Skip to content

Skip to table of contents

ਲਾਡ-ਪਿਆਰ ਕਰਨਾ ਜ਼ਰੂਰੀ

ਲਾਡ-ਪਿਆਰ ਕਰਨਾ ਜ਼ਰੂਰੀ

ਲਾਡ-ਪਿਆਰ ਕਰਨਾ ਜ਼ਰੂਰੀ

“ਜਿੰਨਾ ਹੋ ਸਕੇ ਉਨ੍ਹਾਂ ਨੂੰ ਗਲੇ ਲਾਓ!” ਇਹ ਗੱਲ ਬੱਚਿਆਂ ਦੇ ਇਕ ਡਾਕਟਰ ਨੇ ਉਸ ਮਾਂ ਨੂੰ ਕਹੀ ਜਿਸ ਨੇ ਜੌੜਿਆਂ ਨੂੰ ਜਨਮ ਦਿੱਤਾ। ਇਸ ਮਾਂ ਨੇ ਉਸ ਡਾਕਟਰ ਨੂੰ ਪੁੱਛਿਆ ਸੀ ਕਿ ਬੱਚਿਆਂ ਨੂੰ ਪਾਲਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਡਾਕਟਰ ਨੇ ਜਵਾਬ ਦਿੱਤਾ: “ਵੱਖ-ਵੱਖ ਤਰੀਕਿਆਂ ਨਾਲ ਲਾਡ-ਪਿਆਰ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਉਨ੍ਹਾਂ ਨੂੰ ਜੱਫੀ ਪਾਉਣੀ ਤੇ ਚੁੰਮਣਾ, ਉਨ੍ਹਾਂ ਨਾਲ ਕੋਮਲ ਹੋਣਾ, ਉਨ੍ਹਾਂ ਨੂੰ ਸਮਝਣਾ, ਉਨ੍ਹਾਂ ਨਾਲ ਖ਼ੁਸ਼ ਹੋਣਾ, ਖੁੱਲ੍ਹੇ ਦਿਲ ਵਾਲੇ ਹੋਣਾ, ਮਾਫ਼ ਕਰਨਾ ਅਤੇ ਜ਼ਰੂਰਤ ਪੈਣ ਤੇ ਤਾੜਨਾ ਦੇਣੀ। ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਬੱਚਿਆਂ ਨੂੰ ਪਤਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ।”

ਛੋਹਣ ਬਾਰੇ ਅਮਰੀਕਾ ਵਿਚ ਮਿਆਮੀ ਯੂਨੀਵਰਸਿਟੀ ਦੀ ਰੀਸਰਚ ਇੰਸਟੀਚਿਊਟ ਦੀ ਡਾਇਰੈਕਟਰ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ: “ਛੋਹਣਾ ਬੱਚੇ ਦੀ ਪਰਵਰਿਸ਼ ਅਤੇ ਵਾਧੇ ਵਿਚ ਉੱਨਾ ਜ਼ਰੂਰੀ ਹੈ ਜਿੰਨਾ ਖ਼ੁਰਾਕ ਅਤੇ ਕਸਰਤ।”

ਨਿਆਣਿਆਂ ਤੋਂ ਇਲਾਵਾ ਕੀ ਸਿਆਣਿਆਂ ਨੂੰ ਵੀ ਪਿਆਰ ਕਰਨ ਅਤੇ ਛੋਹਣ ਦੀ ਜ਼ਰੂਰਤ ਹੈ? ਹਾਂ। ਇਕ ਮਨੋਵਿਗਿਆਨੀ ਨੇ ਰੀਸਰਚ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਚਾਹੇ ਸਾਡੀ ਉਮਰ ਜੋ ਵੀ ਹੋਵੇ, ਸਿਰਫ਼ ਗੱਲਾਂ ਨਾਲ ਹੀ ਨਹੀਂ, ਪਰ ਛੋਹਣ ਨਾਲ ਵੀ ਸਾਨੂੰ ਹੌਸਲੇ ਦੀ ਲੋੜ ਹੈ। ਇਹ ਚੰਗੀ ਸਿਹਤ ਲਈ ਜ਼ਰੂਰੀ ਹੈ। ਲੌਰਾ ਨਾਂ ਦੀ ਨਰਸ ਬਿਰਧ ਲੋਕਾਂ ਦੀ ਦੇਖ-ਭਾਲ ਕਰਦੀ ਹੈ। ਉਹ ਕਹਿੰਦੀ ਹੈ: “ਜਦੋਂ ਤੁਸੀਂ ਸਿਆਣਿਆਂ ਨੂੰ ਪਿਆਰ ਦਿਖਾਉਂਦੇ ਹੋ, ਤਾਂ ਇਸ ਦਾ ਉਨ੍ਹਾਂ ’ਤੇ ਬਹੁਤ ਅਸਰ ਪੈਂਦਾ ਹੈ। ਜਦੋਂ ਤੁਸੀਂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹੋ ਅਤੇ ਉਨ੍ਹਾਂ ਨੂੰ ਛੋਂਹਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਦਿਲ ਜਿੱਤ ਲੈਂਦੇ ਹੋ। ਉਹ ਤੁਹਾਡੇ ’ਤੇ ਇਤਬਾਰ ਕਰਦੇ ਹਨ ਅਤੇ ਤੁਹਾਡੀ ਗੱਲ ਮੰਨਣ ਲਈ ਤਿਆਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੀ ਇੱਜ਼ਤ ਕਰਦੇ ਹੋ।”

ਲਾਡ-ਪਿਆਰ ਕਰਨ ਦਾ ਫ਼ਾਇਦਾ ਲੈਣ ਵਾਲੇ ਨੂੰ ਹੀ ਨਹੀਂ, ਸਗੋਂ ਦੇਣ ਵਾਲੇ ਨੂੰ ਵੀ ਹੁੰਦਾ ਹੈ। ਯਿਸੂ ਨੇ ਵੀ ਇਕ ਵਾਰ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਸਾਨੂੰ ਖ਼ਾਸ ਕਰਕੇ ਉਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ ਜੋ ਪਰੇਸ਼ਾਨ, ਨਿਰਾਸ਼ ਜਾਂ ਡਰੇ ਹੋਏ ਹੁੰਦੇ ਹਨ। ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਮਦਦ ਮਿਲੀ ਸੀ।

ਇਕ ਵਾਰ ਯਿਸੂ ਨੂੰ ਇਕ ਆਦਮੀ ਮਿਲਿਆ ਜੋ “ਕੋੜ੍ਹ ਦਾ ਭਰਿਆ ਹੋਇਆ” ਸੀ ਤੇ ਸਮਾਜ ਵਿੱਚੋਂ ਛੇਕਿਆ ਹੋਇਆ ਸੀ। ਜ਼ਰਾ ਸੋਚੋ ਕਿ ਉਸ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ ਜਦ ਯਿਸੂ ਨੇ ਪਿਆਰ ਅਤੇ ਦਇਆ ਨਾਲ ਉਸ ਨੂੰ ਛੋਹਿਆ!—ਲੂਕਾ 5:12, 13; ਮੱਤੀ 8:1-3.

ਬੁੱਢੇ ਨਬੀ ਦਾਨੀਏਲ ਦੀ ਵੀ ਮਿਸਾਲ ਲੈ ਲਓ। ਜ਼ਰਾ ਸੋਚੋ ਕਿ ਉਸ ਨੂੰ ਕਿੰਨੀ ਤਾਕਤ ਮਿਲੀ ਹੋਵੇਗੀ ਜਦ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਉਸ ਨੂੰ ਤਿੰਨ ਵਾਰ ਛੋਹਿਆ ਅਤੇ ਆਪਣੀਆਂ ਗੱਲਾਂ ਰਾਹੀਂ ਉਸ ਨੂੰ ਹੌਸਲਾ ਦਿੱਤਾ। ਦਾਨੀਏਲ ਨੂੰ ਇਸੇ ਦੀ ਜ਼ਰੂਰਤ ਸੀ ਕਿਉਂਕਿ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਥੱਕਿਆ ਹੋਇਆ ਸੀ।—ਦਾਨੀਏਲ 10:9-11, 15, 16, 18, 19.

ਇਕ ਵਾਰ ਪੌਲੁਸ ਰਸੂਲ ਦੇ ਕੁਝ ਦੋਸਤ 30 ਮੀਲ ਦਾ ਸਫ਼ਰ ਕਰ ਕੇ ਅਫ਼ਸੁਸ ਤੋਂ ਮਿਲੇਤੁਸ ਉਸ ਨੂੰ ਮਿਲਣ ਆਏ। ਉੱਥੇ ਪੌਲੁਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸ਼ਾਇਦ ਉਸ ਨੂੰ ਫਿਰ ਕਦੇ ਨਾ ਮਿਲਣਗੇ। ਪੌਲੁਸ ਦਾ ਦਿਲ ਕਿੰਨਾ ਤਕੜਾ ਹੋਇਆ ਹੋਣਾ ਜਦ ਉਸ ਦੇ ਦੋਸਤਾਂ ਨੇ “ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ।”—ਰਸੂਲਾਂ ਦੇ ਕਰਤੱਬ 20:36, 37.

ਤਾਂ ਫਿਰ ਬਾਈਬਲ ਅਤੇ ਅੱਜ ਦੀ ਰੀਸਰਚ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਲਾਡ-ਪਿਆਰ ਕਰਨਾ ਕਿੰਨਾ ਜ਼ਰੂਰੀ ਹੈ। ਜਦ ਅਸੀਂ ਲਾਡ-ਪਿਆਰ ਕਰਦੇ ਹਾਂ, ਤਾਂ ਸਾਡੀ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ ਅਤੇ ਸਾਡਾ ਦਿਲ ਖ਼ੁਸ਼ ਹੁੰਦਾ ਹੈ। ਹਾਂ, ਭੁੱਲੋ ਨਾ ਕਿ ਸਿਰਫ਼ ਬੱਚਿਆਂ ਨੂੰ ਨਹੀਂ, ਪਰ ਵੱਡਿਆਂ ਨੂੰ ਵੀ ਪਿਆਰ ਦੀ ਜ਼ਰੂਰਤ ਹੈ। (g09-E 12)