Skip to content

Skip to table of contents

ਡਿਸਲੈਕਸੀਆ ਹੋਣ ਦੇ ਬਾਵਜੂਦ ਮੈਂ ਹਾਰ ਨਹੀਂ ਮੰਨੀ

ਡਿਸਲੈਕਸੀਆ ਹੋਣ ਦੇ ਬਾਵਜੂਦ ਮੈਂ ਹਾਰ ਨਹੀਂ ਮੰਨੀ

ਡਿਸਲੈਕਸੀਆ ਹੋਣ ਦੇ ਬਾਵਜੂਦ ਮੈਂ ਹਾਰ ਨਹੀਂ ਮੰਨੀ

ਮਿਕਾਏਲ ਹੇਨਬੋ ਦੀ ਜ਼ਬਾਨੀ

ਡਿਸਲੈਕਸੀਆ ਤੋਂ ਪੀੜਿਤ ਹੋਣ ਕਰਕੇ ਮੈਨੂੰ ਪੜ੍ਹਾਈ-ਲਿਖਾਈ ਵਿਚ ਮੁਸ਼ਕਲ ਆਉਂਦੀ ਹੈ। ਮੇਰੇ ਮਾਂ-ਬਾਪ ਅਤੇ ਤਿੰਨ ਛੋਟੇ ਭਰਾ ਵੀ ਡਿਸਲੈਕਸੀਆ ਦੇ ਸ਼ਿਕਾਰ ਹਨ। ਡਿਸਲੈਕਸੀਆ ਹੋਣ ਕਰਕੇ ਮੇਰੇ ਲਈ ਆਪਣੀ ਮਾਂ-ਬੋਲੀ ਡੈਨਿਸ਼ ਪੜ੍ਹਨੀ ਔਖੀ ਹੈ ਅਤੇ ਸਕੂਲ ਵਿਚ ਵੀ ਮੈਨੂੰ ਬਹੁਤ ਮੁਸ਼ਕਲਾਂ ਆਈਆਂ। ਫਿਰ ਵੀ ਮੈਨੂੰ ਮੇਰੇ ਪਰਿਵਾਰ ਤੋਂ ਬਹੁਤ ਮਦਦ ਅਤੇ ਹੌਸਲਾ ਮਿਲਿਆ।

ਸਾਡਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਸੋ ਬਾਈਬਲ ਅਤੇ ਬਾਈਬਲ-ਆਧਾਰਿਤ ਕਿਤਾਬਾਂ ਪੜ੍ਹਨੀਆਂ ਸ਼ੁਰੂ ਤੋਂ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਰਿਹਾ ਹੈ। ਮੈਂ ਤੇ ਮੇਰਾ ਛੋਟਾ ਭਰਾ ਫਲੇਮਿੰਗ ਡੈਡੀ ਨਾਲ ਪ੍ਰਚਾਰ ਦੇ ਕੰਮ ਵਿਚ ਜਾਇਆ ਕਰਦੇ ਸਾਂ। ਇਸ ਕੰਮ ਵਿਚ ਹਿੱਸਾ ਲੈ ਕੇ ਸਾਨੂੰ ਪਤਾ ਲੱਗਾ ਕਿ ਪੜ੍ਹਨਾ-ਲਿਖਣਾ ਕਿੰਨਾ ਜ਼ਰੂਰੀ ਹੈ।

ਛੋਟੇ ਹੁੰਦਿਆਂ ਹੀ ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦਾ ਹਰ ਅੰਕ ਪੜ੍ਹਦਾ ਹੁੰਦਾ ਸੀ। ਕਈ ਵਾਰ ਇੱਕੋ ਹੀ ਰਸਾਲਾ ਪੜ੍ਹਨ ਲਈ ਮੈਨੂੰ 15 ਕੁ ਘੰਟੇ ਲੱਗ ਜਾਂਦੇ ਸਨ! ਮੈਂ ਪੂਰੀ ਬਾਈਬਲ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਚਲਾਇਆ ਜਾਂਦਾ ਹੈ ਅਤੇ ਮੈਂ ਵੀ ਇਸ ਸਕੂਲ ਵਿਚ ਦਾਖ਼ਲ ਹੋਇਆ। ਇਸ ਸਕੂਲ ਰਾਹੀਂ ਵਿਦਿਆਰਥੀਆਂ ਨੂੰ ਹੋਰਨਾਂ ਸਾਮ੍ਹਣੇ ਭਾਸ਼ਣ ਦੇਣ ਦਾ ਮੌਕਾ ਮਿਲਦਾ ਹੈ। ਡਿਸਲੈਕਸੀਆ ਹੋਣ ਦੇ ਬਾਵਜੂਦ ਇਨ੍ਹਾਂ ਸਾਰਿਆਂ ਪ੍ਰਬੰਧਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਉਸ ਸਮੇਂ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮੈਨੂੰ ਨਾ ਸਿਰਫ਼ ਆਪਣੀ ਮਾਂ-ਬੋਲੀ ਸਿੱਖਣ ਵਿਚ ਮੁਸ਼ਕਲ ਆਉਣੀ ਸੀ, ਬਲਕਿ ਦੂਸਰੀਆਂ ਬੋਲੀਆਂ ਸਿੱਖਣ ਵਿਚ ਵੀ ਮੁਸ਼ਕਲ ਆਉਣੀ ਸੀ। ਆਓ ਮੈਂ ਤੁਹਾਨੂੰ ਇਸ ਬਾਰੇ ਹੋਰ ਦੱਸਾਂ।

ਅੰਗ੍ਰੇਜ਼ੀ ਸਿੱਖਣੀ

1988 ਵਿਚ ਜਦ ਮੈਂ 24 ਸਾਲਾਂ ਦਾ ਸੀ, ਤਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਡੈਨਮਾਰਕ ਵਿਚ ਕਈ ਵਿਦੇਸ਼ੀ ਰਹਿੰਦੇ ਹਨ ਅਤੇ ਮੈਂ ਉਨ੍ਹਾਂ ਨਾਲ ਬਾਈਬਲ ਦਾ ਗਿਆਨ ਸਾਂਝਾ ਕਰਨਾ ਚਾਹੁੰਦਾ ਸੀ। ਲੇਕਿਨ ਇਸ ਤਰ੍ਹਾਂ ਕਰਨ ਲਈ ਮੈਨੂੰ ਅੰਗ੍ਰੇਜ਼ੀ ਸਿੱਖਣੀ ਪਈ ਜੋ ਮੇਰੇ ਲਈ ਬਹੁਤ ਮੁਸ਼ਕਲ ਸੀ। ਫਿਰ ਵੀ ਮੈਂ ਧੀਰਜ ਰੱਖਿਆ ਅਤੇ ਟਿਊਸ਼ਨ ਲੈ ਕੇ ਹੌਲੀ-ਹੌਲੀ ਅੰਗ੍ਰੇਜ਼ੀ ਸਿੱਖ ਲਈ। ਫਿਰ ਮੈਂ ਆਪਣੇ ਸ਼ਹਿਰ ਕੋਪਨਹੇਗਨ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਵਿਦੇਸ਼ੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਸ਼ੁਰੂ ਕੀਤਾ। ਇਹ ਸੱਚ ਹੈ ਕਿ ਮੈਂ ਗੱਲ ਕਰਦਿਆਂ ਕਈ ਵਾਰ ਗ਼ਲਤੀ ਕਰਦਾ ਸੀ, ਪਰ ਮੈਂ ਹਿੰਮਤ ਨਹੀਂ ਹਾਰੀ।

ਅੰਗ੍ਰੇਜ਼ੀ ਆਉਣ ਕਰਕੇ ਮੈਂ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਉਸਾਰੀ ਪ੍ਰਾਜੈਕਟਾਂ ਵਿਚ ਕੰਮ ਕਰ ਸਕਿਆ। ਪਹਿਲਾਂ ਮੈਨੂੰ ਗ੍ਰੀਸ ਭੇਜਿਆ ਗਿਆ ਅਤੇ ਫਿਰ ਮੈਂ ਸਪੇਨ ਦੇ ਮੈਡਰਿਡ ਸ਼ਹਿਰ ਦੀ ਬ੍ਰਾਂਚ ਦੀ ਉਸਾਰੀ ਕਰਨ ਵਿਚ ਹਿੱਸਾ ਲਿਆ।

ਮੈਂ ਪ੍ਰਚਾਰ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣਾ ਚਾਹੁੰਦਾ ਸੀ, ਸੋ ਮੈਂ ਯਹੋਵਾਹ ਦੇ ਗਵਾਹਾਂ ਦੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਜਾਣ ਲਈ ਅਰਜ਼ੀ ਭਰੀ। ਅੱਠ ਹਫ਼ਤਿਆਂ ਦੇ ਇਸ ਕੋਰਸ ਵਿਚ ਕੁਆਰੇ ਆਦਮੀਆਂ ਨੂੰ ਖ਼ਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂਕਿ ਉਹ ਅਜਿਹੇ ਥਾਵਾਂ ਜਾ ਕੇ ਸੇਵਾ ਕਰ ਸਕਣ ਜਿੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ। (ਮਰਕੁਸ 13:10) ਮੈਨੂੰ ਸਵੀਡਨ ਵਿਚ ਅੰਗ੍ਰੇਜ਼ੀ ਭਾਸ਼ਾ ਦਾ ਕੋਰਸ ਕਰਨ ਦਾ ਸੱਦਾ ਮਿਲਿਆ।

ਕੋਰਸ ਪਹਿਲੀ ਸਤੰਬਰ 1994 ਵਿਚ ਸ਼ੁਰੂ ਹੋਇਆ। ਮੈਂ ਪੂਰੀ ਤਿਆਰੀ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਅੱਠ ਮਹੀਨਿਆਂ ਲਈ ਰੋਜ਼ ਚਾਰ ਘੰਟੇ ਅੰਗ੍ਰੇਜ਼ੀ ਸਿੱਖਦਾ ਹੁੰਦਾ ਸੀ। ਮੈਂ ਇਕ ਅੰਗ੍ਰੇਜ਼ੀ ਬੋਲਣ ਵਾਲੀ ਕਲੀਸਿਯਾ ਵਿਚ ਵੀ ਜਾਣਾ ਸ਼ੁਰੂ ਕੀਤਾ। ਮੈਂ ਫ਼ੈਸਲਾ ਕੀਤਾ ਕਿ ਮੈਂ ਡਿਸਲੈਕਸੀਆ ਨੂੰ ਆਪਣੀ ਤਰੱਕੀ ਵਿਚ ਪੈਰ ਦਾ ਰੋੜਾ ਨਹੀਂ ਬਣਨ ਦੇਵਾਂਗਾ। ਮਿਸਾਲ ਲਈ, ਜਦ ਵੀ ਇੰਸਟ੍ਰਕਟਰ ਸਵਾਲ ਪੁੱਛਦੇ ਸਨ, ਤਾਂ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਸੀ ਭਾਵੇਂ ਮੈਨੂੰ ਸਹੀ ਲਫ਼ਜ਼ਾਂ ਦਾ ਹਮੇਸ਼ਾ ਪਤਾ ਨਹੀਂ ਸੀ ਹੁੰਦਾ। ਗ੍ਰੈਜੂਏਟ ਹੋਣ ਤੋਂ ਬਾਅਦ ਮੈਨੂੰ ਕੋਪਨਹੇਗਨ ਵਿਚ ਪਾਇਨੀਅਰ ਵਜੋਂ ਸੇਵਾ ਕਰਨ ਲਈ ਕਿਹਾ ਗਿਆ। ਅੰਗ੍ਰੇਜ਼ੀ ਸਿੱਖਣੀ ਮੇਰੇ ਲਈ ਬਹੁਤ ਵੱਡੀ ਚੁਣੌਤੀ ਸੀ, ਪਰ ਇਸ ਤੋਂ ਵੀ ਵੱਡੀ ਚੁਣੌਤੀ ਹਾਲੇ ਆਉਣ ਵਾਲੀ ਸੀ।

ਤਾਮਿਲ ਸਿੱਖਣੀ

ਦਸੰਬਰ 1995 ਵਿਚ ਮੈਨੂੰ ਡੈਨਮਾਰਕ ਦੇ ਹਰਨਿੰਗ ਨਗਰ ਵਿਚ ਤਾਮਿਲ ਕਲੀਸਿਯਾ ਵਿਚ ਸੇਵਾ ਕਰਨ ਲਈ ਕਿਹਾ ਗਿਆ। ਮੈਂ ਸੋਚਦਾ ਸੀ ਕਿ ਤਾਮਿਲ ਭਾਸ਼ਾ ਨੂੰ ਸਿੱਖਣਾ ਬਹੁਤ ਔਖਾ ਹੋਵੇਗਾ ਅਤੇ ਮੇਰੇ ਪੱਲੇ ਕੁਝ ਨਹੀਂ ਪਵੇਗਾ। ਤਾਮਿਲ ਭਾਸ਼ਾ ਦੇ 31 ਅੱਖਰ ਹਨ, ਪਰ ਵਿਅੰਜਨਾਂ ਅਤੇ ਸ੍ਵਰਾਂ ਨੂੰ ਜੋੜ ਕੇ ਕੁੱਲ ਮਿਲਾ ਕੇ 250 ਅੱਖਰ ਬਣ ਜਾਂਦੇ ਹਨ!

ਪਹਿਲਾਂ-ਪਹਿਲਾਂ ਮੈਂ ਆਪਣੇ ਭਾਸ਼ਣ ਡੈਨਿਸ਼ ਵਿਚ ਦਿੰਦਾ ਹੁੰਦਾ ਸੀ ਅਤੇ ਉਨ੍ਹਾਂ ਦਾ ਤਰਜਮਾ ਤਾਮਿਲ ਵਿਚ ਕੀਤਾ ਜਾਂਦਾ ਸੀ। ਜਦੋਂ ਮੈਂ ਤਾਮਿਲ ਵਿਚ ਭਾਸ਼ਣ ਦੇਣ ਲੱਗਾ, ਤਾਂ ਮੈਨੂੰ ਲੱਗਾ ਕਿ ਕੋਈ ਮੇਰੀ ਗੱਲ ਨਹੀਂ ਸਮਝਦਾ ਸੀ। ਲੇਕਿਨ ਸਾਰੇ ਜਣੇ ਧਿਆਨ ਨਾਲ ਸੁਣਦੇ ਰਹੇ, ਭਾਵੇਂ ਕਈ ਚਿਹਰਿਆਂ ’ਤੇ ਮੁਸਕਰਾਹਟ ਆ ਜਾਂਦੀ ਸੀ! ਆਪਣੀ ਤਾਮਿਲ ਸੁਧਾਰਨ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਸ੍ਰੀ ਲੰਕਾ ਜਾਵਾਂਗਾ ਜਿੱਥੇ ਤਾਮਿਲ ਭਾਸ਼ਾ ਬੋਲੀ ਜਾਂਦੀ ਹੈ।

ਅਕਤੂਬਰ 1996 ਵਿਚ ਜਦ ਮੈਂ ਸ੍ਰੀ ਲੰਕਾ ਗਿਆ, ਤਾਂ ਦੇਸ਼ ਵਿਚ ਘਰੇਲੂ ਯੁੱਧ ਚੱਲ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੈਂ ਵਾਵੁਨੀਆ ਨਗਰ ਵਿਚ ਰਹਿਣ ਲੱਗ ਪਿਆ ਜੋ ਬਾਰਡਰ ’ਤੇ ਸੀ ਅਤੇ ਉੱਥੇ ਦੋ ਪਾਰਟੀਆਂ ਵਿਚ ਲੜਾਈ ਚੱਲ ਰਹੀ ਸੀ। ਉੱਥੇ ਰਹਿਣ ਵਾਲੇ ਯਹੋਵਾਹ ਦੇ ਗਵਾਹ ਬਹੁਤ ਗ਼ਰੀਬ ਸਨ, ਪਰ ਉਨ੍ਹਾਂ ਨੇ ਮੈਨੂੰ ਖੂਬ ਪਿਆਰ ਦਿੱਤਾ ਅਤੇ ਪਰਾਹੁਣਚਾਰੀ ਕੀਤੀ। ਉਨ੍ਹਾਂ ਨੇ ਬਹੁਤ ਮਿਹਨਤ ਕਰ ਕੇ ਮੈਨੂੰ ਤਾਮਿਲ ਸਿਖਾਉਣ ਦੀ ਕੋਸ਼ਿਸ਼ ਕੀਤੀ। ਨਗਰ ਦੇ ਹੋਰਨਾਂ ਲੋਕਾਂ ਨੂੰ ਬਹੁਤ ਚੰਗਾ ਲੱਗਾ ਕਿ ਇਕ ਗੋਰਾ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ! ਉਹ ਧੰਨਵਾਦੀ ਹੋਣ ਦੇ ਨਾਲ-ਨਾਲ ਨਿਮਰ ਵੀ ਸਨ ਜਿਸ ਕਰਕੇ ਬਾਈਬਲ ਬਾਰੇ ਉਨ੍ਹਾਂ ਨਾਲ ਗੱਲ ਕਰਨੀ ਜ਼ਿਆਦਾ ਔਖੀ ਨਹੀਂ ਸੀ।

ਜਨਵਰੀ 1997 ਵਿਚ ਮੈਨੂੰ ਡੈਨਮਾਰਕ ਵਾਪਸ ਜਾਣਾ ਪਿਆ ਅਤੇ ਇਕ ਸਾਲ ਬਾਅਦ ਮੈਂ ਕਮਿਲਾ ਨਾਂ ਦੀ ਪਾਇਨੀਅਰ ਨਾਲ ਵਿਆਹ ਕਰਵਾ ਲਿਆ। ਪਰ ਮੇਰਾ ਦਿਲ ਸ੍ਰੀ ਲੰਕਾ ਵਾਪਸ ਜਾਣ ਨੂੰ ਕਰਦਾ ਸੀ। ਸੋ ਦਸੰਬਰ 1999 ਵਿਚ ਮੈਂ ਅਰ ਮੇਰੀ ਪਤਨੀ ਸ੍ਰੀ ਲੰਕਾ ਪਹੁੰਚ ਗਏ। ਬਹੁਤ ਜਲਦੀ ਹੀ ਅਸੀਂ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰ ਲਈਆਂ ਅਤੇ ਉੱਥੇ ਦੇ ਗਵਾਹਾਂ ਨਾਲ ਵੀ ਉਨ੍ਹਾਂ ਦੀਆਂ ਸਟੱਡੀਆਂ ’ਤੇ ਜਾਂਦੇ ਹੁੰਦੇ ਸੀ। ਅਸੀਂ ਭਾਸ਼ਾ ਸਿੱਖਣ ਅਤੇ ਪ੍ਰਚਾਰ ਦੇ ਕੰਮ ਵਿਚ ਪੂਰੀ ਤਰ੍ਹਾਂ ਰੁੱਝ ਗਏ।

ਮਾਰਚ 2000 ਵਿਚ ਸਾਨੂੰ ਡੈਨਮਾਰਕ ਵਾਪਸ ਜਾਣਾ ਪਿਆ। ਸਾਨੂੰ ਆਪਣੇ ਭੈਣਾਂ-ਭਰਾਵਾਂ ਅਤੇ ਆਪਣੀਆਂ ਸਟੱਡੀਆਂ ਤੋਂ ਜੁਦਾ ਹੋਣਾ ਬਹੁਤ ਔਖਾ ਲੱਗਾ ਕਿਉਂਕਿ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸੀ। ਪਰ ਸਾਡੇ ਅੱਗੇ ਅਜੇ ਬਹੁਤ ਕੰਮ ਕਰਨ ਨੂੰ ਪਿਆ ਸੀ ਅਤੇ ਸਾਨੂੰ ਇਕ ਹੋਰ ਭਾਸ਼ਾ ਵੀ ਸਿੱਖਣੀ ਪੈਣੀ ਸੀ!

ਤਾਮਿਲ ਤੋਂ ਬਾਅਦ ਲਾਤਵੀਅਨ ਭਾਸ਼ਾ ਸਿੱਖਣੀ

ਵਿਆਹ ਤੋਂ ਚਾਰ ਸਾਲ ਬਾਅਦ ਸਾਨੂੰ ਮਈ 2002 ਵਿਚ ਲਾਤਵੀਆ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਲਾਤਵੀਆ ਇਕ ਯੂਰਪੀ ਦੇਸ਼ ਹੈ। ਕਮਿਲਾ ਨੇ ਬਹੁਤ ਜਲਦੀ ਲਾਤਵੀਅਨ ਸਿੱਖ ਲਈ ਅਤੇ ਛੇ ਹਫ਼ਤਿਆਂ ਵਿਚ ਹੀ ਉਹ ਲੋਕਾਂ ਨਾਲ ਗੱਲ-ਬਾਤ ਕਰਨ ਲੱਗ ਪਈ। ਪਰ ਮੈਂ ਨਹੀਂ ਇਸ ਤਰ੍ਹਾਂ ਕਰ ਸਕਿਆ। ਭਾਵੇਂ ਮੈਨੂੰ ਬਹੁਤ ਮਦਦ ਮਿਲੀ ਹੈ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਮੈਂ ਇਸ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖ ਨਹੀਂ ਸਕਿਆ। ਪਰ ਮੈਂ ਹਾਰ ਨਹੀਂ ਮੰਨਾਂਗਾ। *

ਅੱਜ ਤਕ ਕਮਿਲਾ ਨੇ ਮੈਨੂੰ ਬਹੁਤ ਸਹਾਰਾ ਦਿੱਤਾ ਹੈ ਅਤੇ ਅਸੀਂ ਦੋਵੇਂ ਆਪਣੀ ਮਿਸ਼ਨਰੀ ਸੇਵਾ ਕਰ ਕੇ ਖ਼ੁਸ਼ ਹਾਂ। ਸਾਨੂੰ ਕਈ ਨੇਕਦਿਲ ਲੋਕਾਂ ਨਾਲ ਬਾਈਬਲ ਸਟੱਡੀ ਕਰਨ ਦਾ ਮੌਕਾ ਮਿਲਿਆ ਹੈ। ਜਦ ਮੈਂ ਕੋਈ ਗ਼ਲਤ ਲਫ਼ਜ਼ ਬੋਲ ਦਿੰਦਾ ਹਾਂ, ਤਾਂ ਭੈਣ-ਭਰਾ ਅਤੇ ਬਾਈਬਲ ਦੀ ਸਟੱਡੀ ਕਰ ਰਹੇ ਲੋਕ ਮੇਰੇ ਨਾਲ ਧੀਰਜ ਨਾਲ ਪੇਸ਼ ਆਉਂਦੇ ਹਨ ਅਤੇ ਮੇਰੀ ਮਦਦ ਕਰਦੇ ਹਨ। ਇਸ ਸਦਕਾ ਪ੍ਰਚਾਰ ਕਰਦੇ ਸਮੇਂ ਅਤੇ ਭਾਸ਼ਣ ਦੇਣ ਵੇਲੇ ਮੈਨੂੰ ਹਿੰਮਤ ਮਿਲਦੀ ਹੈ।

ਪਰ ਸਵਾਲ ਇਹ ਹੈ ਕਿ ਮੈਂ ਨਵੀਆਂ ਭਾਸ਼ਾਵਾਂ ਕਿਉਂ ਸਿੱਖਦਾ ਹਾਂ ਜਦ ਕਿ ਮੇਰੇ ਲਈ ਇਹ ਸਿੱਖਣੀਆਂ ਬਹੁਤ ਮੁਸ਼ਕਲ ਹਨ? ਮੈਂ ਇਸ ਲਈ ਨਵੀਆਂ ਬੋਲੀਆਂ ਸਿੱਖਦਾ ਹਾਂ ਕਿਉਂਕਿ ਮੈਂ ਲੋਕਾਂ ਨੂੰ ਪਿਆਰ ਕਰਦਾ ਹਾਂ। ਇਹ ਮੇਰੇ ਲਈ ਇਕ ਬਹੁਤ ਵੱਡਾ ਸਨਮਾਨ ਹੈ ਕਿ ਮੈਂ ਦੂਸਰਿਆਂ ਨੂੰ ਯਹੋਵਾਹ ਬਾਰੇ ਦੱਸਾਂ ਅਤੇ ਉਸ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਾਂ। ਕਈ ਮਿਸ਼ਨਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਉਨ੍ਹਾਂ ਦੀ ਮਾਂ-ਬੋਲੀ ਵਿਚ ਹੀ ਉਨ੍ਹਾਂ ਨਾਲ ਗੱਲ ਕਰਨੀ ਜ਼ਰੂਰੀ ਹੈ।

ਮੈਂ ਅਤੇ ਮੇਰੀ ਪਤਨੀ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦਾ ਗਿਆਨ ਦੇ ਸਕੇ ਹਾਂ ਜਿਸ ਦੇ ਚੰਗੇ ਨਤੀਜੇ ਨਿਕਲੇ ਹਨ। ਲੇਕਿਨ ਇਸ ਕਾਮਯਾਬੀ ਦਾ ਸਿਹਰਾ ਅਸੀਂ ਆਪਣੇ ਸਿਰ ਨਹੀਂ ਲੈਂਦੇ, ਸਗੋਂ ਯਹੋਵਾਹ ਨੂੰ ਦਿੰਦੇ ਹਾਂ। ਅਸੀਂ ਸੱਚਾਈ ਦੇ ਬੀ ਬੀਜਦੇ ਅਤੇ ਸਿੰਜਦੇ ਹਾਂ, ਪਰ ਸਿਰਫ਼ ਯਹੋਵਾਹ ਹੀ ਇਨ੍ਹਾਂ ਨੂੰ ਵਧਾ ਸਕਦਾ ਹੈ।—1 ਕੁਰਿੰਥੀਆਂ 3:6.

ਕਮਜ਼ੋਰੀ ਤੋਂ ਕਾਮਯਾਬੀ

ਭਾਵੇਂ ਕਿ ਡਿਸਲੈਕਸੀਆ ਕਾਰਨ ਮੈਨੂੰ ਮੁਸ਼ਕਲਾਂ ਆਈਆਂ ਹਨ, ਪਰ ਇਸ ਦਾ ਮੈਨੂੰ ਫ਼ਾਇਦਾ ਵੀ ਹੋਇਆ ਹੈ। ਕਿਵੇਂ? ਕਲੀਸਿਯਾ ਵਿਚ ਭਾਸ਼ਣ ਦਿੰਦੇ ਸਮੇਂ ਮੈਂ ਕਾਗਜ਼ ’ਤੇ ਲਿਖੀਆਂ ਗੱਲਾਂ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦਾ, ਸਗੋਂ ਸਰੋਤਿਆਂ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ। ਮੈਂ ਦ੍ਰਿਸ਼ਟਾਂਤਾਂ ਨੂੰ ਵੀ ਵਰਤਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਇਨ੍ਹਾਂ ਨੂੰ ਯਾਦ ਰੱਖਣਾ ਮੇਰੇ ਲਈ ਸੌਖਾ ਹੈ। ਸੋ ਕੁਝ ਹੱਦ ਤਕ ਮੇਰੀ ਕਮਜ਼ੋਰੀ ਨੇ ਮੈਨੂੰ ਦੂਜਿਆਂ ਨੂੰ ਸਿਖਾਉਣ ਵਿਚ ਜ਼ਿਆਦਾ ਕਾਮਯਾਬ ਬਣਾਇਆ ਹੈ।

ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ਰ ਨੇ . . . ਕਮਜ਼ੋਰਾਂ ਨੂੰ ਚੁਣ ਲਿਆ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰਨ।” (1 ਕੁਰਿੰਥੁਸ 1:27, CL) ਇਹ ਸੱਚ ਹੈ ਕਿ ਡਿਸਲੈਕਸੀਆ ਨੇ ਮੈਨੂੰ ਕੁਝ ਹੱਦ ਤਕ ‘ਕਮਜ਼ੋਰ’ ਬਣਾਇਆ ਹੈ। ਲੇਕਿਨ ਮੇਰਾ ਅਤੇ ਦੂਸਰਿਆਂ ਦਾ ਇਹੀ ਤਜਰਬਾ ਰਿਹਾ ਹੈ ਕਿ ਯਹੋਵਾਹ ਸਾਡੀ ਕਮਜ਼ੋਰੀ ਨੂੰ ਕਾਮਯਾਬੀ ਵਿਚ ਬਦਲ ਸਕਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਅਜਿਹੇ ਟੀਚੇ ਰੱਖੀਏ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ, ਪਰਮੇਸ਼ੁਰ ਤੋਂ ਸ਼ਕਤੀ ਮੰਗੀਏ ਅਤੇ ਆਪਣੀ ਪੂਰੀ ਵਾਹ ਲਾਈਏ। (g09 02)

[ਫੁਟਨੋਟ]

^ ਪੈਰਾ 18 ਲਾਤਵੀਆ ਵਿਚ ਛੇ ਸਾਲ ਸੇਵਾ ਕਰਨ ਤੋਂ ਬਾਅਦ ਮਿਕਾਏਲ ਅਤੇ ਕਮਿਲਾ ਹੁਣ ਘਾਨਾ ਵਿਚ ਸੇਵਾ ਕਰਨ ਲਈ ਭੇਜੇ ਗਏ ਹਨ।

[ਸਫ਼ਾ 20 ਉੱਤੇ ਡੱਬੀ]

ਡਿਸਲੈਕਸੀਆ ਕੀ ਹੈ?

ਡਿਸਲੈਕਸੀਆ ਕੀ ਹੈ? “ਡਿਸਲੈਕਸੀਆ” ਲਫ਼ਜ਼ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਇਸ ਦਾ ਮਤਲਬ ਹੈ “ਬੋਲਣ ਵਿਚ ਮੁਸ਼ਕਲ।” ਭਾਸ਼ਾ ਸੰਬੰਧੀ ਆਉਂਦੀਆਂ ਕਈ ਮੁਸ਼ਕਲਾਂ ਨੂੰ ਡਿਸਲੈਕਸੀਆ ਕਿਹਾ ਜਾਂਦਾ ਹੈ। ਡਿਸਲੈਕਸੀਆ ਦੇ ਸ਼ਿਕਾਰ ਲੋਕਾਂ ਨੂੰ ਖ਼ਾਸ ਕਰਕੇ ਪੜ੍ਹਨ ਵਿਚ ਦਿੱਕਤ ਆਉਂਦੀ ਹੈ। ਉਹ ਅੱਖਰਾਂ ਨੂੰ ਸ਼ਾਇਦ ਪਛਾਣ ਤਾਂ ਲੈਂਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਨ੍ਹਾਂ ਨੂੰ ਉਚਾਰਨਾ ਕਿਵੇਂ ਹੈ। ਪਰ ਡਿਸਲੈਕਸੀਆ ਦਾ ਵੱਖੋ-ਵੱਖਰੇ ਲੋਕਾਂ ਉੱਤੇ ਵੱਖੋ-ਵੱਖਰਾ ਅਸਰ ਪੈਂਦਾ ਹੈ।

ਡਿਸਲੈਕਸੀਆ ਕਿਉਂ ਹੁੰਦਾ ਹੈ? ਵਿਗਿਆਨੀਆਂ ਨੂੰ ਪੂਰੀ ਤਰ੍ਹਾਂ ਪਤਾ ਨਹੀਂ ਕਿ ਡਿਸਲੈਕਸੀਆ ਕਿਉਂ ਹੁੰਦਾ ਹੈ, ਪਰ ਮੰਨਿਆ ਜਾਂਦਾ ਹੈ ਕਿ ਇਹ ਸਮੱਸਿਆ ਖ਼ਾਨਦਾਨੀ ਹੋ ਸਕਦੀ ਹੈ। ਰਿਸਰਚ ਮੁਤਾਬਕ ਇਵੇਂ ਲੱਗਦਾ ਹੈ ਕਿ ਦਿਮਾਗ਼ ਦੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਦਿਮਾਗ਼ ਦਾ ਕੋਈ ਹਿੱਸਾ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਪਰ ਇਸ ਦਾ ਇਹ ਮਤਲਬ ਨਹੀਂ ਕਿ ਡਿਸਲੈਕਸੀਆ ਦੇ ਸ਼ਿਕਾਰ ਲੋਕਾਂ ਦਾ ਦਿਮਾਗ਼ ਤੇਜ਼ ਨਹੀਂ ਹੁੰਦਾ ਜਾਂ ਉਹ ਸਿੱਖਣਾ ਨਹੀਂ ਚਾਹੁੰਦੇ। ਦਰਅਸਲ ਉਹ ਅਜਿਹੀਆਂ ਕੁਝ ਗੱਲਾਂ ਵਿਚ ਬਹੁਤ ਤੇਜ਼ ਹੁੰਦੇ ਹਨ ਜਿਨ੍ਹਾਂ ਦਾ ਭਾਸ਼ਾ ਸੰਬੰਧੀ ਕੋਈ ਤਅੱਲਕ ਨਹੀਂ ਹੁੰਦਾ।

ਡਿਸਲੈਕਸੀਆ ਨਾਲ ਪੀੜਿਤ ਲੋਕਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ? ਸ਼ੁਰੂ ਤੋਂ ਹੀ ਇਸ ਕਮਜ਼ੋਰੀ ਦੇ ਲੱਛਣ ਪਛਾਣਨੇ ਜ਼ਰੂਰੀ ਹਨ। ਭਾਸ਼ਾ ਸਿਖਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਡਿਸਲੈਕਸੀਆ ਦੇ ਸ਼ਿਕਾਰ ਲੋਕਾਂ ਤੋਂ ਉਨ੍ਹਾਂ ਦੀ ਸੁਣਨ, ਦੇਖਣ ਅਤੇ ਛੋਹਣ ਦੀ ਸ਼ਕਤੀ ਨੂੰ ਇਸਤੇਮਾਲ ਕਰਾਉਣ। ਅਜਿਹੇ ਲੋਕਾਂ ਦੀ ਸਿੱਖਣ ਦੀ ਕਾਬਲੀਅਤ ਵੱਖੋ-ਵੱਖਰੀ ਹੁੰਦੀ ਹੈ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਕਾਬਲੀਅਤ ਦੇ ਅਨੁਸਾਰ ਉਨ੍ਹਾਂ ਨੂੰ ਇਕੱਲੇ-ਇਕੱਲੇ ਨੂੰ ਸਿੱਖਿਆ ਦਿੱਤੀ ਜਾਵੇ। ਕਈਆਂ ਨੂੰ ਸਕੂਲ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਪਰੇਸ਼ਾਨੀ ਸਹਿਣੀ ਪੈਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਦੂਸਰਿਆਂ ਤੋਂ ਹੌਸਲੇ ਦੀ ਲੋੜ ਹੁੰਦੀ ਹੈ। ਜੇ ਟੀਚਰ ਮਿਹਨਤ ਨਾਲ ਚੰਗੀ ਤਰ੍ਹਾਂ ਸਿਖਾਵੇਗਾ, ਤਾਂ ਡਿਸਲੈਕਸੀਆ ਦੇ ਸ਼ਿਕਾਰ ਵਿਦਿਆਰਥੀ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖ ਸਕਦੇ ਹਨ। *

[ਫੁਟਨੋਟ]

^ ਪੈਰਾ 31 ਉੱਤੇ ਦਿੱਤੀ ਜਾਣਕਾਰੀ ਇੰਟਰਨੈਸ਼ਨਲ ਡਿਸਲੈਕਸੀਆ ਐਸੋਸੀਏਸ਼ਨ ਵੱਲੋਂ ਦਿੱਤੀ ਜਾਣਕਾਰੀ ਉੱਤੇ ਆਧਾਰਿਤ ਹੈ। ਇਸ ਅੰਕ ਵਿਚ “ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ” ਨਾਮਕ ਲੇਖ ਦੇਖੋ।

[ਸਫ਼ਾ 21 ਉੱਤੇ ਤਸਵੀਰ]

ਸ੍ਰੀ ਲੰਕਾ ਵਿਚ ਇਕ ਮਸੀਹੀ ਭਰਾ ਨਾਲ

[ਸਫ਼ਾ 21 ਉੱਤੇ ਤਸਵੀਰ]

ਲਾਤਵੀਆ ਵਿਚ ਕਮਿਲਾ ਨਾਲ