Skip to content

Skip to table of contents

ਵਿਛੋੜੇ ਦਾ ਗਮ ਕਿਵੇਂ ਸਹੀਏ?

ਤੁਹਾਡੇ ʼਤੇ ਕੀ ਬੀਤ ਸਕਦੀ

ਤੁਹਾਡੇ ʼਤੇ ਕੀ ਬੀਤ ਸਕਦੀ

ਭਾਵੇਂ ਕਈ ਮਾਹਰ ਕਹਿੰਦੇ ਹਨ ਕਿ ਸੋਗ ਕਰਨ ਦੇ ਅਲੱਗ-ਅਲੱਗ ਪੜਾਅ ਹੁੰਦੇ ਹਨ, ਪਰ ਹਰ ਇਕ ਵਿਅਕਤੀ ਵੱਖੋ-ਵੱਖਰੇ ਤਰੀਕੇ ਨਾਲ ਸੋਗ ਕਰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਕੁਝ ਲੋਕਾਂ ਨੂੰ ਘੱਟ ਦੁੱਖ ਹੁੰਦਾ ਹੈ ਜਾਂ ਉਹ ਆਪਣੀਆਂ ਭਾਵਨਾਵਾਂ ਨੂੰ “ਦਬਾ” ਰਹੇ ਹੁੰਦੇ ਹਨ? ਜ਼ਰੂਰੀ ਨਹੀਂ। ਭਾਵੇਂ ਕਿ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰਨ ਅਤੇ ਆਪਣਾ ਦੁੱਖ ਜ਼ਾਹਰ ਕਰਨ ਨਾਲ ਕੁਝ ਹੱਦ ਤਕ ਦਿਲ ਹਲਕਾ ਹੋ ਸਕਦਾ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸੋਗ ਕਰਨ ਦਾ ਸਿਰਫ਼ ਇਕ ਹੀ “ਸਹੀ ਤਰੀਕਾ” ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਲੋਕ ਆਪਣੇ ਸਭਿਆਚਾਰ, ਆਪਣੀ ਸ਼ਖ਼ਸੀਅਤ, ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਅਤੇ ਜਿਸ ਤਰੀਕੇ ਨਾਲ ਉਨ੍ਹਾਂ ਦੇ ਅਜ਼ੀਜ਼ ਦੀ ਮੌਤ ਹੋਈ ਹੈ ਉਸ ਕਰਕੇ ਉਹ ਅਲੱਗ-ਅਲੱਗ ਤਰੀਕੇ ਨਾਲ ਸੋਗ ਮਨਾਉਣ।

ਸੋਗ ਦੇ ਕਿੰਨੇ ਕੁ ਬੁਰੇ ਅੰਜਾਮ ਹੋਣਗੇ?

ਜਦੋਂ ਕਿਸੇ ਦੇ ਆਪਣੇ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਇਦ ਉਸ ਨੂੰ ਸਮਝ ਨਹੀਂ ਲੱਗਦਾ ਕਿ ਉਹ ਕੀ ਕਰੇ ਜਾਂ ਕਿੱਦਾਂ ਪੇਸ਼ ਆਵੇ। ਪਰ ਯਾਦ ਰੱਖੋ ਕਿ ਜ਼ਿਆਦਾਤਰ ਲੋਕਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜ਼ਰਾ ਹੇਠਾਂ ਦੱਸੀਆਂ ਗੱਲਾਂ ʼਤੇ ਗੌਰ ਕਰੋ:

ਗਮ ਦੇ ਸਮੁੰਦਰ ਵਿਚ ਡੁੱਬਣਾ। ਵਾਰ-ਵਾਰ ਰੋਣਾ, ਇਕਦਮ ਮੂਡ ਬਦਲ ਜਾਣਾ, ਮਰ ਚੁੱਕੇ ਵਿਅਕਤੀ ਨੂੰ ਮਿਲਣ ਦਾ ਬਹੁਤ ਦਿਲ ਕਰਨਾ, ਇੱਦਾਂ ਹੋਣਾ ਆਮ ਹੈ। ਪੁਰਾਣੀਆਂ ਯਾਦਾਂ ਜਾਂ ਸੁਪਨਿਆਂ ਕਰਕੇ ਭਾਵਨਾਵਾਂ ʼਤੇ ਹੋਰ ਅਸਰ ਪੈ ਸਕਦਾ ਹੈ। ਕਿਸੇ ਦੀ ਮੌਤ ਬਾਰੇ ਪਤਾ ਲੱਗਣ ਤੇ ਪਹਿਲਾਂ-ਪਹਿਲ ਸਦਮਾ ਲੱਗ ਸਕਦਾ ਹੈ ਜਾਂ ਯਕੀਨ ਕਰਨਾ ਔਖਾ ਲੱਗ ਸਕਦਾ ਹੈ। ਜਦੋਂ ਟੀਨਾ ਦੇ ਪਤੀ ਦੀ ਅਚਾਨਕ ਮੌਤ ਹੋ ਗਈ, ਤਾਂ ਉਸ ਸਮੇਂ ਨੂੰ ਯਾਦ ਕਰਦਿਆਂ ਉਹ ਦੱਸਦੀ ਹੈ: “ਟੀਮੋ ਦੀ ਮੌਤ ਹੋਣ ਤੇ ਮੈਂ ਸੁੰਨ ਹੋ ਗਈ ਸੀ। ਮੈਂ ਰੋ ਵੀ ਨਹੀਂ ਪਾ ਰਹੀ ਸੀ। ਮੈਂ ਕਦੇ-ਕਦੇ ਇੰਨਾ ਘਬਰਾ ਜਾਂਦੀ ਸੀ ਕਿ ਮੇਰੇ ਲਈ ਸਾਹ ਲੈਣਾ ਵੀ ਬਹੁਤ ਔਖਾ ਹੋ ਜਾਂਦਾ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਟੀਮੋ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ ਸਨ।”

ਚਿੰਤਾ ਹੋਣੀ, ਗੁੱਸਾ ਆਉਣਾ ਜਾਂ ਦੋਸ਼ੀ ਮਹਿਸੂਸ ਕਰਨਾ ਆਮ ਹੈ। ਈਵਾਨ ਕਹਿੰਦਾ ਹੈ: “ਆਪਣੇ 24 ਸਾਲਾਂ ਦੇ ਮੁੰਡੇ, ਐਰਿਕ, ਦੀ ਮੌਤ ਤੋਂ ਬਾਅਦ ਕੁਝ ਸਮੇਂ ਤਕ ਸਾਨੂੰ ਦੋਵਾਂ ਨੂੰ ਬਹੁਤ ਗੁੱਸਾ ਆਉਂਦਾ ਸੀ! ਸਾਨੂੰ ਬਹੁਤ ਹੈਰਾਨੀ ਹੁੰਦੀ ਸੀ ਕਿਉਂਕਿ ਅਸੀਂ ਪਹਿਲਾਂ ਕਦੇ ਵੀ ਇੰਨਾ ਗੁੱਸਾ ਨਹੀਂ ਸੀ ਕਰਦੇ ਹੁੰਦੇ। ਅਸੀਂ ਖ਼ੁਦ ਨੂੰ ਦੋਸ਼ੀ ਵੀ ਮਹਿਸੂਸ ਕਰਦੇ ਸੀ ਕਿ ਕਾਸ਼ ਅਸੀਂ ਆਪਣੇ ਮੁੰਡੇ ਦੀ ਮਦਦ ਕਰਨ ਲਈ ਕੁਝ ਹੋਰ ਕਰ ਸਕਦੇ।” ਆਲੇਹਾਂਦਰੋ ਦੀ ਪਤਨੀ ਲੰਬੀ ਬੀਮਾਰੀ ਤੋਂ ਬਾਅਦ ਮੌਤ ਦੇ ਮੂੰਹ ਵਿਚ ਚਲੀ ਗਈ। ਉਹ ਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਿਆਂ ਕਹਿੰਦਾ ਹੈ: “ਪਹਿਲਾਂ-ਪਹਿਲ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਜ਼ਰੂਰ ਬੁਰਾ ਇਨਸਾਨ ਹੋਣਾ ਤਾਂ ਹੀ ਰੱਬ ਮੇਰੇ ʼਤੇ ਇੰਨਾ ਦੁੱਖ ਲਿਆ ਰਿਹਾ। ਫਿਰ ਮੈਂ ਹੋਰ ਦੋਸ਼ੀ ਮਹਿਸੂਸ ਕਰਨ ਲੱਗਾ ਕਿਉਂਕਿ ਮੈਂ ਰੱਬ ਨੂੰ ਦੋਸ਼ੀ ਠਹਿਰਾ ਰਿਹਾ ਸੀ।” ਕੋਸਤਾਸ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਕਹਿੰਦਾ ਹੈ: “ਕਦੇ-ਕਦੇ ਤਾਂ ਮੈਂ ਸੋਫ਼ੀਆ ʼਤੇ ਹੀ ਗੁੱਸਾ ਕਰਨ ਲੱਗ ਪੈਂਦਾ ਸੀ ਕਿ ਉਹ ਮੈਨੂੰ ਛੱਡ ਕੇ ਕਿਉਂ ਚਲੀ ਗਈ। ਫਿਰ ਮੈਂ ਇੱਦਾਂ ਸੋਚਣ ਕਰਕੇ ਦੋਸ਼ੀ ਮਹਿਸੂਸ ਕਰਨ ਲੱਗ ਪੈਂਦਾ ਸੀ ਕਿਉਂਕਿ ਇਸ ਵਿਚ ਉਸ ਦੀ ਤਾਂ ਕੋਈ ਗ਼ਲਤੀ ਨਹੀਂ ਸੀ।”

ਸੋਚਾਂ ʼਤੇ ਕਾਬੂ ਨਾ ਰਹਿਣਾ। ਕਦੇ-ਕਦੇ ਸੋਗ ਕਰਨ ਵਾਲੇ ਦੇ ਦਿਮਾਗ਼ ਵਿਚ ਇੱਦਾਂ ਦੇ ਖ਼ਿਆਲ ਆਉਂਦੇ ਹਨ ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ। ਮਿਸਾਲ ਲਈ, ਉਸ ਨੂੰ ਸ਼ਾਇਦ ਲੱਗੇ ਕਿ ਉਹ ਮਰ ਚੁੱਕੇ ਵਿਅਕਤੀ ਦੀ ਆਵਾਜ਼ ਸੁਣ ਸਕਦਾ ਹੈ, ਉਸ ਨੂੰ ਮਹਿਸੂਸ ਕਰ ਸਕਦਾ ਜਾਂ ਦੇਖ ਸਕਦਾ ਹੈ। ਨਾਲੇ ਸੋਗੀ ਨੂੰ ਸ਼ਾਇਦ ਕਿਸੇ ਗੱਲ ʼਤੇ ਧਿਆਨ ਲਾਉਣ ਜਾਂ ਚੀਜ਼ਾਂ ਯਾਦ ਰੱਖਣ ਵਿਚ ਮੁਸ਼ਕਲ ਆਵੇ। ਟੀਨਾ ਕਹਿੰਦੀ ਹੈ: “ਕਈ ਵਾਰ ਜਦੋਂ ਮੈਂ ਕਿਸੇ ਨਾਲ ਗੱਲ ਕਰ ਰਹੀ ਹੁੰਦੀ ਸੀ, ਤਾਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਮੇਰਾ ਦਿਮਾਗ਼ ਕਿਤੇ ਹੋਰ ਹੀ ਹੁੰਦਾ ਸੀ। ਮੇਰੇ ਦਿਮਾਗ਼ ਵਿਚ ਟੀਮੋ ਦੀ ਮੌਤ ਨਾਲ ਜੁੜੀਆਂ ਗੱਲਾਂ ਘੁੰਮਦੀਆਂ ਰਹਿੰਦੀਆਂ ਸਨ। ਧਿਆਨ ਨਾ ਲੱਗਣ ਕਰਕੇ ਮੈਂ ਹੋਰ ਨਿਰਾਸ਼ ਹੋ ਜਾਂਦੀ ਸੀ।”

ਇਕੱਲੇ-ਇਕੱਲੇ ਰਹਿਣ ਦਾ ਦਿਲ ਕਰਨਾ। ਸੋਗੀ ਨੂੰ ਦੂਸਰਿਆਂ ਨਾਲ ਹੁੰਦੇ ਸਮੇਂ ਬੁਰਾ ਜਾਂ ਓਪਰਾ ਲੱਗ ਸਕਦਾ। ਕੋਸਤਾਸ ਕਹਿੰਦਾ ਹੈ: “ਵਿਆਹੇ ਲੋਕਾਂ ਨਾਲ ਹੁੰਦੇ ਵੇਲੇ ਮੈਨੂੰ ਲੱਗਦਾ ਸੀ ਕਿ ਮੇਰੀ ਇੱਥੇ ਕੋਈ ਲੋੜ ਨਹੀਂ। ਪਰ ਜਦੋਂ ਮੈਂ ਕੁਆਰੇ ਲੋਕਾਂ ਵਿਚ ਹੁੰਦਾ ਸੀ, ਉਦੋਂ ਵੀ ਮੈਨੂੰ ਇੱਦਾਂ ਹੀ ਲੱਗਦਾ ਸੀ।” ਈਵਾਨ ਦੀ ਪਤਨੀ ਕਹਿੰਦੀ ਹੈ: “ਮੈਨੂੰ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਬਹੁਤ ਔਖਾ ਲੱਗਦਾ ਸੀ ਜੋ ਆਪਣੀਆਂ ਮੁਸ਼ਕਲਾਂ ਬਾਰੇ ਦੱਸਦੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਾਡੇ ਦੁੱਖਾਂ ਸਾਮ੍ਹਣੇ ਬਹੁਤ ਛੋਟੀਆਂ ਲੱਗਦੀਆਂ ਸਨ। ਉਨ੍ਹਾਂ ਲੋਕਾਂ ਨਾਲ ਵੀ ਮੈਨੂੰ ਇੱਦਾਂ ਹੀ ਲੱਗਦਾ ਸੀ ਜੋ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਕਿੰਨਾ ਵਧੀਆ ਕਰ ਰਹੇ ਸਨ। ਮੈਂ ਉਨ੍ਹਾਂ ਲਈ ਖ਼ੁਸ਼ ਸੀ, ਪਰ ਮੈਨੂੰ ਉਨ੍ਹਾਂ ਦੀ ਗੱਲ ਸੁਣਨੀ ਔਖੀ ਲੱਗਦੀ ਸੀ। ਮੈਨੂੰ ਤੇ ਮੇਰੇ ਪਤੀ ਨੂੰ ਅਹਿਸਾਸ ਹੋ ਗਿਆ ਸੀ ਕਿ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ, ਪਰ ਸਾਨੂੰ ਹੀ ਉਨ੍ਹਾਂ ਦੀਆਂ ਗੱਲਾਂ ਵਿਚ ਰੁਚੀ ਨਹੀਂ ਸੀ ਤੇ ਨਾ ਸਾਡੇ ਵਿਚ ਧੀਰਜ ਸੀ।”

ਸਿਹਤ ਸੰਬੰਧੀ ਮੁਸ਼ਕਲਾਂ ਆਉਣੀਆਂ। ਭੁੱਖ ਘੱਟ-ਵੱਧ ਲੱਗਣੀ, ਭਾਰ ਘੱਟ-ਵੱਧ ਹੋਣਾ ਅਤੇ ਚੰਗੀ ਤਰ੍ਹਾਂ ਨੀਂਦ ਨਾ ਆਉਣੀ, ਇੱਦਾਂ ਹੋਣਾ ਆਮ ਹੈ। ਐਰਨ ਦੱਸਦਾ ਹੈ ਕਿ ਉਸ ਦੇ ਡੈਡੀ ਦੀ ਮੌਤ ਹੋਣ ਤੋਂ ਤਕਰੀਬਨ ਇਕ ਸਾਲ ਤਕ ਉਸ ਨਾਲ ਕੀ ਹੁੰਦਾ ਰਿਹਾ। ਉਹ ਕਹਿੰਦਾ ਹੈ: “ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ। ਮੈਂ ਹਰ ਰਾਤ ਨੂੰ ਇੱਕੋ ਸਮੇਂ ʼਤੇ ਉੱਠ ਜਾਂਦਾ ਸੀ ਤੇ ਆਪਣੇ ਡੈਡੀ ਦੀ ਮੌਤ ਬਾਰੇ ਸੋਚਣ ਲੱਗ ਪੈਂਦਾ ਸੀ।”

ਆਲੇਹਾਂਦਰੋ ਆਪਣੀਆਂ ਬੀਮਾਰੀਆਂ ਬਾਰੇ ਗੱਲ ਕਰਦਿਆਂ ਕਹਿੰਦਾ ਹੈ: “ਮੈਂ ਕਈ ਵਾਰ ਡਾਕਟਰ ਕੋਲ ਆਪਣੀ ਜਾਂਚ ਕਰਾਉਣ ਗਿਆ ਤੇ ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਮੈਂ ਬਿਲਕੁਲ ਠੀਕ ਸੀ। ਮੈਨੂੰ ਪਤਾ ਲੱਗ ਗਿਆ ਕਿ ਸੋਗ ਕਰਨ ਕਰਕੇ ਮੇਰੀ ਹਾਲਤ ਇੱਦਾਂ ਦੀ ਹੋ ਗਈ ਸੀ।” ਸਮੇਂ ਦੇ ਬੀਤਣ ਨਾਲ ਮੈਂ ਠੀਕ ਮਹਿਸੂਸ ਕਰਨ ਲੱਗ ਪਿਆ। ਪਰ ਆਲੇਹਾਂਦਰੋ ਦਾ ਡਾਕਟਰ ਕੋਲ ਜਾਣ ਦਾ ਫ਼ੈਸਲਾ ਵਧੀਆ ਸੀ। ਸੋਗ ਕਰਨ ਕਰਕੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਸਕਦੀ ਹੈ ਤੇ ਜੇ ਪਹਿਲਾਂ ਹੀ ਕੋਈ ਬੀਮਾਰੀ ਹੈ, ਤਾਂ ਉਹ ਵੱਧ ਸਕਦੀ ਹੈ ਜਾਂ ਇੱਥੋਂ ਤਕ ਕਿ ਕੋਈ ਨਵੀਂ ਬੀਮਾਰੀ ਵੀ ਲੱਗ ਸਕਦੀ ਹੈ।

ਜ਼ਰੂਰੀ ਕੰਮ ਕਰਨ ਵਿਚ ਮੁਸ਼ਕਲ ਆਉਣੀ। ਈਵਾਨ ਕਹਿੰਦਾ ਹੈ: “ਐਰਿਕ ਦੀ ਮੌਤ ਬਾਰੇ ਸਾਨੂੰ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਇਲਾਵਾ ਉਸ ਦੇ ਬਾਸ ਅਤੇ ਮਕਾਨ-ਮਾਲਕ ਨੂੰ ਵੀ ਦੱਸਣਾ ਪਿਆ। ਸਾਨੂੰ ਕਈ ਕਾਨੂੰਨੀ ਦਸਤਾਵੇਜ਼ ਵੀ ਭਰਨੇ ਪਏ। ਸਾਨੂੰ ਫ਼ੈਸਲਾ ਕਰਨਾ ਪਿਆ ਕਿ ਅਸੀਂ ਐਰਿਕ ਦੀਆਂ ਕਿਹੜੀਆਂ ਚੀਜ਼ਾਂ ਰੱਖਾਂਗੇ ਤੇ ਕਿਹੜੀਆਂ ਨਹੀਂ। ਇਹ ਸਾਰੇ ਕੰਮ ਕਰਨ ਲਈ ਸਾਨੂੰ ਧਿਆਨ ਲਾਉਣ ਦੀ ਲੋੜ ਸੀ, ਪਰ ਅਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਥੱਕ ਚੁੱਕੇ ਸੀ।”

ਪਰ ਕਈਆਂ ਲਈ ਅਸਲੀ ਚੁਣੌਤੀਆਂ ਬਾਅਦ ਵਿਚ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਉਹ ਕੰਮ ਕਰਨੇ ਪੈਂਦੇ ਹਨ ਜੋ ਪਹਿਲਾਂ ਉਨ੍ਹਾਂ ਦਾ ਅਜ਼ੀਜ਼ ਕਰਦਾ ਹੁੰਦਾ ਸੀ। ਟੀਨਾ ਨਾਲ ਵੀ ਇਸੇ ਤਰ੍ਹਾਂ ਹੋਇਆ। ਉਹ ਕਹਿੰਦੀ ਹੈ: “ਟੀਮੋ ਹੀ ਹਮੇਸ਼ਾ ਬੈਂਕ ਦੇ ਅਤੇ ਬਾਕੀ ਬਿਜ਼ਨਿਸ ਸੰਬੰਧੀ ਕੰਮ ਕਰਦੇ ਸਨ। ਹੁਣ ਇਹ ਕੰਮ ਕਰਨੇ ਮੇਰੀ ਜ਼ਿੰਮੇਵਾਰੀ ਸੀ। ਇਸ ਕਰਕੇ ਮੈਂ ਹੋਰ ਜ਼ਿਆਦਾ ਚਿੰਤਾ ਵਿਚ ਡੁੱਬ ਜਾਂਦੀ ਸੀ। ਮੈਨੂੰ ਡਰ ਸੀ ਕਿ ਕੀ ਮੈਂ ਸਾਰਾ ਕੁਝ ਚੰਗੀ ਤਰ੍ਹਾਂ ਕਰ ਵੀ ਸਕਾਂਗੀ?”

ਉੱਪਰ ਦੱਸੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੌਤ ਦਾ ਦਰਦ ਸਹਿਣਾ ਬਰਦਾਸ਼ਤ ਤੋਂ ਬਾਹਰ ਹੋ ਸਕਦਾ ਹੈ। ਪਰ ਜੇ ਸੋਗ ਕਰਨ ਵਾਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਹੀ ਪਤਾ ਹੋਵੇਗਾ, ਤਾਂ ਉਨ੍ਹਾਂ ਲਈ ਇਹ ਗਮ ਸਹਿਣਾ ਥੋੜ੍ਹਾ ਆਸਾਨ ਹੋ ਸਕਦਾ ਹੈ। ਯਾਦ ਰੱਖੋ ਕਿ ਹਰ ਵਿਅਕਤੀ ਨੂੰ ਗਮ ਦੇ ਸਾਰੇ ਅਸਰਾਂ ਦੀ ਮਾਰ ਨਹੀਂ ਝੱਲਣੀ ਪੈਂਦੀ। ਇਸ ਦੇ ਨਾਲ-ਨਾਲ ਸੋਗ ਕਰਨ ਵਾਲਿਆਂ ਨੂੰ ਇਹ ਗੱਲ ਜਾਣ ਕੇ ਦਿਲਾਸਾ ਮਿਲ ਸਕਦਾ ਹੈ ਕਿ ਭਾਵਨਾਵਾਂ ਵਿਚ ਉਤਾਰ-ਚੜ੍ਹਾਅ ਆਉਣੇ ਆਮ ਹਨ।

ਕੀ ਮੈਂ ਮੁੜ ਕੇ ਕਦੇ ਪਹਿਲਾਂ ਵਾਂਗ ਖ਼ੁਸ਼ ਰਹਿ ਸਕਾਂਗਾ?

ਕੀ ਉਮੀਦ ਕਰੀਏ: ਸੋਗ ਦੀ ਪੀੜਾ ਹਮੇਸ਼ਾ ਨਹੀਂ ਰਹਿੰਦੀ, ਇਹ ਹੌਲੀ-ਹੌਲੀ ਘੱਟ ਜਾਂਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਵਿਅਕਤੀ ਪੂਰੀ ਤਰ੍ਹਾਂ “ਠੀਕ” ਹੋ ਜਾਂਦਾ ਹੈ ਜਾਂ ਆਪਣੇ ਅਜ਼ੀਜ਼ ਨੂੰ ਭੁੱਲ ਜਾਂਦਾ ਹੈ। ਭਾਵੇਂ ਹੌਲੀ-ਹੌਲੀ ਸੋਗ ਦੀ ਪੀੜਾ ਘੱਟ ਜਾਂਦੀ ਹੈ। ਪਰ ਇਹ ਭਾਵਨਾਵਾਂ ਮੁੜ ਤੋਂ ਜਾਗ ਸਕਦੀਆਂ ਹਨ, ਜਦੋਂ ਅਚਾਨਕ ਕੁਝ ਯਾਦਾਂ ਤਾਜ਼ੀਆਂ ਹੋ ਜਾਣ ਜਾਂ ਕੁਝ ਖ਼ਾਸ ਮੌਕਿਆਂ ʼਤੇ ਜਿਵੇਂ ਵਿਆਹ ਦੀ ਸਾਲ-ਗਿਰ੍ਹਾ ਜਾਂ ਮੌਤ ਦੀ ਵਰ੍ਹੇ-ਗੰਢ। ਪਰ ਜ਼ਿਆਦਾਤਰ ਲੋਕ ਹੌਲੀ-ਹੌਲੀ ਆਪਣੀਆਂ ਭਾਵਨਾਵਾਂ ʼਤੇ ਕਾਬੂ ਪਾ ਲੈਂਦੇ ਹਨ ਅਤੇ ਦੁਬਾਰਾ ਤੋਂ ਰੋਜ਼ਮੱਰਾ ਦੇ ਕੰਮਾਂ ਵੱਲ ਧਿਆਨ ਲਾ ਪਾਉਂਦੇ ਹਨ। ਇੱਦਾਂ ਖ਼ਾਸ ਕਰਕੇ ਉਦੋਂ ਹੁੰਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਜਾਂ ਦੋਸਤ ਸੋਗ ਕਰਨ ਵਾਲੇ ਦੀ ਮਦਦ ਕਰਦੇ ਹਨ ਅਤੇ ਉਹ ਖ਼ੁਦ ਆਪਣੇ ਗਮ ਵਿੱਚੋਂ ਨਿਕਲਣ ਲਈ ਕੁਝ ਢੁਕਵੇਂ ਕਦਮ ਚੁੱਕਦਾ ਹੈ।

ਗਮ ਦੀ ਘੜੀ ਕਿੰਨੀ ਲੰਬੀ ਹੋ ਸਕਦੀ? ਕੁਝ ਲੋਕ ਸ਼ਾਇਦ ਕੁਝ ਮਹੀਨਿਆਂ ਵਿਚ ਗਮ ਵਿੱਚੋਂ ਉੱਭਰ ਆਉਣ। ਪਰ ਦੂਜੇ ਪਾਸੇ ਕਈਆਂ ਨੂੰ ਇਕ ਜਾਂ ਦੋ ਸਾਲ ਤੇ ਕਈਆਂ ਨੂੰ ਇਸ ਤੋਂ ਵੀ ਜ਼ਿਆਦਾ ਸਮਾਂ a ਲੱਗ ਸਕਦਾ ਹੈ। ਆਲੇਹਾਂਦਰੋ ਕਹਿੰਦਾ ਹੈ: “ਮੈਂ ਲਗਭਗ ਤਿੰਨ ਸਾਲਾਂ ਤਕ ਸੋਗ ਵਿਚ ਡੁੱਬਾ ਰਿਹਾ।”

ਆਪਣੇ ਆਪ ਨਾਲ ਧੀਰਜ ਬਣਾਈ ਰੱਖੋ। ਕੱਲ੍ਹ ਬਾਰੇ ਜ਼ਿਆਦਾ ਚਿੰਤਾ ਨਾ ਕਰੋ, ਦੂਸਰਿਆਂ ਨਾਲ ਆਪਣੀ ਤੁਲਨਾ ਨਾ ਕਰੋ ਅਤੇ ਇਹ ਗੱਲ ਯਾਦ ਰੱਖੋ ਕਿ ਸੋਗ ਦੀ ਪੀੜਾ ਹਮੇਸ਼ਾ ਤਕ ਨਹੀਂ ਰਹਿੰਦੀ। ਕੀ ਤੁਸੀਂ ਕੁਝ ਅਜਿਹੇ ਕੰਮ ਕਰ ਸਕਦੇ ਹੋ ਜਿਸ ਨਾਲ ਤੁਸੀਂ ਆਪਣਾ ਗਮ ਘਟਾ ਸਕੋ ਅਤੇ ਲੰਬੇ ਸਮੇਂ ਤਕ ਸੋਗ ਵਿਚ ਡੁੱਬੇ ਰਹਿਣ ਤੋਂ ਬਚ ਸਕੋ?

ਗਮ ਦੇ ਕਰਕੇ ਭਾਵਨਾਵਾਂ ਵਿਚ ਉਤਾਰ-ਚੜ੍ਹਾਅ ਆਉਣੇ ਆਮ ਹਨ

a ਕੁਝ ਲੋਕ ਬੁਰੀ ਤਰ੍ਹਾਂ ਅਤੇ ਕਾਫ਼ੀ ਲੰਬੇ ਸਮੇਂ ਲਈ ਸੋਗ (chronic grief) ਵਿਚ ਡੁੱਬ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸ਼ਾਇਦ ਡਾਕਟਰੀ ਮਦਦ ਦੀ ਲੋੜ ਪਵੇ।