Skip to content

Skip to table of contents

ਰਿਸ਼ਤਾ ਟੁੱਟਣ ਤੇ ਮੈਂ ਕੀ ਕਰਾਂ?

ਰਿਸ਼ਤਾ ਟੁੱਟਣ ਤੇ ਮੈਂ ਕੀ ਕਰਾਂ?

ਨੌਜਵਾਨ ਪੁੱਛਦੇ ਹਨ

ਰਿਸ਼ਤਾ ਟੁੱਟਣ ਤੇ ਮੈਂ ਕੀ ਕਰਾਂ?

“ਅਸੀਂ ਪੰਜ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਸਾਨੂੰ ਡੇਟਿੰਗ ਕਰਦਿਆਂ ਨੂੰ ਛੇ ਮਹੀਨੇ ਹੋ ਗਏ ਸਨ। ਜਦ ਉਹ ਗੱਲ ਖ਼ਤਮ ਕਰਨੀ ਚਾਹੁੰਦਾ ਸੀ, ਤਾਂ ਉਹ ਬੱਸ ਮੈਨੂੰ ਬੁਲਾਉਣੋਂ ਹਟ ਗਿਆ। ਮੈਂ ਤਾਂ ਬਿਲਕੁਲ ਟੁੱਟ ਗਈ। ਮੈਂ ਆਪਣੇ ਆਪ ਨੂੰ ਇਹੋ ਸਵਾਲ ਵਾਰ-ਵਾਰ ਪੁੱਛਦੀ ਰਹੀ ਕਿ ‘ਮੇਰਾ ਕੀ ਕਸੂਰ ਸੀ?’”—ਰੇਚਲ। *

ਜੁਦਾਈ ਦਾ ਗਮ ਤੁਹਾਡੀ ਖ਼ੁਸ਼ੀ ਨੂੰ ਮਿਟਾ ਸਕਦਾ ਹੈ। ਜੈੱਫ਼ ਅਤੇ ਸੂਜ਼ਨ ਦੀ ਗੱਲ ਲੈ ਲਓ ਜੋ ਦੋ ਸਾਲਾਂ ਤੋਂ ਡੇਟਿੰਗ ਕਰ ਰਹੇ ਸਨ। ਉਸ ਸਮੇਂ ਦੌਰਾਨ ਉਨ੍ਹਾਂ ਦੇ ਦਿਲ ਇਕ-ਦੂਜੇ ’ਤੇ ਆ ਗਏ। ਹਰ ਰੋਜ਼ ਜੈੱਫ਼ ਸੂਜ਼ਨ ਨੂੰ ਆਪਣੇ ਮੋਬਾਇਲ ਤੋਂ ਕਈ ਮੈਸਿਜ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਸੀ। ਕਦੀ-ਕਦੀ ਉਹ ਉਸ ਨੂੰ ਤੋਹਫ਼ੇ ਲੈ ਕੇ ਦਿੰਦਾ ਸੀ। ਸੂਜ਼ਨ ਕਹਿੰਦੀ ਹੈ: “ਜੈੱਫ਼ ਹਮੇਸ਼ਾ ਮੇਰੀ ਗੱਲ ਸੁਣਦਾ ਹੁੰਦਾ ਸੀ ਅਤੇ ਮੈਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦਾ ਸੀ। ਮੈਨੂੰ ਲੱਗਾ ਕਿ ਮੈਂ ਹੀ ਉਸ ਦੇ ਸੁਪਨਿਆਂ ਦੀ ਰਾਣੀ ਹਾਂ।”

ਥੋੜ੍ਹੀ ਦੇਰ ਬਾਅਦ ਜੈੱਫ਼ ਅਤੇ ਸੂਜ਼ਨ ਵਿਆਹ ਦੀਆਂ ਗੱਲਾਂ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਉਹ ਵਿਆਹ ਤੋਂ ਬਾਅਦ ਕਿੱਥੇ ਰਹਿਣਗੇ। ਸੂਜ਼ਨ ਨੂੰ ਯਕੀਨ ਸੀ ਕਿ ਜੈੱਫ਼ ਉਸ ਦਾ ਹੱਥ ਮੰਗਣ ਵਾਲਾ ਸੀ। ਪਰ ਫਿਰ ਅਚਾਨਕ ਹੀ ਜੈੱਫ਼ ਨੇ ਰਿਸ਼ਤਾ ਤੋੜ ਦਿੱਤਾ। ਸੂਜ਼ਨ ਦਾ ਦਿਲ ਟੁੱਟ ਗਿਆ। ਭਾਵੇਂ ਉਹ ਰੋਜ਼ ਦਾ ਕੰਮ ਕਰਦੀ ਰਹੀ, ਪਰ ਝਟਕਾ ਲੱਗਣ ਕਰਕੇ ਉਹ ਗੁੰਮ-ਸੁੰਮ ਰਹਿੰਦੀ ਸੀ। ਉਹ ਦੱਸਦੀ ਹੈ: “ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਮੈਂ ਥੱਕੀ-ਥੱਕੀ ਰਹਿੰਦੀ ਸੀ।” *

ਇੰਨਾ ਦੁੱਖ ਕਿਉਂ ਹੁੰਦਾ ਹੈ?

ਜੇ ਤੁਹਾਡੇ ਨਾਲ ਵੀ ਸੂਜ਼ਨ ਵਾਂਗ ਹੋਇਆ ਹੈ, ਤਾਂ ਤੁਸੀਂ ਸ਼ਾਇਦ ਪੁੱਛੋ, ‘ਕੀ ਮੈਂ ਫਿਰ ਕਦੀ ਆਪਣਾ ਦਿਲ ਕਿਸੇ ਨੂੰ ਦੇ ਪਾਵਾਂਗੀ?’ (ਜ਼ਬੂਰਾਂ ਦੀ ਪੋਥੀ 38:6) ਇਸ ਤਰ੍ਹਾਂ ਮਹਿਸੂਸ ਕਰਨਾ ਆਮ ਹੈ। ਹੋ ਸਕਦਾ ਹੈ ਕਿ ਰਿਸ਼ਤਾ ਟੁੱਟਣ ਕਰਕੇ ਤੁਹਾਨੂੰ ਲੱਗੇ ਕਿ ਤੁਹਾਡੀ ਦੁਨੀਆਂ ਲੁੱਟ ਗਈ ਹੈ। ਕਈਆਂ ਨੇ ਕਿਹਾ ਹੈ ਕਿ ਇਹ ਮੌਤ ਦੇ ਬਰਾਬਰ ਹੈ। ਹੋ ਸਕਦਾ ਹੈ ਕਿ ਤੁਹਾਡੇ ਨਾਲ ਇਹ ਗੱਲਾਂ ਬੀਤਣ:

ਇਨਕਾਰ ਕਰਨਾ। ‘ਇਹ ਨਹੀਂ ਹੋ ਸਕਦਾ। ਉਹ ਜ਼ਰੂਰ ਆਪਣਾ ਮਨ ਬਦਲ ਲਵੇਗਾ।’

ਗੁੱਸਾ ਲੱਗਣਾ। ‘ਉਹ ਮੇਰੇ ਨਾਲ ਇੱਦਾਂ ਕਿਵੇਂ ਕਰ ਸਕਦਾ ਹੈ? ਮੈਂ ਉਸ ਨਾਲ ਨਫ਼ਰਤ ਕਰਦੀ ਹਾਂ!’

ਉਦਾਸ ਹੋਣਾ। ‘ਮੈਨੂੰ ਕੋਈ ਕਦੀ ਪਿਆਰ ਨਹੀਂ ਕਰੇਗਾ।’

ਸਵੀਕਾਰ ਕਰਨਾ। ‘ਸਭ ਕੁਝ ਠੀਕ ਹੋ ਜਾਣਾ। ਮੈਨੂੰ ਦੁੱਖ ਲੱਗਾ, ਪਰ ਮੈਂ ਠੀਕ ਹੋ ਜਾਵਾਂਗੀ।’

ਸੱਚ ਤਾਂ ਇਹ ਹੈ ਕਿ ਤੁਸੀਂ ਠੀਕ ਹੋ ਜਾਓਗੇ, ਪਰ ਸਮਾਂ ਲੱਗੇਗਾ। ਕਿੰਨਾ ਸਮਾਂ ਲੱਗੇਗਾ ਇਹ ਕਈ ਗੱਲਾਂ ਉੱਤੇ ਨਿਰਭਰ ਕਰਦਾ ਹੈ ਜਿਵੇਂ ਕਿ ਤੁਹਾਡੀ ਗੱਲ ਕਿੰਨਾ ਚਿਰ ਚੱਲਦੀ ਰਹੀ ਅਤੇ ਕਿਸ ਹੱਦ ਤਕ ਪਹੁੰਚੀ ਸੀ। ਪਰ ਹੁਣ ਤੁਸੀਂ ਆਪਣੇ ਟੁੱਟੇ ਦਿਲ ਬਾਰੇ ਕੀ ਕਰ ਸਕਦੇ ਹੋ?

ਅੱਗੇ ਵਧੋ

ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਵਕਤ ਹਰ ਜ਼ਖ਼ਮ ਨੂੰ ਭਰ ਦਿੰਦਾ ਹੈ। ਹੋ ਸਕਦਾ ਹੈ ਕਿ ਪਹਿਲਾਂ-ਪਹਿਲਾਂ ਤੁਸੀਂ ਇਸ ਗੱਲ ਦਾ ਯਕੀਨ ਨਾ ਕਰੋ। ਫ਼ਰਜ਼ ਕਰੋ ਕਿ ਤੁਹਾਡੇ ਸਿਰ ’ਤੇ ਸੱਟ ਲੱਗੀ ਹੈ। ਵਕਤ ਇਸ ਜ਼ਖ਼ਮ ਨੂੰ ਭਰ ਦੇਵੇਗਾ, ਪਰ ਹੁਣ ਤਾਂ ਦੁੱਖ ਲੱਗੇਗਾ। ਤੁਹਾਨੂੰ ਲਹੂ ਨੂੰ ਰੋਕਣ ਅਤੇ ਮਲ੍ਹਮ ਲਾਉਣ ਦੀ ਜ਼ਰੂਰਤ ਹੈ ਅਤੇ ਜ਼ਖ਼ਮ ਨੂੰ ਸਾਫ਼ ਰੱਖਣ ਦੀ ਵੀ ਲੋੜ ਹੈ। ਇਹ ਦਿਲ ਦੇ ਜ਼ਖ਼ਮਾਂ ਬਾਰੇ ਵੀ ਸੱਚ ਹੈ। ਹੁਣ ਤਾਂ ਦੁੱਖ ਲੱਗਦਾ ਹੈ, ਪਰ ਤੁਸੀਂ ਦਿਲ ਹੌਲਾ ਕਰਨ ਲਈ ਕੁਝ ਕਰ ਸਕਦੇ ਹੋ। ਵਕਤ ਆਪਣਾ ਕੰਮ ਕਰੇਗਾ, ਪਰ ਤੁਸੀਂ ਕੀ ਕਰ ਸਕਦੇ ਹੋ? ਇਸ ਤਰ੍ਹਾਂ ਕਰ ਕੇ ਦੇਖੋ:

ਆਪਣੇ ਆਪ ਨੂੰ ਸੋਗ ਕਰਨ ਦਿਓ। ਰੋਣ ਵਿਚ ਕੋਈ ਹਰਜ਼ ਨਹੀਂ। ਬਾਈਬਲ ਕਹਿੰਦੀ ਹੈ: “ਇੱਕ ਰੋਣ ਦਾ ਵੇਲਾ ਹੈ” ਅਤੇ “ਇੱਕ ਸੋਗ ਕਰਨ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 4) ਰੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਮਜ਼ੋਰ ਹੋ। ਦਾਊਦ, ਜੋ ਇਕ ਬਹਾਦਰ ਸਿਪਾਹੀ ਸੀ, ਨੇ ਇਕ ਦੁੱਖ ਭਰੇ ਸਮੇਂ ਦੌਰਾਨ ਕਿਹਾ: “ਹਰ ਰਾਤ ਮੇਰਾ ਵਿਛੋਣਾ ਹੰਝੂਆਂ ਨਾਲ ਭਰਿਆ ਹੁੰਦਾ ਹੈ, ਮੇਰਾ ਮੰਜਾ ਇਹਨਾਂ ਦੇ ਵਿਚ ਡੁਬ ਜਾਂਦਾ ਹੈ।”—ਭਜਨ 6:6, CL.

ਆਪਣੀ ਸਹਿਤ ਦਾ ਖ਼ਿਆਲ ਰੱਖੋ। ਕਸਰਤ ਕਰਨ ਅਤੇ ਚੰਗੀ ਖ਼ੁਰਾਕ ਲੈਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ ਅਤੇ ਤੁਹਾਡੀ ਤਾਕਤ ਵਧੇਗੀ। ਬਾਈਬਲ ਕਹਿੰਦੀ ਹੈ ਕਿ “ਸਰੀਰਕ ਸਾਧਨਾ ਤੋਂ ਲਾਭ” ਹੈ।—1 ਤਿਮੋਥਿਉਸ 4:8.

ਆਪਣੀ ਸਹਿਤ ਦੇ ਸੰਬੰਧ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

․․․․․

ਰੁੱਝੇ ਰਹੋ। ਉਹ ਕੰਮ ਕਰਦੇ ਰਹੋ ਜੋ ਤੁਹਾਨੂੰ ਪਸੰਦ ਹਨ। ਭਾਵੇਂ ਤੁਹਾਡਾ ਦਿਲ ਕੁਝ ਹੋਰ ਕਹੇ, ਪਰ ਆਪਣੇ ਆਪ ਨੂੰ ਦੂਜਿਆਂ ਤੋਂ ਅੱਡ ਨਾ ਕਰੋ। (ਕਹਾਉਤਾਂ 18:1) ਜੇ ਤੁਸੀਂ ਉਨ੍ਹਾਂ ਨਾਲ ਮਿਲੋ-ਗਿਲੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਹਾਡਾ ਮਨ ਹੋਰ ਪਾਸੇ ਲੱਗੇਗਾ।

ਰੁੱਝੇ ਰਹਿਣ ਲਈ ਤੁਸੀਂ ਕੀ ਕੁਝ ਕਰ ਸਕਦੇ ਹੋ?

․․․․․

ਆਪਣੇ ਦੁੱਖਾਂ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਇਹ ਸ਼ਾਇਦ ਤੁਹਾਡੇ ਲਈ ਮੁਸ਼ਕਲ ਹੋਵੇ। ਜੁਦਾਈ ਤੋਂ ਬਾਅਦ ਕੋਈ ਸ਼ਾਇਦ ਰੱਬ ਨੂੰ ਦੋਸ਼ ਦੇਵੇ। ਹੋ ਸਕਦਾ ਹੈ ਕਿ ਉਹ ਕਹੇ: ‘ਮੈਂ ਇੰਨੀ ਪ੍ਰਾਰਥਨਾ ਕੀਤੀ ਕਿ ਮੈਨੂੰ ਕੋਈ ਮਿਲ ਜਾਵੇ, ਪਰ ਦੇਖੋ ਕੀ ਹੋ ਗਿਆ!’ (ਜ਼ਬੂਰਾਂ ਦੀ ਪੋਥੀ 10:1) ਪਰ ਕੀ ਰੱਬ ਜੋੜੀਆਂ ਬਣਾਉਣ ਵਾਲਾ ਹੈ? ਨਹੀਂ, ਨਾ ਹੀ ਉਸ ਦਾ ਕੋਈ ਕਸੂਰ ਹੈ ਜਦ ਕੋਈ ਕਿਸੇ ਨਾਲੋਂ ਰਿਸ਼ਤਾ ਤੋੜ ਦਿੰਦਾ ਹੈ। ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਯਹੋਵਾਹ ਪਰਮੇਸ਼ੁਰ ਨੂੰ “ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਸ ਲਈ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕਰੋ। ਬਾਈਬਲ ਸਲਾਹ ਦਿੰਦੀ ਹੈ ਕਿ “ਤੁਹਾਡੀਆਂ ਅਰਦਾਸਾਂ . . . ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

ਦਿਲ ਦੀ ਪੀੜ ਮਹਿਸੂਸ ਕਰਦੇ ਹੋਏ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਕਰ ਸਕਦੇ ਹੋ?

․․․․․

ਅੱਗੇ ਦੇਖੋ

ਕੁਝ ਸਮੇਂ ਤੋਂ ਬਾਅਦ ਚੰਗਾ ਹੋਵੇਗਾ ਜੇ ਤੁਸੀਂ ਇਸ ਬਾਰੇ ਸੋਚੋ ਕਿ ਤੁਹਾਡਾ ਰਿਸ਼ਤਾ ਕਿਉਂ ਟੁੱਟਿਆ ਸੀ। ਜਦ ਤੁਸੀਂ ਇਸ ਤਰ੍ਹਾਂ ਕਰਨ ਲਈ ਤਿਆਰ ਹੋਵੋਗੇ, ਤਾਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇਣ ਨਾਲ ਤੁਹਾਡੀ ਮਦਦ ਹੋਵੇਗੀ।

ਕੀ ਰਿਸ਼ਤਾ ਤੋੜਨ ਦਾ ਤੁਹਾਨੂੰ ਕੋਈ ਕਾਰਨ ਦੱਸਿਆ ਗਿਆ ਸੀ? ਜੇ ਹਾਂ, ਤਾਂ ਇਹ ਕਾਰਨ ਹੇਠਾਂ ਲਿਖੋ ਭਾਵੇਂ ਤੁਹਾਨੂੰ ਲੱਗੇ ਕਿ ਇਹ ਸਹੀ ਸੀ ਕਿ ਨਹੀਂ।

․․․․․

▪ ਤੁਹਾਡੇ ਖ਼ਿਆਲ ਵਿਚ ਰਿਸ਼ਤਾ ਟੁੱਟਣ ਦੇ ਹੋਰ ਕਿਹੜੇ ਕਾਰਨ ਸਨ?

․․․․․

▪ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਕੁਝ ਕਰ ਸਕਦੇ ਸਨ ਜਿਸ ਕਾਰਨ ਰਿਸ਼ਤਾ ਨਾ ਟੁੱਟਦਾ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਸਨ?

․․․․․

▪ ਇਸ ਤਜਰਬੇ ਤੋਂ ਕੀ ਤੁਸੀਂ ਦੇਖਿਆ ਹੈ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਕਿਵੇਂ ਹੋ ਸਕਦਾ ਹੈ ਅਤੇ ਤੁਹਾਨੂੰ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਹੈ?

․․․․․

▪ ਕੀ ਤੁਸੀਂ ਅਜਿਹਾ ਕੁਝ ਕੀਤਾ ਸੀ ਜੋ ਤੁਸੀਂ ਅਗਲੀ ਵਾਰ ਨਹੀਂ ਕਰੋਗੇ?

․․․․․

ਤੂਫ਼ਾਨ ਵਿਚ ਕਾਲੇ ਬੱਦਲਾਂ ਅਤੇ ਵਰ੍ਹਦੇ ਮੀਂਹ ਵੱਲ ਧਿਆਨ ਦੇਣਾ ਸੌਖਾ ਹੁੰਦਾ ਹੈ, ਪਰ ਅਖ਼ੀਰ ਵਿਚ ਮੀਂਹ ਹਟ ਜਾਂਦਾ ਹੈ ਅਤੇ ਧੁੱਪ ਨਿਕਲ ਆਉਂਦੀ ਹੈ। ਭਾਵੇਂ ਤੁਹਾਡੀ ਗੱਲ ਨਹੀਂ ਬਣੀ ਅਤੇ ਤੁਸੀਂ ਉਦਾਸ ਹੋ, ਪਰ ਇਸ ਤਰ੍ਹਾਂ ਹਮੇਸ਼ਾ ਨਹੀਂ ਰਹੇਗਾ। ਇਸ ਲੇਖ ਵਿਚ ਜਿਨ੍ਹਾਂ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਨੂੰ ਅਖ਼ੀਰ ਵਿਚ ਫਿਰ ਤੋਂ ਖ਼ੁਸ਼ੀ ਮਿਲੀ। ਯਕੀਨ ਕਰੋ ਕਿ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ! (g09 04)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

^ ਪੈਰਾ 5 ਭਾਵੇਂ ਇਸ ਲੇਖ ਵਿਚ ਕੁੜੀਆਂ ਦੇ ਤਜਰਬੇ ਦਿੱਤੇ ਗਏ ਹਨ, ਪਰ ਇਹ ਗੱਲਾਂ ਮੁੰਡਿਆਂ ’ਤੇ ਵੀ ਲਾਗੂ ਹੁੰਦੀਆਂ ਹਨ।

ਇਸ ਬਾਰੇ ਸੋਚੋ

◼ ਤੁਸੀਂ ਆਪਣੇ ਬਾਰੇ ਕੀ ਸਿੱਖਿਆ ਹੈ?

◼ ਤੁਸੀਂ ਹੋਰਨਾਂ ਬਾਰੇ ਕੀ ਸਿੱਖਿਆ ਹੈ?

◼ ਜੇ ਤੁਸੀਂ ਬਹੁਤ ਉਦਾਸ ਹੋ, ਤਾਂ ਤੁਸੀਂ ਕਿਸ ਦੇ ਨਾਲ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ?

[ਸਫ਼ਾ 24 ਉੱਤੇ ਡੱਬੀ]

ਸੁਝਾਅ

ਸੂਜ਼ਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਬਾਈਬਲ ਦੇ ਕੁਝ ਹਵਾਲਿਆਂ ਦੀ ਲਿਸਟ ਬਣਾਈ ਤਾਂਕਿ ਉਹ ਉਨ੍ਹਾਂ ਨੂੰ ਉਦੋਂ ਪੜ੍ਹ ਸਕੇ ਜਦ ਉਹ ਦਿਲ ਹਾਰਨ ਵਾਲੀ ਸੀ। ਸ਼ਾਇਦ ਤੁਸੀਂ ਵੀ ਇਸ ਲੇਖ ਵਿਚ ਦਿੱਤੇ ਗਏ ਹਵਾਲਿਆਂ ਨਾਲ ਇਸ ਤਰ੍ਹਾਂ ਕਰ ਸਕਦੇ ਹੋ।

[ਸਫ਼ਾ 24 ਉੱਤੇ ਤਸਵੀਰ]

ਜੁਦਾਈ ਸੱਟ ਲੱਗਣ ਦੇ ਬਰਾਬਰ ਹੈ। ਹੁਣ ਤਾਂ ਦੁੱਖ ਲੱਗਦਾ ਹੈ, ਪਰ ਵਕਤ ਇਸ ਜ਼ਖ਼ਮ ਨੂੰ ਭਰ ਦੇਵੇਗਾ