Skip to content

Skip to table of contents

ਗੱਲਬਾਤ ਕਰਨਾ ਇਕ ਪੁਲ ਵਾਂਗ ਹੈ ਜਿਸ ਨਾਲ ਤੁਸੀਂ ਆਪਣੇ ਬੱਚੇ ਦੇ ਨੇੜੇ ਜਾ ਸਕਦੇ ਹੋ

ਮਾਪਿਆਂ ਲਈ

5: ਗੱਲਬਾਤ ਕਰੋ

5: ਗੱਲਬਾਤ ਕਰੋ

ਇਸ ਦਾ ਕੀ ਮਤਲਬ ਹੈ?

ਵਧੀਆ ਗੱਲਬਾਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਤੇ ਤੁਹਾਡੇ ਬੱਚੇ ਇਕ-ਦੂਜੇ ਨਾਲ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਸਾਂਝੇ ਕਰਦੇ ਹੋ।

ਇਹ ਜ਼ਰੂਰੀ ਕਿਉਂ ਹੈ?

ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲ ਕਰਨੀ ਮੁਸ਼ਕਲ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਛੋਟੇ ਸੀ, ਤਾਂ ਉਹ ਤੁਹਾਨੂੰ ਸਭ ਕੁਝ ਦੱਸਦੇ ਸਨ। ਪਰ ਹੁਣ ਉਹ ਅੱਲੜ੍ਹ ਉਮਰ ਦੇ ਹਨ ਤੇ ਲੱਗਦਾ ਕਿ ਉਹ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ ਚਾਹੁੰਦੇ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚਾਰ ਅਤੇ ਭਾਵਨਾਵਾਂ ਨਹੀਂ ਜਾਣਦੇ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਵੱਡੀ ਸਾਰੀ ਨਦੀ ਦੇ ਇਕ ਕਿਨਾਰੇ ʼਤੇ ਖੜ੍ਹੇ ਹੋ ਅਤੇ ਤੁਹਾਡੇ ਬੱਚੇ ਦੂਜੇ ਕਿਨਾਰੇ ʼਤੇ। ਪਰ ਯਾਦ ਰੱਖੋ ਜਦੋਂ ਇੱਦਾਂ ਹੁੰਦਾ ਹੈ, ਤਾਂ ਬੱਚਿਆਂ ਨਾਲ ਹੋਰ ਵੀ ਜ਼ਿਆਦਾ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ!

ਤੁਸੀਂ ਕੀ ਕਰ ਸਕਦੇ ਹੋ?

ਉਦੋਂ ਗੱਲ ਕਰੋ ਜਦੋਂ ਬੱਚੇ ਚਾਹੁੰਦੇ। ਆਪਣੇ ਬੱਚੇ ਨਾਲ ਗੱਲ ਕਰਨ ਲਈ ਤਿਆਰ ਰਹੋ ਭਾਵੇਂ ਉਹ ਅੱਧੀ ਰਾਤ ਨੂੰ ਹੀ ਕਿਉਂ ਨਾ ਗੱਲ ਕਰਨੀ ਚਾਹੇ।

“ਸ਼ਾਇਦ ਤੁਸੀਂ ਆਪਣੇ ਮਨ ਵਿਚ ਸੋਚੋ, ‘ਤੈਨੂੰ ਹੁਣ ਸਮਾਂ ਮਿਲਿਆ? ਮੈਂ ਸਾਰਾ ਦਿਨ ਤੇਰੇ ਨਾਲ ਹੀ ਸੀ?’ ਪਰ ਕੀ ਸਾਨੂੰ ਪਰੇਸ਼ਾਨ ਹੋਣਾ ਚਾਹੀਦਾ ਜੇ ਸਾਡਾ ਬੱਚਾ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦਾ ਹੈ? ਨਹੀਂ, ਹਰੇਕ ਮਾਤਾ-ਪਿਤਾ ਇਹੀ ਤਾਂ ਚਾਹੁੰਦਾਂ।”​—ਲੀਸਾ।

“ਭਾਵੇਂ ਮੈਨੂੰ ਮੇਰੀ ਨੀਂਦ ਬਹੁਤ ਪਿਆਰੀ ਹੈ, ਪਰ ਮੇਰੀਆਂ ਆਪਣੇ ਬੱਚਿਆਂ ਨਾਲ ਸਭ ਤੋਂ ਵਧੀਆ ਗੱਲਾਂ-ਬਾਤਾਂ ਅੱਧੀ ਰਾਤ ਤੋਂ ਬਾਅਦ ਹੀ ਹੋਈਆਂ।”​—ਹਰਬਰਟ।

ਬਾਈਬਲ ਦਾ ਅਸੂਲ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।”​—1 ਕੁਰਿੰਥੀਆਂ 10:24.

ਧਿਆਨ ਨਾ ਭਟਕਣ ਦਿਓ। ਇਕ ਪਿਤਾ ਦੱਸਦਾ ਹੈ: “ਜਦੋਂ ਮੇਰੇ ਬੱਚੇ ਮੇਰੇ ਨਾਲ ਗੱਲ ਕਰ ਰਹੇ ਹੁੰਦੇ ਹਨ, ਤਾਂ ਨਾਲ ਦੀ ਨਾਲ ਮੈਂ ਮਨ ਵਿਚ ਹੋਰ ਗੱਲਾਂ ਵੀ ਸੋਚ ਰਿਹਾ ਹੁੰਦਾ। ਮੈਂ ਉਨ੍ਹਾਂ ਨੂੰ ਮੂਰਖ ਨਹੀਂ ਬਣਾ ਸਕਦਾ। ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਉਨ੍ਹਾਂ ਦੀ ਗੱਲ ਧਿਆਨ ਨਾਲ ਨਹੀਂ ਸੁਣ ਰਿਹਾ!”

ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਟੀ. ਵੀ. ਬੰਦ ਕਰੋ ਅਤੇ ਫ਼ੋਨ ਵਗੈਰਾ ਇਕ ਪਾਸੇ ਰੱਖ ਦਿਓ। ਆਪਣੇ ਬੱਚੇ ਦੀ ਗੱਲ ਧਿਆਨ ਨਾਲ ਸੁਣੋ। ਦਿਖਾਓ ਕਿ ਤੁਹਾਡੇ ਲਈ ਉਨ੍ਹਾਂ ਦੀ ਗੱਲ ਸੁਣਨੀ ਸਭ ਤੋਂ ਜ਼ਰੂਰੀ ਹੈ, ਭਾਵੇਂ ਤੁਹਾਨੂੰ ਉਨ੍ਹਾਂ ਦੀ ਗੱਲ ਮਾਮੂਲੀ ਜਿਹੀ ਕਿਉਂ ਨਾ ਲੱਗੇ।

“ਬੱਚਿਆਂ ਨੂੰ ਇਹ ਅਹਿਸਾਸ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ, ਤਾਂ ਉਹ ਆਪਣੀ ਚਿੰਤਾਵਾਂ ਦੱਬੀ ਰੱਖਣਗੇ, ਜਾਂ ਸ਼ਾਇਦ ਕਿਸੇ ਹੋਰ ਕੋਲ ਜਾ ਕੇ ਦਿਲ ਹੌਲਾ ਕਰਨਗੇ।”​—ਮਰਾਂਡਾ।

“ਭਾਵੇਂ ਤੁਹਾਡੇ ਬੱਚੇ ਦੀ ਸੋਚ ਨੂੰ ਸੁਧਾਰਨ ਦੀ ਲੋੜ ਕਿਉਂ ਨਾ ਹੋਵੇ, ਫਿਰ ਵੀ ਜਲਦਬਾਜ਼ੀ ਵਿਚ ਕੁਝ ਗ਼ਲਤ ਨਾ ਬੋਲੋ।”​—ਐਂਟਨੀ।

ਬਾਈਬਲ ਦਾ ਅਸੂਲ: “ਧਿਆਨ ਨਾਲ ਸੁਣੋ।”​—ਲੂਕਾ 8:18.

ਰੋਜ਼ ਦੇ ਕੰਮ-ਕਾਰ ਕਰਦੇ ਵੇਲੇ ਗੱਲਬਾਤ ਕਰੋ। ਕਈ ਵਾਰ ਬੱਚੇ ਮਾਪਿਆਂ ਦੇ ਆਮ੍ਹੋ-ਸਾਮ੍ਹਣੇ ਬੈਠ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ।

“ਕਾਰ ਵਿਚ ਕਿਤੇ ਜਾਂਦਿਆਂ ਸਾਡੇ ਕੋਲ ਗੱਲ ਕਰਨ ਦਾ ਵਧੀਆ ਮੌਕਾ ਹੁੰਦਾ। ਆਮ੍ਹੋ-ਸਾਮ੍ਹਣੇ ਬੈਠਣ ਦੀ ਬਜਾਇ ਅਸੀਂ ਇਕ-ਦੂਜੇ ਦੇ ਨਾਲ-ਨਾਲ ਬੈਠੇ ਹੁੰਦੇ ਹਾਂ ਤੇ ਇੱਦਾਂ ਸਾਡੀ ਕਈ ਵਾਰ ਵਧੀਆ ਗੱਲਬਾਤ ਹੋਈ ਹੈ।”​—ਨੀਕੋਲ।

ਖਾਣਾ ਖਾਣ ਵੇਲੇ ਵੀ ਗੱਲ ਕਰਨ ਦਾ ਵਧੀਆ ਮੌਕਾ ਹੁੰਦਾ ਹੈ।

“ਖਾਣਾ ਖਾਂਦੇ ਸਮੇਂ ਪਰਿਵਾਰ ਦਾ ਹਰੇਕ ਮੈਂਬਰ ਦਿਨ ਦੌਰਾਨ ਵਾਪਰੀ ਸਭ ਤੋਂ ਮਾੜੀ ਅਤੇ ਸਭ ਤੋਂ ਚੰਗੀ ਗੱਲ ਦੱਸਦਾ ਹੈ। ਇੱਦਾਂ ਕਰਨ ਨਾਲ ਅਸੀਂ ਇਕ-ਦੂਜੇ ਦੇ ਹੋਰ ਨੇੜੇ ਹੁੰਦੇ ਹਾਂ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਦੂਜੇ ਵੀ ਸਾਡਾ ਸਾਥ ਦੇਣਗੇ।”​—ਰੌਬਿਨ।

ਬਾਈਬਲ ਦਾ ਅਸੂਲ: ‘ਹਰ ਕੋਈ ਸੁਣਨ ਲਈ ਤਿਆਰ ਰਹੇ ਅਤੇ ਬੋਲਣ ਵਿਚ ਕਾਹਲੀ ਨਾ ਕਰੇ।’​—ਯਾਕੂਬ 1:19.