Skip to content

Skip to table of contents

ਸਾਦੀ ਜ਼ਿੰਦਗੀ ਜੀਓ

ਸਾਦੀ ਜ਼ਿੰਦਗੀ ਜੀਓ

ਸਾਦੀ ਜ਼ਿੰਦਗੀ ਜੀਓ

ਸਾਦੀ ਜ਼ਿੰਦਗੀ ਜੀਉਣੀ ਫ਼ਾਇਦੇਮੰਦ ਹੈ। ਪਰ ਇਸ ਵਿਚ ਕੀ ਕੁਝ ਸ਼ਾਮਲ ਹੈ? ਪਹਿਲਾਂ ਇਹ ਸੋਚੋ ਕਿ ਤੁਸੀਂ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੰਦੇ ਹੋ।

ਆਪਣੇ ਆਪ ਨੂੰ ਪੁੱਛੋ: ‘ਮੈਂ ਆਪਣੀ ਜ਼ਿੰਦਗੀ ਵਿਚ ਕੀ-ਕੀ ਕੀਤਾ ਹੈ? ਮੈਂ ਹੋਰ ਕੀ ਕਰਨਾ ਚਾਹੁੰਦਾ ਹਾਂ?’ ਹੇਠਾਂ ਆਪਣੇ ਟੀਚੇ ਲਿਖੋ:

1. ․․․․․

2. ․․․․․

3. ․․․․․

ਅੱਜ ਬਹੁਤ ਲੋਕ ਆਉਣ ਵਾਲੇ ਕੱਲ੍ਹ ਬਾਰੇ ਨਹੀਂ ਸੋਚਦੇ ਅਤੇ ਉਨ੍ਹਾਂ ਲਈ ਸੋਹਣੀਆਂ-ਸੋਹਣੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਉਹ ਮੰਨਦੇ ਹਨ ਕਿ ਧਨ-ਦੌਲਤ ਇਕੱਠੀ ਕਰਨੀ ਸਭ ਕੁਝ ਹੈ। ਪਰ ਬਾਈਬਲ ਇਸ ਦੇ ਉਲਟ ਕਹਿੰਦੀ ਹੈ।

ਇਕ ਵਾਰ ਯਿਸੂ ਨੇ ਇਕ ਬੰਦੇ ਦੀ ਕਹਾਣੀ ਦੱਸੀ ਜਿਸ ਨੇ ਬਹੁਤ ਕੁਝ ਜੋੜਿਆ ਸੀ, ਪਰ ਉਹ ਚੀਜ਼ਾਂ ਜੋੜਦਾ-ਜੋੜਦਾ ਹੀ ਗੁਜ਼ਰ ਗਿਆ। “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” (ਲੂਕਾ 12:16-21) ਕੀ ਇੰਨੀ ਮਿਹਨਤ ਕਰਨੀ ਉਸ ਬੰਦੇ ਲਈ ਗ਼ਲਤ ਸੀ? ਬਿਲਕੁਲ ਨਹੀਂ। ਗੱਲ ਇਹ ਸੀ ਕਿ ਉਹ ਧਨ-ਦੌਲਤ ਇਕੱਠੀ ਕਰਨ ਵੇਲੇ ਰੱਬ ਨੂੰ ਭੁੱਲ ਬੈਠਾ। ਨਤੀਜਾ ਕੀ ਨਿਕਲਿਆ? ਉਸ ਦਾ ਸਾਰਾ ਧਨ ਤੇ ਉਸ ਦੀ ਸਾਰੀ ਮਿਹਨਤ ਉਸ ਦੇ ਕੰਮ ਨਹੀਂ ਆਈ। ਕਿੰਨੀ ਅਫ਼ਸੋਸ ਦੀ ਗੱਲ!—ਉਪਦੇਸ਼ਕ ਦੀ ਪੋਥੀ 2:17-21; ਮੱਤੀ 16:26.

ਇਸ ਦੇ ਉਲਟ ਯਿਸੂ ਸਾਨੂੰ ਅਜਿਹੀ ਮਿਹਨਤ ਕਰਨ ਲਈ ਕਹਿੰਦਾ ਹੈ ਜਿਸ ਦਾ ਫ਼ਾਇਦਾ ਹਮੇਸ਼ਾ ਲਈ ਹੋਵੇਗਾ। ਉਸ ਨੇ ਲੋਕਾਂ ਨੂੰ ਕਿਹਾ: “ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਉਣ ਤੀਕਰ ਰਹਿੰਦਾ ਹੈ।” (ਯੂਹੰਨਾ 6:27) ਇਸ ਤੋਂ ਪਹਿਲਾਂ ਯਿਸੂ ਨੇ ਇਹ ਵੀ ਕਿਹਾ ਸੀ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਇਹ ਕਿੰਨਾ ਸ਼ਾਨਦਾਰ ਇਨਾਮ ਹੈ!

ਚਿੰਤਾ ਦੂਰ ਕਰੋ

ਯਿਸੂ ਨੂੰ ਪਤਾ ਸੀ ਕਿ ਇਨਸਾਨ ਗੁਜ਼ਾਰਾ ਤੋਰਨ ਬਾਰੇ ਫ਼ਿਕਰ ਕਰਦੇ ਹਨ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਇਹ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਭਰਮ ਨਾ ਕਰੋ। ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਭਈ ਤੁਹਾਨੂੰ ਇਨ੍ਹਾਂ ਵਸਤਾਂ ਦੀ ਲੋੜ ਹੈ। ਪਰੰਤੂ ਤੁਸੀਂ ਉਹ ਦੇ ਰਾਜ ਨੂੰ ਭਾਲੋ ਤਾਂ ਤੁਹਾਨੂੰ ਏਹ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਲੂਕਾ 12:29-31.

ਇਨ੍ਹਾਂ ਸ਼ਬਦਾਂ ਨੇ ਬਹੁਤ ਸਾਰੇ ਮਸੀਹੀਆਂ ਨੂੰ ਹੌਸਲਾ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਹੋਰ ਸਾਦੀ ਬਣਾਉਣ। ਮਲੇਸ਼ੀਆ ਵਿਚ ਰਹਿਣ ਵਾਲੀ ਜੂਲੀਏਟ ਦੱਸਦੀ ਹੈ: “ਮੇਰੀ ਨੌਕਰੀ ਕਰਕੇ ਮੈਂ ਬਹੁਤ ਥੱਕੀ ਤੇ ਪਰੇਸ਼ਾਨ ਰਹਿੰਦੀ ਸੀ। ਸੋ ਮੈਂ ਤੇ ਮੇਰੇ ਪਤੀ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਸਾਦੀ ਬਣਾ ਸਕੀਏ। ਯਹੋਵਾਹ ਨੇ ਸਾਡੀ ਪ੍ਰਾਰਥਨਾ ਸੁਣੀ ਤੇ ਬਹੁਤ ਜਲਦੀ ਜਵਾਬ ਦਿੱਤਾ। ਇਕ ਮਹੀਨੇ ਦੇ ਵਿਚ-ਵਿਚ ਮੈਨੂੰ ਅਪਾਹਜ ਬੱਚਿਆਂ ਨੂੰ ਸਿਖਾਉਣ ਦੀ ਪਾਰਟ-ਟਾਈਮ ਨੌਕਰੀ ਮਿਲ ਗਈ।” ਆਸਟ੍ਰੇਲੀਆ ਵਿਚ ਰਹਿਣ ਵਾਲੇ ਸਟੀਵ ਦੀ ਵੀ ਮਿਸਾਲ ਲੈ ਲਓ। ਉਹ ਛੱਤਾਂ ਪਾਉਣ ਦਾ ਕੰਮ ਕਰਦਾ ਹੈ। ਉਸ ਨੇ ਘੱਟ ਕੰਮ ਕਰਨ ਦਾ ਫ਼ੈਸਲਾ ਕੀਤਾ ਤਾਂਕਿ ਉਹ ਆਪਣੇ ਪਰਿਵਾਰ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕਰ ਸਕੇ। ਉਸ ਦੀ ਪਤਨੀ ਮੋਰੀਨ ਕਹਿੰਦੀ ਹੈ: “ਮੇਰਾ ਪਤੀ ਪਹਿਲਾਂ ਨਾਲੋਂ ਬਹੁਤ ਖ਼ੁਸ਼ ਹੈ ਅਤੇ ਅਸੀਂ ਵੀ। ਆਪਣੀ ਜ਼ਿੰਦਗੀ ਸਾਦੀ ਬਣਾਉਣ ਨਾਲ ਪੂਰੇ ਪਰਿਵਾਰ ਨੂੰ ਫ਼ਾਇਦਾ ਹੋਇਆ ਹੈ।”

ਪਰ ਉਦੋਂ ਕੀ ਜੇ ਤੁਹਾਡੀ ਨੌਕਰੀ ਛੁੱਟ ਗਈ ਹੋਵੇ ਅਤੇ ਤੁਹਾਡੇ ਸਿਰ ’ਤੇ ਕਰਜ਼ਾ ਹੋਣ ਕਰਕੇ ਤੁਹਾਨੂੰ ਘਰ ਖੋਹ ਬੈਠਣ ਦਾ ਵੀ ਡਰ ਹੈ? ਉਸ ਵੇਲੇ ਯਿਸੂ ਦੀ ਸਲਾਹ ਉੱਤੇ ਚੱਲਣ ਲਈ ਪੱਕੀ ਨਿਹਚਾ ਦੀ ਲੋੜ ਪੈਂਦੀ ਹੈ। ਫਿਰ ਵੀ ਰੱਬ ਦੀ ਸੇਵਾ ਨੂੰ ਪਹਿਲ ਦੇਣ ਅਤੇ ਉਸ ਉੱਤੇ ਭਰੋਸਾ ਰੱਖਣ ਨਾਲ ਤੁਸੀਂ ਸਾਦੀ ਜ਼ਿੰਦਗੀ ਜੀ ਸਕਦੇ ਹੋ। ਇਸ ਤਰ੍ਹਾਂ ਤੁਸੀਂ “ਅਸਲ ਜੀਵਨ” ਦੀ ਉਮੀਦ ਰੱਖ ਸਕਦੇ ਹੋ ਯਾਨੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਜਿੱਥੇ ਸਾਰਿਆਂ ਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲੇਗਾ।—1 ਤਿਮੋਥਿਉਸ 6:17-19; ਯਸਾਯਾਹ 65:21-23.

ਕੀ ਤੁਸੀਂ ਇਸ “ਅਸਲ ਜੀਵਨ” ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ। (g10-E 01)

[ਸਫ਼ਾ 31 ਉੱਤੇ ਸੁਰਖੀ]

ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਾਰਿਆਂ ਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲੇਗਾ

[ਸਫ਼ਾ 30 ਉੱਤੇ ਡੱਬੀ]

ਕੀ ਤੁਸੀਂ ਘਰੋਂ ਬਾਹਰ ਕੋਈ ਕੰਮ ਲੱਭ ਸਕਦੇ ਹੋ?

ਹੇਠਾਂ ਕੁਝ ਕੰਮ ਦੱਸੇ ਗਏ ਹਨ ਜੋ ਬੇਰੋਜ਼ਗਾਰੀ ਦੌਰਾਨ ਕੁਝ ਦੇਸ਼ਾਂ ਵਿਚ ਕੀਤੇ ਜਾ ਸਕਦੇ ਹਨ:

● ਕਿਸੇ ਦੇ ਘਰ ਦੀ ਦੇਖ-ਭਾਲ ਕਰਨੀ (ਜਦ ਲੋਕ ਕਿਸੇ ਕੰਮ ਲਈ ਜਾਂ ਛੁੱਟੀਆਂ ਮਨਾਉਣ ਬਾਹਰ ਗਏ ਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਕੋਈ ਆ ਕੇ ਰਹੇ)

● ਸਫ਼ਾਈ ਦਾ ਕੰਮ: ਦੁਕਾਨ; ਦਫ਼ਤਰ; ਨਵੇਂ ਬਣਾਏ, ਅੱਗ ਲੱਗਣ ਤੋਂ ਬਾਅਦ ਜਾਂ ਖਾਲੀ ਕੀਤੇ ਜਾਣ ਤੋਂ ਬਾਅਦ ਘਰ ਅਤੇ ਅਪਾਰਟਮੈਂਟ; ਦੂਜਿਆਂ ਦੇ ਘਰਾਂ ਦੀ ਸਫ਼ਾਈ; ਘਰਾਂ ਤੇ ਦਫ਼ਤਰਾਂ ਦੇ ਸ਼ੀਸ਼ੇ

● ਮੁਰੰਮਤ: ਸਾਈਕਲ; ਬਿਜਲੀ ਤੇ ਚੱਲਣ ਵਾਲੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ (ਲਾਇਬ੍ਰੇਰੀ ਤੋਂ ਮੁਰੰਮਤ ਕਰਨ ਬਾਰੇ ਕਿਤਾਬਾਂ ਮਿਲ ਸਕਦੀਆਂ ਹਨ)

● ਘਰ ਦੇ ਕੰਮ: ਅਲਮਾਰੀਆਂ, ਦਰਵਾਜ਼ੇ, ਵਰਾਂਡੇ ਬਣਾਉਣੇ; ਰੰਗ ਕਰਨਾ, ਵਾੜ ਲਾਉਣੀ; ਛੱਤ ਦੀ ਮੁਰੰਮਤ

● ਖੇਤੀ-ਬਾੜੀ: ਫ਼ਸਲ ਬੀਜਣੀ, ਫਲ ਤੋੜਨਾ, ਵਾਢੀ ਕਰਨੀ

● ਦਫ਼ਤਰਾਂ, ਬੈਂਕਾਂ, ਡਿਉਢੀਆਂ ਤੇ ਸ਼ਾਪਿੰਗ ਮਾਲਜ਼ ਵਿਚ ਬੂਟਿਆਂ ਦੀ ਦੇਖ-ਭਾਲ

● ਕਿਸੇ ਇਮਾਰਤ ਦੀ ਮੈਨੇਜਮੈਂਟ: ਨਿਗਰਾਨ, ਸਫ਼ਾਈ ਕਰਨ ਵਾਲਾ (ਹੋ ਸਕਦਾ ਹੈ ਕਿ ਮੁਫ਼ਤ ਵਿਚ ਰਹਿਣ ਲਈ ਕਮਰਾ ਵੀ ਦਿੱਤਾ ਜਾਵੇ)

● ਕਾਰਪੈਟ ਜਾਂ ਲੱਕੜ ਦੀ ਫ਼ਰਸ਼ ਪਾਉਣੀ ਜਾਂ ਉਸ ਦੀ ਸਫ਼ਾਈ ਕਰਨੀ

● ਅਖ਼ਬਾਰਾਂ ਜਾਂ ਹੋਰ ਚੀਜ਼ਾਂ ਦੀ ਡਿਲਿਵਰੀ: ਇਸ਼ਤਿਹਾਰ, ਮਿਊਨਸਪੈਲਿਟੀ ਦੇ ਬਿਲ

● ਸਾਮਾਨ ਚੁੱਕਣਾ, ਟਿਕਾਉਣਾ

● ਬਾਗ਼ਬਾਨੀ, ਦਰਖ਼ਤ ਛਾਂਗਣੇ, ਘਾਹ ਕੱਟਣਾ, ਲੱਕੜ ਕੱਟਣੀ

● ਸਕੂਲ ਦੀ ਬਸ ਚਲਾਉਣੀ

● ਫੋਟੋਗ੍ਰਾਫੀ

● ਕੋਈ ਕੰਮ ਦੇ ਬਦਲੇ ਕਿਸੇ ਲਈ ਕੰਮ ਕਰਨਾ: ਗੱਡੀ ਦੀ ਮੁਰੰਮਤ ਕਰਾਉਣ ਲਈ ਬਿਜਲੀ ਦਾ ਕੋਈ ਕੰਮ, ਸਲਾਈ ਦੇ ਬਦਲੇ ਪਲੰਬਿੰਗ ਦਾ ਕੰਮ

[ਸਫ਼ਾ 31 ਉੱਤੇ ਡੱਬੀ/ਤਸਵੀਰ]

ਆਪਣੇ ਹੀ ਘਰੋਂ ਕੰਮ ਕਰਨਾ

ਆਪਣੇ ਗੁਆਂਢ ਵਿਚ ਸੋਚੋ ਕਿ ਕਿਹੜੇ ਕੰਮਾਂ ਦੀ ਲੋੜ ਹੈ। ਆਪਣੇ ਗੁਆਂਢੀਆਂ ਨੂੰ ਪੁੱਛੋ।

● ਕਿਸੇ ਦੇ ਬੱਚਿਆਂ ਨੂੰ ਸਾਂਭਣਾ

● ਆਪਣੀਆਂ ਉਗਾਈਆਂ ਹੋਈਆਂ ਸਬਜ਼ੀਆਂ ਜਾਂ ਫੁੱਲ ਵੇਚਣੇ; ਜੂਸ ਬਣਾ ਕੇ ਵੇਚਣਾ

● ਸਲਾਈ ਦਾ ਕੰਮ

● ਖਾਣਾ ਬਣਾਉਣਾ

● ਰਜਾਈਆਂ ਭਰਨੀਆਂ, ਕਰੋਸ਼ੀਆ, ਬੁਣਤੀ, ਧਾਗਿਆਂ ਨੂੰ ਗੰਢਾਂ ਦੇ ਕੇ ਬੁਣਾਈ ਕਰਨੀ, ਘੁਮਿਆਰਾ ਕੰਮ, ਹੋਰ ਤਰ੍ਹਾਂ ਦੀ ਕਾਰੀਗਰੀ

● ਫਰਨੀਚਰ ਦੀ ਮੁਰੰਮਤ, ਕੱਪੜਾ ਚਾੜ੍ਹਨਾ

● ਹਿਸਾਬ-ਕਿਤਾਬ, ਟਾਈਪਿੰਗ, ਕੰਪਿਊਟਰ ਦਾ ਕੰਮ

● ਲੋਕਾਂ ਲਈ ਟੈਲੀਫ਼ੋਨ ਕਾਲ ਲੈਣੇ

● ਵਾਲ ਕੱਟਣੇ

● ਕਿਰਾਏਦਾਰ ਰੱਖਣੇ

● ਇਸ਼ਤਿਹਾਰ ਦੇਣ ਵਾਲਿਆਂ ਲਈ ਲਿਫਾਫੇ ਭਰਨੇ

● ਗੱਡੀਆਂ ਧੋਣੀਆਂ (ਗਾਹਕ ਤੁਹਾਡੇ ਘਰ ਗੱਡੀ ਲੈ ਕੇ ਆਉਂਦੇ ਹਨ)

● ਪਾਲਤੂ ਜਾਨਵਰਾਂ ਦੀ ਦੇਖ-ਭਾਲ

● ਜਿੰਦੇ ਠੀਕ ਕਰਨੇ ਤੇ ਚਾਬੀਆਂ ਕੱਟਣੀਆਂ

ਨੋਟ: ਕਈ ਵਾਰ ਤੁਸੀਂ ਮੁਫ਼ਤ ਵਿਚ ਆਪਣੇ ਕੰਮ ਦੀ ਮਸ਼ਹੂਰੀ ਕਰ ਸਕਦੇ ਹੋ