Skip to content

Skip to table of contents

ਸੀਟੀ ਵਜਾ ਕੇ “ਗੱਲ” ਕਰਨ ਦਾ ਅਨੋਖਾ ਤਰੀਕਾ

ਸੀਟੀ ਵਜਾ ਕੇ “ਗੱਲ” ਕਰਨ ਦਾ ਅਨੋਖਾ ਤਰੀਕਾ

ਸੀਟੀ ਵਜਾ ਕੇ “ਗੱਲ” ਕਰਨ ਦਾ ਅਨੋਖਾ ਤਰੀਕਾ

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

◼ ਮੈਕਸੀਕੋ ਦੇ ਵਹੌਕਾ ਨਾਂ ਦੇ ਪਹਾੜੀ ਇਲਾਕੇ ਵਿਚ ਮਾਸਾਟੈਕ ਲੋਕਾਂ ਕੋਲ ਟੈਲੀਫ਼ੋਨ ਨਹੀਂ ਹਨ, ਨਾ ਤਾਂ ਘਰਾਂ ਵਿਚ ਅਤੇ ਨਾ ਹੀ ਮੋਬਾਇਲ। ਫਿਰ ਵੀ ਉਹ ਦੋ ਕਿਲੋਮੀਟਰ ਦੀ ਦੂਰੀ ਤਕ ਇਕ-ਦੂਸਰੇ ਨਾਲ “ਗੱਲਾਂ” ਕਰ ਸਕਦੇ ਹਨ। ਮਿਸਾਲ ਲਈ, ਪਹਾੜੀਆਂ ਵਿਚ ਕਾਫ਼ੀ ਦੀ ਖੇਤੀ ਕਰਦੇ ਹੋਏ ਲੋਕ ਅਕਸਰ ਇਸ ਤਰ੍ਹਾਂ “ਗੱਲਾਂ” ਕਰਦੇ ਹਨ। ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ? ਸਦੀਆਂ ਪਹਿਲਾਂ ਮਾਸਾਟੈਕ ਲੋਕਾਂ ਨੇ ਆਪਣੀ ਭਾਸ਼ਾ ਨੂੰ ਨਵਾਂ ਰੂਪ ਦਿੱਤਾ ਅਤੇ ਸੀਟੀ ਵਜਾ ਕੇ ਗੱਲ ਕਰਨੀ ਸ਼ੁਰੂ ਕੀਤੀ। ਪੇਡਰੋ ਨਾਂ ਦੇ ਮਾਸਾਟੈਕ ਨੇ ਕਿਹਾ: “ਮਾਸਾਟੈਕੋ ਸੁਰਾਂ ਵਾਲੀ ਭਾਸ਼ਾ ਹੈ। ਜਦ ਅਸੀਂ ਸੀਟੀ ਵਜਾਉਂਦੇ ਹਾਂ, ਤਾਂ ਅਸੀਂ ਆਪਣੀ ਭਾਸ਼ਾ ਦੇ ਸ਼ਬਦਾਂ ਦੇ ਸੁਰਾਂ ਅਤੇ ਤਾਲ ਦੀ ਨਕਲ ਕਰਦੇ ਹਾਂ। ਅਸੀਂ ਸਿਰਫ਼ ਬੁੱਲ੍ਹਾਂ ਨਾਲ ਸੀਟੀ ਮਾਰਦੇ ਹਾਂ ਨਾ ਕਿ ਉਂਗਲਾਂ ਨੂੰ ਮੂੰਹ ’ਚ ਪਾ ਕੇ।” *

ਪੇਡਰੋ ਦਾ ਦੋਸਤ ਫਿਡੇਂਸੀਓ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਸੀਟੀ ਵਜਾ ਕੇ ਗੱਲ ਕਰਨ ਦੇ ਕੀ ਫ਼ਾਇਦੇ ਹਨ: “ਅਸੀਂ ਇਹ ਭਾਸ਼ਾ ਉਦੋਂ ਵਰਤਦੇ ਹਾਂ ਜਦ ਅਸੀਂ ਇਕ ਛੋਟਾ ਜਿਹਾ ਸੁਨੇਹਾ ਦੂਰ ਤਕ ਪਹੁੰਚਾਉਣਾ ਚਾਹੁੰਦੇ ਹਾਂ। ਮਿਸਾਲ ਲਈ, ਸ਼ਾਇਦ ਇਕ ਪਿਤਾ ਆਪਣੇ ਮੁੰਡੇ ਨੂੰ ਦੁਕਾਨ ਤੋਂ ਮੱਕੀ ਦੀ ਡਬਲਰੋਟੀ ਖ਼ਰੀਦਣ ਲਈ ਭੇਜੇ, ਪਰ ਟਮਾਟਰ ਲਿਆਉਣ ਲਈ ਕਹਿਣਾ ਭੁੱਲ ਜਾਵੇ। ਜੇ ਮੁੰਡਾ ਉਸ ਦੀ ਆਵਾਜ਼ ਨਹੀਂ ਸੁਣ ਸਕਦਾ, ਤਾਂ ਪਿਤਾ ਸੀਟੀ ਮਾਰ ਕੇ ਉਸ ਨੂੰ ਸੁਨੇਹਾ ਪਹੁੰਚਾ ਸਕਦਾ ਹੈ।”

ਯਹੋਵਾਹ ਦੇ ਗਵਾਹ ਵੀ ਕਦੀ-ਕਦੀ ਇਕ-ਦੂਜੇ ਨਾਲ ਗੱਲ ਕਰਨ ਲਈ ਸੀਟੀ ਵਜਾਉਂਦੇ ਹਨ। ਪੇਡਰੋ ਸਮਝਾਉਂਦਾ ਹੈ: “ਜਦ ਮੈਂ ਦੂਰ-ਦੁਰਾਡੇ ਇਲਾਕਿਆਂ ਵਿਚ ਕਿਸੇ ਹੋਰ ਗਵਾਹ ਨੂੰ ਮੇਰੇ ਨਾਲ ਆਉਣ ਲਈ ਕਹਿਣਾ ਚਾਹੁੰਦਾ ਹਾਂ, ਤਾਂ ਮੈਨੂੰ ਉਸ ਦੇ ਘਰ ਤਕ ਜਾਣ ਦੀ ਲੋੜ ਨਹੀਂ। ਮੈਂ ਸਿਰਫ਼ ਸੀਟੀ ਵਜਾ ਕੇ ਉਸ ਨੂੰ ਬੁਲਾ ਲੈਂਦਾ ਹਾਂ।”

ਪੇਡਰੋ ਅੱਗੇ ਕਹਿੰਦਾ ਹੈ: “ਤਾਂਕਿ ਸਾਨੂੰ ਪਤਾ ਲੱਗੇ ਕਿ ਕੌਣ ਗੱਲ ਕਰ ਰਿਹਾ ਹੈ ਸਾਰਿਆਂ ਕੋਲ ਸੀਟੀ ਵਜਾਉਣ ਦਾ ਆਪੋ-ਆਪਣਾ ਅੰਦਾਜ਼ ਹੁੰਦਾ ਹੈ। ਆਮ ਕਰਕੇ ਸਿਰਫ਼ ਮਾਸਾਟੈਕ ਆਦਮੀ ਸੀਟੀਆਂ ਵਾਲੀ ਭਾਸ਼ਾ ਵਰਤਦੇ ਹਨ। ਸ਼ਾਇਦ ਇਕ ਔਰਤ ਇਹ ਭਾਸ਼ਾ ਸਮਝ ਲਵੇ ਅਤੇ ਆਪਣੇ ਘਰ ਵਿਚ ਇਸ ਨੂੰ ਵਰਤੇ, ਲੇਕਿਨ ਉਹ ਪਰਾਏ ਮਰਦ ਨਾਲ ਸੀਟੀ ਵਜਾ ਕੇ ਗੱਲ ਨਹੀਂ ਕਰੇਗੀ। ਇਹ ਚੰਗਾ ਨਹੀਂ ਸਮਝਿਆ ਜਾਂਦਾ।”

ਸਿਰਫ਼ ਮਾਸਾਟੈਕ ਲੋਕ ਹੀ ਸੀਟੀ ਵਜਾ ਕੇ ਗੱਲ ਨਹੀਂ ਕਰਦੇ। ਕਨੇਰੀ ਟਾਪੂ, ਚੀਨ ਅਤੇ ਪਾਪੂਆ ਨਿਊ ਗਿਨੀ ਵਿਚ ਵੀ ਸੀਟੀ ਵਜਾ ਕੇ ਗੱਲ ਕੀਤੀ ਜਾਂਦੀ ਹੈ। ਆਮ ਕਰਕੇ ਇਹ ਭਾਸ਼ਾ ਵਰਤਣ ਵਾਲੇ ਲੋਕ ਪਹਾੜਾਂ ਵਿਚ ਜਾਂ ਜੰਗਲੀ ਇਲਾਕਿਆਂ ਵਿਚ ਰਹਿੰਦੇ ਹਨ। ਅੱਜ 70 ਤੋਂ ਜ਼ਿਆਦਾ ਵੱਖਰੀਆਂ ਸੀਟੀਆਂ ਵਾਲੀਆਂ ਭਾਸ਼ਾਵਾਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਵਿੱਚੋਂ 12 ਭਾਸ਼ਾਵਾਂ ਦੀ ਸਟੱਡੀ ਕੀਤੀ ਗਈ ਹੈ।

ਅਸੀਂ ਇਨਸਾਨਾਂ ਦੀਆਂ ਕਾਬਲੀਅਤਾਂ ਨੂੰ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ। ਇਨਸਾਨਾਂ ਵਿਚ ਸਿਰਫ਼ ਕਾਬਲੀਅਤ ਹੀ ਨਹੀਂ, ਪਰ ਗੱਲਾਂ ਕਰਨ ਦੀ ਇੱਛਾ ਵੀ ਹੈ। ਇਨ੍ਹਾਂ ਦੋ ਚੀਜ਼ਾਂ ਨੂੰ ਮਿਲਾ ਕੇ ਇਨਸਾਨ ਲਈ ਕਿਹੜੀ ਚੀਜ਼ ਮੁਮਕਿਨ ਨਹੀਂ? (g09 04)

[ਫੁਟਨੋਟ]

^ ਪੈਰਾ 3 ਇਕ ਕਿਤਾਬ ਸਮਝਾਉਂਦੀ ਹੈ: “ਮਾਸਾਟੈਕ ਲੋਕ ਜਿੰਨੀ ਜ਼ੋਰ ਨਾਲ, ਜਿਸ ਰਫ਼ਤਾਰ ਅਤੇ ਸੁਰ ਨਾਲ ਸੀਟੀ ਵਜਾਉਂਦੇ ਹਨ ਉਸ ਨੂੰ ਬਦਲ ਕੇ ਉਹ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਨ।”