Skip to content

Skip to table of contents

ਕਹਾਣੀ 6

ਇਕ ਚੰਗਾ ਤੇ ਇਕ ਮਾੜਾ ਪੁੱਤਰ

ਇਕ ਚੰਗਾ ਤੇ ਇਕ ਮਾੜਾ ਪੁੱਤਰ

ਅਸੀਂ ਇਸ ਤਸਵੀਰ ਵਿਚ ਦੇਖ ਸਕਦੇ ਹਾਂ ਕਿ ਕਇਨ ਤੇ ਹਾਬਲ ਹੁਣ ਵੱਡੇ ਹੋ ਚੁੱਕੇ ਸਨ। ਕਇਨ ਅਨਾਜ ਅਤੇ ਫਲ-ਸਬਜ਼ੀਆਂ ਉਗਾਉਣ ਦਾ ਕੰਮ ਕਰਦਾ ਸੀ।

ਹਾਬਲ ਭੇਡਾਂ ਪਾਲਦਾ ਸੀ ਤੇ ਉਸ ਕੋਲ ਭੇਡਾਂ ਦਾ ਇਕ ਵੱਡਾ ਇੱਜੜ ਸੀ। ਉਹ ਭੇਡਾਂ ਦੀ ਦੇਖ-ਭਾਲ ਕਰਨੀ ਪਸੰਦ ਕਰਦਾ ਸੀ।

ਇਕ ਦਿਨ ਦੋਵਾਂ ਭਰਾਵਾਂ ਨੇ ਪਰਮੇਸ਼ੁਰ ਅੱਗੇ ਇਕ-ਇਕ ਭੇਟ ਚੜ੍ਹਾਈ। ਕਇਨ ਨੇ ਆਪਣੇ ਖੇਤਾਂ ਵਿੱਚੋਂ ਕੁਝ ਫਲ-ਸਬਜ਼ੀਆਂ ਦੀ ਭੇਟ ਚੜ੍ਹਾਈ ਤੇ ਹਾਬਲ ਨੇ ਆਪਣੀਆਂ ਸਭ ਤੋਂ ਵਧੀਆ ਭੇਡਾਂ ਦੀ ਬਲੀ ਚੜ੍ਹਾਈ। ਯਹੋਵਾਹ ਹਾਬਲ ਦੀ ਭੇਟ ਤੋਂ ਤਾਂ ਖ਼ੁਸ਼ ਸੀ, ਪਰ ਕਇਨ ਦੀ ਭੇਟ ਤੋਂ ਨਹੀਂ। ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਕਇਨ ਦੀ ਭੇਟ ਤੋਂ ਕਿਉਂ ਨਾਰਾਜ਼ ਸੀ?

ਹਾਬਲ ਦੀ ਭੇਟ ਵਧੀਆ ਸੀ ਅਤੇ ਉਹ ਨੇਕ ਬੰਦਾ ਵੀ ਸੀ। ਹਾਬਲ ਯਹੋਵਾਹ ਅਤੇ ਆਪਣੇ ਭਰਾ ਨੂੰ ਦਿਲੋਂ ਪਿਆਰ ਕਰਦਾ ਸੀ। ਪਰ ਕਇਨ ਦਿਲ ਦਾ ਮਾੜਾ ਸੀ ਅਤੇ ਆਪਣੇ ਭਰਾ ਨਾਲ ਨਫ਼ਰਤ ਕਰਦਾ ਸੀ।

ਪਰਮੇਸ਼ੁਰ ਨੇ ਕਇਨ ਨੂੰ ਕਿਹਾ ਕਿ ਉਹ ਆਪਣੇ ਦਿਲ ਵਿੱਚੋਂ ਨਫ਼ਰਤ ਦੀ ਅੱਗ ਨੂੰ ਬੁਝਾ ਦੇਵੇ। ਪਰ ਕਇਨ ਨੇ ਪਰਮੇਸ਼ੁਰ ਦੀ ਗੱਲ ਨਾ ਸੁਣੀ। ਕਇਨ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਪਰਮੇਸ਼ੁਰ ਹਾਬਲ ਨੂੰ ਉਸ ਨਾਲੋਂ ਜ਼ਿਆਦਾ ਪਸੰਦ ਕਰਦਾ ਸੀ। ਇਕ ਦਿਨ ਕਇਨ ਨੇ ਹਾਬਲ ਨੂੰ ਕਿਹਾ: ‘ਚੱਲ ਆਪਾਂ ਖੇਤਾਂ ਵਿਚ ਗੇੜਾ ਮਾਰਨ ਚੱਲੀਏ।’ ਮੌਕਾ ਤਾੜ ਕੇ ਕਇਨ ਨੇ ਹਾਬਲ ਨੂੰ ਇੰਨੀ ਜ਼ੋਰ ਨਾਲ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਕਇਨ ਨੇ ਗੁੱਸੇ ਵਿਚ ਆ ਕੇ ਆਪਣੇ ਭਰਾ ਦਾ ਖ਼ੂਨ ਕਰ ਦਿੱਤਾ। ਇਹ ਕਿੰਨਾ ਵੱਡਾ ਪਾਪ ਸੀ।

ਹਾਬਲ ਨੇਕ ਤੇ ਦਿਲ ਦਾ ਚੰਗਾ ਸੀ। ਭਾਵੇਂ ਉਹ ਮਰ ਗਿਆ, ਪਰ ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਅੱਜ ਵੀ ਜ਼ਿੰਦਾ ਹੈ। ਪਰਮੇਸ਼ੁਰ ਅਜਿਹੇ ਨੇਕ ਲੋਕਾਂ ਨੂੰ ਕਦੀ ਨਹੀਂ ਭੁੱਲਦਾ। ਉਸ ਦਾ ਇਹ ਵਾਅਦਾ ਹੈ ਕਿ ਉਹ ਇਕ ਦਿਨ ਹਾਬਲ ਨੂੰ ਜ਼ਿੰਦਾ ਕਰੇਗਾ ਤੇ ਫਿਰ ਉਸ ਨੂੰ ਕਦੇ ਵੀ ਮੌਤ ਦਾ ਸਾਮ੍ਹਣਾ ਨਹੀਂ ਕਰਨਾ ਪਾਵੇਗਾ। ਹਾਬਲ ਵਰਗੇ ਕਈ ਲੋਕਾਂ ਨੂੰ ਯਹੋਵਾਹ ਜ਼ਿੰਦਾ ਕਰੇਗਾ ਅਤੇ ਅਸੀਂ ਵੀ ਉਨ੍ਹਾਂ ਨੂੰ ਮਿਲ ਪਾਵਾਂਗੇ।

ਪਰ ਯਹੋਵਾਹ ਕਇਨ ਵਰਗੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਕਇਨ ਨੇ ਜੋ ਕੀਤਾ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਗ਼ਲਤ ਸੀ। ਯਹੋਵਾਹ ਨੇ ਕਇਨ ਨੂੰ ਸਜ਼ਾ ਦਿੱਤੀ ਤੇ ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਭੇਜ ਦਿੱਤਾ। ਜਾਣ ਲੱਗਾ ਉਹ ਆਪਣੀ ਇਕ ਭੈਣ ਨੂੰ ਨਾਲ ਲੈ ਗਿਆ ਜੋ ਉਸ ਦੀ ਪਤਨੀ ਬਣ ਗਈ।

ਫਿਰ ਉਨ੍ਹਾਂ ਦੇ ਬੱਚੇ ਪੈਦਾ ਹੋਏ। ਆਦਮ ਅਤੇ ਹੱਵਾਹ ਦੇ ਹੋਰ ਵੀ ਬੱਚੇ ਸਨ ਜਿਨ੍ਹਾਂ ਦੇ ਵਿਆਹ ਹੋਏ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਵੀ ਬੱਚੇ ਪੈਦਾ ਹੋਏ। ਸਮਾਂ ਬੀਤਦਾ ਗਿਆ ਅਤੇ ਧਰਤੀ ਤੇ ਹੁਣ ਬਹੁਤ ਸਾਰੇ ਇਨਸਾਨ ਹੋ ਗਏ ਸਨ। ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਇਨਸਾਨਾਂ ਬਾਰੇ ਸਿੱਖੀਏ।