Skip to content

Skip to table of contents

ਜਦ ਪੰਛੀ ਇਮਾਰਤਾਂ ਵਿਚ ਜਾ ਵੱਜਦੇ ਹਨ

ਜਦ ਪੰਛੀ ਇਮਾਰਤਾਂ ਵਿਚ ਜਾ ਵੱਜਦੇ ਹਨ

ਜਦ ਪੰਛੀ ਇਮਾਰਤਾਂ ਵਿਚ ਜਾ ਵੱਜਦੇ ਹਨ

ਭਾਵੇਂ ਦਿਨ ਹੀ ਸੀ, ਪਰ ਚੱਕੀਹਾਰਾ ਇਕ ਬਹੁਤ ਉੱਚੀ ਇਮਾਰਤ ਵਿਚ ਜਾ ਵੱਜਿਆ ਅਤੇ ਤੇਜ਼ੀ ਨਾਲ ਜ਼ਮੀਨ ਉੱਤੇ ਜਾ ਡਿੱਗਿਆ। ਪੰਛੀ ਨੇ ਸ਼ੀਸ਼ਾ ਦੇਖਿਆ ਹੀ ਨਹੀਂ। ਕਿਸੇ ਨੇ ਬੇਚਾਰੇ ਪੰਛੀ ਨੂੰ ਲੱਭਿਆ ਅਤੇ ਇਹ ਦੇਖਣ ਲਈ ਖੜ੍ਹਾ ਹੋਇਆ ਕਿ ਉਹ ਠੀਕ ਹੋਵੇਗਾ ਕਿ ਨਹੀਂ। ਥੋੜ੍ਹੀ ਦੇਰ ਬਾਅਦ ਪੰਛੀ ਨੇ ਚੀਂ-ਚੀਂ ਕੀਤੀ, ਖੜ੍ਹਾ ਹੋਇਆ, ਆਪਣੇ ਖੰਭ ਫੈਲਾਏ ਅਤੇ ਉੱਡ ਗਿਆ। *

ਅਫ਼ਸੋਸ ਦੀ ਗੱਲ ਹੈ ਕਿ ਸਾਰੇ ਪੰਛੀ ਇਨ੍ਹਾਂ ਟੱਕਰਾਂ ਤੋਂ ਨਹੀਂ ਬਚਦੇ। ਜਿਹੜੇ ਘਰਾਂ ਵਿਚ ਜਾ ਕੇ ਵੱਜਦੇ ਹਨ, ਉਨ੍ਹਾਂ ਵਿੱਚੋਂ ਸਿਰਫ਼ ਅੱਧੇ ਕੁ ਬਚਦੇ ਹਨ। ਰੀਸਰਚ ਤੋਂ ਪਤਾ ਲੱਗਦਾ ਹੈ ਕਿ ਕੇਵਲ ਅਮਰੀਕਾ ਵਿਚ ਹੀ 10 ਕਰੋੜ ਤੋਂ ਜ਼ਿਆਦਾ ਪੰਛੀ ਹਰ ਸਾਲ ਮਰਦੇ ਹਨ ਜਦ ਉਹ ਕਈ ਤਰ੍ਹਾਂ ਦੀਆਂ ਇਮਾਰਤਾਂ ਨਾਲ ਟਕਰਾਉਂਦੇ ਹਨ। ਕਈ ਖੋਜਕਾਰ ਕਹਿੰਦੇ ਹਨ ਕਿ ਇਹ ਗਿਣਤੀ ਇਕ ਅਰਬ ਦੇ ਨੇੜੇ ਹੈ। ਪਰ ਪੰਛੀ ਇਮਾਰਤਾਂ ਵਿਚ ਕਿਉਂ ਵੱਜਦੇ ਹਨ? ਕੀ ਉਨ੍ਹਾਂ ਨੂੰ ਖ਼ਤਰੇ ਤੋਂ ਬਚਾਉਣ ਲਈ ਕੁਝ ਕੀਤਾ ਜਾ ਸਕਦਾ ਹੈ?

ਸ਼ੀਸ਼ੇ ਅਤੇ ਰੌਸ਼ਨੀ ਪੰਛੀਆਂ ਨੂੰ ਮਾਰਦੇ ਹਨ

ਕੱਚ ਪੰਛੀਆਂ ਲਈ ਬਹੁਤ ਖ਼ਤਰਨਾਕ ਹੈ। ਜਦ ਸ਼ੀਸ਼ੇ ਸਾਫ਼ ਹੁੰਦੇ ਹਨ, ਤਾਂ ਪੰਛੀ ਉਹੀ ਦੇਖਦੇ ਹਨ ਜੋ ਸ਼ੀਸ਼ੇ ਦੇ ਦੂਜੇ ਪਾਸੇ ਹੈ। ਉਨ੍ਹਾਂ ਨੂੰ ਕਈ ਵਾਰ ਹਰਿਆਲੀ ਅਤੇ ਆਸਮਾਨ ਹੀ ਦਿੱਸਦਾ ਹੈ। ਨਤੀਜੇ ਵਜੋਂ ਕਈ ਪੰਛੀ ਪੂਰੀ ਰਫ਼ਤਾਰ ਨਾਲ ਸ਼ੀਸ਼ੇ ਵਿਚ ਵੱਜਦੇ ਹਨ। ਪੰਛੀ ਸ਼ਾਇਦ ਡਿਓੜ੍ਹੀ ਜਾਂ ਘਰ ਵਿਚ ਸਜਾਵਟ ਲਈ ਰੱਖੇ ਪੌਦੇ ਦੇਖਣ ਅਤੇ ਉਨ੍ਹਾਂ ਉੱਤੇ ਟਿਕਣਾ ਚਾਹੁਣ।

ਅਕਸੀ ਸ਼ੀਸ਼ੇ ਵੀ ਪੰਛੀਆਂ ਲਈ ਮੁਸ਼ਕਲ ਪੈਦਾ ਕਰ ਸਕਦੇ ਹਨ। ਪੰਛੀ ਸ਼ਾਇਦ ਕੱਚ ਨਹੀਂ, ਪਰ ਸ਼ੀਸ਼ੇ ਵਿਚ ਆਸਮਾਨ ਅਤੇ ਆਲੇ-ਦੁਆਲੇ ਦੀ ਹਰਿਆਲੀ ਦੇਖਣ ਜਿਸ ਕਰਕੇ ਉਹ ਸ਼ੀਸ਼ੇ ਵਿਚ ਵੱਜ ਕੇ ਜ਼ਖ਼ਮੀ ਹੋ ਜਾਣ। ਕਈ ਪੰਛੀ ਉਨ੍ਹਾਂ ਥਾਵਾਂ ਤੇ ਵੀ ਮਰ ਜਾਂਦੇ ਹਨ ਜਿੱਥੇ ਉਨ੍ਹਾਂ ਦੀ ਰਖਵਾਲੀ ਕੀਤੀ ਜਾਣੀ ਚਾਹੀਦੀ ਹੈ। ਉਹ ਕਿਸ ਤਰ੍ਹਾਂ? ਇਨ੍ਹਾਂ ਥਾਵਾਂ ਵਿਚ ਵੀ ਉੱਚੀਆਂ ਇਮਾਰਤਾਂ ਹੋ ਸਕਦੀਆਂ ਹਨ ਜਿੱਥੇ ਲੋਕ ਚੜ੍ਹ ਕੇ ਪੰਛੀਆਂ ਨੂੰ ਦੇਖਣ ਆਉਂਦੇ ਹਨ। ਕਈ ਵਾਰ ਪੰਛੀ ਇਨ੍ਹਾਂ ਇਮਾਰਤਾਂ ਵਿਚ ਜਾ ਵੱਜਦੇ ਹਨ! ਡਾਕਟਰ ਡੈਨੀਆਲ ਕਲੈਮ ਇਕ ਪੰਛੀ-ਵਿਗਿਆਨੀ ਅਤੇ ਜੀਵ-ਵਿਗਿਆਨ ਦਾ ਪ੍ਰੋਫ਼ੈਸਰ ਹੈ। ਉਹ ਮੰਨਦਾ ਹੈ ਕਿ ਪੰਛੀਆਂ ਦੇ ਮਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨਸਾਨ ਪੰਛੀਆਂ ਦੇ ਘਰਾਂ ਨੂੰ ਤਬਾਹ ਕਰ ਰਹੇ ਹਨ। ਦੂਜਾ ਕਾਰਨ ਇਹ ਹੈ ਕਿ ਇਨਸਾਨ ਸ਼ੀਸ਼ਿਆਂ ਵਾਲੀਆਂ ਉੱਚੀਆਂ ਇਮਾਰਤਾਂ ਬਣਾਉਂਦੇ ਹਨ ਜਿਨ੍ਹਾਂ ਵਿਚ ਪੰਛੀ ਜਾ ਵੱਜ ਕੇ ਮਰਦੇ ਹਨ।

ਕਈ ਪੰਛੀਆਂ ਦਾ ਹਾਦਸਾ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਮਿਸਾਲ ਲਈ, ਗਾਉਣ ਵਾਲੇ ਪਰਵਾਸੀ ਪੰਛੀ ਆਮ ਕਰਕੇ ਰਾਤ ਨੂੰ ਤਾਰਿਆਂ ਵੱਲ ਦੇਖ ਕੇ ਆਪਣੀ ਮੰਜ਼ਲ ਵੱਲ ਉੱਡਦੇ ਹਨ। ਹੋ ਸਕਦਾ ਹੈ ਕਿ ਵੱਡੀਆਂ ਇਮਾਰਤਾਂ ਦੀਆਂ ਬੱਤੀਆਂ ਦੇਖ ਕੇ ਉਨ੍ਹਾਂ ਨੂੰ ਤਾਰਿਆਂ ਦਾ ਭੁਲੇਖਾ ਪੈ ਜਾਵੇ। ਕਈ ਪੰਛੀ ਇੰਨੀ ਉਲਝਣ ਵਿਚ ਪੈ ਜਾਂਦੇ ਹਨ ਕਿ ਉਹ ਘੁੰਮਦੇ-ਘੁੰਮਦੇ ਥੱਕ ਕੇ ਡਿੱਗ ਪੈਂਦੇ ਹਨ। ਇਕ ਹੋਰ ਖ਼ਤਰਾ ਉਦੋਂ ਪੈਦਾ ਹੁੰਦਾ ਹੈ ਜਦ ਰਾਤ ਨੂੰ ਮੀਂਹ ਪੈਂਦਾ ਹੈ ਜਾਂ ਬਹੁਤ ਬੱਦਲ ਹੁੰਦੇ ਹਨ। ਇਸ ਸਮੇਂ ਪੰਛੀ ਘੱਟ ਉਚਾਈ ਤੇ ਉੱਡਦੇ ਹਨ ਜਿਸ ਕਾਰਨ ਉੱਚੀਆਂ ਇਮਾਰਤਾਂ ਵਿਚ ਵੱਜਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

ਪੰਛੀਆਂ ਦੀ ਆਬਾਦੀ ’ਤੇ ਅਸਰ

ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਇਲੀਨਾਇ ਦੇ ਸ਼ਿਕਾਗੋ ਸ਼ਹਿਰ ਵਿਚ ਸਿਰਫ਼ ਇਕ ਸਾਲ ਦੌਰਾਨ ਇੱਕੋ ਉੱਚੀ ਇਮਾਰਤ ਕਾਰਨ ਔਸਤ 1,480 ਪੰਛੀ ਪਰਵਾਸ ਕਰਨ ਦੇ ਸਮੇਂ ਮਰੇ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 14 ਸਾਲਾਂ ਦੌਰਾਨ ਇਸੇ ਇਮਾਰਤ ਨਾਲ ਟਕਰਾਉਣ ਕਰਕੇ ਤਕਰੀਬਨ 20,700 ਪੰਛੀ ਮਰੇ ਹਨ। ਪਰ ਇਮਾਰਤ ਵਿਚ ਵੱਜਣ ਵਾਲੇ ਪੰਛੀਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਟੋਰੌਂਟੋ, ਕੈਨੇਡਾ ਵਿਚ ਪੰਛੀਆਂ ਦੀ ਰਖਵਾਲੀ ਕਰਨ ਵਾਲੀ ਇਕ ਸੰਸਥਾ ਦੇ ਡਾਇਰੈਕਟਰ ਨੇ ਕਿਹਾ: “ਇਹ ਕਬੂਤਰ, ਜਲਮੁਰਗੀ ਜਾਂ ਮੱਘ ਨਹੀਂ ਹਨ, ਪਰ ਉਹ ਪੰਛੀ ਹਨ ਜਿਨ੍ਹਾਂ ਦੀ ਆਬਾਦੀ ਖ਼ਤਰੇ ਵਿਚ ਹੈ।”

ਮਿਸਾਲ ਲਈ, ਆਸਟ੍ਰੇਲੀਆ ਵਿਚ ਇਕ ਸਾਲ ਦੌਰਾਨ ਸ਼ੀਸ਼ੇ ਵਿਚ ਵੱਜਣ ਕਰਕੇ ਇਕ ਕਿਸਮ ਦੇ 30 ਤੋਤੇ ਮਰੇ ਜਿਨ੍ਹਾਂ ਦੀ ਗਿਣਤੀ ਹੁਣ ਸਿਰਫ਼ 2,000 ਹੈ। ਅਮਰੀਕਾ ਵਿਚ ਬੈਕਮਨਸ ਵੋਬਲਰ ਨਾਂ ਦੇ ਛੋਟੇ ਗਾਇਕ ਪੰਛੀ ਦੇ ਨਮੂਨੇ ਮਿਊਜ਼ੀਅਮਾਂ ਵਿਚ ਦੇਖਣ ਨੂੰ ਮਿਲਦੇ ਹਨ। ਇਹ ਪੰਛੀ ਫ਼ਲੋਰਿਡਾ ਦੇ ਇਕ ਚਾਨਣ-ਮੁਨਾਰੇ ਨਾਲ ਟਕਰਾ ਕੇ ਮਰ ਗਏ ਸਨ ਅਤੇ ਇਨ੍ਹਾਂ ਨੂੰ ਉੱਥੋਂ ਚੁੱਕਿਆ ਗਿਆ ਸੀ। ਹੋ ਸਕਦਾ ਹੈ ਕਿ ਇਹ ਪੰਛੀ ਹੁਣ ਹੋਂਦ ਵਿਚ ਨਹੀਂ ਹਨ।

ਜਿਹੜੇ ਪੰਛੀ ਮਰਦੇ ਨਹੀਂ ਉਨ੍ਹਾਂ ਵਿੱਚੋਂ ਕਈ ਜ਼ਖ਼ਮੀ ਜਾਂ ਕਮਜ਼ੋਰ ਹੋ ਜਾਂਦੇ ਹਨ। ਇਹ ਖ਼ਾਸ ਕਰਕੇ ਪਰਵਾਸੀ ਪੰਛੀਆਂ ਲਈ ਇਕ ਖ਼ਤਰਾ ਹੈ। ਜੇ ਉਹ ਜ਼ਖ਼ਮੀ ਹੋਣ ਅਤੇ ਸ਼ਹਿਰ ਵਿਚ ਡਿੱਗ ਜਾਣ, ਤਾਂ ਉਹ ਭੁੱਖ ਜਾਂ ਹੋਰਨਾਂ ਜਾਨਵਰਾਂ ਦੇ ਸ਼ਿਕਾਰ ਬਣ ਸਕਦੇ ਹਨ। ਕਈਆਂ ਜਾਨਵਰਾਂ ਨੇ ਇਨ੍ਹਾਂ ਪੰਛੀਆਂ ਦਾ ਫ਼ਾਇਦਾ ਉਠਾਉਣਾ ਸਿੱਖ ਲਿਆ ਹੈ।

ਇਮਾਰਤਾਂ ਬਾਰੇ ਕੀ ਕੁਝ ਕੀਤਾ ਜਾ ਸਕਦਾ ਹੈ?

ਜੇ ਪੰਛੀਆਂ ਨੇ ਸ਼ੀਸ਼ਿਆਂ ਵਿਚ ਵੱਜਣ ਤੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਇਹ ਪਛਾਣਨ ਦੀ ਲੋੜ ਹੈ ਕਿ ਉੱਥੇ ਸ਼ੀਸ਼ਾ ਹੈ, ਖੁੱਲ੍ਹੀ ਜਗ੍ਹਾ ਨਹੀਂ। ਪੰਛੀਆਂ ਦੀ ਮਦਦ ਕਰਨ ਲਈ ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਖਿੜਕੀਆਂ ਉੱਤੇ ਤਸਵੀਰਾਂ, ਲੇਬਲ ਜਾਂ ਹੋਰ ਕੋਈ ਚੀਜ਼ ਲਾਈ ਹੈ ਜੋ ਦੂਰੋਂ ਦਿੱਸ ਪੈਂਦੀ ਹੈ। ਪ੍ਰੋਫ਼ੈਸਰ ਕਲੈਮ ਦਾ ਕਹਿਣਾ ਹੈ ਕਿ ਤਸਵੀਰਾਂ ਅਤੇ ਲੇਬਲ ਸਭ ਤੋਂ ਜ਼ਰੂਰੀ ਨਹੀਂ, ਪਰ ਇਹ ਕਿ ਉਹ ਕਿੱਥੇ ਲਾਏ ਜਾਂਦੇ ਹਨ। ਉਹ ਕਹਿੰਦਾ ਹੈ ਕਿ ਇਹ ਲੰਮੇ ਦਾਅ ਦੋ-ਦੋ ਇੰਚ ਦੀ ਦੂਰੀ ਤੇ ਅਤੇ ਖੜ੍ਹੇ ਦਾਅ ਚਾਰ-ਚਾਰ ਇੰਚ ਦੀ ਦੂਰੀ ਤੇ ਲਾਏ ਜਾਣੇ ਚਾਹੀਦੇ ਹਨ।

ਰਾਤ ਨੂੰ ਉੱਡਣ ਵਾਲੇ ਪਰਵਾਸੀ ਪੰਛੀਆਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਇਕ ਵਾਤਾਵਰਣ ਸੰਬੰਧੀ ਸਲਾਹਕਾਰ ਨੇ ਕਿਹਾ ਕਿ ਪੰਛੀਆਂ ਨੂੰ “ਰਾਤ ਨੂੰ ਇਮਾਰਤਾਂ ਵਿਚ ਵੱਜਣ ਦੇ ਖ਼ਤਰੇ ਤੋਂ ਬਚਾਉਣ ਲਈ ਬੱਤੀਆਂ ਬੰਦ ਕੀਤੀਆਂ ਜਾ ਸਕਦੀਆਂ ਹਨ।” ਕਈ ਸ਼ਹਿਰਾਂ ਵਿਚ ਉੱਚੀਆਂ ਇਮਾਰਤਾਂ ’ਤੇ ਸਜਾਵਟ ਲਈ ਲਾਈਆਂ ਬੱਤੀਆਂ ਰਾਤ ਨੂੰ ਬੰਦ ਜਾ ਘੱਟ ਕੀਤੀਆਂ ਜਾ ਰਹੀਆਂ ਹਨ, ਖ਼ਾਸ ਕਰਕੇ ਪੰਛੀਆਂ ਦੇ ਪਰਵਾਸ ਕਰਨ ਸਮੇਂ। ਕਈ ਵਾਰ ਉੱਚੀਆਂ ਇਮਾਰਤਾਂ ਦਿਆਂ ਅਕਸੀ ਸ਼ੀਸ਼ਿਆਂ ’ਤੇ ਜਾਲੀ ਲਾਈ ਜਾਂਦੀ ਹੈ ਤਾਂਕਿ ਪੰਛੀਆਂ ਨੂੰ ਆਸਮਾਨ ਦਾ ਭੁਲੇਖਾ ਨਾ ਪਵੇ।

ਅਜਿਹੇ ਕਦਮ ਚੁੱਕਣ ਨਾਲ ਸ਼ਾਇਦ 80 ਫੀ ਸਦੀ ਪੰਛੀਆਂ ਨੂੰ ਬਚਾਇਆ ਜਾ ਸਕੇ ਜਿਸ ਦਾ ਮਤਲਬ ਹੈ ਕਿ ਹਰ ਸਾਲ ਲੱਖਾਂ ਹੀ ਪੰਛੀ ਬਚ ਸਕਦੇ ਹਨ। ਪਰ ਇਸ ਮੁਸ਼ਕਲ ਦਾ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਰੌਸ਼ਨੀ ਅਤੇ ਸ਼ੀਸ਼ੇ ਪਸੰਦ ਕਰਦੇ ਹਨ। ਪੰਛੀਆਂ ਦੀ ਦੇਖ-ਭਾਲ ਕਰਨ ਵਾਲੀਆਂ ਕਈ ਸੰਸਥਾਵਾਂ ਇਮਾਰਤਾਂ ਡੀਜ਼ਾਈਨ ਅਤੇ ਬਣਾਉਣ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਕੁਦਰਤ ਵੱਲ ਵੀ ਧਿਆਨ ਦੇਣ। (g09 02)

[ਫੁਟਨੋਟ]

^ ਪੈਰਾ 2 ਜ਼ਖ਼ਮੀ ਪੰਛੀਆਂ ਨੂੰ ਹੱਥ ਲਾਉਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਤੋਂ ਇਲਾਵਾ ਕਈ ਪੰਛੀ ਬੀਮਾਰੀ ਦੇ ਘਰ ਹੁੰਦੇ ਹਨ ਅਤੇ ਇਹ ਬੀਮਾਰੀਆਂ ਇਨਸਾਨਾਂ ਨੂੰ ਵੀ ਲੱਗ ਸਕਦੀਆਂ ਹਨ। ਜੇ ਤੁਸੀਂ ਇਕ ਜ਼ਖ਼ਮੀ ਪੰਛੀ ਦੀ ਮਦਦ ਕਰਨੀ ਚਾਹੁੰਦੇ ਹੋ, ਤਾਂ ਪਹਿਲਾਂ ਦਸਤਾਨੇ ਪਾਓ ਅਤੇ ਬਾਅਦ ਵਿਚ ਆਪਣੇ ਹੱਥ ਧੋਵੋ। ਜੇ ਤੁਹਾਨੂੰ ਆਪਣੀ ਸਿਹਤ ਜਾਂ ਸੁਰੱਖਿਆ ਦਾ ਫ਼ਿਕਰ ਹੈ, ਤਾਂ ਉਨ੍ਹਾਂ ਦੇ ਨਜ਼ਦੀਕ ਨਾ ਜਾਓ। ਜੇ ਜ਼ਰੂਰਤ ਪਵੇ, ਤਾਂ ਤੁਸੀਂ ਕਿਸੇ ਮਾਹਰ ਦੀ ਮਦਦ ਮੰਗ ਸਕਦੇ ਹੋ।

[ਸਫ਼ਾ 30 ਉੱਤੇ ਕੈਪਸ਼ਨ]

ਸਾਰੇ ਪੰਛੀ ਕਿੱਥੇ ਗਏ?

ਅਮਰੀਕਾ ਵਿਚ ਪੰਛੀਆਂ ਦੇ ਮਰਨ ਦਾ ਅੰਦਾਜ਼ਾ ਜਿਨ੍ਹਾਂ ਪਿੱਛੇ ਇਨਸਾਨਾਂ ਦਾ ਹੱਥ ਹੈ

◼ ਸੰਪਰਕ ਲਈ ਟਾਵਰ—4 ਕਰੋੜ

◼ ਕੀੜੇਮਾਰ ਦਵਾਈ—7 ਕਰੋੜ 40 ਲੱਖ

◼ ਬਿੱਲੀਆਂ—36 ਕਰੋੜ 50 ਲੱਖ

◼ ਸ਼ੀਸ਼ੇ—10 ਕਰੋੜ ਤੋਂ 1 ਅਰਬ

◼ ਪੰਛੀਆਂ ਦੇ ਘਰਾਂ ਦਾ ਨੁਕਸਾਨ—ਅਣਗਿਣਤ, ਪਰ ਸ਼ਾਇਦ ਮੌਤ ਦਾ ਸਭ ਤੋਂ ਵੱਡਾ ਕਾਰਨ

[ਸਫ਼ਾ 30 ਉੱਤੇ ਤਸਵੀਰ]

ਅਮਰੀਕਾ ਵਿਚ 10 ਕਰੋੜ ਤੋਂ ਜ਼ਿਆਦਾ ਪੰਛੀ ਹਰ ਸਾਲ ਮਰਦੇ ਹਨ ਜਦ ਉਹ ਸ਼ੀਸ਼ਿਆਂ ਨਾਲ ਟਕਰਾਉਂਦੇ ਹਨ

[ਕ੍ਰੈਡਿਟ ਲਾਈਨ]

© Reimar Gaertner⁄age fotostock