Skip to content

Skip to table of contents

ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਕਦੋਂ ਆਉਣੀ ਸ਼ੁਰੂ ਹੋਈ?

ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਕਦੋਂ ਆਉਣੀ ਸ਼ੁਰੂ ਹੋਈ?

ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਕਦੋਂ ਆਉਣੀ ਸ਼ੁਰੂ ਹੋਈ?

ਤੁਹਾਡੇ ਖ਼ਿਆਲ ਵਿਚ ਲੋਕਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਆਉਣੀ ਕਦੋਂ ਸ਼ੁਰੂ ਹੋਈ ਸੀ? ਕੀ ਤੁਹਾਡੇ ਜ਼ਮਾਨੇ ਵਿਚ ਜਾਂ ਕਿ ਤੁਹਾਡੇ ਮਾਪਿਆਂ ਜਾਂ ਦਾਦੇ-ਪੜਦਾਦਿਆਂ ਦੇ ਜ਼ਮਾਨੇ ਵਿਚ? ਕੁਝ ਲੋਕ ਕਹਿੰਦੇ ਹਨ ਕਿ 1914 ਵਿਚ ਹੋਏ ਪਹਿਲੇ ਵਿਸ਼ਵ ਯੁੱਧ ਤੋਂ ਹੀ ਸਾਡਾ ਇਹ ਗਿਰਿਆ ਜ਼ਮਾਨਾ ਸ਼ੁਰੂ ਹੋਇਆ ਸੀ। ਇਤਿਹਾਸ ਦੇ ਪ੍ਰੋਫ਼ੈਸਰ ਰੌਬਰਟ ਵੋਲ ਨੇ ਆਪਣੀ ਪੁਸਤਕ 1914 ਦੀ ਪੀੜ੍ਹੀ (ਅੰਗ੍ਰੇਜ਼ੀ) ਵਿਚ ਲਿਖਿਆ: “ਜਿਹੜੇ ਲੋਕ ਯੁੱਧ ਵਿੱਚੋਂ ਬਚ ਨਿਕਲੇ, ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਅਗਸਤ 1914 ਵਿਚ ਦੁਨੀਆਂ ਬਿਲਕੁਲ ਬਦਲ ਗਈ।”

ਇਤਿਹਾਸਕਾਰ ਨੋਰਮਨ ਕੈਂਟਰ ਨੇ ਕਿਹਾ: ‘ਲੋਕਾਂ ਨੂੰ ਪਹਿਲਾਂ ਜੋ ਥੋੜ੍ਹੀ-ਬਹੁਤੀ ਤਮੀਜ਼ ਹੁੰਦੀ ਸੀ, ਹੁਣ ਤਾਂ ਉਹ ਵੀ ਨਹੀਂ ਰਹੀ। ਜੇ ਸਿਆਸਤਦਾਨ ਅਤੇ ਮਿਲਟਰੀ ਜਨਰਲ ਲੋਕਾਂ ਨੂੰ ਝਟਕਾਏ ਜਾਣ ਵਾਲੇ ਜਾਨਵਰਾਂ ਬਰਾਬਰ ਸਮਝ ਸਕਦੇ ਸਨ, ਤਾਂ ਕਿਸੇ ਧਰਮ ਦਾ ਕੋਈ ਵੀ ਨਿਯਮ ਆਮ ਲੋਕਾਂ ਨੂੰ ਇਕ-ਦੂਜੇ ਨਾਲ ਜੰਗਲੀ ਜਾਨਵਰਾਂ ਵਾਂਗ ਪੇਸ਼ ਆਉਣ ਤੋਂ ਕਿੱਦਾਂ ਰੋਕ ਸਕਦਾ ਸੀ? ਪਹਿਲੇ ਵਿਸ਼ਵ ਯੁੱਧ [1914-18] ਵਿਚ ਬੇਰਹਿਮੀ ਨਾਲ ਲੋਕਾਂ ਦਾ ਖ਼ੂਨ ਇੱਦਾਂ ਵਹਾਇਆ ਗਿਆ ਸੀ ਜਿੱਦਾਂ ਕਿ ਇਨਸਾਨ ਦੀ ਕੋਈ ਕੀਮਤ ਹੀ ਨਾ ਹੋਵੇ।’

ਅੰਗ੍ਰੇਜ਼ ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਇਤਿਹਾਸ ਬਾਰੇ ਇਕ ਕਿਤਾਬ ਵਿਚ ਕਿਹਾ ਕਿ ਜਦੋਂ ਤੋਂ ਲੋਕ ਕ੍ਰਮ-ਵਿਕਾਸ ਵਿਚ ਵਿਸ਼ਵਾਸ ਕਰਨ ਲੱਗੇ ਹਨ, ਉਦੋਂ ਤੋਂ “ਲੋਕਾਂ ਦਾ ਚਾਲ-ਚਲਣ ਵਿਗੜਨਾ ਸ਼ੁਰੂ ਹੋ ਗਿਆ।” ਇਸ ਤਰ੍ਹਾਂ ਕਿਉਂ ਹੋਇਆ? ਕਈਆਂ ਨੇ ਸੋਚਿਆ ਕਿ ਇਨਸਾਨ ਇਕ ਉੱਚ ਕੋਟੀ ਦਾ ਜਾਨਵਰ ਹੀ ਹੈ। ਐੱਚ. ਜੀ. ਵੈੱਲਜ਼ ਵਿਕਾਸਵਾਦੀ ਸੀ ਤੇ 1920 ਵਿਚ ਉਸ ਨੇ ਲਿਖਿਆ: “ਲੋਕ ਕਹਿ ਰਹੇ ਹਨ ਕਿ ਇਨਸਾਨ ਭਾਰਤ ਦੇ ਸ਼ਿਕਾਰੀ ਕੁੱਤੇ ਵਾਂਗ ਆਪਣੀ ਜਿਨਸ ਨਾਲ ਮਿਲ-ਜੁਲ ਕੇ ਰਹਿਣ ਵਾਲਾ ਜਾਨਵਰ ਹੈ। . . . ਇਸ ਕਰਕੇ ਉਨ੍ਹਾਂ ਨੂੰ ਇਹ ਗੱਲ ਸਹੀ ਲੱਗਦੀ ਹੈ ਕਿ ਇਨਸਾਨੀ ਝੁੰਡ ਦੇ ਵੱਡੇ ਤੇ ਤਾਕਤਵਰ ਬੰਦੇ ਦੂਜਿਆਂ ਤੇ ਰੋਹਬ ਪਾ ਕੇ ਆਪਣਾ ਅਧਿਕਾਰ ਜਤਾਉਣ।”

ਇਤਿਹਾਸਕਾਰ ਨੋਰਮਨ ਕੈਂਟਰ ਦੀ ਗੱਲ ਸੋਲਾਂ ਆਨੇ ਸੱਚ ਨਿਕਲੀ ਕਿ ਪਹਿਲੇ ਵਿਸ਼ਵ ਯੁੱਧ ਨੇ ਲੋਕਾਂ ਨੂੰ ਸਹੀ ਤੇ ਗ਼ਲਤ ਦੀ ਪਛਾਣ ਕਰਨੀ ਭੁਲਾ ਦਿੱਤੀ। ਉਸ ਨੇ ਕਿਹਾ: “ਨਵੀਂ ਪੀੜ੍ਹੀ ਨੇ ਪਹਿਲੀ ਪੀੜ੍ਹੀ ਦੀ ਹਰ ਗੱਲ ਨੂੰ ਰੱਦ ਕਰ ਦਿੱਤਾ ਜਿਵੇਂ ਉਨ੍ਹਾਂ ਦੀ ਰਾਜਨੀਤੀ, ਉਨ੍ਹਾਂ ਦਾ ਪਹਿਰਾਵਾ ਤੇ ਉਨ੍ਹਾਂ ਦੇ ਉੱਚੇ-ਸੁੱਚੇ ਮਿਆਰ।” ਲੋਕਾਂ ਦੇ ਚਾਲ-ਚਲਣ ਨੂੰ ਵਿਗਾੜਨ ਵਿਚ ਈਸਾਈਆਂ ਦੇ ਚਰਚਾਂ ਦਾ ਵੱਡਾ ਹੱਥ ਸੀ ਕਿਉਂਕਿ ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਦੀ ਥਾਂ ਕ੍ਰਮ-ਵਿਕਾਸ ਦੀ ਪੁਸ਼ਟੀ ਕੀਤੀ ਅਤੇ ਯੁੱਧ ਵਿਚ ਲੜ ਰਹੇ ਦੇਸ਼ਾਂ ਦੀ ਹਿਮਾਇਤ ਕੀਤੀ। ਬਰਤਾਨਵੀ ਬਰਿਗੇਡੀਅਰ ਜਨਰਲ ਫ਼ਰੈਂਕ ਕਰੋਜ਼ਰ ਨੇ ਲਿਖਿਆ: “ਕਤਲਾਮ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਜਿੰਨੀ ਚੰਗੀ ਤਰ੍ਹਾਂ ਈਸਾਈ ਚਰਚ ਕਰ ਸਕਦੇ ਹਨ ਹੋਰ ਕੋਈ ਨਹੀਂ ਕਰ ਸਕਦਾ, ਇਸੇ ਕਰਕੇ ਅਸੀਂ ਉਨ੍ਹਾਂ ਤੋਂ ਪੂਰਾ ਲਾਭ ਉਠਾਇਆ।”

ਨੈਤਿਕਤਾ ਨੂੰ ਛਿੱਕੇ ਤੇ ਟੰਗ ਦਿੱਤਾ

ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਦੇ ਦਹਾਕੇ ਵਿਚ ਲੋਕ ਪਹਿਲਾਂ ਵਾਲੀਆਂ ਕਦਰਾਂ-ਕੀਮਤਾਂ ਅਤੇ ਨੈਤਿਕ ਬੰਦਸ਼ਾਂ ਨੂੰ ਪੁਰਾਣੇ ਕੱਪੜਿਆਂ ਵਾਂਗ ਇਕ ਪਾਸੇ ਸੁੱਟ ਕੇ ਆਪਣੀ ਮਨ-ਮਰਜ਼ੀ ਕਰਨ ਲੱਗ ਪਏ। ਇਤਿਹਾਸਕਾਰ ਫਰੈਡਰਿਕ ਲੂਇਸ ਐਲਨ ਕਹਿੰਦਾ ਹੈ: “ਯੁੱਧ ਤੋਂ ਬਾਅਦ ਦੇ ਦਸਾਂ ਸਾਲਾਂ ਨੂੰ ਅਜਿਹਾ ਦਹਾਕਾ ਕਿਹਾ ਜਾ ਸਕਦਾ ਹੈ ਜਿਸ ਵਿਚ ਲੋਕ ਆਪਣੇ ਸੰਸਕਾਰਾਂ ਨੂੰ ਭੁੱਲ ਗਏ ਸਨ। . . . ਜ਼ਮਾਨੇ ਦੇ ਨਾਲ-ਨਾਲ ਲੋਕਾਂ ਦੀਆਂ ਕਦਰਾਂ-ਕੀਮਤਾਂ ਵੀ ਜਾਂਦੀਆਂ ਰਹੀਆਂ ਜੋ ਪਹਿਲਾਂ ਲੋਕਾਂ ਦੀਆਂ ਜ਼ਿੰਦਗੀਆਂ ਦਾ ਅਹਿਮ ਹਿੱਸਾ ਹੋਇਆ ਕਰਦੀਆਂ ਸਨ। ਹੁਣ ਉਹੋ ਜਿਹੀਆਂ ਕਦਰਾਂ-ਕੀਮਤਾਂ ਨਹੀਂ ਰਹੀਆਂ।”

1930 ਦੇ ਦਹਾਕੇ ਵਿਚ ਦੁਨੀਆਂ ਨੂੰ ਮਹਾਂ-ਮੰਦੀ ਦਾ ਸਾਮ੍ਹਣਾ ਕਰਨਾ ਪਿਆ ਅਤੇ ਗ਼ਰੀਬੀ ਦੇ ਕਾਰਨ ਕਈਆਂ ਨੇ ਫਜ਼ੂਲ ਖ਼ਰਚਾ ਕਰਨਾ ਛੱਡ ਦਿੱਤਾ। ਪਰ ਉਸ ਤੋਂ ਅਗਲੇ ਦਹਾਕੇ ਨੇ ਦੁਨੀਆਂ ਨੂੰ ਦੂਜੇ ਵਿਸ਼ਵ ਯੁੱਧ ਵਿਚ ਧੱਕ ਦਿੱਤਾ ਜੋ ਕਿ ਪਹਿਲਾਂ ਹੋਈਆਂ ਤਬਾਹੀਆਂ ਤੋਂ ਕਿਤੇ ਤਬਾਹਕੁਨ ਸੀ। ਕੌਮਾਂ ਨੇ ਖ਼ੌਫ਼ਨਾਕ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਬੇਰੋਜ਼ਗਾਰ ਲੋਕਾਂ ਨੂੰ ਕੰਮ ਮਿਲਿਆ ਤੇ ਮਹਾਂ-ਮੰਦੀ ਖ਼ਤਮ ਹੋ ਗਈ, ਪਰ ਦੁਨੀਆਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਦਹਿਸ਼ਤ ਫੈਲ ਗਈ। ਯੁੱਧ ਦੇ ਅੰਤ ਤਕ ਸੈਂਕੜੇ ਸ਼ਹਿਰਾਂ ਦਾ ਸੱਤਿਆਨਾਸ ਹੋ ਚੁੱਕਾ ਸੀ। ਜਪਾਨ ਦੇ ਦੋ ਸ਼ਹਿਰ ਇਕ-ਇਕ ਐਟਮੀ ਬੰਬ ਨਾਲ ਭਸਮ ਹੋ ਚੁੱਕੇ ਸਨ! ਤਸ਼ੱਦਦ ਕੈਂਪਾਂ ਵਿਚ ਲੱਖਾਂ ਲੋਕ ਬੇਰਹਿਮੀ ਨਾਲ ਮਾਰ ਦਿੱਤੇ ਗਏ ਸਨ। ਕੁੱਲ ਮਿਲਾ ਕੇ ਦੂਜੇ ਵਿਸ਼ਵ ਯੁੱਧ ਨੇ 5,00,00,000 ਆਦਮੀ, ਔਰਤਾਂ ਤੇ ਬੱਚਿਆਂ ਦੀਆਂ ਜਾਨਾਂ ਲੈ ਲਈਆਂ।

ਉਸ ਸਮੇਂ ਦੇ ਭੈੜੇ ਹਾਲਾਤਾਂ ਦੌਰਾਨ ਲੋਕਾਂ ਨੇ ਆਪਣੀ ਮਾਣ-ਮਰਯਾਦਾ ਛੱਡ ਕੇ ਨਵੇਂ ਢੰਗ ਨਾਲ ਜੀਉਣਾ ਸ਼ੁਰੂ ਕਰ ਦਿੱਤਾ। ਦੂਜੇ ਵਿਸ਼ਵ ਯੁੱਧ ਦੌਰਾਨ ਲੋਕਾਂ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਬਾਰੇ ਇਕ ਕਿਤਾਬ ਵਿਚ ਇਹ ਗੱਲ ਇਸ ਤਰ੍ਹਾਂ ਸਮਝਾਈ ਗਈ ਸੀ: “ਇੱਦਾਂ ਲੱਗਦਾ ਸੀ ਕਿ ਯੁੱਧ ਦੇ ਸਮੇਂ ਦੌਰਾਨ ਸੈਕਸ ਤੋਂ ਹਰ ਬੰਦਸ਼ ਹਟਾ ਦਿੱਤੀ ਗਈ ਸੀ। ਜਿਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਫ਼ੌਜੀਆਂ ਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਸੀ, ਉਸੇ ਤਰ੍ਹਾਂ ਹੁਣ ਗ਼ੈਰ-ਫ਼ੌਜੀਆਂ ਨੂੰ ਵੀ ਆਜ਼ਾਦੀ ਸੀ। . . . ਯੁੱਧ ਦੇ ਜ਼ੋਰ ਅਤੇ ਜੋਸ਼ ਨੇ ਹਰ ਨੈਤਿਕ ਪਾਬੰਦੀ ਨੂੰ ਹਟਾ ਦਿੱਤਾ ਅਤੇ ਜਾਨ ਦੀ ਕੀਮਤ ਨਾ ਸਿਰਫ਼ ਮੈਦਾਨ ਦੇ ਜੰਗ ਵਿਚ ਘੱਟ ਗਈ, ਸਗੋਂ ਘਰਾਂ ਵਿਚ ਵੀ ਇਸ ਦੀ ਕੋਈ ਕਦਰ ਨਾ ਰਹੀ।”

ਜਿਨ੍ਹਾਂ ਲੋਕਾਂ ਉੱਤੇ ਲਗਾਤਾਰ ਮੌਤ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਸੀ, ਉਨ੍ਹਾਂ ਨੂੰ ਪਿਆਰ ਤੇ ਮੁਹੱਬਤ ਦੀ ਲੋੜ ਸੀ ਭਾਵੇਂ ਉਹ ਝੂਠਾ ਹੀ ਸਹੀ। ਇਕ ਬਰਤਾਨਵੀ ਤੀਵੀਂ ਨੇ ਉਸ ਸਮੇਂ ਅਨੈਤਿਕ ਕੰਮ ਕਰਨ ਦੀ ਖੁੱਲ੍ਹ ਬਾਰੇ ਕਿਹਾ: “ਅਸੀਂ ਬਦਚਲਣ ਨਹੀਂ ਸੀ ਕਿਉਂਕਿ ਉਹ ਲੜਾਈ ਦਾ ਸਮਾਂ ਸੀ।” ਇਕ ਅਮਰੀਕੀ ਫ਼ੌਜੀ ਨੇ ਕਿਹਾ: “ਜ਼ਿਆਦਾਤਰ ਲੋਕ ਕਹਿਣਗੇ ਕਿ ਅਸੀਂ ਅਨੈਤਿਕ ਕੰਮ ਕਰ ਰਹੇ ਸੀ, ਪਰ ਸਾਨੂੰ ਕੱਲ੍ਹ ਦਾ ਕੀ ਪਤਾ ਸੀ ਕਿ ਅਸੀਂ ਮਰਾਂਗੇ ਜਾਂ ਜੀਵਾਂਗੇ, ਸੋ ਅਸੀਂ ਸੋਚਿਆ ਅੱਜ ਹੀ ਜ਼ਿੰਦਗੀ ਦਾ ਮਜ਼ਾ ਲੁੱਟੋ।”

ਉਸ ਜੰਗ ਵਿੱਚੋਂ ਬਚ ਨਿਕਲਣ ਵਾਲੇ ਕਈ ਲੋਕਾਂ ਨੂੰ ਅੱਜ ਵੀ ਜੰਗ ਬਾਰੇ ਸੋਚ ਕੇ ਕਾਂਬਾ ਛਿੜ ਜਾਂਦਾ ਹੈ। ਕਈ ਉਸ ਸਮੇਂ ਛੋਟੀ ਉਮਰ ਦੇ ਹੀ ਸਨ, ਪਰ ਉਨ੍ਹਾਂ ਨੇ ਜੋ-ਜੋ ਜ਼ੁਲਮ ਦੇਖੇ, ਉਹ ਉਨ੍ਹਾਂ ਨੂੰ ਭੁੱਲਦੇ ਨਹੀਂ। ਲੜਾਈ ਦੀ ਦਹਿਸ਼ਤ ਦੀਆਂ ਯਾਦਾਂ ਉਨ੍ਹਾਂ ਨੂੰ ਸਤਾਉਂਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਦੀ ਨੀਂਦ ਹਰਾਮ ਕਰਦੀਆਂ ਹਨ। ਉਸ ਵੇਲੇ ਲੋਕ ਨਾ ਸਿਰਫ਼ ਆਪਣੀ ਨਿਹਚਾ, ਸਗੋਂ ਸਹੀ ਤੇ ਗ਼ਲਤ ਵਿਚ ਫ਼ਰਕ ਜਾਣਨ ਦੀ ਕਾਬਲੀਅਤ ਗੁਆ ਬੈਠੇ। ਇਸ ਹਾਲਤ ਵਿਚ ਉਨ੍ਹਾਂ ਨੇ ਆਪਣੇ ਦਿਲ ਦੀ ਸੁਣੀ ਤੇ ਸਿਰਫ਼ ਉਹ ਕੀਤਾ ਜੋ ਉਨ੍ਹਾਂ ਨੂੰ ਠੀਕ ਲੱਗਾ।

ਨਵੇਂ ਮਿਆਰ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੈਕਸ ਬਾਰੇ ਕਈ ਅਧਿਐਨ ਕੀਤੇ ਗਏ ਸਨ। ਇਕ 800 ਸਫ਼ਿਆਂ ਵਾਲੀ ਰਿਪੋਰਟ 1940 ਦੇ ਦਹਾਕੇ ਵਿਚ ਜੀਵ-ਵਿਗਿਆਨੀ ਆਲਫ੍ਰਿਡ ਕਿੰਸੀ ਨੇ ਤਿਆਰ ਕੀਤੀ ਸੀ। ਇਸ ਦੇ ਨਤੀਜੇ ਵਜੋਂ ਲੋਕਾਂ ਨੇ ਸੈਕਸ ਬਾਰੇ ਪਹਿਲਾਂ ਵਾਂਗ ਗੱਲ ਕਰਨ ਤੋਂ ਸੰਕੋਚ ਕਰਨਾ ਛੱਡ ਦਿੱਤਾ। ਭਾਵੇਂ ਸ਼੍ਰੀਮਾਨ ਕਿੰਸੀ ਨੇ ਰਿਪੋਰਟ ਵਿਚ ਸਮਲਿੰਗੀਆਂ ਅਤੇ ਹੋਰ ਗੰਦੀਆਂ ਹਰਕਤਾਂ ਕਰਨ ਵਾਲਿਆਂ ਦੀ ਗਿਣਤੀ ਨੂੰ ਵਧਾ-ਚੜ੍ਹਾ ਕੇ ਦੱਸਿਆ ਸੀ, ਫਿਰ ਵੀ ਇਸ ਅਧਿਐਨ ਨੇ ਦਿਖਾਇਆ ਕਿ ਯੁੱਧ ਤੋਂ ਬਾਅਦ ਲੋਕਾਂ ਦਾ ਚਾਲ-ਚਲਣ ਜ਼ਿਆਦਾ ਵਿਗੜਨਾ ਸ਼ੁਰੂ ਹੋ ਗਿਆ ਸੀ।

ਕੁਝ ਸਮੇਂ ਲਈ ਸ਼ਿਸ਼ਟਾਚਾਰ ਦਾ ਦਿਖਾਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਮਿਸਾਲ ਲਈ, ਰੇਡੀਓ, ਫਿਲਮਾਂ ਅਤੇ ਟੈਲੀਵਿਯਨ ਦੇ ਪ੍ਰੋਗ੍ਰਾਮਾਂ ਵਿੱਚੋਂ ਗੰਦੀਆਂ ਗੱਲਾਂ ਤੇ ਅਸ਼ਲੀਲ ਦ੍ਰਿਸ਼ਾਂ ਦੀ ਕਾਂਟ-ਛਾਂਟ ਕੀਤੀ ਜਾਣ ਲੱਗ ਪਈ। ਪਰ ਇਹ ਦਿਖਾਵਾ ਬਹੁਤ ਦੇਰ ਤਕ ਨਹੀਂ ਰਿਹਾ। ਅਮਰੀਕਾ ਦੇ ਸਾਬਕਾ ਵਿੱਦਿਆ ਸਕੱਤਰ ਵਿਲਿਅਮ ਬੈਨੱਟ ਨੇ ਕਿਹਾ: “1960 ਦੇ ਦਹਾਕੇ ਤਕ ਅਮਰੀਕਾ ਤਰੱਕੀ ਕਰਨ ਦੀ ਬਜਾਇ ਫੁਰਤੀ ਨਾਲ ਪਿੱਛੇ ਜਾਣ ਲੱਗਾ।” ਹੋਰਨਾਂ ਦੇਸ਼ਾਂ ਦਾ ਵੀ ਇਹੋ ਹਾਲ ਸੀ। ਲੇਕਿਨ ਉਸ ਸਮੇਂ ਨੈਤਿਕ ਕਦਰਾਂ-ਕੀਮਤਾਂ ਵਿਚ ਜ਼ਿਆਦਾ ਗਿਰਾਵਟ ਕਿਉਂ ਆਉਣ ਲੱਗੀ?

ਉਸ ਦਹਾਕੇ ਵਿਚ ਮਹਿਲਾ ਆਜ਼ਾਦੀ ਅੰਦੋਲਨ ਦੇ ਨਾਲ-ਨਾਲ ਸੈਕਸ ਸੰਬੰਧੀ ਲੋਕਾਂ ਦੇ ਵਿਚਾਰਾਂ ਵਿਚ ਜ਼ਬਰਦਸਤ ਬਦਲਾਅ ਆਇਆ। ਗਰਭ-ਨਿਰੋਧਕ ਗੋਲੀਆਂ ਨੇ ਇਸ ਨਵੇਂ ਜੀਵਨ-ਢੰਗ ਦੀ ਪੁਸ਼ਟੀ ਕੀਤੀ। ਜਦੋਂ ਗਰਭ-ਧਾਰਣ ਦੇ ਡਰ ਤੋਂ ਬਿਨਾਂ ਸੈਕਸ ਕੀਤਾ ਜਾਣਾ ਮੁਮਕਿਨ ਹੋਇਆ, ਤਾਂ ਬਿਨਾਂ ਵਾਅਦੇ ਕੀਤੇ, ਜ਼ਿੰਮੇਵਾਰੀ ਚੁੱਕੇ ਜਾਂ ਵਿਆਹੁਤਾ ਬੰਧਨ ਵਿਚ ਬੱਝੇ ਸੈਕਸ ਕਰਨਾ ਆਮ ਹੋ ਗਿਆ।

ਇਸ ਸਮੇਂ ਦੌਰਾਨ ਅਖ਼ਬਾਰਾਂ, ਫਿਲਮਾਂ ਅਤੇ ਟੈਲੀਵਿਯਨ ਤੇ ਵੀ ਨੈਤਿਕ ਮਿਆਰਾਂ ਦੀਆਂ ਧੱਜੀਆਂ ਉਡਾਈਆਂ ਜਾਣ ਲੱਗੀਆਂ। ਬਾਅਦ ਵਿਚ ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਟੈਲੀਵਿਯਨ ਤੇ ਦਿਖਾਏ ਜਾਂਦੇ ਪ੍ਰੋਗ੍ਰਾਮਾਂ ਬਾਰੇ ਕਿਹਾ: “ਇਹ ਖ਼ੁਦਗਰਜ਼ੀ ਨੂੰ ਆਸਮਾਨੇ ਚਾੜ੍ਹਦੇ ਹਨ, ਹਿੰਸਾ ਨੂੰ ਮਾਮੂਲੀ ਬਣਾਉਂਦੇ ਹਨ ਅਤੇ ਨਾਜਾਇਜ਼ ਜਿਨਸੀ ਸੰਬੰਧਾਂ ਦੇ ਹਿਮਾਇਤੀ ਹਨ।”

1970 ਦੇ ਦਹਾਕੇ ਤਕ ਬਹੁਤ ਸਾਰੇ ਲੋਕ ਵੀ. ਸੀ. ਆਰ. ਖ਼ਰੀਦਣ ਲੱਗ ਪਏ ਸਨ। ਹੁਣ ਲੋਕ ਆਪਣੇ ਘਰ ਬੈਠੇ ਅਜਿਹੀਆਂ ਗੰਦੀਆਂ ਫਿਲਮਾਂ ਦੇਖਣ ਲੱਗੇ ਜੋ ਉਹ ਪਹਿਲਾਂ ਕਦੇ ਸਿਨਮਾ-ਘਰ ਦੇਖਣ ਨਹੀਂ ਜਾਂਦੇ ਸਨ। ਪਰ ਅੱਜ-ਕੱਲ੍ਹ ਤਾਂ ਦੁਨੀਆਂ ਭਰ ਵਿਚ ਘਰ-ਘਰ ਕੰਪਿਊਟਰ ਹਨ ਅਤੇ ਇੰਟਰਨੈੱਟ ਦੇ ਜ਼ਰੀਏ ਲੋਕ ਗੰਦੀਆਂ ਤੋਂ ਗੰਦੀਆਂ ਤਸਵੀਰਾਂ ਦੇਖ ਸਕਦੇ ਹਨ।

ਇਸ ਦੇ ਨਤੀਜੇ ਖੌਫ਼ਨਾਕ ਹਨ। ਇਕ ਅਮਰੀਕੀ ਜੇਲ੍ਹ ਦੇ ਨਿਗਰਾਨ ਨੇ ਕਿਹਾ: “ਦਸ ਸਾਲ ਪਹਿਲਾਂ ਜਦੋਂ ਨੌਜਵਾਨ ਪਹਿਲੀ ਵਾਰ ਜੇਲ੍ਹ ਦੀ ਹਵਾ ਖਾਣ ਆਉਂਦੇ ਸਨ, ਤਾਂ ਮੈਂ ਉਨ੍ਹਾਂ ਨਾਲ ਗੱਲ ਕਰ ਸਕਦਾ ਸੀ ਕਿ ਕੀ ਸਹੀ ਹੈ ਤੇ ਕੀ ਨਹੀਂ। ਪਰ ਅੱਜ-ਕੱਲ੍ਹ ਜਿਹੜੇ ਇੱਥੇ ਪਹੁੰਚਦੇ ਹਨ, ਮੇਰੀ ਇਕ ਗੱਲ ਵੀ ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦੀ।”

ਮਦਦ ਕਿੱਥੋਂ ਮਿਲ ਸਕਦੀ ਹੈ?

ਸਹੀ ਰਾਹ ਤੇ ਤੁਰਨ ਲਈ ਸਾਨੂੰ ਚਰਚਾਂ ਤੋਂ ਮਦਦ ਨਹੀਂ ਮਿਲ ਸਕਦੀ। ਕਿਉਂ ਨਹੀਂ? ਕਿਉਂਕਿ ਉਹ ਯਿਸੂ ਅਤੇ ਉਸ ਦੇ ਚੇਲਿਆਂ ਵਾਂਗ ਪਰਮੇਸ਼ੁਰ ਦੇ ਧਰਮੀ ਅਸੂਲਾਂ ਤੇ ਨਹੀਂ ਚੱਲਦੇ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਆਪ ਨੂੰ ਇਸ ਦੁਸ਼ਟ ਸੰਸਾਰ ਦਾ ਹਿੱਸਾ ਬਣਾ ਲਿਆ ਹੈ। ਇਕ ਆਦਮੀ ਨੇ ਲਿਖਿਆ: “ਕੋਈ ਅਜਿਹੀ ਜੰਗ ਨਹੀਂ ਲੜੀ ਗਈ ਜਿਸ ਵਿਚ ਦੋਹਾਂ ਧਿਰਾਂ ਨੇ ਨਾ ਕਿਹਾ ਹੋਵੇ ਕਿ ਪਰਮੇਸ਼ੁਰ ਉਨ੍ਹਾਂ ਦੇ ਪਾਸੇ ਹੈ।” ਕਈ ਸਾਲ ਪਹਿਲਾਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਅਮਲ ਕਰਨ ਬਾਰੇ ਨਿਊਯਾਰਕ ਸਿਟੀ ਦੇ ਇਕ ਪਾਦਰੀ ਨੇ ਕਿਹਾ: “ਬੱਸ ਚੜ੍ਹਨ ਵਾਲਿਆਂ ਲਈ ਵੀ ਮਿਆਰ ਹਨ, ਪਰ ਪੂਰੀ ਦੁਨੀਆਂ ਵਿਚ ਚਰਚ ਇੱਕੋ-ਇਕ ਸੰਸਥਾ ਹੈ ਜਿਸ ਦੇ ਮੈਂਬਰਾਂ ਲਈ ਕੋਈ ਮਿਆਰ ਨਹੀਂ ਹਨ।”

ਲੋਕਾਂ ਦਾ ਵਿਗੜਦਾ ਜਾਂਦਾ ਚਾਲ-ਚਲਣ ਦਿਖਾਉਂਦਾ ਹੈ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ। ਪਰ ਕੀ ਕੀਤਾ ਜਾ ਸਕਦਾ ਹੈ? ਕੀ ਬਦਲਣ ਦੀ ਲੋੜ ਹੈ? ਕੌਣ ਹਾਲਾਤ ਬਦਲ ਸਕਦਾ ਹੈ ਤੇ ਇਹ ਕਿਵੇਂ ਬਦਲੇ ਜਾਣਗੇ? (g 4/07)

[ਸਫ਼ਾ 5 ਉੱਤੇ ਸੁਰਖੀ]

‘ਪਹਿਲੇ ਵਿਸ਼ਵ ਯੁੱਧ [1914-18] ਵਿਚ ਬੇਰਹਿਮੀ ਨਾਲ ਲੋਕਾਂ ਦਾ ਖ਼ੂਨ ਇੱਦਾਂ ਵਹਾਇਆ ਗਿਆ ਸੀ ਜਿੱਦਾਂ ਕਿ ਇਨਸਾਨ ਦੀ ਕੋਈ ਕੀਮਤ ਹੀ ਨਾ ਹੋਵੇ’

[ਸਫ਼ੇ 6, 7 ਉੱਤੇ ਤਸਵੀਰ]

ਅੱਜ-ਕੱਲ੍ਹ ਘਟੀਆ ਮਨੋਰੰਜਨ ਆਸਾਨੀ ਨਾਲ ਮਿਲ ਜਾਂਦਾ ਹੈ