Skip to content

Skip to table of contents

ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ

ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ

ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸਟੀਵਨ ਦੇ ਹੋਸ਼ ਉੱਡ ਜਾਂਦੇ ਹਨ ਜਦੋਂ ਉਸ ਨੂੰ ਕਲਾਸ ਵਿਚ ਦੂਸਰਿਆਂ ਦੇ ਸਾਮ੍ਹਣੇ ਉੱਚੀ ਪੜ੍ਹਨ ਲਈ ਕਿਹਾ ਜਾਂਦਾ ਹੈ। ਅਚਾਨਕ ਹੀ ਉਸ ਦਾ ਢਿੱਡ ਦੁਖਣ ਲੱਗ ਪੈਂਦਾ ਹੈ।

ਮਰਿਯਾ ਦੀ ਟੀਚਰ ਨੇ ਉਸ ਦੀ ਲਿਖਾਈ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੀ ਲਿਖਾਈ ਵਿਚ ਕੋਈ ਸੁਧਾਰ ਨਾ ਆਇਆ। ਉਸ ਨੂੰ ਹੋਮ-ਵਰਕ ਕਰਨ ਵਿਚ ਕਈ ਘੰਟੇ ਲੱਗ ਜਾਂਦੇ ਹਨ।

ਨੋਆ ਸਕੂਲ ਤੋਂ ਮਿਲਿਆ ਪ੍ਰਾਜੈਕਟ ਵਾਰ-ਵਾਰ ਪੜ੍ਹਦਾ ਹੈ, ਪਰ ਫਿਰ ਵੀ ਉਸ ਦੇ ਖਾਨੇ ਕੁਝ ਨਹੀਂ ਪੈਂਦਾ ਤੇ ਉਹ ਅਕਸਰ ਫੇਲ੍ਹ ਹੋ ਜਾਂਦਾ ਹੈ।

ਸਟੀਵਨ, ਮਰਿਯਾ ਅਤੇ ਨੋਆ ਨੂੰ ਪੜ੍ਹਨਾ-ਲਿਖਣਾ ਬਹੁਤ ਮੁਸ਼ਕਲ ਲੱਗਦਾ ਹੈ। ਪੜ੍ਹਨ ਵਿਚ ਮੁਸ਼ਕਲ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਡਿਸਲੈਕਸੀਆ। ਮਿਸਾਲ ਲਈ, ਡਿਸਲੈਕਸੀਆ ਦੇ ਸ਼ਿਕਾਰ ਬੱਚੇ ਇੱਕੋ ਜਿਹੇ ਨਜ਼ਰ ਆਉਂਦੇ ਅੱਖਰਾਂ ਵਿਚ ਫ਼ਰਕ ਨਹੀਂ ਦੇਖ ਸਕਦੇ। ਇਸ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਹਨ ਜਿਵੇਂ ਡਿਸਗ੍ਰਾਫੀਆ (ਲਿਖਣ ਵਿਚ ਮੁਸ਼ਕਲ) ਅਤੇ ਡਿਸਕੈਲਕੂਲੀਆ (ਹਿਸਾਬ ਕਰਨ ਵਿਚ ਮੁਸ਼ਕਲ)। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਸਮੱਸਿਆਵਾਂ ਦੇ ਸ਼ਿਕਾਰ ਬੱਚਿਆਂ ਦੇ ਦਿਮਾਗ਼ ਆਮ ਬੱਚਿਆਂ ਜਿੰਨੇ ਤੇਜ਼ ਹੁੰਦੇ ਜਾਂ ਉਨ੍ਹਾਂ ਤੋਂ ਵੀ ਕਿਤੇ ਤੇਜ਼ ਹੁੰਦੇ ਹਨ।

ਸਿੱਖਣ ਵਿਚ ਮੁਸ਼ਕਲ ਆਉਣ ਦੇ ਕੁਝ ਚਿੰਨ੍ਹ ਹਨ ਦੇਰੀ ਨਾਲ ਬੋਲਣਾ, ਤੁਕਾਂ ਜੋੜਨ ਵਿਚ ਮੁਸ਼ਕਲ ਆਉਣੀ, ਗ਼ਲਤ ਸ਼ਬਦ ਉਚਾਰਨੇ, ਨਿਆਣਿਆਂ ਵਾਂਗ ਬੋਲਣਾ, ਅੱਖਰ ਤੇ ਨੰਬਰ ਨਾ ਪਛਾਣ ਸਕਣਾ, ਸੌਖੇ-ਸੌਖੇ ਸ਼ਬਦਾਂ ਦੇ ਅੱਖਰ ਨਾ ਦੱਸ ਸਕਣਾ, ਇੱਕੋ ਜਿਹੇ ਸ਼ਬਦਾਂ ਵਿਚ ਕੋਈ ਫ਼ਰਕ ਨਾ ਲੱਗਣਾ ਅਤੇ ਕਹੀ ਗਈ ਗੱਲ ਨਾ ਸਮਝ ਸਕਣੀ। *

ਤੁਸੀਂ ਆਪਣੇ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਬੱਚੇ ਵਿਚ ਅਜਿਹੀ ਕੋਈ ਕਮਜ਼ੋਰੀ ਹੈ? ਸਭ ਤੋਂ ਪਹਿਲਾਂ ਉਸ ਦੇ ਕੰਨਾਂ ਤੇ ਅੱਖਾਂ ਦਾ ਚੈੱਕਅਪ ਕਰਾਓ ਕਿਉਂਕਿ ਉਸ ਦੀ ਮੁਸ਼ਕਲ ਦੇ ਇਹ ਦੋ ਕਾਰਨ ਹੋ ਸਕਦੇ ਹਨ। * ਫਿਰ ਉਸ ਦਾ ਪੂਰਾ ਚੈੱਕਅਪ ਕਰਾਓ। ਜੇ ਤੁਹਾਡੇ ਬੱਚੇ ਨੂੰ ਪੜ੍ਹਨ ਵਿਚ ਮੁਸ਼ਕਲ ਆਉਂਦੀ ਹੈ, ਤਾਂ ਉਸ ਨੂੰ ਤੁਹਾਡੇ ਪਿਆਰ ਤੇ ਹਮਦਰਦੀ ਦੀ ਬੇਹੱਦ ਲੋੜ ਹੋਵੇਗੀ। ਇਹ ਗੱਲ ਯਾਦ ਰੱਖੋ ਕਿ ਸਿੱਖਣ ਵਿਚ ਮੁਸ਼ਕਲ ਆਉਣ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਬੱਚੇ ਵਿਚ ਅਕਲ ਦੀ ਕਮੀ ਹੈ।

ਜੇ ਤੁਹਾਡੇ ਬੱਚੇ ਦੇ ਸਕੂਲ ਵਿਚ ਅਜਿਹੇ ਬੱਚਿਆਂ ਵਾਸਤੇ ਕਿਸੇ ਖ਼ਾਸ ਟਿਊਸ਼ਨ ਦਾ ਪ੍ਰਬੰਧ ਹੈ, ਇਸ ਦਾ ਪੂਰਾ ਫ਼ਾਇਦਾ ਉਠਾਓ। ਬੱਚੇ ਦੇ ਟੀਚਰ ਤੋਂ ਮਦਦ ਮੰਗੋ। ਸ਼ਾਇਦ ਤੁਹਾਡਾ ਬੱਚਾ ਕਲਾਸ ਵਿਚ ਪਿਛਲੀਆਂ ਸੀਟਾਂ ’ਤੇ ਬੈਠਣ ਦੀ ਬਜਾਇ ਮੋਹਰਲੀਆਂ ਸੀਟਾਂ ’ਤੇ ਬੈਠ ਸਕਦਾ ਹੈ ਅਤੇ ਉਸ ਨੂੰ ਆਪਣਾ ਕੰਮ ਕਰਨ ਲਈ ਜ਼ਿਆਦਾ ਸਮਾਂ ਦਿੱਤਾ ਜਾ ਸਕਦਾ ਹੈ। ਟੀਚਰ ਉਸ ਨੂੰ ਲਿਖਤੀ ਅਤੇ ਜ਼ਬਾਨੀ ਹਿਦਾਇਤਾਂ ਦੇ ਸਕਦਾ ਹੈ ਤੇ ਉਹ ਆਪਣੇ ਇਮਤਿਹਾਨਾਂ ਵਿਚ ਜ਼ਬਾਨੀ ਜਵਾਬ ਦੇ ਸਕਦਾ ਹੈ। ਕਈ ਵਾਰ ਇਨ੍ਹਾਂ ਬੱਚਿਆਂ ਨੂੰ ਘਰ ਵਾਸਤੇ ਕਿਤਾਬਾਂ ਦਾ ਦੂਜਾ ਸੈੱਟ ਦਿੱਤਾ ਜਾ ਸਕਦਾ ਹੈ ਕਿਉਂਕਿ ਅਜਿਹੇ ਬੱਚੇ ਅਕਸਰ ਆਪਣੀਆਂ ਚੀਜ਼ਾਂ ਇੱਧਰ-ਉੱਧਰ ਰੱਖ ਕੇ ਭੁੱਲ ਜਾਂਦੇ ਹਨ ਜਾਂ ਗੁਆ ਲੈਂਦੇ ਹਨ। ਸਪੈਲਿੰਗ ਚੈੱਕ ਕਰਨ ਲਈ ਸਕੂਲ ਜਾਂ ਘਰ ਵਿਚ ਕੰਪਿਊਟਰ ਵਰਤਿਆ ਜਾ ਸਕਦੇ ਹੈ।

ਡਿਸਲੈਕਸੀਆ ਦੇ ਸ਼ਿਕਾਰ ਬੱਚੇ ਨੂੰ ਰੋਜ਼ ਪੜ੍ਹਾਓ, ਪਰ ਥੋੜ੍ਹੇ ਸਮੇਂ ਲਈ। ਬੱਚੇ ਨੂੰ ਉੱਚੀ ਆਵਾਜ਼ ਵਿਚ ਪੜ੍ਹਨਾ ਚਾਹੀਦਾ ਹੈ ਤਾਂਕਿ ਮਾਪੇ ਉਸ ਨੂੰ ਪੜ੍ਹਦਿਆਂ ਸੁਣ ਕੇ ਉਸ ਨੂੰ ਸਲਾਹ ਦੇ ਸਕਣ ਤੇ ਸੁਧਾਰ ਸਕਣ। ਪਹਿਲਾਂ ਖ਼ੁਦ ਪੜ੍ਹੋ ਤੇ ਫਿਰ ਬੱਚੇ ਨੂੰ ਨਾਲ-ਨਾਲ ਪੜ੍ਹਨ ਲਈ ਕਹੋ। ਫਿਰ ਦੋਵੇਂ ਉਹੀ ਵਾਕ ਇਕੱਠੇ ਪੜ੍ਹੋ। ਫਿਰ ਬੱਚੇ ਨੂੰ ਉਹੀ ਵਾਕ ਇਕੱਲੇ ਪੜ੍ਹਨ ਲਈ ਕਹੋ। ਉਹ ਪੜ੍ਹੀ ਜਾ ਰਹੀ ਹਰ ਲਾਈਨ ਹੇਠਾਂ ਫੁੱਟਾ ਰੱਖ ਸਕਦਾ ਹੈ ਤੇ ਲਾਲ ਕਲਮ ਨਾਲ ਔਖੇ ਲਫ਼ਜ਼ਾਂ ’ਤੇ ਨਿਸ਼ਾਨੀ ਲਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ ਰੋਜ਼ ਸਿਰਫ਼ 15 ਕੁ ਮਿੰਟ ਹੀ ਲੱਗਦੇ ਹਨ।

ਹਿਸਾਬ ਵੀ ਵੱਖ-ਵੱਖ ਤਰੀਕਿਆਂ ਨਾਲ ਸਿਖਾਇਆ ਜਾ ਸਕਦਾ ਹੈ ਜਿਵੇਂ ਕਿ ਖਾਣ ਵਾਲੀਆਂ ਚੀਜ਼ਾਂ ਬਣਾਉਣ ਵੇਲੇ ਕਿੰਨੀ ਕੁ ਮਾਤਰਾ ਵਿਚ ਲੂਣ-ਮਸਾਲਾ ਪਾਉਣਾ ਹੈ, ਲੱਕੜ ਦਾ ਕੰਮ ਕਰਦਿਆਂ ਫੁੱਟਾ ਵਰਤ ਕੇ ਅਤੇ ਸ਼ਾਪਿੰਗ ਕਰਦਿਆਂ। ਤੁਸੀਂ ਗ੍ਰਾਫ਼ ਪੇਪਰ ਵਰਤ ਕੇ ਅਤੇ ਨਕਸ਼ੇ ਬਣਾ ਕੇ ਵੀ ਹਿਸਾਬ ਸਮਝਾ ਸਕਦੇ ਹੋ। ਜੇ ਬੱਚੇ ਨੂੰ ਲਿਖਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਮੋਟੀਆਂ ਪੈਂਸਿਲਾਂ ਤੇ ਚੌੜੀਆਂ-ਚੌੜੀਆਂ ਲੀਕਾਂ ਵਾਲਾ ਕਾਗਜ਼ ਵਰਤ ਸਕਦੇ ਹੋ। ਤੁਸੀਂ ਕਿਸੇ ਧਾਤ ਉੱਤੇ ਚੁੰਬਕੀ ਅੱਖਰਾਂ ਦੀ ਬਣੀ ਵਰਣਮਾਲਾ ਵਰਤ ਕੇ ਆਪਣੇ ਬੱਚੇ ਨੂੰ ਸ਼ਬਦ ਜੋੜਨੇ ਸਿਖਾ ਸਕਦੇ ਹੋ।

ਏ. ਡੀ. ਐੱਚ. ਡੀ. ਨਾਲ ਨਿਪਟਣ ਦੇ ਕਈ ਵਧੀਆ ਤਰੀਕੇ ਹਨ। ਇਸ ਸਮੱਸਿਆ ਵਾਲੇ ਬੱਚੇ ਨਾਲ ਅੱਖ ਨਾਲ ਅੱਖ ਮਿਲਾ ਕੇ ਹੀ ਗੱਲ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਹੋਮ-ਵਰਕ ਕਰਨ ਲਈ ਕੋਈ ਸ਼ਾਂਤ ਜਗ੍ਹਾ ਹੋਵੇ ਅਤੇ ਹੋਮ-ਵਰਕ ਕਰਦਿਆਂ ਉਸ ਨੂੰ ਵਿਚ-ਵਿਚ ਕੁਝ ਮਿੰਟਾਂ ਲਈ ਤੁਰ-ਫਿਰ ਲੈਣ ਦਿਓ। ਉਸ ਦੀ ਬੇਚੈਨੀ ਨੂੰ ਘਟਾਉਣ ਲਈ ਘਰ ਵਿਚ ਉਸ ਨੂੰ ਕੋਈ ਛੋਟਾ-ਮੋਟਾ ਕੰਮ ਕਰਨ ਨੂੰ ਦਿਓ।

ਤੁਸੀਂ ਸਫ਼ਲ ਹੋ ਸਕਦੇ ਹੋ!

ਜੇ ਤੁਹਾਡਾ ਬੱਚਾ ਕੋਈ ਛੋਟਾ-ਮੋਟਾ ਕੰਮ ਠੀਕ ਢੰਗ ਨਾਲ ਕਰਦਾ ਹੈ, ਤਾਂ ਉਸ ਨੂੰ ਸ਼ਾਬਾਸ਼ੀ ਦਿਓ। ਵੱਡੇ ਕੰਮਾਂ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਕਰਾਓ ਤਾਂਕਿ ਉਹ ਉਨ੍ਹਾਂ ਨੂੰ ਪੂਰਾ ਕਰ ਸਕੇ ਅਤੇ ਆਪਣੀ ਮਿਹਨਤ ਦਾ ਫਲ ਦੇਖ ਸਕੇ। ਤਸਵੀਰਾਂ ਜਾਂ ਚਾਰਟ ਬਣਾ ਕੇ ਉਸ ਨੂੰ ਸਮਝਾਓ ਕਿ ਉਹ ਆਪਣਾ ਕੰਮ ਕਿੱਦਾਂ ਪੂਰਾ ਕਰ ਸਕਦਾ ਹੈ।

ਕਿਸੇ ਵੀ ਨੌਜਵਾਨ ਲਈ ਪੜ੍ਹਨਾ-ਲਿਖਣਾ ਅਤੇ ਹਿਸਾਬ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡੀ ਵਧੀਆ ਪ੍ਰੇਰਣਾ ਤੇ ਮਦਦ ਨਾਲ ਤੁਹਾਡਾ ਬੱਚਾ ਪੜ੍ਹਨਾ-ਲਿਖਣਾ ਸਿੱਖ ਜਾਵੇਗਾ ਭਾਵੇਂ ਉਹ ਆਪਣੀ ਮੰਜ਼ਲ ’ਤੇ ਦੂਸਰਿਆਂ ਨਾਲੋਂ ਵੱਖਰੇ ਢੰਗ ਨਾਲ ਪਹੁੰਚੇ ਜਾਂ ਉਹ ਜ਼ਿਆਦਾ ਸਮਾਂ ਲਗਾਵੇ। (g09 01)

[ਫੁਟਨੋਟ]

^ ਪੈਰਾ 7 ਸਿੱਖਣ ਦੀਆਂ ਮੁਸ਼ਕਲਾਂ ਵਿਚ ਅਕਸਰ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਾਰਡਰ (ਏ. ਡੀ. ਐੱਚ. ਡੀ.) ਵੀ ਸ਼ਾਮਲ ਹੁੰਦਾ ਹੈ ਜਿਸ ਵਿਚ ਬੱਚੇ ਚੈਨ ਨਾਲ ਨਹੀਂ ਬੈਠ ਸਕਦੇ। ਉਨ੍ਹਾਂ ਦਾ ਕਿਸੇ ਕੰਮ ਵਿਚ ਮਨ ਨਹੀਂ ਲੱਗਦਾ ਤੇ ਉਹ ਮਾਰ-ਕੁਟਾਈ ਕਰਨ ਅਤੇ ਰੌਲਾ-ਰੱਪਾ ਪਾਉਣ ਵਿਚ ਸ਼ੇਰ ਹੁੰਦੇ ਹਨ।

^ ਪੈਰਾ 9 ਇਹ ਲੇਖ ਮੁੰਡਿਆਂ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਹੈ ਕਿਉਂਕਿ ਮੁੰਡੇ ਕੁੜੀਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਡਿਸਲੈਕਸੀਆ ਤੇ ਬੇਚੈਨੀ ਤੋਂ ਪੀੜਿਤ ਹੁੰਦੇ ਹਨ।

[ਸਫ਼ਾ 26 ਉੱਤੇ ਡੱਬੀ]

ਕਮਜ਼ੋਰੀ ਦਾ ਫ਼ਾਇਦਾ

“ਸਫ਼ੇ ਉੱਤੇ ਲਫ਼ਜ਼ ਮੈਨੂੰ ਪੁੱਠੀਆਂ-ਸਿੱਧੀਆਂ ਲੀਕਾਂ ਵਾਂਗ ਹੀ ਨਜ਼ਰ ਆਉਂਦੇ ਸਨ। ਮੇਰੇ ਭਾਣੇ ਉਹ ਵਿਦੇਸ਼ੀ ਭਾਸ਼ਾ ਦੇ ਅੱਖਰ ਲੱਗਦੇ ਸਨ। ਜਦ ਤਕ ਕੋਈ ਮੈਨੂੰ ਪੜ੍ਹ ਕੇ ਨਹੀਂ ਸੀ ਸੁਣਾਉਂਦਾ, ਤਦ ਤਕ ਮੈਨੂੰ ਕਿਸੇ ਸ਼ਬਦ ਦਾ ਮਤਲਬ ਨਹੀਂ ਸੀ ਪਤਾ ਲੱਗਦਾ। ਟੀਚਰ ਮੈਨੂੰ ਆਲਸੀ ਸਮਝਦੇ ਸਨ ਤੇ ਕਹਿੰਦੇ ਸਨ ਕਿ ਮੈਂ ਉਨ੍ਹਾਂ ਦਾ ਕੋਈ ਆਦਰ ਨਹੀਂ ਸੀ ਕਰਦਾ। ਉਹ ਇਹ ਵੀ ਸੋਚਦੇ ਸਨ ਕਿ ਪੜ੍ਹਾਈ ਵਿਚ ਮੇਰਾ ਦਿਲ ਨਹੀਂ ਲੱਗਦਾ ਸੀ ਤੇ ਨਾ ਹੀ ਮੈਂ ਕੋਈ ਮਿਹਨਤ ਕਰਦਾ ਸੀ। ਪਰ ਅਸਲੀਅਤ ਕੁਝ ਹੋਰ ਹੀ ਸੀ। ਮੈਂ ਧਿਆਨ ਲਗਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸੀ, ਪਰ ਮੇਰੇ ਪੱਲੇ ਕੁਝ ਨਹੀਂ ਸੀ ਪੈਂਦਾ। ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਪੜ੍ਹਦਾ ਹਾਂ ਜਾਂ ਲਿਖਦਾ ਹਾਂ। ਪਰ ਹਿਸਾਬ ਕਰਨਾ ਮੇਰੇ ਲਈ ਔਖਾ ਨਹੀਂ ਸੀ। ਇਸ ਲਈ ਛੋਟੀ ਉਮਰੇ ਹੀ ਮੇਰਾ ਧਿਆਨ ਖੇਡਾਂ, ਕਾਰੀਗਰੀ ਤੇ ਕਲਾ ਵਰਗੀਆਂ ਚੀਜ਼ਾਂ ਵਿਚ ਲੱਗ ਗਿਆ ਕਿਉਂਕਿ ਇਹ ਕੰਮ ਮੈਂ ਆਪਣੇ ਹੱਥਾਂ ਨਾਲ ਕਰ ਸਕਦਾ ਸੀ।

“ਮੈਂ ਵੱਡਾ ਹੋ ਕੇ ਆਪਣੇ ਹੱਥੀਂ ਕੰਮ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਕਾਰੀਗਰ ਬਣ ਗਿਆ। ਇਸ ਸਦਕਾ ਮੈਨੂੰ ਵਿਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਪੰਜ ਉਸਾਰੀ ਪ੍ਰਾਜੈਕਟਾਂ ਵਿਚ ਕੰਮ ਕਰਨ ਦਾ ਸਨਮਾਨ ਮਿਲਿਆ। ਭਾਵੇਂ ਕਿ ਮੈਨੂੰ ਪੜ੍ਹਨ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਫ਼ਾਇਦਾ ਇਹ ਹੁੰਦਾ ਹੈ ਕਿ ਮੈਨੂੰ ਪੜ੍ਹੀਆਂ ਚੀਜ਼ਾਂ ਯਾਦ ਰਹਿੰਦੀਆਂ ਹਨ। ਇਹ ਮਾਨੋ ਇਕ ਹੁਨਰ ਹੈ ਜਿਸ ਦੀ ਮਦਦ ਨਾਲ ਮੈਂ ਬਾਈਬਲ ਪੜ੍ਹ ਸਕਦਾ ਹਾਂ ਅਤੇ ਪ੍ਰਚਾਰ ਦੇ ਕੰਮ ਵਿਚ ਇਹ ਹੁਨਰ ਮੇਰੇ ਬਹੁਤ ਕੰਮ ਆਉਂਦਾ ਹੈ। ਸੋ ਡਿਸਲੈਕਸੀਆ ਨੂੰ ਕਮਜ਼ੋਰੀ ਮੰਨਣ ਦੀ ਬਜਾਇ, ਮੈਂ ਇਸ ਨੂੰ ਹੁਨਰ ਵਿਚ ਬਦਲ ਦਿੱਤਾ ਹੈ ਜਿਸ ਨੂੰ ਮੈਂ ਆਪਣੇ ਫ਼ਾਇਦੇ ਲਈ ਇਸਤੇਮਾਲ ਕਰ ਰਿਹਾ ਹਾਂ।”—ਡਿਸਲੈਕਸੀਆ ਦਾ ਸ਼ਿਕਾਰ ਪੀਟਰ ਯਹੋਵਾਹ ਦਾ ਗਵਾਹ ਹੈ ਜੋ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਕਰਨ ਵਿਚ ਲਾਉਂਦਾ ਹੈ।

[ਸਫ਼ਾ 25 ਉੱਤੇ ਤਸਵੀਰ]

ਧਿਆਨ ਨਾਲ ਸੁਣ ਕੇ ਬੱਚੇ “ਤਸਵੀਰਾਂ ਬਣਾਉਂਦੇ” ਹਨ ਜਿਸ ਨਾਲ ਉਹ ਗੱਲ ਯਾਦ ਰੱਖ ਸਕਦੇ ਹਨ