Skip to content

Skip to table of contents

ਕਹਾਣੀ 5

ਦੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ

ਦੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ

ਜ਼ਰਾ ਤਸਵੀਰ ਵਿਚ ਦੇਖੋ ਕਿ ਆਦਮ ਤੇ ਹੱਵਾਹ ਦੀ ਜ਼ਿੰਦਗੀ ਕਿਹੋ ਜਿਹੀ ਹੈ। ਹੁਣ ਉਨ੍ਹਾਂ ਉੱਤੇ ਯਹੋਵਾਹ ਦੀ ਅਸੀਸ ਨਹੀਂ ਰਹੀ ਤੇ ਨਾ ਹੀ ਉਹ ਅਦਨ ਦੇ ਬਾਗ਼ ਵਿਚ ਰਹਿੰਦੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਸੋਹਣੇ ਪੇੜ-ਪੌਦਿਆਂ ਦੀ ਬਜਾਇ ਕੰਡੇ ਹੀ ਕੰਡੇ ਹਨ। ਆਪਣਾ ਪੇਟ ਭਰਨ ਲਈ ਉਨ੍ਹਾਂ ਨੂੰ ਖ਼ੂਨ-ਪਸੀਨਾ ਇਕ ਕਰਨਾ ਪਿਆ।

ਇਨ੍ਹਾਂ ਦੁੱਖਾਂ ਤੋਂ ਇਲਾਵਾ ਉਹ ਹੌਲੀ-ਹੌਲੀ ਬੁੱਢੇ ਵੀ ਹੋਣ ਲੱਗ ਪਏ। ਇਸ ਤਰ੍ਹਾਂ ਉਨ੍ਹਾਂ ਦੇ ਕਦਮ ਮੌਤ ਵੱਲ ਵਧਣ ਲੱਗੇ। ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਉਹ ਪਰਮੇਸ਼ੁਰ ਦੇ ਆਖੇ ਨਹੀਂ ਲੱਗੇ। ਉਸ ਨੇ ਉਨ੍ਹਾਂ ਨੂੰ ਸਾਫ਼ ਕਿਹਾ ਸੀ ਕਿ ਜੇ ਉਹ ਭਲੇ-ਬੁਰੇ ਦੇ ਦਰਖ਼ਤ ਤੋਂ ਫਲ ਖਾਣਗੇ, ਤਾਂ ਉਹ ਮਰ ਜਾਣਗੇ। ਆਦਮ ਤੇ ਹੱਵਾਹ ਨਾਲ ਇੱਦਾਂ ਹੀ ਹੋਇਆ। ਪਰਮੇਸ਼ੁਰ ਤੋਂ ਮੂੰਹ ਮੋੜ ਕੇ ਉਨ੍ਹਾਂ ਨੇ ਕਿੱਡੀ ਵੱਡੀ ਗ਼ਲਤੀ ਕੀਤੀ।

ਬਾਗ਼ ਵਿੱਚੋਂ ਕੱਢੇ ਜਾਣ ਵੇਲੇ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਜਦ ਉਨ੍ਹਾਂ ਦੇ ਬੱਚੇ ਹੋਏ, ਤਾਂ ਉਨ੍ਹਾਂ ਨੂੰ ਵੀ ਆਪਣੇ ਮਾਪਿਆਂ ਵਾਂਗ ਦੁੱਖ ਝੱਲਣੇ ਪਏ। ਆਦਮ ਤੇ ਹੱਵਾਹ ਵਾਂਗ ਉਨ੍ਹਾਂ ਦੇ ਬੱਚੇ ਵੀ ਬੁੱਢੇ ਹੋ ਕੇ ਮਰਨ ਲੱਗ ਪਏ।

ਕਾਸ਼ ਉਨ੍ਹਾਂ ਨੇ ਯਹੋਵਾਹ ਦੀ ਗੱਲ ਸੁਣੀ ਹੁੰਦੀ, ਤਾਂ ਉਨ੍ਹਾਂ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ। ਨਾ ਉਨ੍ਹਾਂ ਨੇ ਬੀਮਾਰ ਹੋਣਾ ਸੀ ਤੇ ਨਾ ਹੀ ਬੁੱਢੇ ਹੋ ਕੇ ਮਰਨਾ ਸੀ। ਸਗੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣੀਆਂ ਸਨ।

ਫਿਰ ਵੀ ਆਦਮ ਤੇ ਹੱਵਾਹ ਦੀ ਗ਼ਲਤੀ ਦੇ ਬਾਵਜੂਦ ਪਰਮੇਸ਼ੁਰ ਦਾ ਮਕਸਦ ਨਹੀਂ ਬਦਲਿਆ। ਉਸ ਦਾ ਮਕਸਦ ਹੈ ਕਿ ਇਕ ਦਿਨ ਉਹ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਜਿਹੀ ਬਣਾ ਦੇਵੇਗਾ। ਉਦੋਂ ਸਾਰੇ ਲੋਕ ਮਿਲ ਕੇ ਰਹਿਣਗੇ, ਤੰਦਰੁਸਤ ਹੋਣਗੇ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਨਗੇ। ਇਕ ਵਾਰ ਫਿਰ ਸਾਰੇ ਇਨਸਾਨਾਂ ਤੇ ਪਰਮੇਸ਼ੁਰ ਦੀ ਅਸੀਸ ਹੋਵੇਗੀ।

ਆਦਮ ਤੇ ਹੱਵਾਹ ਦਾ ਪਰਮੇਸ਼ੁਰ ਨਾਲੋਂ ਰਿਸ਼ਤਾ ਟੁੱਟ ਚੁੱਕਾ ਸੀ। ਜਿਵੇਂ ਯਹੋਵਾਹ ਨੇ ਕਿਹਾ ਸੀ, ਹੱਵਾਹ ਨੇ ਤਿਵੇਂ ਹੀ ਪੀੜਾਂ ਨਾਲ ਆਪਣੇ ਬੱਚਿਆਂ ਨੂੰ ਜਨਮ ਦਿੱਤਾ। ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਦੇਖੋ ਹੱਵਾਹ ਨੇ ਆਪਣੇ ਤੇ ਕਿੰਨੇ ਦੁੱਖ ਲਿਆਂਦੇ!

ਆਦਮ ਤੇ ਹੱਵਾਹ ਦੇ ਕਈ ਬੱਚੇ ਹੋਏ। ਉਨ੍ਹਾਂ ਦੇ ਪਹਿਲੇ ਮੁੰਡੇ ਦਾ ਨਾਂ ਕਇਨ ਸੀ ਤੇ ਦੂਜੇ ਦਾ ਹਾਬਲ। ਕੀ ਤੁਸੀਂ ਜਾਣਦੇ ਹੋ ਉਨ੍ਹਾਂ ਨਾਲ ਕੀ ਹੋਇਆ? ਚਲੋ ਆਪਾਂ ਅਗਲੀ ਕਹਾਣੀ ਵਿਚ ਦੇਖੀਏ।