ ਲੱਛੇ ਬਣਾਏ ਜਾ ਸਕਦੇ ਹਨ।—(8, 9)

ਰੇਸ਼ਮੀ ਕੱਪੜਾ ਬਹੁਤ ਹੀ ਮੁਲਾਇਮ ਹੁੰਦਾ ਹੈ। ਫਾਈਬ੍ਰਾਈਨ ਤੋਂ ਸੇਰਿਸਨ ਨੂੰ ਚੰਗੀ ਤਰ੍ਹਾਂ ਲਾਹੁਣ ਤੋਂ ਬਾਅਦ ਹੀ ਇਹ ਇੰਨਾ ਮੁਲਾਇਮ ਬਣਦਾ ਹੈ। ਜਦੋਂ ਸੇਰਿਸਨ ਨੂੰ ਨਹੀਂ ਲਾਹਿਆ ਜਾਂਦਾ ਹੈ, ਤਾਂ ਰੇਸ਼ਮ ਆਕੜਿਆ-ਆਕੜਿਆ ਰਹਿੰਦਾ ਹੈ ਅਤੇ ਇਸ ਨੂੰ ਰੰਗਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਸ਼ਿਫ਼ੌਨ ਦੇ ਕੱਪੜੇ ਵਿਚ ਥੋੜ੍ਹਾ ਬਹੁਤਾ ਸੇਰਿਸਨ ਛੱਡਿਆ ਜਾਂਦਾ ਹੈ, ਇਸ ਲਈ ਇਹ ਇੰਨਾ ਮੁਲਾਇਮ ਨਹੀਂ ਹੁੰਦਾ।

ਦੂਸਰੀ ਗੱਲ ਜੋ ਰੇਸ਼ਮ ਨੂੰ ਮੁਲਾਇਮ ਬਣਾਉਂਦੀ ਹੈ ਇਹ ਹੈ ਕਿ ਧਾਗੇ ਨੂੰ ਕਿੰਨਾ ਕੁ ਵੱਟਿਆ ਜਾਂਦਾ ਹੈ। ਜਪਾਨੀ ਹਾਬੁਟਾਈ ਕੱਪੜਾ ਬਹੁਤ ਮੁਲਾਇਮ ਹੁੰਦਾ ਹੈ ਕਿਉਂਕਿ ਇਸ ਦੇ ਧਾਗੇ ਨੂੰ ਇੰਨਾ ਵੱਟਿਆ ਨਹੀਂ ਜਾਂਦਾ ਅਤੇ ਕਦੀ-ਕਦੀ ਬਿਲਕੁਲ ਹੀ ਨਹੀਂ ਵੱਟਿਆ ਜਾਂਦਾ। ਪਰ ਇਸ ਦੇ ਉਲਟ ਕਰੇਬ ਦੇ ਕੱਪੜੇ ਵਿਚ ਬਹੁਤ ਵੱਲ ਹੁੰਦੇ ਹਨ ਕਿਉਂਕਿ ਇਸ ਦੇ ਧਾਗੇ ਨੂੰ ਬਹੁਤ ਜ਼ਿਆਦਾ ਵੱਟਿਆ ਜਾਂਦਾ ਹੈ।

ਰੇਸ਼ਮ ਨੂੰ ਰੰਗਣਾ ਬਹੁਤ ਸੁਖਾਲਾ ਹੈ। ਇਸ ਦੇ ਧਾਗੇ ਨੂੰ ਵੀ ਰੰਗਿਆ ਜਾ ਸਕਦਾ ਹੈ ਜਾਂ ਕੱਪੜਾ ਬੁਣਨ (10) ਤੋਂ ਬਾਅਦ ਵੀ ਰੰਗਿਆ ਜਾ ਸਕਦਾ ਹੈ। ਫਾਈਬ੍ਰਾਈਨ ਦੀ ਬਣਤਰ ਕਾਰਨ ਰੰਗ ਬਹੁਤ ਹੀ ਗੂੜ੍ਹਾ ਚੜ੍ਹਦਾ ਹੈ ਅਤੇ ਉਤਰਦਾ ਨਹੀਂ। ਬਣਾਉਟੀ ਕੱਪੜੇ ਤੋਂ ਉਲਟ ਰੇਸ਼ਮ ਨੂੰ ਕਿਸੇ ਵੀ ਰੰਗ ਨਾਲ ਰੰਗਿਆ ਜਾ ਸਕਦਾ ਹੈ। ਜਪਾਨ ਦੇ ਕਿਮੋਨੋ ਨੂੰ ਰੰਗਣ ਦੇ ਮਸ਼ਹੂਰ ਤਰੀਕੇ ਯੁਜ਼ੀਨ ਵਿਚ ਕੱਪੜੇ ਨੂੰ ਬੁਣਿਆ ਜਾਂਦਾ ਹੈ ਅਤੇ ਫਿਰ ਉਸ ਤੇ ਖੂਬਸੂਰਤ ਡੀਜ਼ਾਈਨ ਬਣਾ ਕੇ ਹੱਥ ਨਾਲ ਰੰਗਿਆ ਜਾਂਦਾ ਹੈ।

ਭਾਵੇਂ ਕਿ ਰੇਸ਼ਮ ਨੂੰ ਬਣਾਉਣ ਦਾ ਜ਼ਿਆਦਾਤਰ ਕੰਮ ਚੀਨ ਤੇ ਭਾਰਤ ਵਰਗੇ ਦੇਸ਼ਾਂ ਵਿਚ ਹੁੰਦਾ ਹੈ, ਫਿਰ ਵੀ ਫਰਾਂਸ ਤੇ ਇਟਲੀ ਦੇ ਡੀਜ਼ਾਈਨਰ ਰੇਸ਼ਮ ਦੇ ਕੱਪੜਿਆਂ ਤੇ ਡੀਜ਼ਾਈਨ ਬਣਾਉਣ ਵਿਚ ਸਭ ਤੋਂ ਅੱਗੇ ਨਿਕਲ ਗਏ ਹਨ। ਅੱਜ-ਕੱਲ੍ਹ ਰੇਅਨ ਅਤੇ ਨਾਇਲੋਨ ਯਾਨੀ ਨਕਲੀ ਰੇਸ਼ਮ ਦੇ ਕੱਪੜੇ ਬਾਜ਼ਾਰਾਂ ਵਿਚ ਸਸਤੇ ਦਾਮ ਤੇ ਵਿੱਕਦੇ ਹਨ। ਪਰ ਅਸਲੀ ਰੇਸ਼ਮ ਦੀ ਕੋਈ ਰੀਸ ਹੀ ਨਹੀਂ। ਜਪਾਨ ਦੇ ਯੋਕੋਹਾਮਾ ਸ਼ਹਿਰ ਵਿਚ ਰੇਸ਼ਮ ਦੇ ਮਿਊਜ਼ੀਅਮ ਦੇ ਪ੍ਰਬੰਧਕ ਨੇ ਕਿਹਾ: “ਅੱਜ ਵਿਗਿਆਨਕ ਤਰੱਕੀ ਦੇ ਬਾਵਜੂਦ ਰੇਸ਼ਮ ਨੂੰ ਬਣਾਉਟੀ ਚੀਜ਼ਾਂ ਨਾਲ ਨਹੀਂ ਬਣਾਇਆ ਜਾ ਸਕਦਾ। ਸਾਨੂੰ ਇਸ ਦੀ ਬਣਤਰ ਬਾਰੇ ਇਕ-ਇਕ ਗੱਲ ਪਤਾ ਹੈ ਪਰ ਫਿਰ ਵੀ ਅਸੀਂ ਇਸ ਦੀ ਨਕਲ ਨਹੀਂ ਕਰ ਸਕਦੇ। ਇਹੀ ਹੈ ਰੇਸ਼ਮ ਦਾ ਰਾਜ਼।” (g 6/06)

[ਸਫ਼ਾ 26 ਉੱਤੇ ਡੱਬੀ/ਤਸਵੀਰ]

ਰੇਸ਼ਮ ਦਾ ਕੱਪੜਾ

ਮਜ਼ਬੂਤ: ਰੇਸ਼ਮ ਦਾ ਧਾਗਾ ਸਟੀਲ ਦੀ ਤਾਰ ਜਿੰਨਾ ਮਜ਼ਬੂਤ ਹੈ।

ਚਮਕੀਲਾ: ਰੇਸ਼ਮ ਵਿਚ ਮੋਤੀ ਵਰਗੀ ਸ਼ਾਨਦਾਰ ਚਮਕ ਹੁੰਦੀ ਹੈ। ਫਾਈਬ੍ਰਾਈਨ ਦੀਆਂ ਅਨੇਕ ਤਹਿਆਂ ਕਾਰਨ ਰੌਸ਼ਨੀ ਇਸ ਤੋਂ ਚਮਕਦੀ ਹੈ।

ਮੁਲਾਇਮ: ਰੇਸ਼ਮ ਦੇ ਐਮੀਨੋ ਐਸਿਡ ਬਹੁਤ ਮੁਲਾਇਮ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਰੇਸ਼ਮ ਚਮੜੀ ਲਈ ਚੰਗਾ ਹੈ ਕਿਉਂਕਿ ਇਸ ਨਾਲ ਚਮੜੀ ਤੇ ਖਾਜ ਜਾਂ ਜਲਣ ਨਹੀਂ ਹੁੰਦੀ। ਕੁਝ ਮੇਕ-ਅੱਪ ਦੀਆਂ ਚੀਜ਼ਾਂ ਰੇਸ਼ਮ ਦੇ ਪਾਊਡਰ ਤੋਂ ਬਣਾਈਆਂ ਜਾਂਦੀਆਂ ਹਨ।

ਨਮੀ ਸੋਖ ਲੈਂਦਾ ਹੈ: ਐਮੀਨੋ ਐਸਿਡ ਅਤੇ ਰੇਸ਼ਮ ਦੇ ਧਾਗੇ ਵਿਚ ਛੋਟੀਆਂ-ਛੋਟੀਆਂ ਮੋਰ੍ਹੀਆਂ ਹੁੰਦੀਆਂ ਹਨ। ਇਸ ਤਰ੍ਹਾਂ ਗਰਮੀਆਂ ਦੇ ਮੌਸਮ ਵਿਚ ਵੀ ਤੁਸੀਂ ਪਸੀਨੇ ਨਾਲ ਭਿੱਜੋਗੇ ਨਹੀਂ।

ਹੀਟ ਰਿਜ਼ਿਸਟੰਟ: ਰੇਸ਼ਮ ਆਸਾਨੀ ਨਾਲ ਜਲਦਾ ਨਹੀਂ ਅਤੇ ਜੇ ਕਿਤੇ ਇਸ ਨੂੰ ਅੱਗ ਲੱਗ ਵੀ ਜਾਵੇ, ਤਾਂ ਇਸ ਤੋਂ ਜ਼ਹਿਰੀਲੀਆਂ ਗੈਸਾਂ ਨਹੀਂ ਨਿਕਲਦੀਆਂ।

ਚਮੜੀ ਲਈ ਚੰਗਾ: ਅੱਲਟ੍ਰਾ-ਵਾਇਲਟ ਕਿਰਨਾਂ ਰੇਸ਼ਮ ਵਿਚ ਸਮਾ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਚਮੜੀ ਦੀ ਰੱਖਿਆ ਹੁੰਦੀ ਹੈ।

ਇਸ ਵਿਚ ਸਟੈਟਿਕ ਬਿਜਲੀ ਜਮ੍ਹਾ ਨਹੀਂ ਹੁੰਦੀ: ਰੇਸ਼ਮ ਵਿਚ ਦੋਵੇਂ ਪਾਜ਼ਿਟਿਵ ਤੇ ਨੈਗੇਟਿਵ ਆਇਨ ਹੁੰਦੇ ਹਨ ਅਤੇ ਇਸ ਵਿਚ ਨਮੀ ਸਮਾ ਜਾਂਦੀ ਹੈ ਇਸ ਲਈ ਇਸ ਵਿਚ ਬਿਜਲੀ ਜਮ੍ਹਾ ਨਹੀਂ ਹੁੰਦੀ ਜਿਵੇਂ ਦੂਸਰਿਆਂ ਕੱਪੜਿਆਂ ਵਿਚ ਹੋ ਜਾਂਦੀ ਹੈ। ਇਸ ਲਈ ਰੇਸ਼ਮੀ ਕੱਪੜਾ ਸਰੀਰ ਨਾਲ ਚਿੰਬੜਦਾ ਨਹੀਂ।

ਰੇਸ਼ਮੀ ਕੱਪੜਿਆਂ ਦੀ ਦੇਖ-ਰੇਖ ਕਰਨੀ

ਧੋਣਾ: ਰੇਸ਼ਮ ਦੇ ਕੱਪੜਿਆਂ ਨੂੰ ਡਰਾਈਕਲੀਨ ਕਰਾਉਣਾ ਸਭ ਤੋਂ ਵਧੀਆ ਰਹਿੰਦਾ ਹੈ। ਜੇ ਤੁਸੀਂ ਕੱਪੜਾ ਘਰੇ ਧੋਣਾ ਹੋਵੇ, ਤਾਂ ਗਰਮ ਪਾਣੀ (ਲਗਭਗ 30 ਡਿਗਰੀ ਸੈਲਸੀਅਸ) ਅਤੇ ਅਜਿਹਾ ਸਾਬਣ ਵਰਤੋ ਜਿਸ ਵਿਚ ਕੈਮਿਕਲ ਨਾ ਹੋਣ। ਕੱਪੜੇ ਨੂੰ ਨਾ ਮਲੋ ਤੇ ਨਾ ਨਿਚੋੜੋ। ਇਸ ਨੂੰ ਸੁੱਕਣ ਲਈ ਟੰਗ ਦਿਓ।

ਪ੍ਰੈੱਸ ਕਰਨਾ: ਰੇਸ਼ਮ ਦੇ ਕੱਪੜੇ ਉੱਪਰ ਹੋਰ ਕੱਪੜਾ ਰੱਖ ਕੇ ਇਸ ਨੂੰ ਪ੍ਰੈੱਸ ਕਰੋ। ਪ੍ਰੈੱਸ ਨੂੰ ਲਗਭਗ 130 ਡਿਗਰੀ ਸੈਲਸੀਅਸ ਤੇ ਰੱਖੋ ਅਤੇ ਜਿਸ ਤਰਫ਼ ਨੂੰ ਧਾਗਾ ਜਾਂਦਾ ਹੈ, ਉੱਧਰ ਨੂੰ ਪ੍ਰੈੱਸ ਕਰੋ। ਜੇ ਭਾਫ਼ ਵਰਤਣੀ ਹੋਵੇ, ਤਾਂ ਬਹੁਤ ਹੀ ਘੱਟ ਵਰਤੋ।

ਦਾਗ਼ ਧੋਣੇ: ਜੇ ਕੱਪੜੇ ਤੇ ਕੁਝ ਡੁੱਲ ਜਾਵੇ, ਤਾਂ ਪੁੱਠਾ ਪਾਸਾ ਕਰ ਕੇ ਇਸ ਨੂੰ ਇਕ ਸੁੱਕੇ ਕੱਪੜੇ ਉੱਤੇ ਰੱਖੋ। ਫਿਰ ਇਕ ਗਿੱਲਾ ਕੱਪੜਾ ਲੈ ਕੇ ਦਾਗ਼ ਨੂੰ ਹੌਲੀ-ਹੌਲੀ ਦੱਬੋ, ਪਰ ਮਲੋ ਨਾ। ਇਸ ਤੋਂ ਬਾਅਦ ਕੱਪੜੇ ਨੂੰ ਡਰਾਈਕਲੀਨਿੰਗ ਲਈ ਭੇਜ ਦਿਓ।

ਸਾਂਭ ਕੇ ਰੱਖਣਾ: ਰੇਸ਼ਮੀ ਕੱਪੜੇ ਨੂੰ ਸਲ੍ਹਾਬੀ ਜਗ੍ਹਾ ਤੇ ਨਾ ਰੱਖੋ। ਪਤੰਗਿਆਂ ਤੋਂ ਅਤੇ ਤੇਜ਼ ਧੁੱਪ ਤੋਂ ਵੀ ਇਸ ਨੂੰ ਬਚਾ ਕੇ ਰੱਖੋ। ਟੰਗਣ ਲਈ ਸਪੰਜ ਨਾਲ ਕਵਰ ਕੀਤੇ ਗਏ ਹੈਂਗਰ ਵਰਤੋ ਜਾਂ ਫਿਰ ਕੱਪੜੇ ਨੂੰ ਜ਼ਿਆਦਾ ਤਹਿਆਂ ਲਾਏ ਬਗੈਰ ਰੱਖ ਦਿਓ।

[ਸਫ਼ਾ 25 ਉੱਤੇ ਤਸਵੀਰ]

ਰੇਸ਼ਮ ਦੇ ਖ਼ੋਲ

[ਸਫ਼ਾ 26 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Photos 7-9: Matsuida Machi, Annaka City, Gunma Prefecture, Japan; 10 and close-up pattern: Kiryu City, Gunma Prefecture, Japan