Skip to content

Skip to table of contents

ਮਿਰਗੀ ਬਾਰੇ ਜਾਣੋ

ਮਿਰਗੀ ਬਾਰੇ ਜਾਣੋ

ਮੰਨ ਲਓ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵਿਅਕਤੀ ਬੇਹੋਸ਼ ਹੋ ਕੇ ਡਿਗ ਜਾਂਦਾ ਹੈ। ਉਸ ਦਾ ਸਰੀਰ ਆਕੜ ਜਾਂਦਾ ਹੈ ਤੇ ਲੱਤਾਂ-ਬਾਹਾਂ ਹਿੱਲਣ ਲੱਗ ਪੈਂਦੀਆਂ ਹਨ। ਜੇ ਤੁਹਾਨੂੰ ਪਤਾ ਹੈ ਕਿ ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ, ਤਾਂ ਤੁਸੀਂ ਬਿਨਾਂ ਦੇਰ ਕੀਤੇ ਉਸ ਦੀ ਮਦਦ ਕਰ ਸਕਦੇ ਹੋ। ਆਓ ਮਿਰਗੀ ਬਾਰੇ ਹੋਰ ਗੱਲਾਂ ਜਾਣੀਏ ਜਿਨ੍ਹਾਂ ਬਾਰੇ ਲੋਕਾਂ ਨੂੰ ਕਈ ਗ਼ਲਤਫ਼ਹਿਮੀਆਂ ਹੁੰਦੀਆਂ ਹਨ।

ਮਿਰਗੀ ਕੀ ਹੈ? ਮਿਰਗੀ ਦਿਮਾਗ਼ ਦਾ ਇਕ ਰੋਗ ਹੈ ਜਿਸ ਕਰਕੇ ਦੌਰੇ ਪੈਂਦੇ ਹਨ। ਇਕ ਤਰ੍ਹਾਂ ਦੇ ਮਿਰਗੀ ਦੇ ਦੌਰੇ ਵਿਚ ਵਿਅਕਤੀ ਦਾ ਸਰੀਰ ਆਕੜ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਇਹ ਆਮ ਕਰਕੇ ਪੰਜ ਕੁ ਮਿੰਟਾਂ ਤਕ ਰਹਿੰਦਾ ਹੈ।

ਦੌਰਾ ਪੈਣ ਦੇ ਕੀ ਕਾਰਨ ਹਨ? ਖੋਜਕਾਰ ਮੰਨਦੇ ਹਨ ਕਿ ਦੌਰੇ ਉਦੋਂ ਪੈਂਦੇ ਹਨ ਜਦੋਂ ਦਿਮਾਗ਼ੀ ਸੈੱਲਾਂ ਵਿਚ ਬਿਜਲਈ ਖਲਬਲੀ ਹੁੰਦੀ ਹੈ। ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੁੰਦਾ ਕਿਉਂ ਹੈ।

ਜਦੋਂ ਕਿਸੇ ਨੂੰ ਮਿਰਗੀ ਪੈਂਦੀ ਹੈ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਦਿਮਾਗ਼ ਅਤੇ ਦਿਮਾਗ਼ ਦੇ ਰੋਗਾਂ ਬਾਰੇ ਇਕ ਕੋਸ਼ ਕਹਿੰਦਾ ਹੈ: “ਜੇ ਕਿਸੇ ਵਿਅਕਤੀ ਨੂੰ ਦੌਰਾ ਪੈਂਦਾ ਹੈ, ਤਾਂ ਕੋਲ ਖੜ੍ਹੇ ਲੋਕਾਂ ਨੂੰ ਦੌਰਾ ਪੂਰਾ ਹੋਣ ਤਕ ਦਖ਼ਲ ਨਹੀਂ ਦੇਣਾ ਚਾਹੀਦਾ। ਪਰ ਇਹ ਦੇਖਦੇ ਰਹੋ ਕਿ ਉਹ ਸਾਹ ਲੈ ਰਿਹਾ ਹੈ ਤੇ ਉਸ ਨੂੰ ਕੋਈ ਖ਼ਤਰਾ ਤਾਂ ਨਹੀਂ ਹੈ।” ਦੂਜੇ ਪਾਸੇ, ਇਹ ਕਿਤਾਬ ਕਹਿੰਦੀ ਹੈ: “ਜੇ ਦੌਰਾ ਪੰਜ ਮਿੰਟ ਤੋਂ ਜ਼ਿਆਦਾ ਦੇਰ ਤਕ ਪੈਂਦਾ ਰਹਿੰਦਾ ਹੈ, ਜੇ ਇਕ ਤੋਂ ਬਾਅਦ ਦੂਜਾ ਦੌਰਾ ਪੈਂਦਾ ਹੈ ਜਾਂ ਜੇ ਦੌਰਾ ਖ਼ਤਮ ਹੋਣ ਤੋਂ ਬਾਅਦ ਵਿਅਕਤੀ ਨੂੰ ਹੋਸ਼ ਨਹੀਂ ਆਉਂਦਾ, ਤਾਂ ਐਂਬੂਲੈਂਸ ਨੂੰ ਬੁਲਾ ਲੈਣਾ ਚਾਹੀਦਾ ਹੈ।”

ਦੌਰਾ ਪੈਂਦੇ ਵਕਤ ਮੈਂ ਵਿਅਕਤੀ ਦੀ ਮਦਦ ਕਿਵੇਂ ਕਰ ਸਕਦਾ ਹਾਂ? ਉਸ ਦੇ ਸਿਰ ਹੇਠ ਕੋਈ ਨਰਮ ਚੀਜ਼ ਰੱਖੋ ਅਤੇ ਉਸ ਦੇ ਨੇੜਿਓਂ ਸਾਰੀਆਂ ਤਿੱਖੀਆਂ ਚੀਜ਼ਾਂ ਪਰੇ ਕਰ ਲਓ। ਜਦੋਂ ਸਰੀਰ ਹਿੱਲਣੋਂ ਹਟ ਜਾਂਦਾ ਹੈ, ਤਾਂ ਮਰੀਜ਼ ਨੂੰ ਇਸ ਤਰ੍ਹਾਂ ਲਿਟਾਓ ਜਿੱਦਾਂ ਅਗਲੇ ਸਫ਼ੇ ’ਤੇ ਦਿੱਤੀਆਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ।

ਮਰੀਜ਼ ਨੂੰ ਹੋਸ਼ ਆਉਣ ਤੋਂ ਬਾਅਦ ਮੈਂ ਉਸ ਦੀ ਮਦਦ ਕਿਵੇਂ ਕਰ ਸਕਦਾ ਹਾਂ? ਪਹਿਲਾ, ਉਸ ਨੂੰ ਦੱਸੋ ਕਿ ਸਭ ਕੁਝ ਠੀਕ-ਠਾਕ ਹੈ। ਫਿਰ ਉਸ ਦੀ ਖੜ੍ਹੇ ਹੋਣ ਵਿਚ ਮਦਦ ਕਰੋ ਤੇ ਉਸ ਨੂੰ ਉਸ ਜਗ੍ਹਾ ਲੈ ਕੇ ਜਾਓ ਜਿੱਥੇ ਉਹ ਆਰਾਮ ਕਰ ਸਕਦਾ ਹੈ। ਦੌਰਾ ਪੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ ਅਤੇ ਉਨ੍ਹਾਂ ਨੂੰ ਨੀਂਦ ਆਉਂਦੀ ਹੈ। ਕਈ ਛੇਤੀ ਠੀਕ ਹੋ ਜਾਂਦੇ ਹਨ ਤੇ ਉਹੀ ਕੰਮ ਕਰਨ ਲੱਗ ਪੈਂਦੇ ਹਨ ਜੋ ਦੌਰਾ ਪੈਣ ਤੋਂ ਪਹਿਲਾਂ ਕਰਦੇ ਸਨ।

ਕੀ ਹਰ ਤਰ੍ਹਾਂ ਦੇ ਮਿਰਗੀ ਦੇ ਦੌਰੇ ਵਿਚ ਸਰੀਰ ਹਿਲਦਾ ਹੈ? ਨਹੀਂ। ਕਈ ਮਰੀਜ਼ ਬਿਨਾਂ ਡਿਗੇ ਕੁਝ ਪਲ ਲਈ ਚਕਰਾ ਜਾਂਦੇ ਹਨ। ਇਸ ਤਰ੍ਹਾਂ ਦੇ ਦੌਰੇ ਤੋਂ ਬਾਅਦ ਉਨ੍ਹਾਂ ’ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ। ਇਹ ਦੌਰਾ ਕੁਝ ਮਿੰਟਾਂ ਲਈ ਹੁੰਦਾ ਹੈ ਜਿਸ ਵਿਚ ਮਰੀਜ਼ ਕਮਰੇ ਵਿਚ ਇੱਧਰ-ਉੱਧਰ ਘੁੰਮਦਾ ਹੈ, ਆਪਣੇ ਕੱਪੜੇ ਖਿੱਚਦਾ ਹੈ ਤੇ ਅਜੀਬ ਤਰ੍ਹਾਂ ਨਾਲ ਵਰਤਾਅ ਕਰਦਾ ਹੈ। ਦੌਰਾ ਪੈਣ ਤੋਂ ਬਾਅਦ ਉਸ ਨੂੰ ਸ਼ਾਇਦ ਲੱਗੇ ਕਿ ਉਸ ਨੂੰ ਚੱਕਰ ਆ ਰਹੇ ਹਨ।

ਉਸ ਵਿਅਕਤੀ ਨੂੰ ਕਿਵੇਂ ਲੱਗਦਾ ਜਿਸ ਨੂੰ ਮਿਰਗੀ ਹੁੰਦੀ ਹੈ? ਬਹੁਤ ਸਾਰੇ ਲੋਕ ਇਸ ਡਰ ਵਿਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਕਦੋਂ ਤੇ ਕਿੱਥੇ ਮਿਰਗੀ ਦਾ ਦੌਰਾ ਪੈ ਜਾਵੇ। ਇਸ ਕਰਕੇ ਉਹ ਘਰੋਂ ਬਾਹਰ ਨਹੀਂ ਨਿਕਲਦੇ।

ਮੈਂ ਉਸ ਵਿਅਕਤੀ ਦੀ ਮਦਦ ਕਿਸ ਤਰ੍ਹਾਂ ਕਰ ਸਕਦਾ ਹਾਂ ਜਿਸ ਨੂੰ ਮਿਰਗੀ ਹੈ? ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੇ। ਉਸ ਦੀਆਂ ਗੱਲਾਂ ਧਿਆਨ ਨਾਲ ਸੁਣੋ। ਉਸ ਨੂੰ ਪੁੱਛੋ ਕਿ ਜਦੋਂ ਉਸ ਨੂੰ ਮਿਰਗੀ ਪੈਂਦੀ ਹੈ, ਤਾਂ ਤੁਸੀਂ ਉਸ ਲਈ ਕੀ ਕਰ ਸਕਦੇ ਹੋ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮਿਰਗੀ ਹੈ, ਉਹ ਡ੍ਰਾਈਵਿੰਗ ਨਹੀਂ ਕਰ ਸਕਦੇ। ਇਸ ਲਈ ਤੁਸੀਂ ਉਨ੍ਹਾਂ ਨੂੰ ਕਿਤੇ ਲੈ ਕੇ ਜਾਣ ਲਈ ਪੁੱਛ ਸਕਦੇ ਹੋ ਜਾਂ ਕੁਝ ਛੋਟੇ-ਮੋਟੇ ਕੰਮ ਕਰ ਸਕਦੇ ਹੋ।

ਕੀ ਦੌਰਿਆਂ ਨੂੰ ਪੈਣ ਤੋਂ ਘਟਾਇਆ ਜਾਂ ਹਟਾਇਆ ਜਾ ਸਕਦਾ ਹੈ? ਕਈ ਗੱਲਾਂ ਕਰਕੇ ਦੌਰੇ ਪੈਣ ਵਿਚ ਵਾਧਾ ਹੁੰਦਾ ਹੈ ਜਿਵੇਂ ਕਿ ਤਣਾਅ ਅਤੇ ਨੀਂਦ ਪੂਰੀ ਨਾ ਹੋਣੀ। ਇਸ ਕਰਕੇ ਮਾਹਰ ਮਿਰਗੀ ਦੇ ਰੋਗੀਆਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਤਣਾਅ ਘਟਾਉਣ ਲਈ ਬਾਕਾਇਦਾ ਕਸਰਤ ਅਤੇ ਚੰਗੀ ਤਰ੍ਹਾਂ ਆਰਾਮ ਕਰਿਆ ਕਰਨ। ਕਈ ਵਾਰ ਦਵਾਈ ਲੈਣ ਨਾਲ ਵੀ ਦੌਰੇ ਪੈਣ ਤੋਂ ਹਟਾਏ ਜਾ ਸਕਦੇ ਹਨ। (g13 10-E)