Skip to content

Skip to table of contents

ਕਹਾਣੀ 3

ਪਹਿਲਾ ਆਦਮੀ ਤੇ ਔਰਤ

ਪਹਿਲਾ ਆਦਮੀ ਤੇ ਔਰਤ

ਕੀ ਤੁਸੀਂ ਦੇਖਿਆ ਕਿ ਇਹ ਤਸਵੀਰ ਪਿਛਲੀ ਤਸਵੀਰ ਨਾਲੋਂ ਕਿਵੇਂ ਵੱਖਰੀ ਹੈ? ਇਸ ਵਿਚ ਇਕ ਆਦਮੀ ਤੇ ਔਰਤ ਹੈ। ਆਦਮੀ ਦਾ ਨਾਮ ਆਦਮ ਹੈ ਅਤੇ ਤੀਵੀਂ ਦਾ ਹੱਵਾਹ। ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਨੂੰ ਕਿਸ ਨੇ ਬਣਾਇਆ? ਹਾਂ, ਰੱਬ ਨੇ ਹੀ ਉਨ੍ਹਾਂ ਨੂੰ ਬਣਾਇਆ। ਉਸ ਦਾ ਨਾਮ ਹੈ, ਯਹੋਵਾਹ।

ਯਹੋਵਾਹ ਨੇ ਆਦਮ ਦੀ ਰਚਨਾ ਕਿਸ ਤਰ੍ਹਾਂ ਕੀਤੀ? ਪਹਿਲਾਂ ਉਸ ਨੇ ਮਿੱਟੀ ਤੋਂ ਉਸ ਦਾ ਸਰੀਰ ਬਣਾਇਆ। ਫਿਰ ਉਸ ਸਰੀਰ ਨੂੰ ਜੀਉਂਦਾ ਕਰਨ ਲਈ ਪਰਮੇਸ਼ੁਰ ਨੇ ਉਸ ਦੀਆਂ ਨਾਸਾਂ ਵਿਚ ਸਾਹ ਫੂਕਿਆ। ਇੱਦਾਂ ਉਹ ਜੀਉਂਦਾ-ਜਾਗਦਾ ਆਦਮੀ ਬਣ ਗਿਆ।

ਪਰਮੇਸ਼ੁਰ ਨੇ ਆਦਮ ਨੂੰ ਇਕ ਕੰਮ ਕਰਨ ਨੂੰ ਦਿੱਤਾ। ਉਸ ਨੇ ਕਿਹਾ ਕਿ ਉਹ ਸਾਰੇ ਜਾਨਵਰਾਂ ਦੇ ਨਾਮ ਰੱਖੇ। ਪਰ ਇਹ ਕੋਈ ਸੌਖਾ ਕੰਮ ਨਹੀਂ ਸੀ। ਜਾਨਵਰਾਂ ਨੂੰ ਢੁਕਵੇਂ ਨਾਮ ਦੇਣ ਲਈ ਉਸ ਨੇ ਉਨ੍ਹਾਂ ਨਾਲ ਕਾਫ਼ੀ ਸਮਾਂ ਗੁਜ਼ਾਰਿਆ ਤੇ ਉਨ੍ਹਾਂ ਦੀਆਂ ਹਰਕਤਾਂ ਦੇਖੀਆਂ। ਪਰ, ਜਾਨਵਰਾਂ ਨੂੰ ਨਾਮ ਦਿੰਦੇ ਵਕਤ ਉਸ ਦੇ ਮਨ ਵਿਚ ਇਕ ਗੱਲ ਆਈ। ਕੀ ਤੁਹਾਨੂੰ ਪਤਾ ਹੈ ਕਿ ਉਹ ਕਿਹੜੀ ਗੱਲ ਸੀ?

ਆਦਮ ਨੇ ਦੇਖਿਆ ਕਿ ਸ਼ੇਰ ਲਈ ਸ਼ੇਰਨੀ ਸੀ ਤੇ ਹਾਥੀ ਲਈ ਹਥਣੀ, ਪਰ ਉਸ ਦਾ ਕੋਈ ਵੀ ਨਹੀਂ ਸੀ। ਪਰਮੇਸ਼ੁਰ ਨੇ ਵੀ ਇਹੀ ਗੱਲ ਦੇਖੀ ਅਤੇ ਉਸ ਨੇ ਆਦਮ ਲਈ ਇਕ ਸਾਥਣ ਬਣਾਈ। ਯਹੋਵਾਹ ਨੇ ਆਦਮ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਉਸ ਦੀ ਇਕ ਪਸਲੀ ਕੱਢ ਕੇ ਉਸ ਤੋਂ ਔਰਤ ਬਣਾਈ। ਇਹ ਔਰਤ ਆਦਮ ਦੀ ਪਤਨੀ ਬਣੀ।

ਆਦਮ ਹੁਣ ਇਕੱਲਾ ਨਹੀਂ ਸੀ। ਉਸ ਦੀ ਵੀ ਇਕ ਸਾਥਣ ਸੀ ਜਿਸ ਕਰਕੇ ਉਹ ਬਹੁਤ ਖ਼ੁਸ਼ ਸੀ। ਦੂਸਰੇ ਪਾਸੇ, ਹੱਵਾਹ ਵੀ ਕੁਝ ਘੱਟ ਖ਼ੁਸ਼ ਨਹੀਂ ਸੀ ਕਿਉਂਕਿ ਉਹ ਆਪਣੇ ਪਤੀ ਨਾਲ ਇਸ ਸੁੰਦਰ ਜਗ੍ਹਾ ਵਿਚ ਰਹਿ ਸਕਦੀ ਸੀ। ਹੁਣ ਉਹ ਆਪਣੇ ਵਰਗੇ ਹੋਰ ਇਨਸਾਨ ਪੈਦਾ ਕਰ ਸਕਦੇ ਸਨ ਅਤੇ ਉਨ੍ਹਾਂ ਨਾਲ ਮਿਲ ਕੇ ਸੁੰਦਰ ਧਰਤੀ ਉੱਤੇ ਮਜ਼ੇ ਨਾਲ ਜੀ ਸਕਦੇ ਸਨ।

ਯਹੋਵਾਹ ਚਾਹੁੰਦਾ ਸੀ ਕਿ ਆਦਮ ਅਤੇ ਹੱਵਾਹ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿਣ ਅਤੇ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਾਂਗ ਖੂਬਸੂਰਤ ਬਣਾ ਦੇਣ। ਉਨ੍ਹਾਂ ਨੂੰ ਇਹ ਗੱਲ ਕਿੰਨੀ ਵਧੀਆ ਲੱਗੀ ਹੋਵੇਗੀ! ਜੇ ਤੁਸੀਂ ਉੱਥੇ ਹੁੰਦੇ, ਤਾਂ ਕੀ ਤੁਸੀਂ ਧਰਤੀ ਨੂੰ ਖੂਬਸੂਰਤ ਬਣਾਉਣਾ ਪਸੰਦ ਕਰਦੇ? ਪਰ ਅਫ਼ਸੋਸ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਇੰਜ ਨਹੀਂ ਕੀਤਾ। ਆਓ ਦੇਖੀਏ ਕਿ ਉਨ੍ਹਾਂ ਨੇ ਕੀ ਕੀਤਾ