Skip to content

Skip to table of contents

ਤੁਹਾਡੇ ਗੱਲ ਕਰਨ ਦਾ ਅੰਦਾਜ਼ ਕਿਉਂ ਮਾਅਨੇ ਰੱਖਦਾ ਹੈ?

ਤੁਹਾਡੇ ਗੱਲ ਕਰਨ ਦਾ ਅੰਦਾਜ਼ ਕਿਉਂ ਮਾਅਨੇ ਰੱਖਦਾ ਹੈ?

ਬਾਈਬਲ ਕੀ ਕਹਿੰਦੀ ਹੈ

ਤੁਹਾਡੇ ਗੱਲ ਕਰਨ ਦਾ ਅੰਦਾਜ਼ ਕਿਉਂ ਮਾਅਨੇ ਰੱਖਦਾ ਹੈ?

ਪ੍ਰਧਾਨ ਮੰਤਰੀ ਦੀ ਇਕ ਸਿਆਣੀ ਔਰਤ ਨਾਲ ਵਧੀਆ ਗੱਲਬਾਤ ਹੋਈ। ਇਸ ਤੋਂ ਬਾਅਦ ਮੰਤਰੀ ਨੂੰ ਪਤਾ ਨਹੀਂ ਸੀ ਕਿ ਮਾਈਕ੍ਰੋਫ਼ੋਨ ਹਾਲੇ ਚੱਲ ਰਿਹਾ ਸੀ। ਉਸ ਨੇ ਇਕ ਤਾਂ ਕਿਹਾ ਕਿ ਇਹ ਤੀਵੀਂ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ। ਫਿਰ ਉਸ ਨੇ ਆਪਣੇ ਸਟਾਫ਼ ਨੂੰ ਝਿੜਕਿਆ ਕਿ ਉਨ੍ਹਾਂ ਨੇ ਤੀਵੀਂ ਨੂੰ ਉਸ ਕੋਲ ਆਉਣ ਤੋਂ ਰੋਕਿਆ ਕਿਉਂ ਨਹੀਂ। ਇਹ ਸੁਣ ਕੇ ਸਾਰੇ ਲੋਕ ਹੱਕੇ-ਬੱਕੇ ਰਹਿ ਗਏ। ਇਸ ਕਰਕੇ ਉਸ ਦੀ ਨੇਕਨਾਮੀ ’ਤੇ ਧੱਬਾ ਲੱਗ ਗਿਆ ਅਤੇ ਸਿਰਫ਼ ਅੱਠ ਦਿਨਾਂ ਬਾਅਦ ਉਹ ਵੋਟਾਂ ਵਿਚ ਹਾਰ ਗਿਆ ਤੇ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ।

ਕੋਈ ਵੀ ਇਨਸਾਨ ਆਪਣੀ ਜੀਭ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਰੱਖ ਸਕਦਾ। (ਯਾਕੂਬ 3:2) ਫਿਰ ਵੀ ਉੱਪਰ ਦੱਸੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਗੱਲਾਂ ਕਿੰਨੀਆਂ ਮਾਅਨੇ ਰੱਖਦੀਆਂ ਹਨ। ਤੁਸੀਂ ਜਿਸ ਅੰਦਾਜ਼ ਨਾਲ ਬੋਲਦੇ ਹੋ, ਉਸ ਉੱਤੇ ਤੁਹਾਡੀ ਨੇਕਨਾਮੀ ਤੇ ਨੌਕਰੀ ਨਿਰਭਰ ਕਰਦੀ ਹੈ ਅਤੇ ਦੂਜਿਆਂ ਨਾਲ ਤੁਹਾਡੇ ਚੰਗੇ ਜਾਂ ਮਾੜੇ ਰਿਸ਼ਤੇ ਬਣਦੇ ਹਨ।

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਗੱਲਾਂ ਤੋਂ ਹੋਰ ਵੀ ਬਹੁਤ ਕੁਝ ਪਤਾ ਲੱਗਦਾ ਹੈ। ਬਾਈਬਲ ਸਮਝਾਉਂਦੀ ਹੈ ਕਿ ਤੁਹਾਡੀ ਗੱਲਬਾਤ ਖਿੜਕੀ ਦੀ ਤਰ੍ਹਾਂ ਹੈ ਜਿਸ ਰਾਹੀਂ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ। ਯਿਸੂ ਨੇ ਕਿਹਾ: “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ’ਤੇ ਆਉਂਦਾ ਹੈ।” (ਮੱਤੀ 12:34) ਤੁਹਾਡੀਆਂ ਗੱਲਾਂ ਤੋਂ ਤੁਹਾਡੀਆਂ ਭਾਵਨਾਵਾਂ ਅਤੇ ਖ਼ਿਆਲ ਜ਼ਾਹਰ ਹੁੰਦੇ ਹਨ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਗੱਲਬਾਤ ਕਰਨ ਦੇ ਤਰੀਕੇ ਵੱਲ ਧਿਆਨ ਦਿਓ। ਕੀ ਇਸ ਮਾਮਲੇ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ? ਥੱਲੇ ਦੱਸੀਆਂ ਗੱਲਾਂ ਉੱਤੇ ਗੌਰ ਕਰੋ।

ਆਪਣੇ ਗੱਲਬਾਤ ਕਰਨ ਦੇ ਤਰੀਕੇ ਨੂੰ ਕਿਵੇਂ ਸੁਧਾਰੀਏ

ਅਸੀਂ ਜੋ ਸੋਚਦੇ ਹਾਂ, ਉਹੀ ਮੂੰਹ ’ਤੇ ਆਉਂਦਾ ਹੈ। ਜੇ ਅਸੀਂ ਆਪਣੀ ਗੱਲਬਾਤ ਨੂੰ ਸੁਧਾਰਨਾ ਹੈ, ਤਾਂ ਸਾਨੂੰ ਪਹਿਲਾਂ ਆਪਣੇ ਸੋਚਣ ਦੇ ਤਰੀਕੇ ਨੂੰ ਸੁਧਾਰਨਾ ਪਵੇਗਾ। ਧਿਆਨ ਦਿਓ ਕਿ ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰਨ ਨਾਲ ਸਾਡੀ ਸੋਚ ’ਤੇ ਕੀ ਅਸਰ ਪੈ ਸਕਦਾ ਹੈ ਤੇ ਇਸ ਦਾ ਅੱਗੋਂ ਸਾਡੇ ਬੋਲਣ ਦੇ ਢੰਗ ਉੱਤੇ ਅਸਰ ਪੈ ਸਕਦਾ ਹੈ।

ਆਪਣੇ ਮਨ ਵਿਚ ਚੰਗੀਆਂ ਗੱਲਾਂ ਭਰੋ। ਬਾਈਬਲ ਇਹ ਚੰਗੀਆਂ ਗੱਲਾਂ ਦੱਸਦੀ ਹੈ: “ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।”—ਫ਼ਿਲਿੱਪੀਆਂ 4:8.

ਇਸ ਵਧੀਆ ਸਲਾਹ ਉੱਤੇ ਚੱਲਣ ਨਾਲ ਅਸੀਂ ਆਪਣੇ ਮਨ ਵਿੱਚੋਂ ਗ਼ਲਤ ਖ਼ਿਆਲ ਕੱਢ ਸਕਾਂਗੇ। ਯਾਦ ਰੱਖੋ ਕਿ ਅਸੀਂ ਜੋ ਕੁਝ ਦੇਖਦੇ ਅਤੇ ਪੜ੍ਹਦੇ ਹਾਂ, ਉਸ ਦਾ ਸਾਡੀਆਂ ਸੋਚਾਂ ਉੱਤੇ ਗਹਿਰਾ ਅਸਰ ਪੈਂਦਾ ਹੈ। ਇਸ ਲਈ ਬੁਰੇ ਜਾਂ ਗੰਦੇ ਖ਼ਿਆਲਾਂ ਤੋਂ ਬਚਣ ਲਈ ਸਾਨੂੰ ਬੁਰੇ ਅਸਰਾਂ ਤੋਂ ਦੂਰ ਰਹਿਣਾ ਪਵੇਗਾ। ਇਸ ਦਾ ਮਤਲਬ ਹੈ ਕਿ ਸਾਨੂੰ ਹਿੰਸਕ ਅਤੇ ਗੰਦੇ ਮਨੋਰੰਜਨ ਤੋਂ ਦੂਰ ਰਹਿਣ ਦੀ ਲੋੜ ਹੈ। (ਕਹਾਉਤਾਂ 6:16, 17; ਅਫ਼ਸੀਆਂ 5:3, 4) ਇਸ ਦੀ ਬਜਾਇ, ਆਪਣਾ ਮਨ ਸਾਫ਼-ਸੁਥਰੀਆਂ ਤੇ ਚੰਗੀਆਂ ਗੱਲਾਂ ਉੱਤੇ ਲਾਓ। ਇਸ ਤਰ੍ਹਾਂ ਕਰਨ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਮਿਸਾਲ ਲਈ, ਕਹਾਉਤਾਂ 4:20-27; ਅਫ਼ਸੀਆਂ 4:20-32 ਅਤੇ ਯਾਕੂਬ 3:2-12 ਪੜ੍ਹੋ। ਗੌਰ ਕਰੋ ਕਿ ਇਨ੍ਹਾਂ ਹਵਾਲਿਆਂ ਵਿਚ ਦਿੱਤੇ ਸਿਧਾਂਤ ਤੁਹਾਡੀ ਗੱਲਬਾਤ ਕਿਵੇਂ ਸੁਧਾਰ ਸਕਦੇ ਹਨ। *

ਬੋਲਣ ਤੋਂ ਪਹਿਲਾਂ ਸੋਚੋ। ਕਹਾਉਤਾਂ 12:18 ਕਹਿੰਦਾ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਕਸਰ ਆਪਣੀਆਂ ਗੱਲਾਂ ਨਾਲ ਦੂਜਿਆਂ ਦਾ ਦਿਲ ‘ਵਿੰਨ੍ਹਦੇ’ ਹੋ ਯਾਨੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋ, ਤਾਂ ਚੰਗਾ ਹੋਵੇਗਾ ਕਿ ਤੁਸੀਂ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਕਹਾਉਤਾਂ 15:28 ਵਿਚ ਦਿੱਤੀ ਗਈ ਵਧੀਆ ਸਲਾਹ ’ਤੇ ਚੱਲੋ: ‘ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।’

ਟੀਚਾ ਰੱਖਣ ਦੀ ਕੋਸ਼ਿਸ਼ ਕਰੋ। ਠਾਣ ਲਓ ਕਿ ਅਗਲੇ ਮਹੀਨੇ ਤੁਸੀਂ ਉਹ ਗੱਲ ਨਹੀਂ ਕਹੋਗੇ ਜੋ ਤੁਹਾਡੇ ਮਨ ਵਿਚ ਪਹਿਲਾਂ ਆਵੇਗੀ, ਖ਼ਾਸਕਰ ਉਦੋਂ ਜਦੋਂ ਤੁਹਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ। ਇਸ ਦੀ ਬਜਾਇ ਇਸ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਸੋਚ-ਵਿਚਾਰ ਕਰੋ ਅਤੇ ਅਕਲਮੰਦੀ, ਪਿਆਰ ਅਤੇ ਸ਼ਾਂਤੀ ਨਾਲ ਗੱਲ ਕਰਨ ਦਾ ਪੂਰਾ ਜਤਨ ਕਰੋ। (ਕਹਾਉਤਾਂ 15:1-4, 23) ਪਰ ਇੰਨਾ ਹੀ ਕਰਨਾ ਕਾਫ਼ੀ ਨਹੀਂ ਹੈ।

ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਬਾਈਬਲ ਦੇ ਇਕ ਲਿਖਾਰੀ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, . . . ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” (ਜ਼ਬੂਰਾਂ ਦੀ ਪੋਥੀ 19:14) ਯਹੋਵਾਹ ਪਰਮੇਸ਼ੁਰ ਨੂੰ ਦੱਸੋ ਕਿ ਤੁਸੀਂ ਅਜਿਹੇ ਢੰਗ ਨਾਲ ਗੱਲ ਕਰਨੀ ਚਾਹੁੰਦੇ ਹੋ ਜਿਸ ਤੋਂ ਉਸ ਨੂੰ ਖ਼ੁਸ਼ੀ ਹੋਵੇ ਅਤੇ ਦੂਜੇ ਵੀ ਤੁਹਾਡੀ ਗੱਲਬਾਤ ਸੁਣ ਕੇ ਖ਼ੁਸ਼ ਹੋਣ। ਕਹਾਉਤਾਂ 18:20, 21 ਕਹਿੰਦਾ ਹੈ: “ਆਪਣੇ ਬੋਲਾਂ ਨੂੰ ਸੁਹਾਵਣੇ ਬਣਾਓ ਤੇ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਤੁਸੀਂ ਇਸ ਤਰ੍ਹਾਂ ਕੀਤਾ। ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।”—ਕੌਨਟੇਮਪਰੀ ਇੰਗਲਿਸ਼ ਵਰਯਨ।

ਪਰਮੇਸ਼ੁਰ ਦੇ ਬਚਨ ਨੂੰ ਸ਼ੀਸ਼ੇ ਦੀ ਤਰ੍ਹਾਂ ਵਰਤੋ। ਬਾਈਬਲ ਸ਼ੀਸ਼ੇ ਦੀ ਤਰ੍ਹਾਂ ਹੈ ਜਿਸ ਨਾਲ ਤੁਸੀਂ ਆਪਣੀ ਜਾਂਚ ਕਰ ਸਕਦੇ ਹੋ। (ਯਾਕੂਬ 1:23-25) ਮਿਸਾਲ ਲਈ, ਹੇਠਾਂ ਦੱਸੇ ਬਾਈਬਲ ਦੇ ਤਿੰਨ ਸਿਧਾਂਤਾਂ ਉੱਤੇ ਗੌਰ ਕਰਦੇ ਸਮੇਂ ਆਪਣੇ ਆਪ ਤੋਂ ਪੁੱਛੋ: ‘ਮੇਰੀ ਗੱਲਬਾਤ ਕਿਹੋ ਜਿਹੀ ਹੈ ਅਤੇ ਲੋਕਾਂ ਵਿਚ ਮੇਰੀ ਕਿੰਨੀ ਕੁ ਨੇਕਨਾਮੀ ਹੈ?’

‘ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।’ (ਕਹਾਉਤਾਂ 15:1) ਕੀ ਤੁਸੀਂ ਨਰਮਾਈ ਅਤੇ ਸ਼ਾਂਤੀ ਨਾਲ ਗੱਲ ਕਰਦੇ ਹੋ?

“ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।” (ਅਫ਼ਸੀਆਂ 4:29) ਕੀ ਤੁਹਾਡੀ ਗੱਲਬਾਤ ਤੁਹਾਡੇ ਨਾਲ ਦੇ ਲੋਕਾਂ ਦਾ ਹੌਸਲਾ ਵਧਾਉਂਦੀ ਹੈ?

“ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਅਤੇ ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” (ਕੁਲੁੱਸੀਆਂ 4:6) ਕੀ ਤੁਸੀਂ ਮੁਸ਼ਕਲ ਹਾਲਾਤਾਂ ਵਿਚ ਵੀ ਸਲੀਕੇ ਨਾਲ ਗੱਲ ਕਰਦੇ ਹੋ ਜੋ ਦੂਜਿਆਂ ਨੂੰ ਚੰਗੀ ਲੱਗਦੀ ਹੈ?

ਜਦੋਂ ਅਸੀਂ ਸ਼ੀਸ਼ੇ ਵਿਚ ਦੇਖ ਕੇ ਆਪਣੇ ਨੁਕਸਾਂ ਨੂੰ ਸੁਧਾਰ ਲੈਂਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਹੋਰ ਵੀ ਚੰਗੇ ਲੱਗਦੇ ਹਾਂ ਅਤੇ ਸਾਨੂੰ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਹੈ। ਤੁਹਾਨੂੰ ਵੀ ਇਹੀ ਫ਼ਾਇਦੇ ਹੋਣਗੇ ਜੇ ਤੁਸੀਂ ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖ ਕੇ ਆਪਣੀ ਗੱਲਬਾਤ ਸੁਧਾਰੋਗੇ। (g11-E 06)

[ਫੁਟਨੋਟ]

^ ਪੈਰਾ 9 ਤੁਸੀਂ www.watchtower.org ਉੱਤੇ ਬਾਈਬਲ ’ਤੇ ਆਧਾਰਿਤ ਹੋਰ ਰਸਾਲੇ-ਕਿਤਾਬਾਂ ਪੜ੍ਹ ਸਕਦੇ ਹੋ।

ਕੀ ਤੁਸੀਂ ਕਦੇ ਸੋਚਿਆ ਹੈ?

● ਤੁਹਾਡੀ ਗੱਲਬਾਤ ਤੋਂ ਕੀ ਪਤਾ ਲੱਗਦਾ ਹੈ?—ਲੂਕਾ 6:45.

● ਤੁਹਾਨੂੰ ਦੂਜਿਆਂ ਨਾਲ ਕਿਵੇਂ ਗੱਲਬਾਤ ਕਰਨੀ ਚਾਹੀਦੀ ਹੈ?—ਅਫ਼ਸੀਆਂ 4:29; ਕੁਲੁੱਸੀਆਂ 4:6.

● ਆਪਣੇ ਗੱਲ ਕਰਨ ਦੇ ਤਰੀਕੇ ਨੂੰ ਸੁਧਾਰਨ ਲਈ ਤੁਸੀਂ ਕਿਹੜੇ ਕਦਮ ਉਠਾ ਸਕਦੇ ਹੋ?—ਜ਼ਬੂਰਾਂ ਦੀ ਪੋਥੀ 19:14; ਫ਼ਿਲਿੱਪੀਆਂ 4:8.

[ਸਫ਼ਾ 32 ਉੱਤੇ ਤਸਵੀਰ]

ਅਸੀਂ ਜੋ ਕੁਝ ਕਹਿੰਦੇ ਹਾਂ, ਉਸ ਦਾ ਸਾਡੀ ਨੇਕਨਾਮੀ ਅਤੇ ਰਿਸ਼ਤਿਆਂ ਉੱਤੇ ਅਸਰ ਪੈਂਦਾ ਹੈ