Skip to content

Skip to table of contents

ਤੁਹਾਡਾ ਥਾਇਰਾਇਡ ਗਲੈਂਡ ਠੀਕ-ਠਾਕ ਕੰਮ ਕਰ ਰਿਹਾ ਹੈ?

ਤੁਹਾਡਾ ਥਾਇਰਾਇਡ ਗਲੈਂਡ ਠੀਕ-ਠਾਕ ਕੰਮ ਕਰ ਰਿਹਾ ਹੈ?

ਤੁਹਾਡਾ ਥਾਇਰਾਇਡ ਗਲੈਂਡ ਠੀਕ-ਠਾਕ ਕੰਮ ਕਰ ਰਿਹਾ ਹੈ?

ਬ੍ਰਾਜ਼ੀਲ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸਾ ਰਾ ਬਹੁਤ ਨਿਰਾਸ਼ ਹੋਈ ਜਦੋਂ ਉਸ ਦਾ ਗਰਭ ਸ਼ੁਰੂ-ਸ਼ੁਰੂ ਵਿਚ ਹੀ ਡਿੱਗ ਪਿਆ। ਸਾਲ ਕੁ ਬਾਅਦ ਉਸ ਨਾਲ ਦੁਬਾਰਾ ਇਸੇ ਤਰ੍ਹਾਂ ਹੋਇਆ। ਡਾਕਟਰੀ ਚੈੱਕਅਪ ਕਰਾਉਣ ’ਤੇ ਵੀ ਇਸ ਦਾ ਕੋਈ ਕਾਰਨ ਨਾ ਪਤਾ ਲੱਗਾ। ਸਮਾਂ ਬੀਤਣ ਨਾਲ ਸਾਰਾ ਦਾ ਭਾਰ ਵਧਣ ਲੱਗ ਪਿਆ ਹਾਲਾਂਕਿ ਉਹ ਆਪਣੀ ਖ਼ੁਰਾਕ ਦਾ ਬਹੁਤ ਧਿਆਨ ਰੱਖਦੀ ਸੀ ਤੇ ਬਾਕਾਇਦਾ ਕਸਰਤ ਕਰਦੀ ਸੀ। ਉਸ ਦੀਆਂ ਲੱਤਾਂ ਵਿਚ ਖੱਲੀਆਂ ਪੈਣ ਲੱਗ ਪਈਆਂ ਤੇ ਉਹ ਬਹੁਤ ਠੰਢ ਮਹਿਸੂਸ ਕਰਨ ਲੱਗ ਪਈ। ਅਖ਼ੀਰ ਵਿਚ ਬਲੱਡ ਟੈੱਸਟ ਅਤੇ ਥਾਇਰਾਇਡ ਗਲੈਂਡ ਦਾ ਅਲਟ੍ਰਾਸਾਊਂਡ ਕਰਾਉਣ ਤੋਂ ਬਾਅਦ ਪਤਾ ਚੱਲਿਆ ਕਿ ਸਾਰਾ ਨੂੰ ਹਾਸ਼ੀਮੋਟੋ ਨਾਂ ਦਾ ਥਾਇਰਾਇਡ ਰੋਗ ਹੈ ਜੋ ਉਸ ਦੇ ਗਰਭ ਡਿੱਗਣ ਦਾ ਕਾਰਨ ਹੋ ਸਕਦਾ ਸੀ। *

ਆਮ ਲੋਕਾਂ ਦੀ ਤਰ੍ਹਾਂ ਸਾਰਾ ਨੇ ਵੀ ਆਪਣੇ ਥਾਇਰਾਇਡ ਬਾਰੇ ਕਦੇ ਨਹੀਂ ਸੀ ਸੋਚਿਆ। ਪਰ ਉਸ ਦੀ ਖ਼ਰਾਬ ਸਿਹਤ ਤੋਂ ਦੇਖਿਆ ਜਾ ਸਕਦਾ ਹੈ ਕਿ ਇਹ ਗਲੈਂਡ ਸਾਡੇ ਸਰੀਰ ਵਿਚ ਕਿੰਨੀ ਅਹਿਮੀਅਤ ਰੱਖਦਾ ਹੈ।

ਥਾਇਰਾਇਡ ਗਲੈਂਡ

ਤਿਤਲੀ ਦੀ ਸ਼ਕਲ ਵਰਗਾ ਇਹ ਛੋਟਾ ਜਿਹਾ ਗਲੈਂਡ ਗਲੇ ਦੇ ਮੋਹਰਲੇ ਹਿੱਸੇ ਵਿਚ ਘੰਡੀ ਦੇ ਹੇਠਾਂ ਪਾਇਆ ਜਾਂਦਾ ਹੈ। ਇਸ ਦੇ ਦੋ ਹਿੱਸੇ ਹੁੰਦੇ ਹਨ ਜੋ ਸਾਡੀ ਸਾਹ-ਨਾਲੀ ਦੁਆਲੇ ਲਪੇਟੇ ਹੋਏ ਹੁੰਦੇ ਹਨ ਤੇ ਇਸ ਦਾ ਵਜ਼ਨ 30 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਸਰੀਰ ਦੇ ਕੁਝ ਹੋਰ ਅੰਗਾਂ ਅਤੇ ਟਿਸ਼ੂਆਂ ਵਾਂਗ ਥਾਇਰਾਇਡ ਗਲੈਂਡ ਹਾਰਮੋਨ ਪੈਦਾ ਕਰਦਾ, ਉਨ੍ਹਾਂ ਨੂੰ ਜਮ੍ਹਾ ਰੱਖਦਾ ਅਤੇ ਉਨ੍ਹਾਂ ਨੂੰ ਸਿੱਧਾ ਖ਼ੂਨ ਦੇ ਵਿਚ ਛੱਡਦਾ ਹੈ।

ਥਾਇਰਾਇਡ ਬਾਰੀਕ-ਬਾਰੀਕ ਥੈਲੀਆਂ ਦਾ ਬਣਿਆ ਹੈ ਜੋ ਗਾੜ੍ਹੇ ਪਾਣੀ ਵਰਗੇ ਪਦਾਰਥ ਨਾਲ ਭਰੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਥਾਇਰਾਇਡ ਹਾਰਮੋਨ ਹੁੰਦੇ ਹਨ। ਇਹ ਹਾਰਮੋਨ ਆਇਓਡੀਨ ਨਾਲ ਰਚੇ ਹੁੰਦੇ ਹਨ। ਅਸਲ ਵਿਚ ਸਾਡੇ ਸਰੀਰ ਦੀ ਤਕਰੀਬਨ 80 ਫੀ ਸਦੀ ਆਇਓਡੀਨ ਥਾਇਰਾਇਡ ਵਿਚ ਹੀ ਹੁੰਦੀ ਹੈ। ਖ਼ੁਰਾਕ ਵਿਚ ਇਸ ਦੀ ਕਮੀ ਹੋਣ ਕਰਕੇ ਥਾਇਰਾਇਡ ਗਲੈਂਡ, ਜਾਂ ਗਿਲ੍ਹੜ ਆਮ ਨਾਲੋਂ ਵਧ ਜਾਂਦਾ ਹੈ। ਛੋਟਿਆਂ ਬੱਚਿਆਂ ਵਿਚ ਆਇਓਡੀਨ ਦੀ ਕਮੀ ਹੋਣ ਕਰਕੇ ਚੋਖੇ ਹਾਰਮੋਨ ਨਹੀਂ ਪੈਦਾ ਹੁੰਦੇ ਤੇ ਬੱਚੇ ਸਰੀਰਕ, ਮਾਨਸਿਕ ਤੇ ਲਿੰਗੀ ਤੌਰ ਤੇ ਨਹੀਂ ਵਧਦੇ-ਫੁੱਲਦੇ।

ਥਾਇਰਾਇਡ ਹਾਰਮੋਨਜ਼ ਦਾ ਕੰਮ

ਥਾਇਰਾਇਡ ਹਾਰਮੋਨਜ਼ ਨੂੰ T3, RT3 (ਰਿਵ੍ਰਸ T3) ਅਤੇ T4 ਕਿਹਾ ਜਾਂਦਾ ਹੈ। * T3 ਅਤੇ RT3 ਦੋਵੇਂ T4 ਤੋਂ ਉਤਪੰਨ ਹੁੰਦੇ ਹਨ, ਪਰ ਇਹ ਜ਼ਿਆਦਾਤਰ ਥਾਇਰਾਇਡ ਤੋਂ ਬਾਹਰ ਯਾਨੀ ਸਰੀਰ ਦੇ ਟਿਸ਼ੂਆਂ ਵਿਚ ਉਤਪੰਨ ਹੁੰਦੇ ਹਨ। ਇਸ ਲਈ ਜਦੋਂ ਸਰੀਰ ਨੂੰ ਹੋਰ ਥਾਇਰਾਇਡ ਹਾਰਮੋਨਜ਼ ਦੀ ਲੋੜ ਹੁੰਦੀ ਹੈ, ਤਾਂ ਇਹ ਗਲੈਂਡ ਸਾਡੇ ਖ਼ੂਨ ਵਿਚ T4 ਛੱਡ ਦਿੰਦਾ ਹੈ ਅਤੇ ਉੱਥੋਂ T4 ਅਤੇ ਦੂਜੇ ਹਾਰਮੋਨ (T3 ਤੇ RT3) ਸਾਰੇ ਸਰੀਰ ਦੇ ਸੈੱਲਾਂ ’ਤੇ ਅਸਰ ਪਾ ਸਕਦੇ ਹਨ।

ਜਿਵੇਂ ਐਕਸਿਲਰੇਟਰ ਗੱਡੀ ਦੇ ਇੰਜਣ ਦੀ ਸਪੀਡ ਨੂੰ ਕੰਟ੍ਰੋਲ ਕਰਦਾ ਹੈ, ਉਸੇ ਤਰ੍ਹਾਂ ਥਾਇਰਾਇਡ ਹਾਰਮੋਨ ਸਰੀਰ ਵਿਚ ਖ਼ੁਰਾਕ ਦੇ ਰਚਣ ਦੀ ਕ੍ਰਿਆ ਨੂੰ ਸਹੀ ਰੱਖਦੇ ਹਨ। ਇਸ ਰਸਾਇਣਕ ਕ੍ਰਿਆ ਸਦਕਾ ਸਰੀਰ ਦੇ ਸੈੱਲਾਂ ਵਿਚ ਊਰਜਾ ਤੇ ਨਵੇਂ ਟਿਸ਼ੂ ਪੈਦਾ ਹੁੰਦੇ ਹਨ। ਇਸ ਤਰ੍ਹਾਂ ਥਾਇਰਾਇਡ ਹਾਰਮੋਨਜ਼ ਕਾਰਨ ਨਵੇਂ ਟਿਸ਼ੂ ਬਣਦੇ ਹਨ ਤੇ ਇਨ੍ਹਾਂ ਦੀ ਮੁਰੰਮਤ ਹੁੰਦੀ ਹੈ, ਦਿਲ ਦੀ ਧੜਕਣ ’ਤੇ ਅਸਰ ਪੈਂਦਾ ਹੈ ਅਤੇ ਮਾਸ-ਪੇਸ਼ੀਆਂ ਅਤੇ ਸਰੀਰ ਦੀ ਗਰਮੀ ਲਈ ਊਰਜਾ ਬਣਦੀ ਰਹਿੰਦੀ ਹੈ।

ਥਾਇਰਾਇਡ ਹਾਰਮੋਨ ਹੋਰ ਵੀ ਜ਼ਰੂਰੀ ਕੰਮ ਕਰਦੇ ਹਨ। ਮਿਸਾਲ ਲਈ, ਉਹ ਸਾਡੇ ਜਿਗਰ ਵਿੱਚੋਂ ਵਾਧੂ ਟ੍ਰਾਈਗਲਿਸਰਾਈਡ ਅਤੇ ਘੱਟ ਸੰਘਣੇ ਲਾਈਪੋਪ੍ਰੋਟੀਨਸ ਯਾਨੀ ਹਾਨੀਕਾਰਕ ਕਲੈਸਟਰੋਲ ਨੂੰ ਖ਼ੂਨ ਵਿੱਚੋਂ ਕੱਢਣ ਵਿਚ ਮਦਦ ਕਰਦੇ ਹਨ। ਫਿਰ ਕਲੈਸਟਰੋਲ ਪਿੱਤ (bile) ਵਿਚ ਚਲਾ ਜਾਂਦਾ ਹੈ ਤੇ ਉੱਥੋਂ ਮੱਲ ਰਾਹੀਂ ਸਰੀਰ ਵਿੱਚੋਂ ਨਿਕਲ ਜਾਂਦਾ। ਦੂਸਰੇ ਪਾਸੇ, ਥਾਇਰਾਇਡ ਹਾਰਮੋਨ ਦੀ ਕਮੀ ਕਾਰਨ ਹਾਨੀਕਾਰਕ ਕਲੈਸਟਰੋਲ ਵਧ ਸਕਦਾ ਹੈ ਤੇ ਸੰਘਣੇ ਲਾਈਪੋਪ੍ਰੋਟੀਨਸ ਯਾਨੀ ਚੰਗੇ ਕਲੈਸਟਰੋਲ ਨੂੰ ਘਟਾ ਸਕਦਾ ਹੈ।

ਥਾਇਰਾਇਡ ਹਾਰਮੋਨ ਸਾਡੀਆਂ ਅੰਤੜੀਆਂ ਵਿਚ ਭੋਜਨ ਨੂੰ ਪਚਾਉਣ ਵਾਲੇ ਰਸਾਇਣਾਂ ਦੀ ਰਫ਼ਤਾਰ ਨੂੰ ਤੇਜ਼ ਕਰਦੇ ਹਨ, ਨਾਲੇ ਮਾਸ-ਪੇਸ਼ੀਆਂ ਦੇ ਸੁੰਘੜਨ ਦੀ ਰਫ਼ਤਾਰ (peristalsis) ਵਧਾਉਂਦੇ ਹਨ। ਇਸ ਲਈ ਲੋੜੋਂ ਵੱਧ ਥਾਇਰਾਇਡ ਹਾਰਮੋਨਜ਼ ਕਰਕੇ ਘੜੀ-ਮੁੜੀ ਮੱਲ ਤਿਆਗਣਾ ਪੈ ਸਕਦਾ ਹੈ ਤੇ ਲੋੜੋਂ ਘੱਟ ਹਾਰਮੋਨਜ਼ ਕਰਕੇ ਕਬਜ਼ ਹੋ ਸਕਦੀ ਹੈ।

ਥਾਇਰਾਇਡ ਨੂੰ ਕੀ ਕੰਟ੍ਰੋਲ ਕਰਦਾ ਹੈ?

ਦਿਮਾਗ਼ ਵਿਚ ਹਾਇਪੋਥੈਲਮਸ ਨਾਂ ਦਾ ਹਿੱਸਾ ਥਾਇਰਾਇਡ ਨੂੰ ਕੰਟ੍ਰੋਲ ਕਰਦਾ ਹੈ। ਜਦੋਂ ਹਾਇਪੋਥੈਲਮਸ ਥਾਇਰਾਇਡ ਹਾਰਮੋਨਜ਼ ਦੀ ਕਮੀ ਮਹਿਸੂਸ ਕਰਦਾ ਹੈ, ਤਾਂ ਉਹ ਦਿਮਾਗ਼ ਦੇ ਹੇਠਲੇ ਹਿੱਸੇ ਯਾਨੀ ਤਾਲੂ ਦੇ ਉੱਪਰ ਸਥਿਤ ਪਿਚੂਟਰੀ ਗਲੈਂਡ ਨੂੰ ਸਿਗਨਲ ਭੇਜਦਾ ਹੈ। ਫਿਰ ਇਹ ਗਲੈਂਡ ਥਾਇਰਾਇਡ ਨੂੰ ਉਤੇਜਿਤ ਕਰਨ ਵਾਲਾ ਹਾਰਮੋਨ ਖ਼ੂਨ ਵਿਚ ਛੱਡਦਾ ਹੈ ਤਾਂਕਿ ਥਾਇਰਾਇਡ ਹੋਰ ਹਾਰਮੋਨ ਪੈਦਾ ਕਰੇ।

ਇਸ ਤਰ੍ਹਾਂ ਡਾਕਟਰ ਖ਼ੂਨ ਵਿਚ ਥਾਇਰਾਇਡ ਉਤੇਜਿਤ ਕਰਨ ਵਾਲਾ ਹਾਰਮੋਨ ਅਤੇ ਥਾਇਰਾਇਡ ਹਾਰਮੋਨਜ਼ ਦੀ ਮਾਤਰਾ ਚੈੱਕ ਕਰ ਕੇ ਦੇਖ ਸਕਦੇ ਹਨ ਕਿ ਥਾਇਰਾਇਡ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਨਹੀਂ। ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਵਰਨਾ ਥਾਇਰਾਇਡ ਸੰਬੰਧੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਜਦੋਂ ਥਾਇਰਾਇਡ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ

ਥਾਇਰਾਇਡ ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਚੰਗੀ ਤਰ੍ਹਾਂ ਕੰਮ ਨਾ ਕਰੇ: ਖ਼ੁਰਾਕ ਵਿਚ ਆਇਓਡੀਨ ਦੀ ਕਮੀ, ਸਰੀਰਕ ਜਾਂ ਮਾਨਸਿਕ ਤਣਾਅ, ਜਨੈਟਿਕ ਨੁਕਸ, ਛੂਤ, ਬੀਮਾਰੀ (ਆਮ ਤੌਰ ਤੇ ਆਟੋਇਮਿਊਨ ਬੀਮਾਰੀ) ਜਾਂ ਦਵਾਈਆਂ ਦੇ ਨੁਕਸਾਨਦੇਹ ਅਸਰ। * ਵਧਿਆ ਹੋਇਆ ਥਾਇਰਾਇਡ ਜਾਂ ਗਿਲ੍ਹੜ ਕਿਸੇ ਰੋਗ ਦੀ ਨਿਸ਼ਾਨੀ ਹੋ ਸਕਦਾ ਹੈ। ਪੂਰਾ ਗਲੈਂਡ ਜਾਂ ਇਸ ਦਾ ਕੁਝ ਹਿੱਸਾ ਵਧਿਆ ਹੋ ਸਕਦਾ ਹੈ ਜਾਂ ਇਸ ਵਿਚ ਗਿਲਟੀਆਂ ਹੋ ਸਕਦੀਆਂ ਹਨ। ਭਾਵੇਂ ਗਿਲ੍ਹੜ ਰੋਗ ਜਾਨਲੇਵਾ ਨਹੀਂ ਹੁੰਦਾ, ਫਿਰ ਵੀ ਡਾਕਟਰ ਤੋਂ ਇਸ ਰੋਗ ਦਾ ਇਲਾਜ ਕਰਾਉਣਾ ਜ਼ਰੂਰੀ ਹੈ ਕਿਉਂਕਿ ਇਹ ਰੋਗ ਕੈਂਸਰ ਵਰਗੇ ਕਿਸੇ ਹੋਰ ਖ਼ਤਰਨਾਕ ਰੋਗ ਦੀ ਨਿਸ਼ਾਨੀ ਹੋ ਸਕਦਾ ਹੈ। *

ਆਮ ਤੌਰ ਤੇ ਸਹੀ ਢੰਗ ਨਾਲ ਕੰਮ ਨਾ ਕਰਨ ਵਾਲੇ ਥਾਇਰਾਇਡ ਗਲੈਂਡ ਜ਼ਿਆਦਾ ਜਾਂ ਘੱਟ ਹਾਰਮੋਨ ਪੈਦਾ ਕਰਦੇ ਹਨ। ਬਹੁਤ ਜ਼ਿਆਦਾ ਹਾਰਮੋਨ ਪੈਦਾ ਹੋਣ ਵਾਲੇ ਰੋਗ ਨੂੰ ਹਾਈਪਰਥਾਇਰਾਇਡਿਜ਼ਮ ਕਿਹਾ ਜਾਂਦਾ ਹੈ; ਤੇ ਬਹੁਤ ਘੱਟ ਹਾਰਮੋਨ ਪੈਦਾ ਹੋਣ ਵਾਲੇ ਰੋਗ ਨੂੰ ਹਾਈਪੋਥਾਇਰਾਇਡਿਜ਼ਮ ਕਿਹਾ ਜਾਂਦਾ ਹੈ। ਥਾਇਰਾਇਡ ਦਾ ਰੋਗ ਹੌਲੀ-ਹੌਲੀ ਹੁੰਦਾ ਹੈ ਤੇ ਇਸ ਦਾ ਪਤਾ ਨਹੀਂ ਲੱਗਦਾ। ਕਿਸੇ ਨੂੰ ਇਹ ਰੋਗ ਸ਼ਾਇਦ ਕਈ ਸਾਲਾਂ ਤੋਂ ਹੋਵੇ, ਪਰ ਉਸ ਨੂੰ ਸ਼ਾਇਦ ਪਤਾ ਵੀ ਨਾ ਚੱਲੇ। ਦੂਸਰੇ ਰੋਗਾਂ ਵਾਂਗ ਇਸ ਦਾ ਵੀ ਜਲਦੀ ਪਤਾ ਲਗਾ ਕੇ ਇਲਾਜ ਕਰਾਉਣ ਦਾ ਫ਼ਾਇਦਾ ਹੋ ਸਕਦਾ ਹੈ।

ਥਾਇਰਾਇਡ ਦੇ ਆਮ ਰੋਗਾਂ ਦੇ ਨਾਂ ਹਨ ਹਾਸ਼ੀਮੋਟੋ ਥਾਇਰਾਇਡਾਇਟਿਸ (Hashimoto’s thyroiditis) ਅਤੇ ਗ੍ਰੈਵਸ ਰੋਗ (Graves’ disease)। ਦੋਵੇਂ ਆਟੋਇਮਿਊਨ ਰੋਗ ਮੰਨੇ ਜਾਂਦੇ ਹਨ ਕਿਉਂਕਿ ਸਰੀਰ ਦੀ ਸੁਰੱਖਿਆ ਪ੍ਰਣਾਲੀ ਹੀ ਸਰੀਰ ਦੇ ਸੈੱਲਾਂ ਨੂੰ ਪਰਾਈ ਚੀਜ਼ ਸਮਝ ਕੇ ਨਸ਼ਟ ਕਰਨ ਲੱਗ ਪੈਂਦੀ ਹੈ। ਹਾਸ਼ੀਮੋਟੋ ਥਾਇਰਾਇਡਾਇਟਿਸ ਆਦਮੀਆਂ ਨਾਲੋਂ ਔਰਤਾਂ ਵਿਚ ਛੇ ਗੁਣਾ ਜ਼ਿਆਦਾ ਹੁੰਦਾ ਹੈ ਅਤੇ ਆਮ ਕਰਕੇ ਉਨ੍ਹਾਂ ਦੇ ਸਰੀਰ ਘੱਟ ਹਾਰਮੋਨ ਪੈਦਾ ਕਰਦੇ ਹਨ। ਗ੍ਰੈਵਸ ਰੋਗ ਔਰਤਾਂ ਵਿਚ ਅੱਠ ਗੁਣਾ ਜ਼ਿਆਦਾ ਹੁੰਦਾ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਸਰੀਰ ਜ਼ਿਆਦਾ ਹਾਰਮੋਨ ਪੈਦਾ ਕਰਦੇ ਹਨ।

ਇਸ ਬਾਰੇ ਵੱਖੋ-ਵੱਖਰੇ ਵਿਚਾਰ ਹਨ ਕਿ ਥਾਇਰਾਇਡ ਦੇ ਰੋਗ ਲਈ ਕਿੰਨੀ ਕੁ ਵਾਰੀ ਟੈੱਸਟ ਕਰਵਾਇਆ ਜਾਣਾ ਚਾਹੀਦਾ ਹੈ, ਪਰ ਨਵ-ਜੰਮੇ ਬੱਚਿਆਂ ਨੂੰ ਟੈੱਸਟ ਕਰਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ( “ਨਵ-ਜੰਮੇ ਬੱਚਿਆਂ ਲਈ ਅਹਿਮ ਟੈੱਸਟ” ਨਾਂ ਦੀ ਡੱਬੀ ਦੇਖੋ।) ਜੇ ਡਾਕਟਰੀ ਜਾਂਚ ਤੋਂ ਪਤਾ ਲੱਗੇ ਕਿ ਥਾਇਰਾਇਡ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਤਾਂ ਆਮ ਤੌਰ ਤੇ ਗਲੈਂਡ ’ਤੇ ਹਮਲਾ ਕਰਨ ਵਾਲੀਆਂ ਐਂਟੀਬਾਡੀਜ਼ ਲਈ ਟੈੱਸਟ ਕੀਤੇ ਜਾਂਦੇ ਹਨ। ਦੂਜੇ ਪਾਸੇ, ਜੇ ਟੈੱਸਟ ਤੋਂ ਪਤਾ ਚੱਲਦਾ ਹੈ ਕਿ ਥਾਇਰਾਇਡ ਲੋੜੋਂ ਵੱਧ ਕੰਮ ਕਰ ਰਿਹਾ, ਤਾਂ ਥਾਇਰਾਇਡ ਦਾ ਸਕੈਨ ਲਿਆ ਜਾਂਦਾ ਹੈ, ਪਰ ਸਿਰਫ਼ ਉਦੋਂ ਜੇ ਮਰੀਜ਼ ਗਰਭਵਤੀ ਨਾ ਹੋਵੇ ਤੇ ਨਾ ਹੀ ਬੱਚੇ ਨੂੰ ਦੁੱਧ ਚੁੰਘਾਉਂਦੀ ਹੋਵੇ। ਥਾਇਰਾਇਡ ਵਿਚ ਗਿਲਟੀਆਂ ਹੋਣ ਕਰਕੇ ਥਾਇਰਾਇਡ ਦੇ ਕੁਝ ਟਿਸ਼ੂ ਕੱਢ ਕੇ ਇਨ੍ਹਾਂ ਦੀ ਜਾਂਚ (biopsy) ਕਰਨੀ ਪੈ ਸਕਦੀ ਹੈ ਤਾਂਕਿ ਕੋਈ ਘਾਤਕ ਬੀਮਾਰੀ ਨਾ ਹੋਵੇ।

ਜਦੋਂ ਇਲਾਜ ਲਾਜ਼ਮੀ ਹੋਵੇ

ਦਿਲ ਦੀ ਤੇਜ਼ ਧੜਕਣ, ਮਾਸ-ਪੇਸ਼ੀਆਂ ਦਾ ਕੰਬਣਾ ਤੇ ਚਿੰਤਾ ਹਾਈਪਰਥਾਇਰਾਇਡਿਜ਼ਮ ਦੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਦਾ ਇਲਾਜ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਜਾਂ ਫਿਰ ਥਾਇਰਾਇਡ ਦੇ ਸੈੱਲਾਂ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂਕਿ ਗਲੈਂਡ ਘੱਟ ਹਾਰਮੋਨ ਪੈਦਾ ਕਰੇ। ਕਦੇ-ਕਦੇ ਓਪਰੇਸ਼ਨ ਕਰ ਕੇ ਥਾਇਰਾਇਡ ਨੂੰ ਸਰੀਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ।

ਹਾਈਪੋਥਾਇਰਾਇਡਿਜ਼ਮ ਦੇ ਰੋਗੀਆਂ ਜਾਂ ਜਿਨ੍ਹਾਂ ਮਰੀਜ਼ਾਂ ਦੇ ਥਾਇਰਾਇਡ ਨੂੰ ਕੱਢ ਦਿੱਤਾ ਗਿਆ ਹੈ, ਉਨ੍ਹਾਂ ਨੂੰ ਆਮ ਤੌਰ ਤੇ ਡਾਕਟਰ ਰੋਜ਼ T4 ਹਾਰਮੋਨ ਦੀਆਂ ਗੋਲੀਆਂ ਲੈਣ ਦੀ ਸਲਾਹ ਦਿੰਦੇ ਹਨ। ਡਾਕਟਰ ਉਨ੍ਹਾਂ ਦਾ ਧਿਆਨ ਰੱਖਦੇ ਹਨ ਤਾਂਕਿ ਮਰੀਜ਼ਾਂ ਨੂੰ ਸਹੀ ਮਾਤਰਾ ਵਿਚ ਦਵਾਈ ਦਿੱਤੀ ਜਾਵੇ। ਥਾਇਰਾਇਡ ਦੇ ਕੈਂਸਰ ਦੀਆਂ ਦਵਾਈਆਂ, ਓਪਰੇਸ਼ਨ, ਕੀਮੋਥੈਰਪੀ, ਰੇਡੀਓ-ਐਕਟਿਵ ਆਇਓਡੀਨ ਨਾਲ ਤੇ ਕਈ ਹੋਰ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਸਾਰਾ ਦਾ ਇਲਾਜ T4 ਹਾਰਮੋਨ ਰਿਪਲੇਸਮੈਂਟ ਥੈਰੇਪੀ ਨਾਲ ਠੀਕ-ਠਾਕ ਚੱਲ ਰਿਹਾ ਹੈ ਤੇ ਖ਼ੁਰਾਕ ਦੇ ਇਕ ਮਾਹਰ ਨੇ ਉਸ ਨੂੰ ਭੋਜਨ ਸੰਬੰਧੀ ਸਲਾਹ ਦਿੱਤੀ ਹੈ। ਉਹ ਪਹਿਲਾਂ ਨਾਲੋਂ ਤੰਦਰੁਸਤ ਹੈ। ਸਾਰਾ ਵਰਗੇ ਲੋਕਾਂ ਨੂੰ ਪਤਾ ਚੱਲਿਆ ਹੈ ਕਿ ਥਾਇਰਾਇਡ ਭਾਵੇਂ ਇਕ ਛੋਟਾ ਜਿਹਾ ਅੰਗ ਹੈ, ਪਰ ਇਹ ਵੱਡੀ ਮਹੱਤਤਾ ਰੱਖਦਾ ਹੈ। ਇਸ ਲਈ ਆਪਣੇ ਥਾਇਰਾਇਡ ਦੀ ਦੇਖ-ਭਾਲ ਕਰੋ। ਚੰਗਾ ਭੋਜਨ ਖਾਓ ਜਿਸ ਵਿਚ ਚੋਖੀ ਆਇਓਡੀਨ ਹੋਵੇ, ਜ਼ਿੰਦਗੀ ਵਿਚ ਪਰੇਸ਼ਾਨੀਆਂ ਘਟਾਓ ਤੇ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। (g09-E 05)

[ਫੁਟਨੋਟ]

^ ਪੈਰਾ 3 ਭਾਵੇਂ ਘੱਟ ਹਾਰਮੋਨ ਪੈਦਾ ਕਰਨ ਵਾਲੇ ਥਾਇਰਾਇਡ ਕਾਰਨ ਗਰਭ-ਅਵਸਥਾ ਵਿਚ ਕੋਈ-ਨ-ਕੋਈ ਮੁਸ਼ਕਲ ਆ ਸਕਦੀ ਹੈ, ਫਿਰ ਵੀ ਆਮ ਤੌਰ ਤੇ ਥਾਇਰਾਇਡ ਦੀਆਂ ਰੋਗੀ ਤੀਵੀਆਂ ਜ਼ਿਆਦਾਤਰ ਤੰਦਰੁਸਤ ਬੱਚੇ ਪੈਦਾ ਕਰਦੀਆਂ ਹਨ। ਪਰ ਇਸ ਹਾਲਤ ਵਿਚ ਔਰਤ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ-ਪਹਿਲ ਉਸ ਦੇ ਅਣਜੰਮੇ ਬੱਚੇ ਨੂੰ ਮਾਂ ਤੋਂ ਸਿਵਾਇ ਹੋਰ ਕਿਤਿਓਂ ਥਾਇਰਾਇਡ ਹਾਰਮੋਨ ਨਹੀਂ ਮਿਲਦਾ।

^ ਪੈਰਾ 9 T3 ਟ੍ਰਾਈਡੋਥਾਇਰੋਨਾਇਨ ਹੈ ਅਤੇ T4 ਥਾਇਰੋਕਸੀਨ ਹੈ। 3 ਅਤੇ 4 ਨੰਬਰ ਸੰਕੇਤ ਕਰਦੇ ਹਨ ਕਿ ਆਇਓਡੀਨ ਦੇ ਕਿੰਨੇ ਐਟਮ ਹਾਰਮੋਨ ਨਾਲ ਜੁੜੇ ਹਨ। ਥਾਇਰਾਇਡ ਗਲੈਂਡ ਕੈਲਸੀਟੋਨਿਨ ਹਾਰਮੋਨ ਵੀ ਪੈਦਾ ਕਰਦਾ ਹੈ ਜੋ ਖ਼ੂਨ ਵਿਚ ਕੈਲਸੀਅਮ ਦੀ ਮਾਤਰਾ ਨੂੰ ਸਹੀ ਰੱਖਦਾ ਹੈ।

^ ਪੈਰਾ 17 ਜਾਗਰੂਕ ਬਣੋ! ਕਿਸੇ ਵੀ ਤਰ੍ਹਾਂ ਦੇ ਇਲਾਜ ਦਾ ਸੁਝਾਅ ਨਹੀਂ ਦਿੰਦਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਥਾਇਰਾਇਡ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਤਾਂ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ। ਡਾਕਟਰ ਤੁਹਾਨੂੰ ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਬਾਰੇ ਸਹੀ ਸਲਾਹ ਦੇ ਸਕੇਗਾ।

^ ਪੈਰਾ 17 ਉਨ੍ਹਾਂ ਲੋਕਾਂ ਨੂੰ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਜਿਨ੍ਹਾਂ ਦੇ ਸਿਰ ਅਤੇ ਗਰਦਨ ਦੇ ਇਲਾਜ ਲਈ ਰੇਡੀਏਸ਼ਨ ਦਾ ਇਸਤੇਮਾਲ ਹੋ ਚੁੱਕਾ ਹੈ ਜਾਂ ਜਿਨ੍ਹਾਂ ਨੂੰ ਪਹਿਲਾਂ ਕੈਂਸਰ ਹੋ ਚੁੱਕਾ ਹੈ ਜਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਥਾਇਰਾਇਡ ਦਾ ਕੈਂਸਰ ਹੈ।

[ਸਫ਼ਾ 23 ਉੱਤੇ ਸੁਰਖੀ]

ਜਿਵੇਂ ਐਕਸੀਲੇਟਰ ਗੱਡੀ ਦੇ ਇੰਜਣ ਦੀ ਸਪੀਡ ਨੂੰ ਕੰਟ੍ਰੋਲ ਕਰਦਾ ਹੈ, ਉਸੇ ਤਰ੍ਹਾਂ ਥਾਇਰਾਇਡ ਹਾਰਮੋਨ ਸਰੀਰ ਵਿਚ ਖ਼ੁਰਾਕ ਦੇ ਰਚਣ ਦੀ ਕ੍ਰਿਆ ਨੂੰ ਸਹੀ ਰੱਖਦੇ ਹਨ

[ਸਫ਼ਾ 25 ਉੱਤੇ ਸੁਰਖੀ]

ਥਾਇਰਾਇਡ ਦਾ ਰੋਗ ਹੌਲੀ-ਹੌਲੀ ਹੁੰਦਾ ਹੈ ਤੇ ਇਸ ਦਾ ਪਤਾ ਨਹੀਂ ਲੱਗਦਾ। ਕਿਸੇ ਨੂੰ ਇਹ ਰੋਗ ਸ਼ਾਇਦ ਕਈ ਸਾਲਾਂ ਤੋਂ ਹੋਵੇ, ਪਰ ਉਸ ਨੂੰ ਸ਼ਾਇਦ ਪਤਾ ਵੀ ਨਾ ਚੱਲੇ

[ਸਫ਼ਾ 24 ਉੱਤੇ ਡੱਬੀ/​ਡਾਇਆਗ੍ਰਾਮ]

ਆਮ ਨਿਸ਼ਾਨੀਆਂ

ਹਾਈਪਰਥਾਇਰਾਇਡਿਜ਼ਮ: ਹੱਦੋਂ ਵਧ ਘਬਰਾਹਟ ਮਹਿਸੂਸ ਹੋਣੀ, ਬਿਨਾਂ ਵਜ੍ਹਾ ਭਾਰ ਘਟਣਾ, ਦਿਲ ਦੀ ਤੇਜ਼ ਧੜਕਣ ਹੋਣੀ, ਘੜੀ-ਮੁੜੀ ਮੱਲ ਤਿਆਗਣਾ, ਮਾਹਵਾਰੀ ਸਮੇਂ ਸਿਰ ਨਾ ਆਉਣੀ, ਖਿੱਝ ਆਉਣੀ, ਚਿੰਤਾ ਕਰਨੀ, ਮੂਡ ਬਦਲਣਾ, ਡੇਲੇ ਬਾਹਰ ਨੂੰ ਨਿਕਲਣੇ, ਮਾਸ-ਪੇਸ਼ੀਆਂ ਵਿਚ ਕਮਜ਼ੋਰੀ, ਨੀਂਦ ਨਾ ਆਉਣੀ ਤੇ ਰੁੱਖੇ ਵਾਲ। *

ਹਾਈਪੋਥਾਇਰਾਇਡਿਜ਼ਮ: ਸਰੀਰਕ ਅਤੇ ਮਾਨਸਿਕ ਸੁਸਤੀ, ਬਿਨਾਂ ਵਜ੍ਹਾ ਭਾਰ ਵਧਣਾ, ਵਾਲਾਂ ਦਾ ਝੜਨਾ, ਕਬਜ਼, ਠੰਢ ਜ਼ਿਆਦਾ ਮਹਿਸੂਸ ਕਰਨੀ, ਮਾਹਵਾਰੀ ਸਮੇਂ ਸਿਰ ਨਾ ਆਉਣੀ, ਡਿਪਰੈਸ਼ਨ, ਆਵਾਜ਼ ਬਦਲਣੀ (ਭਾਰੀ ਜਾਂ ਧੀਮੀ ਆਵਾਜ਼), ਯਾਦਾਸ਼ਤ ਘੱਟਣੀ ਅਤੇ ਥਕਾਵਟ।

[ਫੁਟਨੋਟ]

^ ਪੈਰਾ 36 ਕੁਝ ਨਿਸ਼ਾਨੀਆਂ ਹੋਰਨਾਂ ਕਾਰਨਾਂ ਕਰਕੇ ਹੋ ਸਕਦੀਆਂ ਹਨ, ਸੋ ਜੇ ਤੁਸੀਂ ਠੀਕ ਨਹੀਂ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ।

[ਸਫ਼ਾ 24 ਉੱਤੇ ਡੱਬੀ]

 ਨਵ-ਜੰਮੇ ਬੱਚਿਆਂ ਲਈ ਅਹਿਮ ਟੈੱਸਟ

ਨਵ-ਜੰਮੇ ਬੱਚੇ ਦੇ ਲਹੂ ਦੀ ਜਾਂਚ ਕਰ ਕੇ ਦੇਖਿਆ ਜਾ ਸਕਦਾ ਹੈ ਕਿ ਉਸ ਦਾ ਥਾਇਰਾਇਡ ਚੰਗੀ ਤਰ੍ਹਾਂ ਕੰਮ ਕਰਦਾ ਹੈ ਜਾਂ ਨਹੀਂ। ਜੇ ਬਲੱਡ ਟੈੱਸਟ ਤੋਂ ਪਤਾ ਚੱਲਦਾ ਹੈ ਕਿ ਇਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਤਾਂ ਡਾਕਟਰ ਇਸ ਦਾ ਇਲਾਜ ਕਰ ਸਕਦੇ ਹਨ। ਥਾਇਰਾਇਡ ਹਾਰਮੋਨ ਦੀ ਕਮੀ ਕਾਰਨ ਬੱਚੇ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਸ਼ਾਇਦ ਵਾਧਾ ਨਾ ਹੋਵੇ। ਇਸ ਸਮੱਸਿਆ ਨੂੰ ਕ੍ਰਿਟੇਨਿਸਮ ਕਿਹਾ ਜਾਂਦਾ ਹੈ। ਇਸ ਕਰਕੇ ਜਨਮ ਤੋਂ ਕੁਝ ਹੀ ਦਿਨ ਬਾਅਦ ਬੱਚਿਆਂ ਦੇ ਥਾਇਰਾਇਡ ਦੀ ਜਾਂਚ ਕੀਤੀ ਜਾਂਦੀ ਹੈ।

[ਸਫ਼ਾ 25 ਉੱਤੇ ਡੱਬੀ/ਤਸਵੀਰ]

ਕੀ ਤੁਹਾਡੀ ਖ਼ੁਰਾਕ ਵਿਚ ਕੋਈ ਕਮੀ ਹੈ?

ਸਹੀ ਖ਼ੁਰਾਕ ਨਾਲ ਥਾਇਰਾਇਡ ਦੇ ਰੋਗ ਤੋਂ ਕੁਝ ਹੱਦ ਤਕ ਬਚਿਆ ਜਾ ਸਕਦਾ ਹੈ। ਮਿਸਾਲ ਲਈ, ਕੀ ਤੁਹਾਡੀ ਖ਼ੁਰਾਕ ਵਿਚ ਚੋਖੀ ਆਇਓਡੀਨ ਹੈ ਜੋ ਥਾਇਰਾਇਡ ਹਾਰਮੋਨ ਪੈਦਾ ਕਰਨ ਲਈ ਲਾਜ਼ਮੀ ਹੈ? ਖਾਰੇ ਪਾਣੀ ਵਾਲੀਆਂ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਵਿਚ ਇਹ ਲੋੜੀਂਦਾ ਤੱਤ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਹਰ ਇਲਾਕੇ ਦੀ ਮਿੱਟੀ ਵੱਖਰੀ ਹੁੰਦੀ ਹੈ ਜਿਸ ਕਰਕੇ ਸਬਜ਼ੀਆਂ ਤੇ ਮੀਟ ਵਿਚ ਆਇਓਡੀਨ ਵੱਖੋ-ਵੱਖਰੀ ਮਾਤਰਾ ਵਿਚ ਪਾਈ ਜਾਂਦੀ ਹੈ। ਆਇਓਡੀਨ ਦੀ ਕਮੀ ਪੂਰੀ ਕਰਨ ਲਈ ਕੁਝ ਸਰਕਾਰਾਂ ਲੋਕਾਂ ਦੀ ਸਿਹਤ ਲਈ ਲੂਣ ਵਿਚ ਆਇਓਡੀਨ ਰਲਾਉਣ ਦਾ ਇੰਤਜ਼ਾਮ ਕਰਦੀਆਂ ਹਨ।

ਥਾਇਰਾਇਡ ਵਾਸਤੇ ਸਿਲੀਨੀਅਮ ਵੀ ਜ਼ਰੂਰੀ ਹੈ। ਇਹ ਤੱਤ ਉਸ ਐਨਜ਼ਾਈਮ ਦਾ ਹਿੱਸਾ ਹੈ ਜੋ T4 ਹਾਰਮੋਨ ਨੂੰ T3 ਵਿਚ ਬਦਲਦਾ ਹੈ। ਪਰ ਸਬਜ਼ੀਆਂ, ਮੀਟ ਤੇ ਦੁੱਧ ਵਿਚ ਇਸ ਦੀ ਮਾਤਰਾ ਮਿੱਟੀ ਵਿਚ ਇਸ ਤੱਤ ਦੀ ਮਾਤਰਾ ’ਤੇ ਨਿਰਭਰ ਕਰਦੀ ਹੈ। ਕਣਕ ਅਤੇ ਚੌਲ ਵਿਚ ਸਿਲੀਨੀਅਮ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਥਾਇਰਾਇਡ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ, ਤਾਂ ਤੁਹਾਨੂੰ ਖ਼ੁਦ ਆਪਣਾ ਇਲਾਜ ਕਰਨ ਦੀ ਬਜਾਇ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

[ਸਫ਼ਾ 24 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਸਾਹ-ਨਾਲੀ

ਘੰਡੀ

ਥਾਇਰਾਇਡ

ਸਾਹ-ਨਾਲੀ