Skip to content

Skip to table of contents

ਕੀ ਪੈਸਾ ਤੁਹਾਡਾ ਮਾਲਕ ਹੈ ਜਾਂ ਤੁਹਾਡਾ ਗ਼ੁਲਾਮ?

ਕੀ ਪੈਸਾ ਤੁਹਾਡਾ ਮਾਲਕ ਹੈ ਜਾਂ ਤੁਹਾਡਾ ਗ਼ੁਲਾਮ?

ਕੀ ਤੁਹਾਨੂੰ ਪਤਾ ਹੈ ਕਿ ਪੈਸਾ ਤੁਹਾਡੀ ਸਿਹਤ ਉੱਤੇ ਮਾੜਾ ਅਸਰ ਪਾ ਸਕਦਾ ਹੈ? ਰਿਪੋਰਟਾਂ ਅਨੁਸਾਰ ਇਸ ਦਾ ਅਸਰ ਦੁਨੀਆਂ ਭਰ ਦੇ ਲੋਕਾਂ ਉੱਤੇ ਪੈ ਰਿਹਾ ਹੈ। ਕਿਹੋ ਜਿਹਾ ਅਸਰ ਪੈ ਰਿਹਾ ਹੈ?

ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਰੌਜਰ ਹੈਂਡਰਸਨ ਨੇ ਇਸ ਬਾਰੇ ਕਾਫ਼ੀ ਰੀਸਰਚ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੈਸਿਆਂ ਕਾਰਨ ਟੈਨਸ਼ਨ ਹੈ, ਉਨ੍ਹਾਂ ਦੇ ਸਰੀਰ ਅਤੇ ਮਨ ਉੱਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਮਿਸਾਲ ਲਈ, ਸਾਹ ਚੜ੍ਹਨਾ, ਸਿਰਦਰਦ, ਕਚਿਆਹਣ, ਧੱਫੜ, ਭੁੱਖ ਨਾ ਲੱਗਣੀ, ਬਿਨਾਂ ਵਜ੍ਹਾ ਖਿੱਝ ਚੜ੍ਹਨੀ, ਘਬਰਾਹਟ ਅਤੇ ਚਿੰਤਾ। ਹੈਂਡਰਸਨ ਦਾ ਕਹਿਣਾ ਹੈ ਕਿ “ਪੈਸਾ ਲੋਕਾਂ ਲਈ ਟੈਨਸ਼ਨ ਦਾ ਇਕ ਅਹਿਮ ਕਾਰਨ ਹੈ।”

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਪੈਸਿਆਂ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ ਜਿਸ ਕਰਕੇ ਉਨ੍ਹਾਂ ਦੀ ਸਿਹਤ ਵੀ ਜ਼ਿਆਦਾ ਖ਼ਰਾਬ ਹੁੰਦੀ ਜਾ ਰਹੀ ਹੈ। ਪੈਸਿਆਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਕਾਰਨ ਕਈ ਦੇਸ਼ਾਂ ਵਿਚ ਲੋਕਾਂ ਨੂੰ ਨੌਕਰੀਓਂ ਕੱਢ ਦਿੱਤਾ ਜਾ ਰਿਹਾ ਹੈ, ਲੋਕਾਂ ਦੇ ਘਰਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਕਈਆਂ ਦੇ ਬੈਂਕ ਵਿਚ ਜਮ੍ਹਾ ਕੀਤੇ ਹੋਏ ਪੈਸੇ ਵੀ ਸੁਰੱਖਿਅਤ ਨਹੀਂ ਰਹੇ। ਵੱਡੀਆਂ-ਵੱਡੀਆਂ ਬੈਂਕਾਂ ਦਾ ਦਿਵਾਲਾ ਨਿਕਲ ਗਿਆ ਹੈ ਅਤੇ ਅਮੀਰ ਦੇਸ਼ ਆਪਣੀ ਆਰਥਿਕ ਸਥਿਤੀ ਨੂੰ ਬਚਾਉਣ ਲਈ ਕਦਮ ਚੁੱਕ ਰਹੇ ਹਨ। ਗ਼ਰੀਬ ਦੇਸ਼ਾਂ ਵਿਚ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਭਾਅ ਵੱਧ ਗਏ ਹਨ ਜਿਸ ਕਰਕੇ ਲੋਕ ਕਾਫ਼ੀ ਚਿੰਤਾ ਵਿਚ ਹਨ।

ਜਦ ਲੋਕਾਂ ਕੋਲ ਪੈਸਾ ਹੁੰਦਾ ਹੈ, ਉਨ੍ਹਾਂ ਨੂੰ ਉਦੋਂ ਵੀ ਚਿੰਤਾ ਰਹਿੰਦੀ ਹੈ। ਭਾਵੇਂ ਕਿ ਪਿਛਲੇ ਕੁਝ ਸਾਲਾਂ ਵਿਚ ਕਈ ਦੇਸ਼ਾਂ ਦੀ ਆਰਥਿਕ ਸਥਿਤੀ ਚੰਗੀ ਰਹੀ ਹੈ, ਫਿਰ ਵੀ ਲੋਕਾਂ ਨੂੰ ਪੈਸਿਆਂ ਦੀ ਚਿੰਤਾ ਖਾਈ ਜਾ ਰਹੀ ਹੈ। ਮਿਸਾਲ ਲਈ, ਦੱਖਣੀ ਅਫ਼ਰੀਕਾ ਦੀ ਇਕ ਅਖ਼ਬਾਰ ਨੇ ਕਿਹਾ ਕਿ ਇਸ ਦੇਸ਼ ਵਿਚ ‘ਲੋਕਾਂ ਉੱਤੇ ਲੋੜ ਤੋਂ ਵੱਧ ਪੈਸਾ ਖ਼ਰਚ ਕਰਨ ਅਤੇ ਚੀਜ਼ਾਂ ਇਕੱਠੀਆਂ ਕਰਨ ਦਾ ਭੂਤ ਸਵਾਰ ਹੈ।’ ਅਖ਼ਬਾਰ ਅਨੁਸਾਰ ਇਸ ਕਰਕੇ “ਲੋਕਾਂ ਨੂੰ ਟੈਨਸ਼ਨ ਰਹਿੰਦੀ ਹੈ, ਉਹ ਕਰਜ਼ੇ ਹੇਠ ਦੱਬੇ ਹੋਏ ਹਨ, ਫਜ਼ੂਲ ਖ਼ਰਚਾ ਕਰਦੇ ਹਨ, ਸਭ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਵਿਚ ਖ਼ੁਸ਼ੀ ਨਹੀਂ, ਸਗੋਂ ਈਰਖਾ ਅਤੇ ਨਿਰਾਸ਼ਾ ਪੈਦਾ ਹੋ ਜਾਂਦੀ ਹੈ।” ਕਿਹਾ ਜਾਂਦਾ ਹੈ ਕਿ ਅਫ਼ਰੀਕਾ ਵਿਚ ਇਨ੍ਹਾਂ ਵਧਦੀਆਂ ਮੁਸ਼ਕਲਾਂ ਦੀ ਜੜ੍ਹ ਪੈਸਾ ਹੀ ਹੈ।

ਹਾਲ ਹੀ ਵਿਚ ਬੈਂਕਾਂ ਦਾ ਦਿਵਾਲਾ ਨਿਕਲਣ ਤੋਂ ਪਹਿਲਾਂ ਭਾਰਤ ਵਿਚ ਕਾਫ਼ੀ ਆਰਥਿਕ ਤਰੱਕੀ ਹੋ ਰਹੀ ਸੀ। ਇੰਡੀਆ ਟੂਡੇ ਇੰਟਰਨੈਸ਼ਨਲ ਵਿਚ ਕਿਹਾ ਗਿਆ ਸੀ ਕਿ 2007 ਵਿਚ ਭਾਰਤ ਦੇ ਲੋਕਾਂ ਨੇ “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੈਸਾ ਖ਼ਰਚ ਕੀਤਾ।” ਪਰ ਉਸ ਵੇਲੇ ਉੱਥੇ ਦੇ ਅਧਿਕਾਰੀਆਂ ਨੂੰ ਡਰ ਸੀ ਕਿ ਦੇਸ਼ ਦੀ ਤਰੱਕੀ ਕਾਰਨ ਸ਼ਾਇਦ ਹਲਚਲ ਮੱਚ ਸਕਦੀ ਸੀ ਅਤੇ ਲੜਾਈ-ਝਗੜੇ ਵੀ ਸ਼ੁਰੂ ਹੋ ਸਕਦੇ ਸਨ।

ਇਸੇ ਸਮੇਂ ਦੌਰਾਨ ਅਮਰੀਕਾ ਵਿਚ ਨੌਜਵਾਨ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਉੱਤੇ ਫਜ਼ੂਲ ਖ਼ਰਚਾ ਕਰ ਰਹੇ ਸਨ। ਪਰ ਜ਼ਿਆਦਾ ਪੈਸੇ ਖ਼ਰਚਣ ਦੇ ਬਾਵਜੂਦ ਵੀ ਉਹ ਖ਼ੁਸ਼ ਨਹੀਂ ਸਨ। ਖੋਜਕਾਰਾਂ ਨੇ ਕਿਹਾ ਕਿ ਅਮਰੀਕਾ ਵਿਚ ਅਮੀਰੀ ਕਰਕੇ ਲੋਕ ਬਹੁਤ ਸ਼ਰਾਬ ਪੀਣ ਲੱਗ ਪਏ ਹਨ, ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਹਨ ਅਤੇ ਕਈਆਂ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਕ ਸਟੱਡੀ ਮੁਤਾਬਕ ਬਹੁਤ ਚੀਜ਼ਾਂ ਅਤੇ ਦੌਲਤ ਹੋਣ ਦੇ ਬਾਵਜੂਦ ਵੀ “ਤਿੰਨਾਂ ਅਮਰੀਕੀਆਂ ਵਿੱਚੋਂ ਸਿਰਫ਼ ਇਕ ਜਣਾ ਖ਼ੁਸ਼ ਹੋਣ” ਦਾ ਦਾਅਵਾ ਕਰਦਾ ਸੀ।

ਕੀ ਪੈਸੇ ਦਾ ਸਾਰਿਆਂ ਉੱਤੇ ਮਾੜਾ ਅਸਰ ਪੈਂਦਾ ਹੈ?

ਦੂਜੇ ਪਾਸੇ ਕਈ ਲੋਕ ਚੰਗੇ ਜਾਂ ਬੁਰੇ ਸਮਿਆਂ ਦੌਰਾਨ, ਚਾਹੇ ਉਹ ਅਮੀਰ ਹੋਣ ਜਾਂ ਗ਼ਰੀਬ, ਪੈਸੇ ਅਤੇ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਕਿਉਂ?

ਇਕ ਰਿਪੋਰਟ ਮੁਤਾਬਕ ਖੋਜਕਾਰਾਂ ਨੇ ਦੇਖਿਆ ਹੈ ਕਿ ਕਈ ਲੋਕਾਂ ਲਈ “ਪੈਸਾ ਹੀ ਜ਼ਿੰਦਗੀ ਹੈ ਅਤੇ ਉਨ੍ਹਾਂ ਉੱਤੇ ਪੈਸੇ ਦਾ ਭੂਤ ਸਵਾਰ ਹੈ। ਇਸ ਕਾਰਨ ਉਹ ਟੈਨਸ਼ਨ ਅਤੇ ਮਾਨਸਿਕ ਰੋਗਾਂ ਦੇ ਸ਼ਿਕਾਰ ਵੀ ਹੋ ਸਕਦੇ ਹਨ।” ਇਸ ਦੇ ਉਲਟ ਖੋਜਕਾਰਾਂ ਨੇ ਅੱਗੇ ਕਿਹਾ: “ਜਿਹੜੇ ਲੋਕ ਸੋਚ-ਸਮਝ ਕੇ ਪੈਸਾ ਖ਼ਰਚਦੇ ਹਨ, ਉਨ੍ਹਾਂ ਨੂੰ ਆਪਣੇ ਉੱਤੇ ਕੰਟ੍ਰੋਲ ਹੁੰਦਾ ਹੈ ਅਤੇ ਉਹ ਜ਼ਿਆਦਾ ਖ਼ੁਸ਼ ਹੁੰਦੇ ਹਨ। ਉਹ ਪੈਸੇ ਦੇ ਮਾਲਕ ਹਨ, ਗ਼ੁਲਾਮ ਨਹੀਂ। . . . ਸਾਨੂੰ ਯਕੀਨ ਹੈ ਕਿ ਸੋਚ-ਸਮਝ ਕੇ ਪੈਸਾ ਖ਼ਰਚਣ ਵਾਲੇ ਲੋਕਾਂ ਨੂੰ ਘੱਟ ਟੈਨਸ਼ਨ ਹੁੰਦੀ ਹੈ ਅਤੇ ਉਨ੍ਹਾਂ ’ਤੇ ਘੱਟ ਬੋਝ ਹੁੰਦਾ ਹੈ।”

ਪੈਸੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ? ਦੁਨੀਆਂ ਦੀ ਬਦਲ ਰਹੀ ਆਰਥਿਕ ਸਥਿਤੀ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ? ਕੀ ਪੈਸਾ ਤੁਹਾਡਾ ਮਾਲਕ ਹੈ ਜਾਂ ਤੁਹਾਡਾ ਗ਼ੁਲਾਮ? ਸ਼ਾਇਦ ਪੈਸੇ ਕਰਕੇ ਤੁਹਾਡੀ ਸਿਹਤ ਉੱਤੇ ਮਾੜਾ ਅਸਰ ਨਾ ਪਿਆ ਹੋਵੇ। ਫਿਰ ਵੀ ਅਮੀਰ-ਗ਼ਰੀਬ ਦੋਹਾਂ ਨੂੰ ਪੈਸੇ ਕਾਰਨ ਕੁਝ ਹੱਦ ਤਕ ਚਿੰਤਾ ਹੁੰਦੀ ਹੈ। ਧਿਆਨ ਦਿਓ ਕਿ ਤੁਸੀਂ ਪੈਸਾ ਖ਼ਰਚਣ ਦੇ ਸੰਬੰਧ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ ਤਾਂਕਿ ਤੁਹਾਨੂੰ ਮਨ ਦੀ ਸ਼ਾਂਤੀ ਅਤੇ ਜ਼ਿਆਦਾ ਖ਼ੁਸ਼ੀ ਮਿਲ ਸਕੇ। (g09 03)