Skip to content

Skip to table of contents

ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸੋਗ ਕਰਦੇ ਹਨ

ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸੋਗ ਕਰਦੇ ਹਨ

ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸੋਗ ਕਰਦੇ ਹਨ

“ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।”—ਜ਼ਬੂਰਾਂ ਦੀ ਪੋਥੀ 34:18.

ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ਤੋਂ ਬਾਅਦ ਤੁਹਾਨੂੰ ਸ਼ਾਇਦ ਸਦਮਾ ਪਹੁੰਚੇ, ਤੁਸੀਂ ਯਕੀਨ ਨਾ ਕਰੋ, ਤੁਸੀਂ ਗੁੰਮ-ਸੁੰਮ ਰਹੋ, ਦੋਸ਼ੀ ਮਹਿਸੂਸ ਕਰੋ ਜਾਂ ਗੁੱਸੇ ਹੋਵੋ। ਹਰੇਕ ਇਨਸਾਨ ਆਪੋ-ਆਪਣੇ ਤਰੀਕੇ ਨਾਲ ਸੋਗ ਮਨਾਉਂਦਾ ਹੈ। ਇਸ ਲਈ ਹੋ ਸਕਦਾ ਹੈ ਕਿ ਤੁਹਾਡੇ ਵਿਚ ਇਹ ਸਾਰੇ ਜਜ਼ਬਾਤ ਨਾ ਹੋਣ ਅਤੇ ਤੁਸੀਂ ਸ਼ਾਇਦ ਦੂਸਰਿਆਂ ਵਾਂਗ ਸੋਗ ਨਾ ਕਰੋ। ਪਰ ਜੇ ਤੁਸੀਂ ਆਪਣਾ ਦਿਲ ਹੌਲਾ ਕਰਨਾ ਚਾਹੁੰਦੇ ਹੋ, ਤਾਂ ਇਹ ਗ਼ਲਤ ਨਹੀਂ ਹੈ।

“ਆਪਣੇ ਆਪ ਨੂੰ ਸੋਗ ਕਰਨ ਤੋਂ ਨਾ ਰੋਕੋ!”

ਹੀਲੋਇਸਾ ਇਕ ਡਾਕਟਰ ਹੈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਰੱਖਿਆ। ਉਹ ਦੱਸਦੀ ਹੈ: “ਪਹਿਲਾਂ-ਪਹਿਲਾਂ ਮੈਂ ਰੋਈ, ਪਰ ਫਿਰ ਮੈਂ ਆਪਣੇ ਦਿਲ ’ਤੇ ਪੱਥਰ ਰੱਖਿਆ। ਮੈਂ ਉਵੇਂ ਹੀ ਕੀਤਾ ਜਿਵੇਂ ਮੈਂ ਆਪਣੇ ਕਿਸੇ ਮਰੀਜ਼ ਦੀ ਮੌਤ ਹੋਣ ਤੇ ਕਰਦੀ ਹਾਂ। ਸ਼ਾਇਦ ਇਸ ਕਰਕੇ ਮੇਰੀ ਸਿਹਤ ਖ਼ਰਾਬ ਹੋਈ। ਮੈਂ ਇਹੀ ਸਲਾਹ ਦਿਆਂਗੀ ਕਿ ਜੇ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ਹੋਈ ਹੈ, ਤਾਂ ਆਪਣੇ ਆਪ ਨੂੰ ਸੋਗ ਕਰਨ ਤੋਂ ਨਾ ਰੋਕੋ। ਜਦ ਤਕ ਤੁਹਾਡਾ ਦਿਲ ਹੌਲਾ ਨਹੀਂ ਹੁੰਦਾ, ਸੋਗ ਕਰਦੇ ਰਹੋ।”

ਪਰ ਜਿੱਦਾਂ-ਜਿੱਦਾਂ ਦਿਨ ਅਤੇ ਹਫ਼ਤੇ ਬੀਤਦੇ ਹਨ, ਤੁਹਾਨੂੰ ਸ਼ਾਇਦ ਸੇਸੀਲਿਯਾ ਵਾਂਗ ਲੱਗੇ ਜਿਸ ਦੇ ਪਤੀ ਦੀ ਕੈਂਸਰ ਕਰਕੇ ਮੌਤ ਹੋਈ। ਉਹ ਕਹਿੰਦੀ ਹੈ, “ਕਈ ਵਾਰ ਮੈਂ ਨਿਰਾਸ਼ ਹੁੰਦੀ ਹਾਂ ਕਿਉਂਕਿ ਦੂਸਰਿਆਂ ਨੂੰ ਲੱਗਦਾ ਹੈ ਕਿ ਮੈਨੂੰ ਹੁਣ ਸੋਗ ਨਹੀਂ ਕਰਨਾ ਚਾਹੀਦਾ।”

ਜੇ ਤੁਹਾਡੇ ਮਨ ਵਿਚ ਅਜਿਹੇ ਵਿਚਾਰ ਆਏ ਹਨ, ਤਾਂ ਯਾਦ ਰੱਖੋ ਕਿ ਸੋਗ ਕਰਨ ਦਾ ਇੱਕੋ ਤਰੀਕਾ ਨਹੀਂ ਹੈ। ਕੁਝ ਥੋੜ੍ਹੀ ਦੇਰ ਬਾਅਦ ਆਪਣੀ ਆਮ ਜ਼ਿੰਦਗੀ ਜੀਣ ਲੱਗ ਪੈਂਦੇ ਹਨ, ਪਰ ਦੂਸਰੇ ਇਸ ਤਰ੍ਹਾਂ ਨਹੀਂ ਕਰ ਪਾਉਂਦੇ। ਕੋਈ ਤੁਹਾਨੂੰ ਦੱਸ ਨਹੀਂ ਸਕਦਾ ਕਿ ਬਹੁਤ ਸਮਾਂ ਹੋ ਗਿਆ ਹੈ ਅਤੇ ਹੁਣ ਤੁਹਾਨੂੰ ਸੋਗ ਕਰਨ ਦੀ ਲੋੜ ਨਹੀਂ। *

ਪਰ ਉਦੋਂ ਕੀ ਜੇ ਤੁਸੀਂ ਨਿਰਾਸ਼ਾ ਦੇ ਡੂੰਘੇ ਟੋਏ ਵਿਚ ਡਿੱਗਦੇ ਜਾ ਰਹੇ ਹੋ? ਸ਼ਾਇਦ ਤੁਸੀਂ ਧਰਮੀ ਯਾਕੂਬ ਵਾਂਗ ਮਹਿਸੂਸ ਕਰੋ ਜਿਸ ਨੇ ਆਪਣੇ ਪਿਆਰੇ ਪੁੱਤਰ ਯੂਸੁਫ਼ ਦੀ ਮੌਤ ਬਾਰੇ ਸੁਣ ਕੇ “ਸ਼ਾਂਤ ਹੋਣਾ ਨਾ ਚਾਹਿਆ।” (ਉਤਪਤ 37:35) ਜੇ ਤੁਹਾਡੇ ਬਾਰੇ ਇਹ ਸੱਚ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਨਿਰਾਸ਼ਾ ਦੇ ਡੂੰਘੇ ਟੋਏ ਵਿਚ ਨਾ ਡਿੱਗੋ?

ਆਪਣਾ ਖ਼ਿਆਲ ਰੱਖੋ। ਸੇਸੀਲਿਯਾ ਕਹਿੰਦੀ ਹੈ: “ਕਦੇ-ਕਦੇ ਮੈਂ ਬਹੁਤ ਥੱਕ ਜਾਂਦੀ ਹਾਂ ਅਤੇ ਫਿਰ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਕੁਝ ਜ਼ਿਆਦਾ ਹੀ ਕਰ ਲਿਆ ਹੈ।” ਉਸ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਸੋਗ ਕਰਨ ਨਾਲ ਸਰੀਰ ਅਤੇ ਮਨ ਉੱਤੇ ਵੱਡਾ ਅਸਰ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖੋ। ਚੰਗੀ ਤਰ੍ਹਾਂ ਆਰਾਮ ਕਰੋ ਅਤੇ ਚੰਗੀ ਖ਼ੁਰਾਕ ਖਾਓ।

ਇਹ ਸੱਚ ਹੈ ਕਿ ਤੁਹਾਨੂੰ ਬਹੁਤੀ ਭੁੱਖ ਨਾ ਲੱਗੇ ਅਤੇ ਖਾਣਾ ਪਕਾਉਣ ਨੂੰ ਦਿਲ ਨਾ ਕਰੇ। ਪਰ ਜੇ ਤੁਸੀਂ ਚੰਗੀ ਖ਼ੁਰਾਕ ਨਾ ਖਾਓ, ਤਾਂ ਤੁਹਾਨੂੰ ਇਨਫ਼ੈਕਸ਼ਨ ਹੋ ਸਕਦੀ ਹੈ ਅਤੇ ਤੁਸੀਂ ਬੀਮਾਰ ਪੈ ਸਕਦੇ ਹੋ ਜਿਸ ਕਰਕੇ ਤੁਹਾਡਾ ਦੁੱਖ ਹੋਰ ਵਧੇਗਾ। ਇਸ ਲਈ ਸਿਹਤ ਬਣਾਈ ਰੱਖਣ ਲਈ ਥੋੜ੍ਹਾ-ਬਹੁਤਾ ਖਾਣ ਦੀ ਕੋਸ਼ਿਸ਼ ਕਰੋ। *

ਜੇ ਹੋ ਸਕੇ, ਤਾਂ ਕਸਰਤ ਕਰਨ ਦੀ ਕੋਸ਼ਿਸ਼ ਕਰੋ। ਸੈਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। ਤੁਹਾਨੂੰ ਨਾ ਸਿਰਫ਼ ਘਰੋਂ ਨਿਕਲਣ ਦਾ ਮੌਕਾ ਮਿਲਦਾ ਹੈ, ਪਰ ਜਦੋਂ ਤੁਸੀਂ ਕਸਰਤ ਕਰਦੇ ਹੋ, ਤਾਂ ਤੁਹਾਡਾ ਸਰੀਰ ਐਨਡੋਰਫਿਨ ਨਾਂ ਦਾ ਰਸਾਇਣ ਪੈਦਾ ਕਰਦਾ ਹੈ ਜਿਸ ਨਾਲ ਤੁਹਾਡੇ ਮੂਡ ’ਤੇ ਚੰਗਾ ਅਸਰ ਪੈਂਦਾ ਹੈ।

ਦੂਸਰਿਆਂ ਤੋਂ ਮਦਦ ਲਓ। ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਤੁਹਾਡੇ ਜੀਵਨ-ਸਾਥੀ ਦੀ ਮੌਤ ਹੁੰਦੀ ਹੈ। ਸ਼ਾਇਦ ਘਰ ਦੇ ਕਈ ਕੰਮ ਉਹ ਕਰਦੇ ਹੁੰਦੇ ਸਨ ਜਿਹੜੇ ਹੁਣ ਤੁਹਾਨੂੰ ਕਰਨੇ ਪੈਣ। ਮਿਸਾਲ ਲਈ, ਜੇ ਘਰ ਦੇ ਖ਼ਰਚੇ ਜਾਂ ਘਰੇਲੂ ਕੰਮ ਤੁਹਾਡਾ ਜੀਵਨ-ਸਾਥੀ ਕਰਦਾ ਹੁੰਦਾ ਸੀ, ਤਾਂ ਪਹਿਲਾਂ-ਪਹਿਲ ਤੁਹਾਨੂੰ ਇਹ ਕਰਨੇ ਔਖੇ ਲੱਗਣ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ, ਤਾਂ ਸ਼ਾਇਦ ਤੁਹਾਡਾ ਕੋਈ ਸਮਝਦਾਰ ਦੋਸਤ ਤੁਹਾਡੀ ਮਦਦ ਕਰ ਸਕੇ।—ਕਹਾਉਤਾਂ 25:11.

ਬਾਈਬਲ ਕਹਿੰਦੀ ਹੈ ਕਿ ਮਿੱਤ੍ਰ “ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਇਸ ਲਈ ਇਹ ਸਮਝ ਕੇ ਦੂਸਰਿਆਂ ਤੋਂ ਦੂਰ ਨਾ ਰਹੋ ਕਿ ਤੁਸੀਂ ਉਨ੍ਹਾਂ ’ਤੇ ਬੋਝ ਹੋ। ਇਸ ਤੋਂ ਉਲਟ ਦੂਜਿਆਂ ਨੂੰ ਮਿਲਣ-ਗਿਲਣ ਨਾਲ ਇਨ੍ਹਾਂ ਮੁਸ਼ਕਲ ਘੜੀਆਂ ਵਿਚ ਤੁਹਾਡੀ ਮਦਦ ਹੋਵੇਗੀ। ਸੈਲੀ ਨਾਂ ਦੀ ਕੁੜੀ ਦੀ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਨੂੰ ਦੂਸਰਿਆਂ ਨਾਲ ਸਮਾਂ ਗੁਜ਼ਾਰ ਕੇ ਬਹੁਤ ਹੌਸਲਾ ਮਿਲਦਾ ਸੀ। ਉਹ ਦੱਸਦੀ ਹੈ, “ਮੇਰੇ ਦੋਸਤਾਂ ਨੇ ਮੈਨੂੰ ਇਕੱਲੀ ਨਹੀਂ ਛੱਡਿਆ ਜਿਸ ਕਰਕੇ ਮੈਨੂੰ ਲੱਗਾ ਕਿ ਮੇਰਾ ਸਾਥ ਦੇਣ ਲਈ ਹਮੇਸ਼ਾ ਕੋਈ ਸੀ। ਮੈਨੂੰ ਚੰਗਾ ਲੱਗਦਾ ਸੀ ਜਦੋਂ ਕੋਈ ਮੈਨੂੰ ਪੁੱਛਦਾ ਸੀ: ‘ਤੁਸੀਂ ਆਪਣੀ ਮਾਂ ਦੀ ਜੁਦਾਈ ਕਿੱਦਾਂ ਸਹਿ ਰਹੇ ਹੋ?’ ਆਪਣੀ ਮਾਂ ਬਾਰੇ ਗੱਲਾਂ-ਬਾਤਾਂ ਕਰ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ।”

ਯਾਦ ਕਰੋ। ਉਨ੍ਹਾਂ ਖ਼ੁਸ਼ੀ ਦੇ ਸਮਿਆਂ ਨੂੰ ਯਾਦ ਕਰੋ ਜੋ ਤੁਸੀਂ ਆਪਣੇ ਪਿਆਰਿਆਂ ਨਾਲ ਬਿਤਾਏ ਸਨ। ਸ਼ਾਇਦ ਤੁਸੀਂ ਤਸਵੀਰਾਂ ਦੇਖ ਕੇ ਇਨ੍ਹਾਂ ਪਲਾਂ ਨੂੰ ਯਾਦ ਕਰ ਸਕਦੇ ਹੋ। ਇਹ ਸੱਚ ਹੈ ਕਿ ਪਹਿਲਾਂ-ਪਹਿਲ ਸ਼ਾਇਦ ਇਨ੍ਹਾਂ ਨੂੰ ਯਾਦ ਕਰਨ ਨਾਲ ਤੁਹਾਨੂੰ ਦੁੱਖ ਲੱਗੇਗਾ। ਪਰ ਸਮੇਂ ਦੇ ਬੀਤਣ ਨਾਲ ਇਹ ਯਾਦਾਂ ਤੁਹਾਨੂੰ ਦੁੱਖ ਪਹੁੰਚਾਉਣ ਦੀ ਬਜਾਇ ਤੁਹਾਡੀ ਮਦਦ ਕਰਨਗੀਆਂ।

ਤੁਸੀਂ ਆਪਣੇ ਦਿਲ ਦੀਆਂ ਗੱਲਾਂ ਡਾਇਰੀ ’ਤੇ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਵਿਚ ਤੁਸੀਂ ਉਨ੍ਹਾਂ ਮਿੱਠੀਆਂ ਯਾਦਾਂ ਨੂੰ ਲਿਖ ਸਕਦੇ ਹੋ ਜੋ ਤੁਸੀਂ ਉਨ੍ਹਾਂ ਨਾਲ ਬਿਤਾਈਆਂ ਸਨ। ਇਹ ਵੀ ਲਿਖ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਕੀ ਕਹਿੰਦੇ ਜੇ ਉਹ ਜੀਉਂਦੇ ਹੁੰਦੇ। ਆਪਣੀਆਂ ਗੱਲਾਂ ਨੂੰ ਲਿਖ ਕੇ ਪੜ੍ਹਨ ਨਾਲ ਤੁਹਾਡੇ ਲਈ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਸੌਖਾ ਹੋ ਸਕਦਾ ਹੈ। ਲਿਖਣ ਦੇ ਨਾਲ ਤੁਹਾਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਵਿਚ ਮਦਦ ਵੀ ਮਿਲ ਸਕਦੀ ਹੈ।

ਨਿਸ਼ਾਨੀਆਂ ਨੂੰ ਸਾਂਭ ਕੇ ਰੱਖਣ ਬਾਰੇ ਕੀ? ਇਸ ਬਾਰੇ ਸਾਰਿਆਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਕਿਉਂਕਿ ਸਾਰੇ ਅਲੱਗ-ਅਲੱਗ ਤਰੀਕੇ ਨਾਲ ਸੋਗ ਕਰਦੇ ਹਨ। ਕੁਝ ਸੋਚਦੇ ਹਨ ਕਿ ਇਨ੍ਹਾਂ ਨੂੰ ਸਾਂਭ ਕੇ ਰੱਖਣ ਨਾਲ ਉਹ ਆਪਣਾ ਦੁੱਖ ਨਹੀਂ ਭੁਲਾ ਸਕਣਗੇ ਜਦਕਿ ਦੂਜਿਆਂ ਨੂੰ ਇਸ ਤਰ੍ਹਾਂ ਕਰਨ ਨਾਲ ਮਦਦ ਮਿਲੇਗੀ। ਸੈਲੀ, ਜਿਸ ਬਾਰੇ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ : “ਮੈਂ ਆਪਣੀ ਮਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਨਾਲ ਵਿਛੋੜਾ ਸਹਿਣ ਵਿਚ ਮੇਰੀ ਮਦਦ ਹੁੰਦੀ ਹੈ।” *

‘ਸਰਬ ਦਿਲਾਸੇ ਦੇ ਪਰਮੇਸ਼ੁਰ’ ਉੱਤੇ ਭਰੋਸਾ ਰੱਖੋ। ਬਾਈਬਲ ਕਹਿੰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰਾਂ ਦੀ ਪੋਥੀ 55:22) ਰੱਬ ਨੂੰ ਪ੍ਰਾਰਥਨਾ ਕਰਨ ਨਾਲ ਸਿਰਫ਼ ਤੁਹਾਨੂੰ ਚੰਗਾ ਹੀ ਨਹੀਂ ਲੱਗੇਗਾ। ਪਰ ਉਸ ਨਾਲ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਉਹ ‘ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਵਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।’—2 ਕੁਰਿੰਥੀਆਂ 1:3, 4.

ਬਾਈਬਲ ਸਾਨੂੰ ਸਭ ਤੋਂ ਜ਼ਿਆਦਾ ਦਿਲਾਸਾ ਦਿੰਦੀ ਹੈ। ਪੌਲੁਸ ਰਸੂਲ ਨੇ ਕਿਹਾ: ਮੈਂ “ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਬਾਈਬਲ ਵਿਚ ਜੀ ਉਠਾਏ ਜਾਣ ਦੀ ਆਸ ਸੋਗ ਕਰਦੇ ਹੋਏ ਵਿਅਕਤੀ ਨੂੰ ਬਹੁਤ ਦਿਲਾਸਾ ਦੇ ਸਕਦੀ ਹੈ। * ਇਹ ਗੱਲ ਲੌਰੇਨ ਨਾਂ ਦੀ ਔਰਤ ਲਈ ਸੱਚ ਸਾਬਤ ਹੋਈ ਜਿਸ ਦੇ ਜਵਾਨ ਭਰਾ ਦੀ ਐਕਸੀਡੈਂਟ ਵਿਚ ਮੌਤ ਹੋਈ ਸੀ। ਉਹ ਦੱਸਦੀ ਹੈ: “ਭਾਵੇਂ ਮੈਂ ਜਿੰਨੀ ਮਰਜ਼ੀ ਉਦਾਸ ਹੁੰਦੀ ਸੀ ਫਿਰ ਵੀ ਮੈਂ ਬਾਈਬਲ ਪੜ੍ਹਦੀ ਸੀ, ਚਾਹੇ ਇਕ ਹੀ ਆਇਤ ਕਿਉਂ ਨਾ ਹੋਵੇ। ਮੈਂ ਉਨ੍ਹਾਂ ਆਇਤਾਂ ਨੂੰ ਵਾਰ-ਵਾਰ ਪੜ੍ਹਦੀ ਸੀ ਜਿਨ੍ਹਾਂ ਨਾਲ ਮੈਨੂੰ ਹੌਸਲਾ ਮਿਲਦਾ ਸੀ। ਮਿਸਾਲ ਲਈ, ਮੈਨੂੰ ਲਾਜ਼ਰ ਦੀ ਮੌਤ ਤੋਂ ਬਾਅਦ ਯਿਸੂ ਦੇ ਮਾਰਥਾ ਨੂੰ ਕਹੇ ਸ਼ਬਦਾਂ ਤੋਂ ਦਿਲਾਸਾ ਮਿਲਿਆ। ਯਿਸੂ ਨੇ ਉਸ ਨੂੰ ਕਿਹਾ: ‘ਤੇਰਾ ਭਰਾ ਜੀ ਉੱਠੇਗਾ।’”—ਯੂਹੰਨਾ 11:23.

‘ਹਰ ਵੇਲੇ ਉਦਾਸ ਨਾ ਰਹੋ’

ਭਾਵੇਂ ਮੁਸ਼ਕਲ ਹੀ ਕਿਉਂ ਨਾ ਹੋਵੇ, ਪਰ ਸੋਗ ਕਰਨ ਨਾਲ ਤੁਹਾਨੂੰ ਆਪਣੀ ਪਹਿਲਾਂ ਵਰਗੀ ਆਮ ਜ਼ਿੰਦਗੀ ਜੀਣ ਵਿਚ ਮਦਦ ਮਿਲੇਗੀ। ਇੱਦਾਂ ਕਰਨ ਨਾਲ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਾ ਕਰੋ ਕਿ ਤੁਸੀਂ ਉਨ੍ਹਾਂ ਨੂੰ ਭੁਲਾ ਰਹੇ ਹੋ। ਸੱਚ ਤਾਂ ਇਹ ਹੈ ਕਿ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਕਦੇ ਵੀ ਨਹੀਂ ਭੁੱਲੋਗੇ। ਕਈ ਵਾਰ ਤੁਸੀਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਯਾਦ ਕਰੋਗੇ, ਪਰ ਸਮੇਂ ਦੇ ਬੀਤਣ ਨਾਲ ਇਹ ਗਮ ਘੱਟਦਾ ਜਾਏਗਾ।

ਤੁਸੀਂ ਸ਼ਾਇਦ ਕੁਝ ਖੱਟੇ-ਮਿੱਠੇ ਪਲਾਂ ਨੂੰ ਯਾਦ ਕਰੋ। ਮਿਸਾਲ ਲਈ, ਐਸ਼ਲੀ ਦੱਸਦੀ ਹੈ: “ਮੈਨੂੰ ਯਾਦ ਹੈ ਕਿ ਮੇਰੀ ਮੰਮੀ ਦੇ ਗੁਜ਼ਰ ਜਾਣ ਤੋਂ ਇਕ ਦਿਨ ਪਹਿਲਾਂ ਕੀ ਹੋਇਆ ਸੀ। ਕਿੰਨੇ ਦਿਨਾਂ ਬਾਅਦ ਉਹ ਆਪਣੇ ਬੈੱਡ ਤੋਂ ਉੱਠੇ ਤੇ ਉਹ ਠੀਕ ਲੱਗਦੇ ਸਨ। ਜਦੋਂ ਮੇਰੀ ਭੈਣ ਮੰਮੀ ਦਾ ਸਿਰ ਵਾਹੁੰਦੀ ਸੀ, ਤਾਂ ਅਸੀਂ ਤਿੰਨੇਂ ਭੈਣਾਂ ਹੱਸਣ ਲੱਗੀਆਂ ਤੇ ਮੈਂ ਆਪਣੀ ਮੰਮੀ ਦੇ ਚਿਹਰੇ ’ਤੇ ਕਿੰਨੇ ਚਿਰਾਂ ਬਾਅਦ ਮੁਸਕਰਾਹਟ ਦੇਖੀ। ਉਸ ਨੂੰ ਆਪਣੀਆਂ ਧੀਆਂ ਨੂੰ ਖ਼ੁਸ਼ ਦੇਖ ਕੇ ਬਹੁਤ ਸਕੂਨ ਮਿਲਿਆ।”

ਤੁਸੀਂ ਇਹ ਵੀ ਯਾਦ ਕਰ ਸਕੋਗੇ ਕਿ ਉਨ੍ਹਾਂ ਨੇ ਤੁਹਾਨੂੰ ਕਿੰਨੀਆਂ ਵਧੀਆ ਗੱਲਾਂ ਸਿਖਾਈਆਂ। ਮਿਸਾਲ ਲਈ, ਸੈਲੀ ਕਹਿੰਦੀ ਹੈ: “ਮੰਮੀ ਇਕ ਬਹੁਤ ਵਧੀਆ ਟੀਚਰ ਸੀ। ਉਹ ਬਿਨਾਂ ਰੋਅਬ ਪਾਏ ਵਧੀਆ ਸਲਾਹ ਦਿੰਦੀ ਸੀ ਤੇ ਉਸ ਨੇ ਮੈਨੂੰ ਵੀ ਚੰਗੇ ਫ਼ੈਸਲੇ ਕਰਨੇ ਸਿਖਾਏ।”

ਜ਼ਿੰਦਗੀ ਜੀਣ ਲਈ ਤੁਹਾਡੇ ਅਜ਼ੀਜ਼ਾਂ ਦੀਆਂ ਮਿੱਠੀਆਂ ਯਾਦਾਂ ਤੁਹਾਡੀ ਮਦਦ ਕਰਨਗੀਆਂ। ਐਲਿਕਸ ਨਾਂ ਦੇ ਇਕ ਨੌਜਵਾਨ ਨਾਲ ਇਸ ਤਰ੍ਹਾਂ ਹੀ ਹੋਇਆ। ਉਹ ਦੱਸਦਾ ਹੈ: “ਡੈਡੀ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਠਾਣ ਲਿਆ ਕਿ ਮੈਂ ਉਸ ਤੋਂ ਸਿੱਖੀਆਂ ਗੱਲਾਂ ਕਦੀ ਨਹੀਂ ਭੁੱਲਾਂਗਾ। ਖ਼ਾਸ ਕਰਕੇ ਇਹ ਕਿ ਸਾਨੂੰ ਖ਼ੁਸ਼ੀ ਨਾਲ ਜ਼ਿੰਦਗੀ ਜੀਣੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਦੇ ਮੰਮੀ ਜਾਂ ਡੈਡੀ ਗੁਜ਼ਰ ਗਏ ਹਨ: ਇਹ ਸੱਚ ਹੈ ਕਿ ਉਨ੍ਹਾਂ ਦੀ ਮੌਤ ਦਾ ਗਮ ਤਾਂ ਹਮੇਸ਼ਾ ਰਹੇਗਾ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਹਰ ਵੇਲੇ ਉਦਾਸ ਰਹਿਣਾ ਚਾਹੀਦਾ ਹੈ। ਸੋਗ ਕਰਨਾ ਜ਼ਰੂਰੀ ਹੈ, ਪਰ ਇਹ ਨਾ ਭੁੱਲੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਜੀਣੀ ਪੈਣੀ ਹੈ।” (g11-E 04)

[ਫੁਟਨੋਟ]

^ ਪੈਰਾ 7 ਤੁਹਾਨੂੰ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਕਰਨਾ ਚਾਹੀਦਾ ਜਿਵੇਂ ਨਵਾਂ ਘਰ ਲੈਣਾ ਜਾਂ ਦੁਬਾਰਾ ਵਿਆਹ ਕਰਨ ਬਾਰੇ ਸੋਚਣਾ। ਤੁਹਾਨੂੰ ਅਜਿਹੇ ਫ਼ੈਸਲੇ ਸਿਰਫ਼ ਉਦੋਂ ਹੀ ਕਰਨੇ ਚਾਹੀਦੇ ਹਨ ਜਦੋਂ ਤੁਸੀਂ ਆਪਣੇ ਨਵੇਂ ਹਾਲਾਤਾਂ ਵਿਚ ਰਹਿਣਾ ਸਿੱਖ ਲਿਆ ਹੈ।

^ ਪੈਰਾ 10 ਭਾਵੇਂ ਸ਼ਰਾਬ ਪੀਣ ਨਾਲ ਤੁਸੀਂ ਆਪਣਾ ਗਮ ਭੁਲਾ ਸਕਦੇ ਹੋ, ਪਰ ਇਸ ਦਾ ਅਸਰ ਸਿਰਫ਼ ਥੋੜ੍ਹੀ ਦੇਰ ਲਈ ਹੀ ਹੁੰਦਾ ਹੈ। ਅਖ਼ੀਰ ਵਿਚ ਤੁਹਾਨੂੰ ਸ਼ਰਾਬ ਦੀ ਲੱਤ ਵੀ ਲੱਗ ਸਕਦੀ ਹੈ।

^ ਪੈਰਾ 16 ਹਰ ਕੋਈ ਅਲੱਗ ਤਰੀਕੇ ਨਾਲ ਸੋਗ ਕਰਦਾ ਹੈ। ਇਸ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੋਗ ਕਰਦੇ ਵਿਅਕਤੀ ਉੱਤੇ ਇਸ ਸੰਬੰਧੀ ਆਪਣੇ ਵਿਚਾਰ ਥੋਪਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।—ਗਲਾਤੀਆਂ 6:2, 5.

^ ਪੈਰਾ 18 ਇਹ ਜਾਣਨ ਲਈ ਕਿ ਮੁਰਦੇ ਕਿਸ ਹਾਲਤ ਵਿਚ ਹਨ ਤੇ ਜੀ ਉਠਾਏ ਜਾਣ ਬਾਰੇ ਰੱਬ ਦਾ ਕੀ ਵਾਅਦਾ ਹੈ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਛੇਵਾਂ ਅਤੇ ਸੱਤਵਾਂ ਅਧਿਆਏ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 31 ਉੱਤੇ ਸੁਰਖੀ]

“ਭਾਵੇਂ ਮੈਂ ਜਿੰਨੀ ਮਰਜ਼ੀ ਉਦਾਸ ਹੁੰਦੀ ਸੀ, ਫਿਰ ਵੀ ਮੈਂ ਬਾਈਬਲ ਪੜ੍ਹਦੀ ਸੀ, ਚਾਹੇ ਇਕ ਹੀ ਆਇਤ ਕਿਉਂ ਨਾ ਹੋਵੇ।”—ਲੌਰੇਨ

[ਸਫ਼ਾ 30 ਉੱਤੇ ਡੱਬੀ/ਤਸਵੀਰ]

ਦੋਸ਼ ਦੀਆਂ ਭਾਵਨਾਵਾਂ ਨੂੰ ਕਾਬੂ ਕਰਨਾ

ਸ਼ਾਇਦ ਕਈ ਵਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਲਾਪਰਵਾਹੀ ਕਰਕੇ ਸਾਡੇ ਅਜ਼ੀਜ਼ ਦੀ ਮੌਤ ਹੋਈ ਸੀ। ਪਰ, ਇਹ ਗੱਲ ਸਮਝਣ ਨਾਲ ਸਾਡੀ ਮਦਦ ਹੋਵੇਗੀ ਕਿ ਸੋਗ ਵੇਲੇ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ। ਇਸ ਦੇ ਨਾਲ-ਨਾਲ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੋਸ਼ੀ ਮਹਿਸੂਸ ਕਰਨ ਵੇਲੇ ਵੀ ਸਾਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਚਾਹੀਦੀਆਂ ਹਨ।

ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਪਿਆਰਿਆਂ ਦੀ ਜ਼ਿੰਦਗੀ ਸਾਡੇ ਵੱਸ ਵਿਚ ਨਹੀਂ ਹੈ। ਉਨ੍ਹਾਂ ਉੱਤੇ ਕਦੇ ਵੀ ‘ਬੁਰਾ ਸਮਾਂ ਆ ਸਕਦਾ ਹੈ’ ਚਾਹੇ ਅਸੀਂ ਉਨ੍ਹਾਂ ਨਾਲ ਜਿੰਨਾ ਮਰਜ਼ੀ ਪਿਆਰ ਕਿਉਂ ਨਾ ਕਰਦੇ ਹੋਈਏ। (ਉਪਦੇਸ਼ਕ 9:11, ਨਵਾਂ ਅਨੁਵਾਦ) ਮਿਸਾਲ ਲਈ, ਜੇ ਡਾਕਟਰ ਨੂੰ ਬੁਲਾਉਣ ਵਿਚ ਥੋੜ੍ਹੀ ਦੇਰ ਹੋ ਗਈ ਹੋਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਅਜ਼ੀਜ਼ ਬੀਮਾਰ ਹੋ ਕੇ ਮਰ ਜਾਵੇ? ਬਿਲਕੁਲ ਨਹੀਂ! ਅਸੀਂ ਤਾਂ ਉਸ ਦੀ ਭਲਾਈ ਚਾਹੁੰਦੇ ਸਾਂ। ਇਸ ਲਈ ਅਸੀਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਨਹੀਂ ਹਾਂ।

ਇਕ ਦੁਰਘਟਨਾ ਵਿਚ ਆਪਣੀ ਧੀ ਨੂੰ ਗੁਆ ਬੈਠਣ ਮਗਰੋਂ, ਇਕ ਮਾਂ ਨੇ ਦੱਸਿਆ ਕਿ ਉਸ ਨੇ ਦੋਸ਼ ਦੀਆਂ ਭਾਵਨਾਵਾਂ ਨਾਲ ਕਿੱਦਾਂ ਨਿਪਟਿਆ। ਉਸ ਨੇ ਕਿਹਾ: “ਮੈਂ ਆਪਣੇ ਆਪ ਨੂੰ ਕਸੂਰਵਾਰ ਠਹਿਰਾ ਰਹੀ ਸੀ ਕਿ ਮੈਨੂੰ ਆਪਣੀ ਬੱਚੀ ਨੂੰ ਬਾਹਰ ਨਹੀਂ ਘੱਲਣਾ ਚਾਹੀਦਾ ਸੀ। ਪਰ ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਸੀ। ਉਹ ਨੂੰ ਆਪਣੇ ਪਿਤਾ ਨਾਲ ਕਿਸੇ ਕੰਮ ਲਈ ਭੇਜਣ ਵਿਚ ਬੁਰਾਈ ਹੀ ਕੀ ਸੀ? ਇਹ ਇਕ ਭਿਆਨਕ ਹਾਦਸਾ ਸੀ ਜਿਸ ਵਿਚ ਮੇਰਾ ਕੋਈ ਕਸੂਰ ਨਹੀਂ ਸੀ।”

ਪਰ ਅਸੀਂ ਸ਼ਾਇਦ ਇਹ ਵੀ ਸੋਚੀਏ ਕਿ ‘ਕਾਸ਼ ਮੈਂ ਉਸ ਨੂੰ ਇੱਦਾਂ ਕਹਿੰਦਾ ਜਾਂ ਉਸ ਦੇ ਲਈ ਇੱਦਾਂ ਕਰਦਾ।’ ਹਾਂ, ਸ਼ਾਇਦ ਆਪਣੇ ਮਰ ਚੁੱਕੇ ਅਜ਼ੀਜ਼ ਲਈ ਕੁਝ ਹੋਰ ਕੀਤਾ ਜਾ ਸਕਦਾ ਸੀ। ਪਰ ਬਾਈਬਲ ਸਾਨੂੰ ਚੇਤੇ ਕਰਾਉਂਦੀ ਹੈ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੋ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ।” (ਯਾਕੂਬ 3:2; ਰੋਮੀਆਂ 5:12) ਪਛਤਾ-ਪਛਤਾ ਕੇ ਅਸੀਂ ਆਪਣੇ ਅਜ਼ੀਜ਼ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਜਿਹੇ ਜਜ਼ਬਾਤਾਂ ਵਿਚ ਡੁੱਬ ਕੇ ਅਸੀਂ ਆਪਣਾ ਨੁਕਸਾਨ ਜ਼ਰੂਰ ਕਰ ਲਵਾਂਗੇ। *

[ਫੁਟਨੋਟ]

^ ਪੈਰਾ 36 ਇਸ ਡੱਬੀ ਦੇ ਪੈਰੇ ਮੌਤ ਦਾ ਗਮ ਕਿੱਦਾਂ ਸਹੀਏ? ਨਾਂ ਦੇ ਬਰੋਸ਼ਰ ਵਿੱਚੋਂ ਲਏ ਗਏ ਹਨ ਜੋ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 29 ਉੱਤੇ ਤਸਵੀਰ]

ਕਦੇ-ਕਦੇ ਸੋਗ ਕਰ ਰਹੇ ਬਜ਼ੁਰਗ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦਿਲਾਸਾ ਦੇਣਾ ਪੈਂਦਾ ਹੈ

[ਸਫ਼ਾ 32 ਉੱਤੇ ਤਸਵੀਰਾਂ]

ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਸਹਿਣ ਲਈ ਆਪਣੇ ਵਿਚਾਰਾਂ ਨੂੰ ਡਾਇਰੀ ਵਿਚ ਲਿਖੋ, ਤਸਵੀਰਾਂ ਦੇਖੋ ਤੇ ਦੂਸਰਿਆਂ ਦੀ ਮਦਦ ਲਓ