Skip to content

Skip to table of contents

ਕੀ ਰੱਬ ਹਰ ਪਾਸੇ ਹੈ?

ਕੀ ਰੱਬ ਹਰ ਪਾਸੇ ਹੈ?

ਬਾਈਬਲ ਕੀ ਕਹਿੰਦੀ ਹੈ

ਕੀ ਰੱਬ ਹਰ ਪਾਸੇ ਹੈ?

ਕਈ ਲੋਕ ਮੰਨਦੇ ਹਨ ਕਿ ਰੱਬ ਹਰ ਵੇਲੇ ਹਰ ਜਗ੍ਹਾ ਮੌਜੂਦ ਹੁੰਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਬੇਨਤੀ ਕੀਤੀ: “ਤੂੰ ਆਪਣੀ ਰਹਿਣ ਦੀ ਥਾਂ ਤੇ ਸਾਡੀ ਪ੍ਰਾਰਥਨਾ ਸੁਣਨਾ।” (1 ਰਾਜਿਆਂ 8:30, 39, CL) ਬਾਈਬਲ ਦੱਸਦੀ ਹੈ ਕਿ ਰੱਬ ਦੇ ਰਹਿਣ ਦਾ ਪੱਕਾ ਟਿਕਾਣਾ ਹੈ। ਸੁਲੇਮਾਨ ਨੇ ਇਸ ਟਿਕਾਣੇ ਨੂੰ “ਸਵਰਗ” ਕਿਹਾ ਸੀ। ਪਰ ਇਸ ਦਾ ਕੀ ਮਤਲਬ ਹੈ?

ਬਾਈਬਲ ਵਿਚ ਜਦੋਂ “ਅਕਾਸ਼” ਸ਼ਬਦ ਵਰਤਿਆ ਜਾਂਦਾ ਹੈ, ਤਾਂ ਉਸ ਦਾ ਮਤਲਬ ਉਹ ਆਕਾਸ਼ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ। (ਉਤਪਤ 2:1, 4) ਰੱਬ ਨੇ ਸਭ ਕੁਝ ਬਣਾਇਆ ਹੈ ਇਸ ਲਈ ਉਸ ਦਾ ਰਹਿਣ ਦਾ ਟਿਕਾਣਾ ਆਕਾਸ਼ ਅਤੇ ਧਰਤੀ ਬਣਾਉਣ ਤੋਂ ਪਹਿਲਾਂ ਹੀ ਸੀ। ਸੋ ਰੱਬ ਦਾ ਟਿਕਾਣਾ ਆਕਾਸ਼ ਵਿਚ ਨਹੀਂ ਹੈ। ਇਸ ਲਈ ਜਦ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਸਵਰਗ ਵਿਚ ਰਹਿੰਦਾ ਹੈ, ਤਾਂ ਇਹ ਆਕਾਸ਼ ਜਾਂ ਪੁਲਾੜ ਦੀ ਗੱਲ ਨਹੀਂ ਕਰ ਰਹੀ ਹੁੰਦੀ।

ਇਕ ਸ਼ਾਨਦਾਰ ਝਲਕ

ਯੂਹੰਨਾ ਰਸੂਲ ਨੂੰ ਦਿੱਤੇ ਗਏ ਦਰਸ਼ਨ ਵਿਚ ਬਾਈਬਲ ਸਾਨੂੰ ਸਵਰਗ ਵਿਚ ਯਹੋਵਾਹ ਦੇ ਟਿਕਾਣੇ ਦੀ ਝਲਕ ਦਿੰਦੀ ਹੈ। ਉਸ ਦਰਸ਼ਨ ਵਿਚ ਯੂਹੰਨਾ ਨੇ ਸਵਰਗ ਵਿਚ ਇਕ ਖੁੱਲ੍ਹਾ ਦਰਵਾਜ਼ਾ ਦੇਖਿਆ ਅਤੇ ਫਿਰ ਇਕ ਆਵਾਜ਼ ਇਹ ਕਹਿੰਦੇ ਸੁਣੀ ਕਿ “ਐਧਰ ਉਤਾਹਾਂ ਨੂੰ ਆ ਜਾਹ।”—ਪਰਕਾਸ਼ ਦੀ ਪੋਥੀ 4:1.

ਇਸ ਤੋਂ ਬਾਅਦ ਯੂਹੰਨਾ ਨੂੰ ਯਹੋਵਾਹ ਪਰਮੇਸ਼ੁਰ ਦਾ ਸ਼ਾਨਦਾਰ ਦਰਸ਼ਨ ਦਿੱਤਾ ਗਿਆ। ਉਸ ਨੇ ਕੀ ਦੇਖਿਆ? ਬਾਈਬਲ ਕਹਿੰਦੀ ਹੈ: “ਸੁਰਗ ਵਿੱਚ ਇੱਕ ਸਿੰਘਾਸਣ ਧਰਿਆ ਹੋਇਆ ਹੈ . . . ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁਖ ਹੈ ਜੋ ਵੇਖਣ ਨੂੰ ਪੰਨੇ ਦੀ ਨਿਆਈਂ ਹੈ। . . . ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ . . . ਤੇ ਸਿੰਘਾਸਣ ਦੇ ਅੱਗੇ ਬਲੋਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ।”—ਪਰਕਾਸ਼ ਦੀ ਪੋਥੀ 4:2-6.

ਇੱਥੇ ਸਾਨੂੰ ਯਹੋਵਾਹ ਦੀ ਮਹਿਮਾ ਅਤੇ ਸ਼ਾਨ ਦਾ ਬੇਮਿਸਾਲ ਨਜ਼ਾਰਾ ਮਿਲਦਾ ਹੈ। ਧਿਆਨ ਦਿਓ ਕਿ ਯਹੋਵਾਹ ਦੇ ਸਿੰਘਾਸਣ ਦੇ ਆਲੇ-ਦੁਆਲੇ ਕਿਸ ਤਰ੍ਹਾਂ ਦਾ ਮਾਹੌਲ ਹੈ। ਮੇਘ ਧਣੁਖ ਯਾਨੀ ਸਤਰੰਗੀ ਪੀਂਘ ਸੁਖ-ਸ਼ਾਂਤੀ ਨੂੰ ਦਰਸਾਉਂਦੀ ਹੈ। ਬਿਜਲੀ ਦੀਆਂ ਲਿਸ਼ਕਾਂ, ਆਵਾਜ਼ਾਂ ਅਤੇ ਗਰਜਾਂ ਪਰਮੇਸ਼ੁਰ ਦੀ ਸ਼ਕਤੀ ਵੱਲ ਧਿਆਨ ਖਿੱਚਦੀਆਂ ਹਨ। ਕੱਚ ਦਾ ਸਮੁੰਦਰ ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਜਿਹੜੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਨ ਉਹ ਸ਼ੁੱਧ ਅਤੇ ਪਵਿੱਤਰ ਹਨ।

ਭਾਵੇਂ ਕਿ ਇਨ੍ਹਾਂ ਆਇਤਾਂ ਵਿਚ ਇਹ ਗੱਲਾਂ ਤਸਵੀਰਾਂ ਰਾਹੀਂ ਸਮਝਾਈਆਂ ਗਈਆਂ ਹਨ, ਪਰ ਇਹ ਸਾਨੂੰ ਪਰਮੇਸ਼ੁਰ ਦੇ ਰਹਿਣ ਦੇ ਟਿਕਾਣੇ ਬਾਰੇ ਦੱਸਦੀਆਂ ਹਨ। ਯਹੋਵਾਹ ਸਵਰਗ ਵਿਚ ਸਭ ਕੁਝ ਚੰਗੀ ਤਰ੍ਹਾਂ ਚਲਾਉਂਦਾ ਹੈ ਅਤੇ ਉਸ ਦੇ ਰਹਿਣ ਦੇ ਟਿਕਾਣੇ ਵਿਚ ਕੋਈ ਗੜਬੜ ਨਹੀਂ ਹੁੰਦੀ।

ਹਰ ਵੇਲੇ ਹਰ ਜਗ੍ਹਾ?

ਜੇ ਯਹੋਵਾਹ ਦੇ ਰਹਿਣ ਦਾ ਟਿਕਾਣਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਹਰ ਵੇਲੇ ਹਰ ਜਗ੍ਹਾ ਨਹੀਂ ਹੋ ਸਕਦਾ। ਤਾਂ ਫਿਰ ਉਹ “ਆਪਣੇ ਨਿਵਾਸ ਦੀ ਥਾਂ ਸਵਰਗ” ਤੋਂ ਕਿੱਦਾਂ ਜਾਣ ਸਕਦਾ ਹੈ ਕਿ ਕੀ ਹੋ ਰਿਹਾ ਹੈ? (2 ਇਤਹਾਸ 6:39, CL) ਇਕ ਤਰੀਕਾ ਹੈ ਆਪਣੀ ਪਵਿੱਤਰ ਸ਼ਕਤੀ ਰਾਹੀਂ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ [ਤੇਰੀ ਪਵਿੱਤਰ ਸ਼ਕਤੀ] ਤੋਂ ਕਿੱਧਰ ਜਾਵਾਂ, ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ? ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਵਾਂ, ਤੂੰ ਉੱਥੇ ਹੈਂ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ!”—ਜ਼ਬੂਰਾਂ ਦੀ ਪੋਥੀ 139:7-10.

ਇਹ ਸਮਝਣ ਲਈ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਿੰਨੀ ਕੁ ਦੂਰ ਤਕ ਪਹੁੰਚ ਸਕਦੀ ਹੈ, ਜ਼ਰਾ ਸੂਰਜ ਬਾਰੇ ਸੋਚੋ। ਸੂਰਜ ਦਾ ਆਪਣਾ ਇਕ ਟਿਕਾਣਾ ਹੈ, ਪਰ ਉਸ ਦੀ ਊਰਜਾ ਧਰਤੀ ਉੱਤੇ ਦੂਰ-ਦੂਰ ਤਕ ਫੈਲਦੀ ਹੈ। ਇਸੇ ਤਰ੍ਹਾਂ ਯਹੋਵਾਹ ਪਰਮੇਸ਼ੁਰ ਦਾ ਵੀ ਇਕ ਟਿਕਾਣਾ ਹੈ, ਪਰ ਉਹ ਪੂਰੇ ਬ੍ਰਹਿਮੰਡ ਵਿਚ ਕਿਤੇ ਵੀ ਆਪਣੀ ਇੱਛਾ ਪੂਰੀ ਕਰ ਸਕਦਾ ਹੈ। ਇਸ ਦੇ ਨਾਲ-ਨਾਲ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਕਿਸੇ ਵੀ ਵੇਲੇ ਪਤਾ ਕਰ ਸਕਦਾ ਹੈ ਕਿ ਕੀ ਹੋ ਰਿਹਾ ਹੈ। ਇਸੇ ਕਰਕੇ 2 ਇਤਹਾਸ 16:9 ਵਿਚ ਲਿਖਿਆ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”

ਬਹੁਤ ਸਾਰੇ ਫ਼ਰਿਸ਼ਤੇ ਵੀ ਪਰਮੇਸ਼ੁਰ ਦੇ ਅਧੀਨ ਹਨ। ਬਾਈਬਲ ਦੱਸਦੀ ਹੈ ਕਿ ਇਨ੍ਹਾਂ ਫ਼ਰਿਸ਼ਤਿਆਂ ਦੀ ਗਿਣਤੀ ਕਰੋੜਾਂ ਵਿਚ ਹੈ। * (ਦਾਨੀਏਲ 7:10) ਬਾਈਬਲ ਕਈ ਵਾਰ ਉਨ੍ਹਾਂ ਸਮਿਆਂ ਬਾਰੇ ਦੱਸਦੀ ਹੈ ਜਦ ਪਰਮੇਸ਼ੁਰ ਦੀ ਸੇਵਾ ਵਿਚ ਇਹ ਫ਼ਰਿਸ਼ਤੇ ਧਰਤੀ ਉੱਤੇ ਆਏ, ਇਨਸਾਨਾਂ ਨਾਲ ਗੱਲਾਂ ਕੀਤੀਆਂ ਅਤੇ ਫਿਰ ਪਰਮੇਸ਼ੁਰ ਨੂੰ ਜਾ ਕੇ ਖ਼ਬਰ ਦਿੱਤੀ। ਮਿਸਾਲ ਲਈ, ਅਬਰਾਹਾਮ ਦੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਸ਼ਹਿਰਾਂ ਬਾਰੇ ਦੁਹਾਈ ਸੁਣ ਕੇ ਆਪਣੇ ਦੂਤਾਂ ਨੂੰ ਧਰਤੀ ’ਤੇ ਭੇਜਿਆ। ਲੱਗਦਾ ਹੈ ਕਿ ਇਨ੍ਹਾਂ ਦੂਤਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ।—ਉਤਪਤ 18:20, 21, 33; 19:1, 13.

ਅਸੀਂ ਬਾਈਬਲ ਤੋਂ ਦੇਖ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਨੂੰ ਹਰ ਜਗ੍ਹਾ ਹੋਣ ਦੀ ਲੋੜ ਨਹੀਂ ਹੈ। ਆਪਣੀ ਪਵਿੱਤਰ ਸ਼ਕਤੀ ਤੇ ਆਪਣੇ ਦੂਤਾਂ ਰਾਹੀਂ ਉਹ ਜਾਣ ਸਕਦਾ ਹੈ ਕਿ ਬ੍ਰਹਿਮੰਡ ਵਿਚ ਕੀ ਹੋ ਰਿਹਾ ਹੈ।

ਬਾਈਬਲ ਤੋਂ ਅਸੀਂ ਸਿਰਜਣਹਾਰ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਸਿੱਖਿਆ ਹੈ ਕਿ ਉਹ ਸਵਰਗ ਵਿਚ ਰਹਿੰਦਾ ਹੈ ਨਾ ਕਿ ਆਕਾਸ਼ ਵਿਚ। ਸਵਰਗ ਵਿਚ ਪਰਮੇਸ਼ੁਰ ਦੇ ਨਾਲ ਕਰੋੜਾਂ ਹੀ ਫ਼ਰਿਸ਼ਤੇ ਵੀ ਵੱਸਦੇ ਹਨ। ਸਵਰਗ ਵਿਚ ਜਿੱਥੇ ਪਰਮੇਸ਼ੁਰ ਰਹਿੰਦਾ ਹੈ ਉੱਥੇ ਸੁਖ-ਸ਼ਾਂਤੀ ਅਤੇ ਸ਼ੁੱਧਤਾ ਦਾ ਮਾਹੌਲ ਹੈ ਨਾਲੇ ਉਸ ਦੀ ਸ਼ਕਤੀ ਦਾ ਸਬੂਤ ਵੀ ਮਿਲਦਾ ਹੈ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਉੱਤੇ ਵੀ ਅਮਨ-ਚੈਨ ਹੋਵੇਗਾ ਜਿਵੇਂ ਸਵਰਗ ਵਿਚ ਹੈ।—ਮੱਤੀ 6:10. (g11-E 04)

[ਫੁਟਨੋਟ]

^ ਪੈਰਾ 13 ਪਰਕਾਸ਼ ਦੀ ਪੋਥੀ 5:11 ਵਿਚ ਦੱਸਿਆ ਗਿਆ ਹੈ ਕਿ “ਲੱਖਾਂ ਅਤੇ ਕਰੋੜਾਂ” ਦੂਤ ਪਰਮੇਸ਼ੁਰ ਦੇ ਸਿੰਘਾਸਣ ਦੇ ਦੁਆਲੇ ਹਨ। ਪਰ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਕਰੋੜਾਂ ਦੀ ਗਿਣਤੀ ਵਿਚ ਕਿੰਨੇ ਹੀ ਦੂਤ ਹਨ।

ਕੀ ਤੁਸੀਂ ਕਦੇ ਸੋਚਿਆ ਹੈ?

● ਕੀ ਰੱਬ ਹਰ ਜਗ੍ਹਾ ਹੈ?—1 ਰਾਜਿਆਂ 8:30, 39, CL.

● ਉਸ ਦੀ ਪਵਿੱਤਰ ਸ਼ਕਤੀ ਦੀ ਪਹੁੰਚ ਕਿੱਥੋਂ ਤਕ ਹੈ?—ਜ਼ਬੂਰਾਂ ਦੀ ਪੋਥੀ 139:7-10.

[ਸਫ਼ਾ 27 ਉੱਤੇ ਸੁਰਖੀ]

ਸੂਰਜ ਦਾ ਇਕ ਟਿਕਾਣਾ ਹੈ, ਪਰ ਉਸ ਦੀ ਊਰਜਾ ਧਰਤੀ ’ਤੇ ਦੂਰ-ਦੂਰ ਤਕ ਫੈਲਦੀ ਹੈ। ਰੱਬ ਦਾ ਵੀ ਇਕ ਟਿਕਾਣਾ ਹੈ, ਪਰ ਉਹ ਬ੍ਰਹਿਮੰਡ ਵਿਚ ਆਪਣੀ ਪਵਿੱਤਰ ਸ਼ਕਤੀ ਦੁਆਰਾ ਕਿਤੇ ਵੀ ਆਪਣੀ ਇੱਛਾ ਪੂਰੀ ਕਰ ਸਕਦਾ ਹੈ