Skip to content

Skip to table of contents

ਕਹਾਣੀ 2

ਇਕ ਸੁੰਦਰ ਬਾਗ਼

ਇਕ ਸੁੰਦਰ ਬਾਗ਼

ਜ਼ਰਾ ਇਹ ਤਸਵੀਰ ਦੇਖੋ। ਇਸ ਵਿਚ ਸਭ ਕੁਝ ਕਿੰਨਾ ਸੋਹਣਾ ਹੈ! ਹਰਾ-ਹਰਾ ਘਾਹ, ਵੱਡੇ-ਵੱਡੇ ਦਰਖ਼ਤ, ਰੰਗ-ਬਰੰਗੇ ਫੁੱਲ। ਦੇਖੋ, ਇੱਥੇ ਤਾਂ ਜਾਨਵਰ ਵੀ ਹਨ। ਕੀ ਤੁਹਾਨੂੰ ਹਾਥੀ ਤੇ ਸ਼ੇਰ ਦਿੱਸਦੇ ਹਨ?

ਪਰਮੇਸ਼ੁਰ ਨੇ ਧਰਤੀ ਨੂੰ ਇੰਨਾ ਖੂਬਸੂਰਤ ਕਿਵੇਂ ਬਣਾਇਆ? ਆਓ ਆਪਾਂ ਦੇਖੀਏ।

ਪਹਿਲਾਂ ਉਸ ਨੇ ਧਰਤੀ ਨੂੰ ਹਰੇ-ਹਰੇ ਘਾਹ ਨਾਲ ਸਜਾਇਆ। ਫਿਰ ਉਸ ਨੇ ਛੋਟੇ-ਵੱਡੇ ਪੇੜ-ਪੌਦਿਆਂ ਅਤੇ ਦਰਖ਼ਤਾਂ ਨੂੰ ਉਗਾਇਆ। ਇਹ ਸਿਰਫ਼ ਦੇਖਣ ਨੂੰ ਹੀ ਸੋਹਣੇ ਨਹੀਂ ਲੱਗਦੇ ਸਗੋਂ ਇਨ੍ਹਾਂ ਤੋਂ ਸਾਨੂੰ ਫਲ-ਸਬਜ਼ੀਆਂ ਵੀ ਮਿਲਦੀਆਂ ਹਨ।

ਇਸ ਤੋਂ ਬਾਅਦ ਉਸ ਨੇ ਸਮੁੰਦਰ ਵਿਚ ਮੱਛੀਆਂ, ਆਕਾਸ਼ ਦੇ ਪੰਛੀਆਂ ਅਤੇ ਧਰਤੀ ਤੇ ਭਾਂਤ-ਭਾਂਤ ਦੇ ਜਾਨਵਰਾਂ ਨੂੰ ਬਣਾਇਆ। ਤੁਸੀਂ ਕਿਹੜੇ-ਕਿਹੜੇ ਜਾਨਵਰ ਦੇਖੇ ਹਨ? ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਹੀ ਬਣਾਇਆ ਹੈ ਤਾਂਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਕੀ ਇਹ ਗੱਲ ਤੁਹਾਡੇ ਦਿਲ ਨੂੰ ਖ਼ੁਸ਼ ਨਹੀਂ ਕਰਦੀ?

ਇਸ ਤੋਂ ਬਾਅਦ ਪਰਮੇਸ਼ੁਰ ਨੇ ਧਰਤੀ ਦੇ ਇਕ ਕੋਨੇ ਵਿਚ ਇਕ ਬਾਗ਼ ਲਾਇਆ। ਇਹ ਸੀ ਅਦਨ ਦਾ ਬਾਗ਼, ਜਿਸ ਦੀ ਇਹ ਤਸਵੀਰ ਹੈ। ਪਰਮੇਸ਼ੁਰ ਦੀ ਇੱਛਾ ਸੀ ਕਿ ਸਾਰੀ ਧਰਤੀ ਇਸ ਬਾਗ਼ ਵਾਂਗ ਖੂਬਸੂਰਤ ਬਣ ਜਾਵੇ।

ਪਰ ਇਸ ਬਾਗ਼ ਵਿਚ ਇਕ ਚੀਜ਼ ਦੀ ਕਮੀ ਹੈ। ਤੁਹਾਨੂੰ ਪਤਾ ਕੀ? ਚਲੋ ਆਪਾਂ ਅਗਲੀ ਕਹਾਣੀ ਵਿਚ ਦੇਖੀਏ।