Skip to content

Skip to table of contents

ਮੁੱਖ ਪੰਨੇ ਤੋਂ

ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ

ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ

ਕ੍ਰਿਸਟੀਨਾ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਆਇਆ! ਉਸ ਨੂੰ ਪੈਸਿਆਂ ਨਾਲ ਭਰਿਆ ਇਕ ਕਾਲਾ ਪਲਾਸਟਿਕ ਬੈਗ ਮਿਲਿਆ। ਉਹ 20 ਸਾਲ ਨੌਕਰੀ ਕਰ ਕੇ ਵੀ ਇੰਨੇ ਪੈਸੇ ਨਹੀਂ ਕਮਾ ਸਕਦੀ ਸੀ। ਉਸ ਨੂੰ ਪਤਾ ਸੀ ਕਿ ਇਹ ਲਿਫ਼ਾਫ਼ਾ ਕਿਸ ਦਾ ਸੀ। ਉਸ ਨੂੰ ਕੀ ਕਰਨਾ ਚਾਹੀਦਾ ਸੀ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਤੁਹਾਡੇ ਜਵਾਬ ਤੋਂ ਪਤਾ ਲੱਗੇਗਾ ਕਿ ਈਮਾਨਦਾਰੀ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ ਤੇ ਤੁਹਾਡੀ ਜ਼ਿੰਦਗੀ ਵਿਚ ਇਸ ਸੰਸਕਾਰ ਦੀ ਕਿੰਨੀ ਕੁ ਅਹਿਮੀਅਤ ਹੈ।

ਚੰਗੇ ਸੰਸਕਾਰ ਜਾਂ ਅਸੂਲ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੁੰਦੇ ਹਨ। ਚੰਗੇ ਸੰਸਕਾਰਾਂ ਵਾਲੇ ਇਨਸਾਨ ਵਿਚ ਈਮਾਨਦਾਰੀ, ਪਿਆਰ ਤੇ ਸੰਜਮ ਵਰਗੇ ਗੁਣ ਹੁੰਦੇ ਹਨ, ਉਹ ਦੂਜਿਆਂ ਨੂੰ ਮਾਫ਼ ਕਰਦਾ ਹੈ ਤੇ ਜ਼ਿੰਦਗੀ ਲਈ ਕਦਰ ਦਿਖਾਉਂਦਾ ਹੈ। ਸਾਡੇ ਸੰਸਕਾਰਾਂ ਦਾ ਸਾਡੇ ਵਿਵਹਾਰ ਅਤੇ ਸਾਡੇ ਰਿਸ਼ਤਿਆਂ ’ਤੇ ਅਸਰ ਪੈਂਦਾ ਹੈ। ਨਾਲੇ ਇਨ੍ਹਾਂ ਦਾ ਇਸ ਗੱਲ ’ਤੇ ਵੀ ਅਸਰ ਪੈਂਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੰਦੇ ਹਾਂ ਤੇ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਹਾਂ। ਭਾਵੇਂ ਕਿ ਜ਼ਿੰਦਗੀ ਵਿਚ ਸੰਸਕਾਰ ਹੋਣੇ ਬਹੁਤ ਜ਼ਰੂਰੀ ਹਨ, ਪਰ ਇਹ ਦਿਨੋ-ਦਿਨ ਘਟਦੇ ਜਾ ਰਹੇ ਹਨ।

ਘਟਦੇ ਜਾ ਰਹੇ ਸੰਸਕਾਰ

ਸਾਲ 2008 ਵਿਚ ਅਮਰੀਕਾ ਵਿਚ ਖੋਜਕਾਰਾਂ ਨੇ ਸੈਂਕੜੇ ਨੌਜਵਾਨਾਂ ਤੋਂ ਸੰਸਕਾਰਾਂ ਪ੍ਰਤੀ ਉਨ੍ਹਾਂ ਦੇ ਵਿਚਾਰ ਪੁੱਛੇ। ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੇ ਇਕ ਲੇਖਕ ਡੇਵਿਡ ਬਰੁਕਸ ਨੇ ਕਿਹਾ: “ਇਹ ਜਾਣ ਕੇ ਕਿੰਨਾ ਦੁੱਖ ਹੁੰਦਾ ਕਿ ਨੌਜਵਾਨ ਸੰਸਕਾਰਾਂ ਬਾਰੇ ਘੱਟ ਹੀ ਸੋਚਦੇ ਹਨ ਤੇ ਘੱਟ ਹੀ ਗੱਲਬਾਤ ਕਰਦੇ ਹਨ।” ਬਹੁਤ ਸਾਰੇ ਨੌਜਵਾਨ ਸੋਚਦੇ ਹਨ ਕਿ ਬਲਾਤਕਾਰ ਤੇ ਖ਼ੂਨ ਕਰਨਾ ਗ਼ਲਤ ਹੈ, ਪਰ “ਇਨ੍ਹਾਂ ਗੰਭੀਰ ਮਾਮਲਿਆਂ ਨੂੰ ਛੱਡ ਉਹ ਨਹੀਂ ਸੋਚਦੇ ਕਿ ਕੀ ਸਹੀ ਹੈ ਤੇ ਕੀ ਗ਼ਲਤ। ਉਨ੍ਹਾਂ ਦੇ ਖ਼ਿਆਲ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣੀ, ਸਕੂਲ ਵਿਚ ਨਕਲ ਮਾਰਨੀ ਤੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਗ਼ਲਤ ਨਹੀਂ ਹੈ।” ਇਕ ਕੁੜੀ ਨੇ ਕਿਹਾ: “ਮੈਂ ਤਾਂ ਸਹੀ ਤੇ ਗ਼ਲਤ ਬਾਰੇ ਨਹੀਂ ਸੋਚਦੀ।” ਬਹੁਤ ਸਾਰੇ ਨੌਜਵਾਨ ਕਹਿੰਦੇ ਹਨ: ‘ਜੇ ਤੁਹਾਨੂੰ ਠੀਕ ਲੱਗਦਾ, ਤਾਂ ਕਰ ਲਓ। ਆਪਣੇ ਦਿਲ ਦੀ ਸੁਣੋ।’ ਕੀ ਇਸ ਤਰ੍ਹਾਂ ਸੋਚਣਾ ਸਮਝਦਾਰੀ ਦੀ ਗੱਲ ਹੈ?

ਇਨਸਾਨ ਦਾ ਦਿਲ ਪਿਆਰ ਕਰਨ ਅਤੇ ਦੂਜਿਆਂ ’ਤੇ ਦਇਆ ਕਰਨ ਦੇ ਕਾਬਲ ਹੈ। ਪਰ ਇਹ ‘ਧੋਖੇਬਾਜ਼ ਤੇ ਪੁੱਜ ਕੇ ਖਰਾਬ ਹੈ।’ (ਯਿਰਮਿਯਾਹ 17:9) ਇਸ ਗੱਲ ਦੀ ਸੱਚਾਈ ਅਸੀਂ ਦੁਨੀਆਂ ਵਿਚ ਫੈਲੀ ਬੁਰਾਈ ਤੋਂ ਦੇਖ ਸਕਦੇ ਹਾਂ। ਬਾਈਬਲ ਵਿਚ ਬਹੁਤ ਸਮਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿਰਮੋਹੀ ਤੇ ਵਹਿਸ਼ੀ ਹੋਣਗੇ।’ ਨਾਲੇ ਉਹ ‘ਭਲਾਈ ਨਾਲ ਪਿਆਰ ਨਹੀਂ ਕਰਨਗੇ’ ਤੇ “ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”​—2 ਤਿਮੋਥਿਉਸ 3:1-5.

ਇਨ੍ਹਾਂ ਗੱਲਾਂ ਕਰਕੇ ਅਸੀਂ ਅੰਨ੍ਹੇਵਾਹ ਆਪਣੇ ਦਿਲ ’ਤੇ ਭਰੋਸਾ ਕਰਨ ਦੀ ਬਜਾਇ ਇਸ ਦੀ ਜਾਂਚ ਕਰਾਂਗੇ। ਬਾਈਬਲ ਸਲਾਹ ਦਿੰਦੀ ਹੈ: “ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।” (ਕਹਾਉਤਾਂ 23:19) ਇਸ ਆਇਤ ਮੁਤਾਬਕ ਸਾਨੂੰ ਚੰਗੇ ਸੰਸਕਾਰਾਂ ਦੀ ਮਦਦ ਨਾਲ ਆਪਣੇ ਦਿਲ ਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਸਿਖਾਉਣ ਦੀ ਲੋੜ ਹੈ ਤਾਂਕਿ ਅਸੀਂ ਸਹੀ ਰਾਹ ’ਤੇ ਚੱਲ ਸਕੀਏ। ਅਸੀਂ ਚੰਗੇ ਸੰਸਕਾਰ ਕਿੱਥੋਂ ਸਿੱਖ ਸਕਦੇ ਹਾਂ? ਬਹੁਤ ਸਾਰੇ ਲੋਕ ਬਾਈਬਲ ਦੀ ਮਦਦ ਲੈਂਦੇ ਹਨ ਕਿਉਂਕਿ ਇਸ ਵਿਚ ਬੁੱਧ ਦੀਆਂ ਗੱਲਾਂ ਪਾਈਆਂ ਜਾਂਦੀਆਂ ਹਨ ਅਤੇ ਇਹ ਸਹੀ ਤੇ ਗ਼ਲਤ ਵਿਚ ਫ਼ਰਕ ਸਾਫ਼-ਸਾਫ਼ ਦੱਸਦੀ ਹੈ।

ਵਧੀਆ ਸੰਸਕਾਰਾਂ ਦੇ ਫ਼ਾਇਦੇ

ਬਾਈਬਲ ਵਿਚ ਜੋ ਸੰਸਕਾਰ ਦਿੱਤੇ ਗਏ ਹਨ, ਉਹ ਇਨਸਾਨਾਂ ਦੀਆਂ ਲੋੜਾਂ ਮੁਤਾਬਕ ਬਣਾਏ ਗਏ ਹਨ। ਜ਼ਰਾ ਪਿਆਰ, ਦਇਆ, ਖੁੱਲ੍ਹ-ਦਿਲੀ ਤੇ ਈਮਾਨਦਾਰੀ ਵਰਗੇ ਸੰਸਕਾਰਾਂ ’ਤੇ ਗੌਰ ਕਰੋ।

ਦੂਜਿਆਂ ਲਈ ਪਿਆਰ।

ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਬਾਰੇ ਇਕ ਕਿਤਾਬ ਕਹਿੰਦੀ ਹੈ, “ਜੇ ਤੁਸੀਂ ਪਿਆਰ ਕਰਨਾ ਸਿੱਖਿਆ ਹੈ, ਤਾਂ ਖ਼ੁਸ਼ੀਆਂ ਤੁਹਾਡੇ ਦਰਵਾਜ਼ੇ ’ਤੇ ਦਸਤਕ ਦੇਣਗੀਆਂ।” ਇਨਸਾਨ ਹੋਣ ਦੇ ਨਾਤੇ ਅਸੀਂ ਪਿਆਰ ਪਾਉਣਾ ਚਾਹੁੰਦੇ ਹਾਂ। ਪਿਆਰ ਤੋਂ ਬਗੈਰ ਅਸੀਂ ਖ਼ੁਸ਼ ਨਹੀਂ ਰਹਿ ਸਕਦੇ।

ਬਾਈਬਲ ਕੀ ਕਹਿੰਦੀ ਹੈ: “ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁੱਸੀਆਂ 3:14) ਬਾਈਬਲ ਦੇ ਇਸੇ ਲਿਖਾਰੀ ਨੇ ਲਿਖਿਆ: “ਜੇ ਮੈਂ . . . ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।”​—1 ਕੁਰਿੰਥੀਆਂ 13:2.

ਇੱਥੇ ਰੋਮਾਂਟਿਕ ਪਿਆਰ ਦੀ ਗੱਲ ਨਹੀਂ ਹੋ ਰਹੀ। ਇਹ ਉਹ ਪਿਆਰ ਹੈ ਜੋ ਸਾਨੂੰ ਕਿਸੇ ਇਨਾਮ ਦੀ ਇੱਛਾ ਰੱਖੇ ਬਿਨਾਂ ਮੁਸ਼ਕਲ ਵਿਚ ਪਏ ਇਕ ਅਜਨਬੀ ਦੀ ਮਦਦ ਕਰਨ ਲਈ ਉਕਸਾਉਂਦਾ ਹੈ। ਪਹਿਲਾ ਕੁਰਿੰਥੀਆਂ 13:4-7 ਵਿਚ ਲਿਖਿਆ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ, ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, . . . ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।”

ਜਦੋਂ ਪਰਿਵਾਰ ਵਿਚ ਪਿਆਰ ਨਹੀਂ ਹੁੰਦਾ, ਤਾਂ ਇਸ ਦਾ ਸਾਰੇ ਮੈਂਬਰਾਂ ’ਤੇ ਮਾੜਾ ਅਸਰ ਪੈਂਦਾ ਹੈ, ਖ਼ਾਸ ਕਰਕੇ ਬੱਚਿਆਂ ’ਤੇ। ਮੋਨਿਕਾ ਨਾਂ ਦੀ ਔਰਤ ਨੇ ਲਿਖਿਆ ਕਿ ਜਦੋਂ ਉਹ ਛੋਟੀ ਹੁੰਦੀ ਸੀ, ਤਾਂ ਉਸ ਨੂੰ ਮਾਰਿਆ-ਕੁੱਟਿਆ ਗਿਆ, ਉਸ ਨਾਲ ਬੁਰਾ ਸਲੂਕ ਕੀਤਾ ਗਿਆ ਤੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਉਹ ਦੱਸਦੀ ਹੈ: “ਮੈਨੂੰ ਕਿਸੇ ਤੋਂ ਪਿਆਰ ਨਹੀਂ ਮਿਲਿਆ ਤੇ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ।” ਫਿਰ ਜਦੋਂ ਉਹ 15 ਸਾਲ ਦੀ ਹੋਈ, ਤਾਂ ਉਹ ਆਪਣੇ ਨਾਨਾ-ਨਾਨੀ ਦੇ ਘਰ ਰਹਿਣ ਚਲੀ ਗਈ ਜੋ ਯਹੋਵਾਹ ਦੇ ਗਵਾਹ ਹਨ।

ਮੋਨਿਕਾ ਨੇ ਕਿਹਾ: “ਮੈਂ ਉਨ੍ਹਾਂ ਨਾਲ ਦੋ ਸਾਲ ਰਹੀ। ਉਨ੍ਹਾਂ ਨੇ ਮੇਰੇ ਵਰਗੀ ਸ਼ਰਮੀਲੇ ਸੁਭਾਅ ਦੀ ਕੁੜੀ ਨੂੰ ਦੂਜਿਆਂ ਨਾਲ ਮਿਲਣਾ-ਗਿਲ਼ਣਾ, ਪਿਆਰ ਕਰਨਾ ਤੇ ਦੂਜਿਆਂ ਦੀ ਦੇਖ-ਭਾਲ ਕਰਨੀ ਸਿਖਾਈ। ਉਨ੍ਹਾਂ ਦੀ ਮਦਦ ਨਾਲ ਮੇਰੇ ਅੰਦਰ ਆਤਮ-ਸਨਮਾਨ ਪੈਦਾ ਹੋਇਆ।” ਹੁਣ ਮੋਨਿਕਾ ਖ਼ੁਸ਼ੀ-ਖ਼ੁਸ਼ੀ ਆਪਣੇ ਪਤੀ ਤੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ ਅਤੇ ਦੂਜਿਆਂ ਨੂੰ ਬਾਈਬਲ ਵਿੱਚੋਂ ਵਧੀਆ ਗੱਲਾਂ ਦੱਸਦੀ ਹੈ। ਇਸ ਤਰ੍ਹਾਂ ਕਰ ਕੇ ਉਹ ਦੂਸਰਿਆਂ ਲਈ ਆਪਣੇ ਪਿਆਰ ਦਾ ਸਬੂਤ ਦਿੰਦੀ ਹੈ।

ਅੱਜ-ਕੱਲ੍ਹ ਲੋਕ ਪਿਆਰ ਨਾਲੋਂ ਪੈਸੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ। ਕਈ ਲੋਕ ਮੰਨਦੇ ਹਨ ਕਿ ਜਿਸ ਕੋਲ ਪੈਸਾ ਹੈ ਤੇ ਜੋ ਮੌਜ-ਮਸਤੀ ਕਰਦਾ ਹੈ ਉਹ ਖ਼ੁਸ਼ ਹੈ। ਪਰ ਮਾਹਰਾਂ ਦੁਆਰਾ ਕੀਤੀਆਂ ਸਟੱਡੀਆਂ ਤੋਂ ਵਾਰ-ਵਾਰ ਇਹੀ ਸਿੱਟਾ ਨਿਕਲਿਆ ਹੈ ਕਿ ਕਿਸੇ ਕੋਲ ਲੋੜ ਨਾਲੋਂ ਵੱਧ ਪੈਸੇ ਹੋਣ ਨਾਲ ਉਸ ਨੂੰ ਜ਼ਿਆਦਾ ਖ਼ੁਸ਼ੀ ਨਹੀਂ ਮਿਲਦੀ। ਦਰਅਸਲ ਜਿਹੜੇ ਲੋਕ ਧਨ-ਦੌਲਤ ’ਤੇ ਭਰੋਸਾ ਰੱਖਦੇ ਹਨ, ਉਹ ਦੁੱਖਾਂ ਨੂੰ ਸੱਦਾ ਦਿੰਦੇ ਹਨ। ਬਾਈਬਲ ਵੀ ਇਸ ਗੱਲ ਦੀ ਹਾਮੀ ਭਰਦੀ ਹੈ। ਉਪਦੇਸ਼ਕ ਦੀ ਪੋਥੀ 5:10 ਵਿਚ ਲਿਖਿਆ ਹੈ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ।”​—ਇਬਰਾਨੀਆਂ 13:5.

ਦਇਆ ਤੇ ਖੁੱਲ੍ਹ-ਦਿਲੀ।

ਅਮਰੀਕਾ ਵਿਚ ਕੈਲੇਫ਼ੋਰਨੀਆ ਯੂਨੀਵਰਸਿਟੀ ਨੇ ਇਕ ਲੇਖ ਵਿਚ ਕਿਹਾ: “ਕੀ ਇਹ ਮਜ਼ੇ ਦੀ ਗੱਲ ਨਹੀਂ ਹੋਵੇਗੀ ਕਿ ਤੁਸੀਂ ਦੁਕਾਨ ’ਤੇ ਜਾਓ ਤੇ ਉੱਥੋਂ ਜ਼ਿੰਦਗੀ ਭਰ ਦੀਆਂ ਖ਼ੁਸ਼ੀਆਂ ਖ਼ਰੀਦ ਕੇ ਲੈ ਆਓ? ਇਹ ਗੱਲ ਸੁਣਨ ਨੂੰ ਜਿੰਨੀ ਅਜੀਬ ਲੱਗਦੀ ਹੈ, ਉੱਨੀ ਹੈ ਨਹੀਂ। ਇੱਦਾਂ ਹੋ ਸਕਦਾ ਹੈ ਜੇ ਤੁਸੀਂ ਦੂਜਿਆਂ ਲਈ ਕੁਝ ਖ਼ਰੀਦੋ।” ਕਹਿਣ ਦਾ ਮਤਲਬ ਹੈ ਕਿ ਸਾਨੂੰ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲੇਗੀ।

ਬਾਈਬਲ ਕੀ ਕਹਿੰਦੀ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂਲਾਂ ਦੇ ਕੰਮ 20:35.

ਅਸੀਂ ਚੀਜ਼ਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇ ਸਕਦੇ ਹਾਂ ਜਿਸ ਨਾਲ ਸਾਨੂੰ ਖ਼ੁਸ਼ੀ ਮਿਲੇਗੀ। ਅਸੀਂ ਦੂਜਿਆਂ ਨੂੰ ਆਪਣਾ ਸਮਾਂ ਦੇ ਸਕਦੇ ਹਾਂ ਤੇ ਹੋਰਨਾਂ ਦੀ ਮਦਦ ਕਰਨ ਲਈ ਆਪਣੀ ਤਾਕਤ ਲਾ ਸਕਦੇ ਹਾਂ। ਮਿਸਾਲ ਲਈ, ਕੈਰਨ ਨਾਂ ਦੀ ਇਕ ਔਰਤ ਨੇ ਦੇਖਿਆ ਕਿ ਇਕ ਮਾਂ ਤੇ ਉਸ ਦੀਆਂ ਦੋ ਧੀਆਂ ਕਾਰ ਵਿਚ ਬੈਠੀਆਂ ਹੋਈਆਂ ਸਨ। ਉਨ੍ਹਾਂ ਦੀ ਕਾਰ ਦੇ ਇੰਜਣ ਦਾ ਢੱਕਣ ਚੁੱਕਿਆ ਹੋਇਆ ਸੀ। ਮਾਂ ਤੇ ਉਸ ਦੀ ਇਕ ਧੀ ਨੇ ਜਹਾਜ਼ ਫੜਨਾ ਸੀ, ਪਰ ਕਾਰ ਖ਼ਰਾਬ ਹੋ ਗਈ ਸੀ। ਟੈਕਸੀ ਵੀ ਨਹੀਂ ਆਈ ਸੀ। ਕੈਰਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਏਅਰਪੋਰਟ ਲੈ ਜਾਵੇਗੀ ਭਾਵੇਂ ਕਿ ਏਅਰਪੋਰਟ ਜਾਣ ਨੂੰ 45 ਮਿੰਟ ਲੱਗਣੇ ਸਨ। ਉਹ ਉਸ ਨਾਲ ਜਾਣ ਲਈ ਤਿਆਰ ਹੋ ਗਈਆਂ। ਵਾਪਸ ਆਉਂਦੇ ਸਮੇਂ ਕੈਰਨ ਨੇ ਦੇਖਿਆ ਕਿ ਦੂਜੀ ਕੁੜੀ ਅਜੇ ਵੀ ਕਾਰ ਵਿਚ ਬੈਠੀ ਇੰਤਜ਼ਾਰ ਕਰ ਰਹੀ ਸੀ।

ਕੁੜੀ ਨੇ ਦੱਸਿਆ: “ਮੇਰੇ ਪਤੀ ਆਉਂਦੇ ਹੀ ਹਨ।”

ਕੈਰਨ ਨੇ ਕਿਹਾ: “ਮੈਂ ਖ਼ੁਸ਼ ਹਾਂ ਕਿ ਤੂੰ ਠੀਕ ਹੈ। ਚੰਗਾ ਫਿਰ, ਮੈਂ ਆਪਣੇ ਕਿੰਗਡਮ ਹਾਲ ਵਿਚ ਬੂਟਿਆਂ ਨੂੰ ਪਾਣੀ ਲਾਉਣ ਚੱਲੀਂ ਆ।”

ਕੁੜੀ ਨੇ ਪੁੱਛਿਆ: “ਕੀ ਤੁਸੀਂ ਯਹੋਵਾਹ ਦੇ ਗਵਾਹ ਹੋ?”

ਕੈਰਨ ਨੇ ਕਿਹਾ: “ਹਾਂ।” ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਥੋੜ੍ਹੀਆਂ ਗੱਲਾਂ ਕੀਤੀਆਂ।

ਕੁਝ ਹਫ਼ਤਿਆਂ ਬਾਅਦ ਕੈਰਨ ਨੂੰ ਇਕ ਚਿੱਠੀ ਮਿਲੀ। ਇਸ ਵਿਚ ਕੁਝ ਇੱਦਾਂ ਲਿਖਿਆ ਸੀ: “ਮੈਂ ਤੇ ਮੇਰੇ ਮੰਮੀ ਜੀ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲ ਸਕਦੇ। ਅਸੀਂ ਤੁਹਾਡੇ ਕਰਕੇ ਜਹਾਜ਼ ਫੜ ਸਕੀਆਂ। ਤੁਹਾਡਾ ਬਹੁਤ ਧੰਨਵਾਦ! ਜਦੋਂ ਮੇਰੀ ਵੱਡੀ ਭੈਣ ਨੇ ਦੱਸਿਆ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਮੈਂ ਸਮਝ ਗਈ ਕਿ ਤੁਸੀਂ ਸਾਡੀ ਮਦਦ ਕਿਉਂ ਕੀਤੀ। ਮੇਰੇ ਮੰਮੀ ਜੀ ਯਹੋਵਾਹ ਦੇ ਗਵਾਹ ਹਨ ਤੇ ਮੈਂ ਪਹਿਲਾਂ ਮੀਟਿੰਗਾਂ ਅਤੇ ਪ੍ਰਚਾਰ ’ਤੇ ਜਾਂਦੀ ਹੁੰਦੀ ਸੀ, ਹੁਣ ਨਹੀਂ। ਪਰ ਮੈਂ ਜਲਦੀ ਹੀ ਜਾਣਾ ਸ਼ੁਰੂ ਕਰਾਂਗੀ!” ਕੈਰਨ ਬਹੁਤ ਖ਼ੁਸ਼ ਹੋਈ ਕਿ ਉਹ ਆਪਣੀਆਂ ਦੋ ਮਸੀਹੀ ਭੈਣਾਂ ਦੀ ਮਦਦ ਕਰ ਸਕੀ। ਉਸ ਨੇ ਕਿਹਾ: “ਚਿੱਠੀ ਪੜ੍ਹ ਕੇ ਮੈਨੂੰ ਰੋਣਾ ਆ ਗਿਆ।”

ਲੇਖਕ ਚਾਰਲਜ਼ ਡੀ. ਵਾਰਨਰ ਨੇ ਲਿਖਿਆ: ‘ਇਹ ਜ਼ਿੰਦਗੀ ਦੀ ਖ਼ੂਬਸੂਰਤ ਹਕੀਕਤ ਹੈ ਕਿ ਜਦੋਂ ਕੋਈ ਵਿਅਕਤੀ ਦਿਲੋਂ ਕਿਸੇ ਦੀ ਮਦਦ ਕਰਦਾ ਹੈ, ਤਾਂ ਉਸ ਨੂੰ ਆਪ ਨੂੰ ਵੀ ਫ਼ਾਇਦਾ ਹੁੰਦਾ ਹੈ।’ ਇਹ ਗੱਲ ਸੱਚ ਹੈ ਕਿਉਂਕਿ ਰੱਬ ਨੇ ਇਨਸਾਨਾਂ ਨੂੰ ਇਹ ਕਾਬਲੀਅਤ ਦਿੱਤੀ ਹੈ ਕਿ ਸੁਆਰਥੀ ਬਣਨ ਦੀ ਬਜਾਇ ਉਹ ਉਸ ਦੇ ਅਨਮੋਲ ਗੁਣਾਂ ਦੀ ਰੀਸ ਕਰਨ।​—ਉਤਪਤ 1:27.

ਈਮਾਨਦਾਰੀ।

ਈਮਾਨਦਾਰੀ ਕਿਸੇ ਵੀ ਸਮਾਜ ਦਾ ਬੁਨਿਆਦੀ ਸੰਸਕਾਰ ਹੁੰਦਾ ਹੈ। ਬੇਈਮਾਨੀ ਕਰਕੇ ਡਰ ਪੈਦਾ ਹੁੰਦਾ ਹੈ, ਕਿਸੇ ’ਤੇ ਭਰੋਸਾ ਨਹੀਂ ਰਹਿੰਦਾ ਤੇ ਸਮਾਜ ਬਿਖਰ ਜਾਂਦਾ ਹੈ।

ਬਾਈਬਲ ਕੀ ਕਹਿੰਦੀ ਹੈ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ?” ਇਸ ਦਾ ਜਵਾਬ ਹੈ: ‘ਉਹੋ ਜਿਹੜਾ ਸਿੱਧੀ ਚਾਲ ਚੱਲਦਾ ਅਤੇ ਮਨੋਂ ਸੱਚ ਬੋਲਦਾ ਹੈ।’ (ਜ਼ਬੂਰਾਂ ਦੀ ਪੋਥੀ 15:1, 2) ਜੀ ਹਾਂ, ਉੱਪਰ ਦੇਖੇ ਬਾਕੀ ਗੁਣਾਂ ਵਾਂਗ ਈਮਾਨਦਾਰੀ ਵੀ ਸਾਡੇ ਸੁਭਾਅ ਦਾ ਇਕ ਗੁਣ ਹੈ। ਇਹ ਗੁਣ ਸਿਰਫ਼ ਲੋੜ ਪੈਣ ਤੇ ਜਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਹੀਂ ਦਿਖਾਇਆ ਜਾਂਦਾ।

ਕ੍ਰਿਸਟੀਨਾ ਨੂੰ ਯਾਦ ਕਰੋ ਜਿਸ ਨੂੰ ਪੈਸਿਆਂ ਨਾਲ ਭਰਿਆ ਬੈਗ ਲੱਭਾ ਸੀ। ਉਸ ਦੀ ਇੱਛਾ ਅਮੀਰ ਬਣਨ ਦੀ ਨਹੀਂ, ਸਗੋਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਸੀ। ਜਿਸ ਆਦਮੀ ਦਾ ਬੈਗ ਗੁਆਚਾ ਸੀ, ਉਹ ਘਬਰਾਇਆ ਹੋਇਆ ਉੱਥੇ ਆਇਆ। ਕ੍ਰਿਸਟੀਨਾ ਨੇ ਆਦਮੀ ਨੂੰ ਉਸ ਦੇ ਪੈਸੇ ਸੌਂਪ ਦਿੱਤੇ ਜੋ ਉਸ ਦੀ ਈਮਾਨਦਾਰੀ ਤੋਂ ਬਹੁਤ ਹੈਰਾਨ ਹੋਇਆ। ਨਾਲੇ ਕ੍ਰਿਸਟੀਨਾ ਦੇ ਮਾਲਕ ਨੇ ਉਸ ਦੀ ਈਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸਟੋਰ ਦੀ ਜ਼ਿੰਮੇਵਾਰੀ ਦੇ ਦਿੱਤੀ ਜੋ ਕਿਸੇ ਭਰੋਸੇਮੰਦ ਇਨਸਾਨ ਨੂੰ ਦਿੱਤੀ ਜਾਂਦੀ ਹੈ। ਪਹਿਲਾ ਪਤਰਸ 3:10 ਦੇ ਸ਼ਬਦ ਸੱਚ ਹਨ: “ਜਿਹੜਾ ਇਨਸਾਨ ਜ਼ਿੰਦਗੀ ਨਾਲ ਪਿਆਰ ਕਰਦਾ ਹੈ ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈ, ਉਹ . . . ਆਪਣੇ ਬੁੱਲ੍ਹਾਂ ’ਤੇ ਧੋਖੇ-ਭਰੀਆਂ ਗੱਲਾਂ ਨਾ ਆਉਣ ਦੇਵੇ।”

‘ਭਲਿਆਂ ਦੇ ਰਾਹ ਵਿਚ ਤੁਰ’

ਬਾਈਬਲ ਵਿਚ ਦੱਸੇ ਗਏ ਸੰਸਕਾਰ ਇਸ ਗੱਲ ਦਾ ਸਬੂਤ ਹਨ ਕਿ ਸਾਡਾ ਸਿਰਜਣਹਾਰ ਸਾਨੂੰ ਬਹੁਤ ਪਿਆਰ ਕਰਦਾ ਹੈ। ਇਹ ਸੰਸਕਾਰ ਸਾਨੂੰ ‘ਭਲਿਆਂ ਦੇ ਰਾਹ ਵਿਚ ਤੁਰਨ’ ਦੇ ਕਾਬਲ ਬਣਾਉਂਦੇ ਹਨ। (ਕਹਾਉਤਾਂ 2:20; ਯਸਾਯਾਹ 48:17, 18) ਜਦੋਂ ਅਸੀਂ ਇਨ੍ਹਾਂ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਤੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਬਾਈਬਲ ਇਹ ਵਾਅਦਾ ਕਰਦੀ ਹੈ: “[ਪਰਮੇਸ਼ੁਰ] ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।”​—ਜ਼ਬੂਰਾਂ ਦੀ ਪੋਥੀ 37:34.

ਜੀ ਹਾਂ, ਜਿਹੜੇ ਲੋਕ ਬਾਈਬਲ ਦੇ ਸੰਸਕਾਰਾਂ ’ਤੇ ਚੱਲਦੇ ਹਨ, ਉਹ ਭਵਿੱਖ ਵਿਚ ਸੋਹਣੀ ਧਰਤੀ ’ਤੇ ਜ਼ਿੰਦਗੀ ਪਾਉਣਗੇ ਜਿੱਥੇ ਬੁਰਾਈ ਨਹੀਂ ਹੋਵੇਗੀ। ਇਸ ਕਰਕੇ ਸਾਨੂੰ ਸਮਾਂ ਕੱਢ ਕੇ ਬਾਈਬਲ ਦੇ ਸੰਸਕਾਰਾਂ ਬਾਰੇ ਜਾਣਨਾ ਚਾਹੀਦਾ ਹੈ। ▪ (w13-E 11/01)