Skip to content

Skip to table of contents

ਕੀ ਅਸੀਂ ਡੇਟਿੰਗ ਕਰਨੀ ਛੱਡ ਦੇਈਏ?

ਕੀ ਅਸੀਂ ਡੇਟਿੰਗ ਕਰਨੀ ਛੱਡ ਦੇਈਏ?

ਨੌਜਵਾਨ ਪੁੱਛਦੇ ਹਨ

ਕੀ ਅਸੀਂ ਡੇਟਿੰਗ ਕਰਨੀ ਛੱਡ ਦੇਈਏ?

“ਸਾਨੂੰ ਡੇਟਿੰਗ ਕਰਦਿਆਂ ਨੂੰ ਤਿੰਨ ਮਹੀਨੇ ਹੋ ਗਏ ਸਨ ਅਤੇ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ। ਸਾਨੂੰ ਲੱਗਦਾ ਸੀ ਕਿ ਅਸੀਂ ਇਕ-ਦੂਜੇ ਲਈ ਬਣੇ ਸੀ ਤੇ ਸਾਰੀ ਜ਼ਿੰਦਗੀ ਇਕ-ਦੂਜੇ ਦਾ ਸਾਥ ਨਿਭਾਵਾਂਗੇ।”—ਜੈਸੀਕਾ। *

“ਮੇਰਾ ਦਿਲ ਉਸ ਉੱਤੇ ਆ ਗਿਆ ਸੀ। ਫਿਰ ਦੋ ਕੁ ਸਾਲ ਬਾਅਦ ਉਹ ਵੀ ਮੈਨੂੰ ਪਸੰਦ ਕਰਨ ਲੱਗ ਪਿਆ! ਇਹ ਗੱਲ ਮੈਨੂੰ ਚੰਗੀ ਲੱਗੀ ਕਿ ਉਹ ਮੈਥੋਂ ਵੱਡਾ ਸੀ ਕਿਉਂਕਿ ਉਹ ਮੇਰਾ ਖ਼ਿਆਲ ਜ਼ਰੂਰ ਰੱਖੇਗਾ।”—ਕੈਰਲ।

ਅਖ਼ੀਰ ਵਿਚ ਜੈਸਿਕਾ ਅਤੇ ਕੈਰਲ ਦੋਵਾਂ ਨੇ ਆਪਣੇ ਬੁਆਏ-ਫ੍ਰੈਂਡਾਂ ਨੂੰ ਛੱਡ ਦਿੱਤਾ। ਕਿਉਂ? ਕੀ ਉਨ੍ਹਾਂ ਦਾ ਫ਼ੈਸਲਾ ਗ਼ਲਤ ਸੀ?

ਤੁਹਾਨੂੰ ਡੇਟਿੰਗ ਕਰਦਿਆਂ ਨੂੰ ਲਗਭਗ ਇਕ ਸਾਲ ਹੋ ਗਿਆ ਹੈ। ਪਹਿਲਾਂ-ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ਉਹ ਤੁਹਾਡੇ ਲਈ ਹੀ ਬਣਿਆ ਹੈ ਤੇ ਤੁਹਾਡੀ ਜੋੜੀ ਖੂਬ ਜਚੇਗੀ। * ਕਦੀ-ਕਦੀ ਤੁਹਾਡੇ ਦਿਲ ਵਿਚ ਉਸ ਦੇ ਲਈ ਉਹੀ ਪਿਆਰ ਅਤੇ ਜਜ਼ਬਾਤ ਜਾਗ ਉੱਠਦੇ ਹਨ ਜੋ ਸ਼ੁਰੂ-ਸ਼ੁਰੂ ਵਿਚ ਉੱਠੇ ਸਨ। ਪਰ ਹੁਣ ਤੁਸੀਂ ਕਸ਼ਮਕਸ਼ ਵਿਚ ਹੋ ਜਿਸ ਕਰਕੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਕੀ ਤੁਹਾਨੂੰ ਇਕ-ਦੂਜੇ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ ਕਿ ਨਹੀਂ?

ਪਹਿਲਾਂ ਤੁਹਾਨੂੰ ਇਸ ਸੱਚਾਈ ਦਾ ਸਾਮ੍ਹਣਾ ਕਰਨਾ ਪਵੇਗਾ: ਤੁਹਾਡੇ ਦੋਹਾਂ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਨਾ ਉੱਨਾ ਹੀ ਖ਼ਤਰਨਾਕ ਹੋ ਸਕਦਾ ਹੈ ਜਿੰਨਾ ਆਪਣੀ ਗੱਡੀ ਦੇ ਡੈਸ਼ਬੋਰਡ ਉੱਤੇ ਜਗਦੀ ਬੱਤੀ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੈ। ਨਜ਼ਰਅੰਦਾਜ਼ ਕਰਨ ਨਾਲ ਮੁਸ਼ਕਲ ਹੱਲ ਨਹੀਂ ਹੋਵੇਗੀ, ਸਗੋਂ ਵਧਦੀ ਜਾਵੇਗੀ। ਤਾਂ ਫਿਰ ਕਿਹੜੀਆਂ ਕੁਝ ਮੁਸ਼ਕਲਾਂ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਗ਼ਲਤ ਹੋਵੇਗਾ?

ਗੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਦ ਰੋਮਾਂਸ ਜਲਦੀ ਵਿਚ ਹੋ ਜਾਂਦਾ ਹੈ, ਤਾਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕੈਰਲ ਕਹਿੰਦੀ ਹੈ: “ਅਸੀਂ ਇਕ-ਦੂਜੇ ਨੂੰ ਈ-ਮੇਲ ਭੇਜਦੇ ਸਾਂ, ਆਨ-ਲਾਈਨ ਅਤੇ ਟੈਲੀਫ਼ੋਨ ’ਤੇ ਵੀ ਗੱਲਾਂ ਕਰਦੇ ਸਾਂ।” ਉਹ ਅੱਗੇ ਕਹਿੰਦੀ ਹੈ: “ਇਸ ਤਰ੍ਹਾਂ ਗੱਲਾਂ ਕਰਨੀਆਂ ਆਮ੍ਹੋ-ਸਾਮ੍ਹਣੇ ਗੱਲਾਂ ਕਰਨ ਤੋਂ ਬਹੁਤ ਅਲੱਗ ਹੈ। ਤੁਸੀਂ ਇਕ-ਦੂਜੇ ਨਾਲ ਅਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਹੋ ਜੋ ਤੁਸੀਂ ਆਮ੍ਹੋ-ਸਾਮ੍ਹਣੇ ਕਦੀ ਨਾ ਕਰਦੇ।” ਸੋ ਕਾਹਲੀ ਵਿਚ ਕੋਈ ਕਦਮ ਨਾ ਚੁੱਕੋ ਕਿਉਂਕਿ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲਈ ਵਕਤ ਲੱਗਦਾ ਹੈ। ਤੁਹਾਡਾ ਰਿਸ਼ਤਾ ਘਾਹ-ਫੂਸ ਵਰਗਾ ਨਹੀਂ ਹੋਣਾ ਚਾਹੀਦਾ ਜੋ ਜਿੰਨੀ ਜਲਦੀ ਉੱਗਦਾ, ਉੱਨੀ ਹੀ ਜਲਦੀ ਕੁਮਲਾ ਜਾਂਦਾ ਹੈ। ਤੁਹਾਡਾ ਰਿਸ਼ਤਾ ਇਕ ਅਜਿਹੇ ਪੌਦੇ ਵਰਗਾ ਹੋਣਾ ਚਾਹੀਦਾ ਹੈ ਜੋ ਹੌਲੀ-ਹੌਲੀ ਵਧ ਕੇ ਸੁੰਦਰ ਬਣ ਜਾਂਦਾ ਹੈ।

ਉਹ ਮੇਰੇ ਬਾਰੇ ਬੁਰਾ-ਭਲਾ ਕਹਿੰਦਾ ਹੈ। ਆਨਾ ਨਾਂ ਦੀ ਕੁੜੀ ਕਹਿੰਦੀ ਹੈ: “ਮੇਰਾ ਬੁਆਏ-ਫ੍ਰੈਂਡ ਹਮੇਸ਼ਾ ਮੇਰੇ ਵਿਚ ਨੁਕਸ ਕੱਢਦਾ ਰਹਿੰਦਾ ਸੀ। ਫਿਰ ਵੀ ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ।” ਉਹ ਅੱਗੇ ਕਹਿੰਦੀ ਹੈ: “ਇਸ ਕਰਕੇ ਮੈਂ ਉਸ ਦੀ ਹਰ ਗੱਲ ਸਹਿੰਦੀ ਰਹੀ। ਪਰ ਮੈਂ ਕਦੀ ਨਹੀਂ ਸੀ ਸੋਚਿਆ ਕਿ ਉਹ ਮੇਰੇ ਨਾਲ ਅਜਿਹਾ ਸਲੂਕ ਕਰੇਗਾ।” ਬਾਈਬਲ ਕਹਿੰਦੀ ਹੈ ਕਿ ਸਾਡੇ ਮੂੰਹੋਂ ਕੋਈ “ਦੁਰਬਚਨ” ਨਹੀਂ ਨਿਕਲਣਾ ਚਾਹੀਦਾ। (ਅਫ਼ਸੀਆਂ 4:31) ਭਾਵੇਂ ਚੁਭਵੀਆਂ ਗੱਲਾਂ ਉੱਚੀ ਆਵਾਜ਼ ਵਿਚ ਨਾ ਵੀ ਕਹੀਆਂ ਜਾਣ, ਫਿਰ ਵੀ ਇਕ ਪਿਆਰ ਭਰੇ ਰਿਸ਼ਤੇ ਵਿਚ ਅਜਿਹੀਆਂ ਗੱਲਾਂ ਲਈ ਕੋਈ ਜਗ੍ਹਾ ਨਹੀਂ ਹੈ।—ਕਹਾਉਤਾਂ 12:18.

ਉਸ ਦਾ ਗੁੱਸਾ ਛੇਤੀ ਭੜਕ ਉੱਠਦਾ ਹੈ। ਕਹਾਉਤਾਂ 17:27 ਵਿਚ ਲਿਖਿਆ ਹੈ ਕਿ “ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” ਏਰਿਨ ਨੇ ਦੇਖਿਆ ਕਿ ਉਸ ਦੇ ਬੁਆਏ-ਫ੍ਰੈਂਡ ਨੂੰ ਬਹੁਤ ਜਲਦੀ ਗੁੱਸਾ ਚੜ੍ਹ ਜਾਂਦਾ ਸੀ। “ਜਦ ਵੀ ਸਾਡਾ ਝਗੜਾ ਹੋ ਜਾਂਦਾ ਸੀ, ਤਾਂ ਉਹ ਮੈਨੂੰ ਧੱਕੇ ਮਾਰਦਾ ਹੁੰਦਾ ਸੀ ਜਿਸ ਕਰਕੇ ਕਈ ਵਾਰ ਤਾਂ ਮੇਰੇ ਨੀਲ ਪੈ ਜਾਂਦੇ ਸਨ।” ਬਾਈਬਲ ਮਸੀਹੀਆਂ ਨੂੰ ਸਲਾਹ ਦਿੰਦੀ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ . . . ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਜਿਹੜਾ ਇਨਸਾਨ ਆਪਣੇ ਜਜ਼ਬਾਤਾਂ ਉੱਤੇ ਕਾਬੂ ਨਹੀਂ ਰੱਖ ਸਕਦਾ, ਉਹ ਭਲਾ ਡੇਟਿੰਗ ਕਿਵੇਂ ਕਰ ਸਕਦਾ ਹੈ?—2 ਤਿਮੋਥਿਉਸ 3:1, 3, 5.

ਉਹ ਸਾਡੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੁੰਦਾ। ਐਂਜਲਾ ਦੱਸਦੀ ਹੈ: “ਮੇਰਾ ਬੁਆਏ-ਫ੍ਰੈਂਡ ਦੂਸਰਿਆਂ ਨੂੰ ਦੱਸਣਾ ਨਹੀਂ ਸੀ ਚਾਹੁੰਦਾ ਕਿ ਅਸੀਂ ਡੇਟਿੰਗ ਕਰ ਰਹੇ ਹਾਂ। ਉਹ ਨੂੰ ਤਾਂ ਉਦੋਂ ਵੀ ਗੁੱਸਾ ਚੜ੍ਹ ਗਿਆ ਸੀ ਜਦੋਂ ਮੇਰੇ ਡੈਡੀ ਨੂੰ ਇਸ ਬਾਰੇ ਪਤਾ ਲੱਗਾ!” ਇਹ ਸੱਚ ਹੈ ਕਿ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ। ਪਰ ਜੇ ਤੁਸੀਂ ਇਹ ਗੱਲ ਉਨ੍ਹਾਂ ਤੋਂ ਛੁਪਾ ਕੇ ਰੱਖੋ ਜਿਨ੍ਹਾਂ ਨੂੰ ਇਸ ਬਾਰੇ ਜਾਣਨ ਦਾ ਹੱਕ ਹੈ, ਤਾਂ ਮੁਸ਼ਕਲਾਂ ਜ਼ਰੂਰ ਖੜ੍ਹੀਆਂ ਹੋਣਗੀਆਂ।

ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ। ਯਹੋਵਾਹ ਦੇ ਗਵਾਹ ਉਦੋਂ ਡੇਟਿੰਗ ਕਰਨੀ ਸ਼ੁਰੂ ਕਰਦੇ ਹਨ ਜਦ ਮੁੰਡਾ-ਕੁੜੀ ਵਿਆਹ ਕਰਨ ਦੇ ਇਰਾਦੇ ਨਾਲ ਇਕ-ਦੂਜੇ ਨੂੰ ਜਾਣਨ ਲੱਗਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਡੇਟਿੰਗ ਕਰਦਿਆਂ ਹੀ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਵੋ। ਕਈ ਵਾਰ ਮੁੰਡੇ-ਕੁੜੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਗੱਲ ਨਹੀਂ ਬਣਨੀ ਜਿਸ ਕਰਕੇ ਉਹ ਡੇਟਿੰਗ ਕਰਨੀ ਬੰਦ ਕਰ ਦਿੰਦੇ ਹਨ। ਪਰ ਇਹ ਵੀ ਗੱਲ ਜ਼ਰੂਰੀ ਹੈ ਕਿ ਜੇ ਮੁੰਡਾ ਜਾਂ ਕੁੜੀ ਵਿਆਹ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਨਹੀਂ ਹੈ, ਤਾਂ ਉਸ ਨੂੰ ਡੇਟਿੰਗ ਕਰਨੀ ਹੀ ਨਹੀਂ ਚਾਹੀਦੀ।

ਅਸੀਂ ਕਦੀ ਡੇਟਿੰਗ ਕਰਨ ਲੱਗ ਜਾਂਦੇ ਹਾਂ ਤੇ ਕਦੀ ਹਟ ਜਾਂਦੇ ਹਾਂ। ਕਹਾਉਤਾਂ 17:17 ਵਿਚ ਲਿਖਿਆ ਹੈ: ‘ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ।’ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਰ ਗੱਲ ਵਿਚ ਇਕ-ਦੂਜੇ ਨਾਲ ਸਹਿਮਤ ਹੋਵੋਗੇ। ਪਰ ਜੇ ਤੁਸੀਂ ਵਾਰ-ਵਾਰ ਡੇਟਿੰਗ ਕਰਨ ਲੱਗ ਜਾਂਦੇ ਹੋ ਤੇ ਫਿਰ ਹਟ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ। ਆਨਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਉਹ ਕਹਿੰਦੀ ਹੈ: “ਜਦੋਂ ਵੀ ਮੈਂ ਆਪਣੇ ਬੁਆਏ-ਫ੍ਰੈਂਡ ਤੋਂ ਜੁਦਾ ਹੋ ਜਾਂਦੀ ਸੀ, ਤਾਂ ਮੇਰਾ ਦਿਲ ਟੁੱਟ ਜਾਂਦਾ ਸੀ। ਹੁਣ ਮੈਨੂੰ ਪਤਾ ਲੱਗਾ ਕਿ ਵਾਰ-ਵਾਰ ਉਸ ਦੇ ਕੋਲ ਵਾਪਸ ਜਾਣ ਦਾ ਕੋਈ ਫ਼ਾਇਦਾ ਨਹੀਂ ਸੀ।”

ਉਹ ਮੇਰੇ ’ਤੇ ਸੈਕਸ ਕਰਨ ਦਾ ਦਬਾਅ ਪਾਉਂਦਾ ਹੈ। “ਜੇ ਤੂੰ ਮੈਨੂੰ ਪਿਆਰ ਕਰਦੀ ਹੈਂ, ਤਾਂ ਤੂੰ ਇਨਕਾਰ ਨਹੀਂ ਕਰੇਂਗੀ।” “ਆਪਣੇ ਰਿਸ਼ਤੇ ਨੂੰ ਪੱਕਾ ਕਰਨ ਲਈ ਇਹ ਜ਼ਰੂਰੀ ਹੈ।” “ਸਾਡਾ ਫਿਰ ਰਿਸ਼ਤਾ ਹੀ ਕੀ ਹੈ ਜੇ ਸੈਕਸ ਹੀ ਨਹੀਂ ਕੀਤਾ।” ਇੱਦਾਂ ਦੀਆਂ ਗੱਲਾਂ ਕਰ ਕੇ ਕਈ ਮੁੰਡਿਆਂ ਨੇ ਕੁੜੀਆਂ ਨੂੰ ਸੈਕਸ ਕਰਨ ਲਈ ਲੁਭਾਇਆ ਹੈ। ਯਾਕੂਬ 3:17 ਵਿਚ ਲਿਖਿਆ ਹੈ ਕਿ “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ।” ਆਪਣੇ ਰਿਸ਼ਤੇ ਨੂੰ ਪਵਿੱਤਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਮੁੰਡੇ ਨੂੰ ਚੁਣੋ ਜੋ ਤੁਹਾਡੀ ਇੱਜ਼ਤ ਕਰੇਗਾ ਅਤੇ ਆਪਣੀਆਂ ਹੱਦਾਂ ਵਿਚ ਰਹੇਗਾ। ਇਸ ਸੰਬੰਧੀ ਆਪਣੇ ਇਰਾਦੇ ਦੇ ਪੱਕੇ ਰਹੋ।

ਦੂਸਰਿਆਂ ਨੇ ਮੈਨੂੰ ਉਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਬਾਈਬਲ ਕਹਿੰਦੀ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ, ਸੋ ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਕਹਾਉਤਾਂ 15:22, CL) ਜੈਸਿਕਾ ਕਹਿੰਦੀ ਹੈ: “ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਦੀ ਗੱਲ ਨਹੀਂ ਟਾਲ ਸਕਦੇ ਤੇ ਨਾ ਹੀ ਤੁਸੀਂ ਆਪਣੀ ਅੰਦਰਲੀ ਆਵਾਜ਼ ਨੂੰ ਅਣਸੁਣੀ ਕਰ ਸਕਦੇ ਹੋ ਜੋ ਤੁਹਾਨੂੰ ਕਹਿੰਦੀ ਹੈ ਕਿ ਇਹ ਮੁੰਡਾ ਤੁਹਾਡੇ ਲਈ ਠੀਕ ਨਹੀਂ ਹੈ। ਜੇ ਤੁਸੀਂ ਹੋਰਨਾਂ ਦੀ ਸਲਾਹ ਨਹੀਂ ਮੰਨੋਗੇ, ਤਾਂ ਤੁਸੀਂ ਆਪਣੇ ਪੈਰਾਂ ’ਤੇ ਆਪ ਕੁਹਾੜੀ ਮਾਰ ਰਹੇ ਹੋਵੋਗੇ।”

ਇਹ ਕੁਝ ਮੁਸ਼ਕਲਾਂ ਹਨ ਜਿਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। * ਜੇ ਤੁਸੀਂ ਡੇਟਿੰਗ ਕਰ ਰਹੇ ਹੋ, ਤਾਂ ਕੀ ਤੁਸੀਂ ਆਪਣੇ ਬੁਆਏ-ਫ੍ਰੈਂਡ ਵਿਚ ਇਨ੍ਹਾਂ ਵਿੱਚੋਂ ਕੋਈ ਗੱਲ ਦੇਖੀ ਹੈ? ਜੇ ਤੁਹਾਨੂੰ ਕਿਸੇ ਗੱਲ ਬਾਰੇ ਚਿੰਤਾ ਹੈ, ਤਾਂ ਇਸ ਬਾਰੇ ਹੇਠਾਂ ਲਿਖੋ।

․․․․․

ਉਸ ਨੂੰ ਛੱਡਾਂ, ਤਾਂ ਕਿਵੇਂ ਛੱਡਾਂ?

ਫ਼ਰਜ਼ ਕਰੋ ਕਿ ਤੁਸੀਂ ਉਸ ਨੂੰ ਛੱਡਣ ਦਾ ਫ਼ੈਸਲਾ ਕਰ ਰਹੇ ਹੋ। ਤੁਸੀਂ ਇਹ ਕਦਮ ਕਿਵੇਂ ਚੁੱਕੋਗੇ? ਤੁਸੀਂ ਕੁਝ ਤਰੀਕਿਆਂ ਨਾਲ ਉਸ ਨਾਲੋਂ ਆਪਣਾ ਨਾਤਾ ਤੋੜ ਸਕਦੇ ਹੋ, ਪਰ ਇਸ ਤਰ੍ਹਾਂ ਕਰਦਿਆਂ ਹੇਠਲੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ।

ਹਿੰਮਤੀ ਬਣੋ। ਟਰੀਨਾ ਨਾਂ ਦੀ ਕੁੜੀ ਕਹਿੰਦੀ ਹੈ: “ਮੈਂ ਆਪਣੇ ਬੁਆਏ-ਫ੍ਰੈਂਡ ’ਤੇ ਇੰਨਾ ਭਰੋਸਾ ਰੱਖਦੀ ਸੀ ਕਿ ਮੈਂ ਉਸ ਨੂੰ ਛੱਡਣ ਤੋਂ ਡਰਦੀ ਸੀ।” ਇਹ ਸੱਚ ਹੈ ਕਿ ਇਹ ਦੱਸਣ ਲਈ ਹਿੰਮਤ ਦੀ ਲੋੜ ਹੈ ਕਿ ਤੁਸੀਂ ਉਸ ਨਾਲੋਂ ਆਪਣਾ ਰਿਸ਼ਤਾ ਤੋੜਨਾ ਚਾਹੁੰਦੇ ਹੋ, ਪਰ ਆਪਣੇ ਦਿਲ ਦੀ ਗੱਲ ਦੱਸਣ ਵਿਚ ਤੁਹਾਡਾ ਹੀ ਫ਼ਾਇਦਾ ਹੋਵੇਗਾ। (ਕਹਾਉਤਾਂ 22:3) ਇਸ ਤਰ੍ਹਾਂ ਕਰ ਕੇ ਤੁਸੀਂ ਇਹ ਸਾਫ਼ ਕਰ ਦੇਵੋਗੇ ਕਿ ਡੇਟਿੰਗ ਦੌਰਾਨ ਅਤੇ ਵਿਆਹ ਕਰਨ ਤੋਂ ਬਾਅਦ ਵੀ ਤੁਸੀਂ ਕੀ ਬਰਦਾਸ਼ਤ ਕਰੋਗੇ ਤੇ ਕੀ ਨਹੀਂ ਕਰੋਗੇ।

ਚੰਗੀ ਤਰ੍ਹਾਂ ਪੇਸ਼ ਆਓ। ਕਲਪਨਾ ਕਰੋ ਕਿ ਤੁਹਾਡਾ ਬੁਆਏ-ਫ੍ਰੈਂਡ ਤੁਹਾਡੇ ਨਾਲੋਂ ਨਾਤਾ ਤੋੜਨਾ ਚਾਹੁੰਦਾ ਹੈ, ਤਾਂ ਤੁਸੀਂ ਉਸ ਤੋਂ ਕਿਸ ਤਰ੍ਹਾਂ ਪੇਸ਼ ਆਉਣ ਦੀ ਆਸ ਰੱਖੋਗੇ? (ਮੱਤੀ 7:12) ਕੀ ਤੁਸੀਂ ਚਾਹੋਗੇ ਕਿ ਉਹ ਸਿਰਫ਼ ਈ-ਮੇਲ, ਟੈਕਸਟ ਮੈਸਿਜ ਜਾਂ ਫ਼ੋਨ ’ਤੇ ਮੈਸਿਜ ਛੱਡ ਕੇ ਦੱਸੇ ਕਿ ਉਹ ਤੁਹਾਡੇ ਨਾਲੋਂ ਨਾਤਾ ਤੋੜਨਾ ਚਾਹੁੰਦਾ ਹੈ? ਨਹੀਂ। ਤਾਂ ਫਿਰ ਤੁਸੀਂ ਵੀ ਇਸ ਤਰ੍ਹਾਂ ਨਾ ਕਰੋ।

ਕਿੱਥੇ ਅਤੇ ਕਿਵੇਂ ਮਿਲੀਏ? ਕੀ ਤੁਹਾਨੂੰ ਆਮ੍ਹੋ-ਸਾਮ੍ਹਣੇ ਜਾਂ ਫ਼ੋਨ ’ਤੇ ਗੱਲ ਕਰਨੀ ਚਾਹੀਦੀ ਹੈ? ਕੀ ਤੁਹਾਨੂੰ ਚਿੱਠੀ ਲਿਖਣੀ ਚਾਹੀਦੀ ਹੈ ਜਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ? ਇਹ ਤੁਹਾਡੇ ਹਾਲਾਤਾਂ ਉੱਤੇ ਨਿਰਭਰ ਕਰੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ ਜਾਂ ਇਕੱਲੇ ਹੋਣ ਕਰਕੇ ਤੁਹਾਡੀਆਂ ਗ਼ਲਤ ਇੱਛਾਵਾਂ ਜਾਗ ਸਕਦੀਆਂ ਹਨ, ਤਾਂ ਤੁਹਾਨੂੰ ਕਿਸੇ ਸੁੰਨਸਾਨ ਜਗ੍ਹਾ ’ਤੇ ਨਹੀਂ ਮਿਲਣਾ ਚਾਹੀਦਾ।—1 ਥੱਸਲੁਨੀਕੀਆਂ 4:3.

ਸੱਚ-ਸੱਚ ਬੋਲੋ। ਸਾਫ਼-ਸਾਫ਼ ਦੱਸੋ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਸੀਂ ਉਸ ਨਾਲ ਹੋਰ ਡੇਟਿੰਗ ਕਿਉਂ ਨਹੀਂ ਕਰ ਸਕਦੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੁਆਏ-ਫ੍ਰੈਂਡ ਤੁਹਾਡੇ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦਾ, ਤਾਂ ਉਸ ਨੂੰ ਦੱਸੋ। ਉਸ ਉੱਤੇ ਦੋਸ਼ ਲਾਉਣ ਦੀ ਬਜਾਇ ਸਾਫ਼-ਸਾਫ਼ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਮਿਸਾਲ ਲਈ, ਇਹ ਕਹਿਣ ਦੀ ਬਜਾਇ ਕਿ “ਤੂੰ ਹਮੇਸ਼ਾ ਮੇਰੀ ਬੇਇੱਜ਼ਤੀ ਕਰਦਾ ਰਹਿੰਦਾ ਆ,” ਇਹ ਕਹੋ “ਮੈਨੂੰ ਦੁੱਖ ਲੱਗਦਾ ਹੈ ਜਦ ਤੁਸੀਂ ਮੈਨੂੰ ਇੱਦਾਂ-ਇੱਦਾਂ ਕਹਿੰਦੇ ਹੋ।”

ਉਸ ਦੀ ਵੀ ਗੱਲ ਸੁਣੋ। ਕੀ ਤੁਹਾਨੂੰ ਕਿਸੇ ਗੱਲ ਦਾ ਭੁਲੇਖਾ ਲੱਗਾ ਹੈ? ਪਹਿਲਾਂ ਤੁਹਾਨੂੰ ਸਾਰੀ ਗੱਲ ਪਤਾ ਕਰ ਲੈਣੀ ਚਾਹੀਦੀ ਹੈ। ਤੁਹਾਨੂੰ ਉਸ ਦੀ ਵੀ ਸੁਣ ਲੈਣੀ ਚਾਹੀਦੀ ਹੈ, ਪਰ ਜੇ ਉਹ ਚਲਾਕੀ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਸ ਦੀਆਂ ਗੱਲਾਂ ਵਿਚ ਨਾ ਆਓ। ਬਾਈਬਲ ਸਲਾਹ ਦਿੰਦੀ ਹੈ ਕਿ ਹਰੇਕ “ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ . . . ਹੋਵੇ।”—ਯਾਕੂਬ 1:19. (g09 01)

“ਨੌਜਵਾਨ ਪਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 6 ਭਾਵੇਂ ਇਹ ਲੇਖ ਕੁੜੀ ਦੇ ਨਜ਼ਰੀਏ ਤੋਂ ਲਿਖਿਆ ਗਿਆ ਹੈ, ਪਰ ਇਹ ਗੱਲਾਂ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੀਆਂ ਹਨ।

ਇਸ ਬਾਰੇ ਸੋਚੋ

◼ ਹੇਠਾਂ ਲਿਖੋ ਕਿ ਜਿਸ ਨਾਲ ਤੁਸੀਂ ਡੇਟਿੰਗ ਕਰਨੀ ਚਾਹੁੰਦੇ ਹੋ, ਉਸ ਵਿਚ ਕਿਹੋ ਜਿਹੇ ਗੁਣ ਹੋਣੇ ਜ਼ਰੂਰੀ ਹਨ। ...

◼ ਤੁਹਾਡੇ ਖ਼ਿਆਲ ਵਿਚ ਉਸ ਵਿਚ ਕਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ? ...

[ਸਫ਼ਾ 31 ਉੱਤੇ ਡੱਬੀ]

ਇਹ ਜ਼ਰੂਰੀ ਹੈ ਕਿ ਜਿਸ ਨਾਲ ਤੁਸੀਂ ਡੇਟਿੰਗ ਕਰਨੀ ਚਾਹੁੰਦੇ ਹੋ . . .

□ ਉਹ ਵੀ ਤੁਹਾਡੇ ਵਾਂਗ ਰੱਬ ਦੀ ਸੇਵਾ ਕਰਦਾ ਹੋਵੇ।—1 ਕੁਰਿੰਥੀਆਂ 7:39.

□ ਉਹ ਤੁਹਾਨੂੰ ਸੈਕਸ ਕਰਨ ਲਈ ਮਜਬੂਰ ਨਾ ਕਰੇ।—1 ਕੁਰਿੰਥੀਆਂ 6:18.

□ ਉਹ ਤੁਹਾਡਾ ਅਤੇ ਦੂਸਰਿਆਂ ਦਾ ਲਿਹਾਜ਼ ਕਰੇ।—ਫ਼ਿਲਿੱਪੀਆਂ 2:4.

□ ਉਸ ਦਾ ਨੇਕਨਾਮ ਹੋਵੇ।—ਫ਼ਿਲਿੱਪੀਆਂ 2:20.

[ਸਫ਼ਾ 31 ਉੱਤੇ ਡੱਬੀ]

ਖ਼ਬਰਦਾਰ ਰਹੋ ਜੇ ਤੁਹਾਡਾ ਬੁਆਏ-ਫ੍ਰੈਂਡ . . .

□ ਹਮੇਸ਼ਾ ਆਪਣੀ ਗੱਲ ਉੱਤੇ ਅੜਿਆ ਰਹਿੰਦਾ ਹੈ।

□ ਹਮੇਸ਼ਾ ਤੁਹਾਡੇ ਉੱਤੇ ਦੋਸ਼ ਲਾਉਂਦਾ ਹੈ ਅਤੇ ਤੁਹਾਨੂੰ ਬੇਵਕੂਫ਼ ਜਾਂ ਨਿਕੰਮੀ ਮਹਿਸੂਸ ਕਰਾਉਂਦਾ ਹੈ।

□ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ।

□ ਇਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਹਰ ਵਕਤ ਕਿੱਥੇ ਹੋ।

□ ਬਿਨਾਂ ਕਾਰਨ ਤੁਹਾਡੇ ’ਤੇ ਦੂਸਰਿਆਂ ਨਾਲ ਅੱਖ-ਮਟੱਕਾ ਕਰਨ ਦਾ ਇਲਜ਼ਾਮ ਲਾਉਂਦਾ ਹੈ।

ਧਮਕੀਆਂ ਦਿੰਦਾ ਰਹਿੰਦਾ ਹੈ।

[ਸਫ਼ਾ 30 ਉੱਤੇ ਤਸਵੀਰ]

ਤੁਹਾਡੇ ਦੋਹਾਂ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਨਾ ਉੱਨਾ ਹੀ ਖ਼ਤਰਨਾਕ ਹੋ ਸਕਦਾ ਹੈ ਜਿੰਨਾ ਆਪਣੀ ਗੱਡੀ ਦੇ ਡੈਸ਼ਬੋਰਡ ਉੱਤੇ ਜਗਦੀ ਬੱਤੀ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੈ

ਤੇਲ ਚੈੱਕ ਕਰੋ