Skip to content

Skip to table of contents

ਕਹਾਣੀ 9

ਨੂਹ ਨੇ ਕਿਸ਼ਤੀ ਬਣਾਈ

ਨੂਹ ਨੇ ਕਿਸ਼ਤੀ ਬਣਾਈ

ਨੂਹ ਦੇ ਪਰਿਵਾਰ ਵਿਚ ਅੱਠ ਜਣੇ ਸਨ, ਉਸ ਦੀ ਤੀਵੀਂ, ਤਿੰਨ ਮੁੰਡੇ ਅਤੇ ਤਿੰਨ ਨੂੰਹਾਂ। ਉਸ ਦੇ ਮੁੰਡਿਆਂ ਦੇ ਨਾਂ ਸਨ ਸ਼ੇਮ, ਹਾਮ ਅਤੇ ਯਾਫਥ।

ਯਹੋਵਾਹ ਨੇ ਨੂਹ ਨੂੰ ਇਕ ਅਜਿਹਾ ਕੰਮ ਕਰਨ ਲਈ ਕਿਹਾ ਜੋ ਉਸ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਪਰਮੇਸ਼ੁਰ ਨੇ ਨੂਹ ਨੂੰ ਕਿਹਾ: ‘ਤੂੰ ਇਕ ਕਿਸ਼ਤੀ ਬਣਾ।’ ਇਹ ਕਿਸ਼ਤੀ ਤਿੰਨ ਮੰਜ਼ਲੀ ਸੀ ਅਤੇ ਇਸ ਵਿਚ ਕਈ ਕਮਰੇ ਸਨ। ਇਹ ਕਮਰੇ ਨੂਹ, ਉਸ ਦੇ ਪਰਿਵਾਰ, ਜਾਨਵਰਾਂ ਅਤੇ ਖਾਣ-ਪੀਣ ਦੇ ਸਾਮਾਨ ਲਈ ਸਨ। ਇਹ ਕਿਸ਼ਤੀ ਦੇਖਣ ਨੂੰ ਇਕ ਵੱਡੇ ਬਕਸੇ ਵਾਂਗ ਸੀ।

ਪਰਮੇਸ਼ੁਰ ਨੇ ਨੂਹ ਨੂੰ ਕਿਹਾ: ‘ਮੈਂ ਪਾਣੀ ਦੀ ਇਕ ਵੱਡੀ ਪਰਲੋ ਭੇਜ ਕੇ ਪੂਰੇ ਸੰਸਾਰ ਨੂੰ ਨਾਸ ਕਰਨ ਜਾ ਰਿਹਾ ਹਾਂ। ਹਰ ਕੋਈ ਜੋ ਇਸ ਕਿਸ਼ਤੀ ਅੰਦਰ ਨਾ ਹੋਵੇਗਾ ਸੋ ਮਰ ਜਾਵੇਗਾ।’ ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਵਧੀਆ ਢੰਗ ਨਾਲ ਕਿਸ਼ਤੀ ਬਣਾਉਣ ਲਈ ਕਿਹਾ ਤਾਂਕਿ ਪਾਣੀ ਅੰਦਰ ਨਾ ਆ ਸਕੇ।

ਨੂਹ ਅਤੇ ਉਸ ਦੇ ਪੁੱਤਰਾਂ ਨੇ ਉਵੇਂ ਹੀ ਕਿਸ਼ਤੀ ਬਣਾਈ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ। ਨੂਹ ਨੇ ਲੋਕਾਂ ਨੂੰ ਦੱਸਿਆ ਕਿ ਪਰਮੇਸ਼ੁਰ ਕੀ ਕਰਨ ਵਾਲਾ ਸੀ। ਪਰ ਉਸ ਦੀ ਗੱਲ ਸੁਣਨ ਦੀ ਬਜਾਇ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਆਪਣੇ ਬੁਰੇ ਕੰਮਾਂ ਵਿਚ ਲੱਗੇ ਰਹੇ।

ਕਿਸ਼ਤੀ ਬਹੁਤ ਵੱਡੀ ਸੀ ਤੇ ਇਸ ਨੂੰ ਬਣਾਉਣ ਲਈ ਕਈ ਸਾਲ ਲੱਗੇ। ਕਿਸ਼ਤੀ ਤਿਆਰ ਹੋਣ ਤੋਂ ਬਾਅਦ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਕਿ ਉਹ ਕੁਝ ਜਾਨਵਰਾਂ ਦੇ ਜੋੜੇ ਯਾਨੀ ਨਰ ਅਤੇ ਮਾਦਾ ਕਿਸ਼ਤੀ ਅੰਦਰ ਲਿਆਵੇ ਅਤੇ ਕੁਝ ਹੋਰ ਕਿਸਮਾਂ ਦੇ ਜਾਨਵਰਾਂ ਨੂੰ ਸੱਤ-ਸੱਤ ਕਰ ਕੇ ਅੰਦਰ ਲਿਆਵੇ। ਪਰਮੇਸ਼ੁਰ ਨੇ ਨੂਹ ਨੂੰ ਵੱਖ-ਵੱਖ ਕਿਸਮਾਂ ਦੇ ਪੰਛੀਆਂ ਨੂੰ ਵੀ ਅੰਦਰ ਲਿਆਉਣ ਲਈ ਕਿਹਾ। ਨੂਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ।

ਅਖ਼ੀਰ ਵਿਚ ਨੂਹ ਆਪਣੇ ਪਰਿਵਾਰ ਨਾਲ ਕਿਸ਼ਤੀ ਅੰਦਰ ਚਲਾ ਗਿਆ ਤੇ ਪਿੱਛੋਂ ਪਰਮੇਸ਼ੁਰ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਹੁਣ ਨੂਹ ਅਤੇ ਉਸ ਦਾ ਪਰਿਵਾਰ ਕਿਸ਼ਤੀ ਅੰਦਰ ਬੈਠੇ ਹੜ੍ਹ ਦਾ ਇੰਤਜ਼ਾਰ ਕਰ ਰਹੇ ਸਨ। ਪਰ ਅਜੇ ਤਕ ਮੀਂਹ ਦੀ ਇਕ ਕਣੀ ਵੀ ਨਹੀਂ ਪਈ ਸੀ। ਜੇ ਤੁਸੀਂ ਨੂਹ ਦੀ ਜਗ੍ਹਾ ਕਿਸ਼ਤੀ ਵਿਚ ਹੁੰਦੇ, ਤਾਂ ਕੀ ਤੁਸੀਂ ਪਰਮੇਸ਼ੁਰ ਦੀ ਗੱਲ ਦਾ ਯਕੀਨ ਕਰਦੇ ਕਿ ਹੜ੍ਹ ਜ਼ਰੂਰ ਆਵੇਗਾ?