Skip to content

Skip to table of contents

ਕਹਾਣੀ 11

ਪਹਿਲੀ ਸਤਰੰਗੀ ਪੀਂਘ

ਪਹਿਲੀ ਸਤਰੰਗੀ ਪੀਂਘ

ਕਿਸ਼ਤੀ ਤੋਂ ਬਾਹਰ ਆ ਕੇ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਨੂਹ ਨੇ ਕੀ ਕੀਤਾ? ਯਹੋਵਾਹ ਦਾ ਸ਼ੁਕਰੀਆ ਅਦਾ ਕਰਨ ਲਈ ਉਸ ਨੇ ਯਹੋਵਾਹ ਅੱਗੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਈਆਂ ਕਿਉਂਕਿ ਉਸ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾਇਆ ਸੀ। ਤਸਵੀਰ ਵਿਚ ਤੁਸੀਂ ਉਸ ਨੂੰ ਭੇਟ ਚੜ੍ਹਾਉਂਦਿਆਂ ਦੇਖ ਸਕਦੇ ਹੋ।

ਤੁਹਾਡੇ ਖ਼ਿਆਲ ਵਿਚ ਕੀ ਯਹੋਵਾਹ ਨੂਹ ਦੀ ਭੇਟ ਤੋਂ ਖ਼ੁਸ਼ ਸੀ? ਹਾਂ, ਉਹ ਖ਼ੁਸ਼ ਸੀ। ਇਸ ਲਈ ਯਹੋਵਾਹ ਨੇ ਨੂਹ ਨਾਲ ਵਾਅਦਾ ਕੀਤਾ ਕਿ ਉਹ ਫਿਰ ਕਦੇ ਵੀ ਦੁਨੀਆਂ ਨੂੰ ਹੜ੍ਹ ਨਾਲ ਤਬਾਹ ਨਹੀਂ ਕਰੇਗਾ।

ਧਰਤੀ ਤੋਂ ਪਾਣੀ ਸੁੱਕ ਜਾਣ ਤੋਂ ਬਾਅਦ ਨੂਹ ਅਤੇ ਉਸ ਦੇ ਪਰਿਵਾਰ ਨੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ। ਯਹੋਵਾਹ ਨੇ ਉਨ੍ਹਾਂ ਨੂੰ ਅਸੀਸ ਦੇ ਕੇ ਕਿਹਾ: ‘ਬੱਚੇ ਪੈਦਾ ਕਰੋ ਅਤੇ ਧਰਤੀ ਨੂੰ ਭਰ ਦਿਓ।’

ਪਰਮੇਸ਼ੁਰ ਜਾਣਦਾ ਸੀ ਕਿ ਸ਼ਾਇਦ ਲੋਕ ਪਰਲੋ ਬਾਰੇ ਸੁਣ ਕੇ ਡਰ ਜਾਣ। ਇਸ ਲਈ ਉਸ ਨੇ ਲੋਕਾਂ ਨੂੰ ਇਕ ਨਿਸ਼ਾਨੀ ਦਿੱਤੀ ਤਾਂਕਿ ਉਹ ਯਕੀਨ ਕਰ ਸਕਣ ਕਿ ਉਹ ਅਗਾਹਾਂ ਤੋਂ ਕਦੇ ਵੀ ਦੁਨੀਆਂ ਨੂੰ ਪਾਣੀ ਨਾਲ ਤਬਾਹ ਨਹੀਂ ਕਰੇਗਾ। ਕੀ ਤੁਹਾਨੂੰ ਪਤਾ ਹੈ ਕਿ ਇਹ ਨਿਸ਼ਾਨੀ ਕੀ ਸੀ? ਇਹ ਨਿਸ਼ਾਨੀ ਸਤਰੰਗੀ ਪੀਂਘ ਸੀ।

ਆਮ ਤੌਰ ਤੇ ਸਤਰੰਗੀ ਪੀਂਘ ਆਸਮਾਨ ਵਿਚ ਉਦੋਂ ਦਿਖਾਈ ਦਿੰਦੀ ਹੈ ਜਦੋਂ ਮੀਂਹ ਤੋਂ ਬਾਅਦ ਧੁੱਪ ਨਿਕਲਦੀ ਹੈ। ਕੀ ਤੁਸੀਂ ਕਦੇ ਸਤਰੰਗੀ ਪੀਂਘ ਦੇਖੀ ਹੈ? ਇਸ ਵਿਚ ਕਈ ਰੰਗ ਹੁੰਦੇ ਹਨ, ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ।

ਪਰਮੇਸ਼ੁਰ ਨੇ ਕਿਹਾ: ‘ਮੈਂ ਆਪਣੇ ਵਾਅਦੇ ਅਨੁਸਾਰ ਫਿਰ ਕਦੇ ਵੀ ਸਾਰੇ ਲੋਕਾਂ ਅਤੇ ਪਸ਼ੂਆਂ ਨੂੰ ਪਾਣੀ ਨਾਲ ਨਾਸ਼ ਨਹੀਂ ਕਰਾਂਗਾ। ਮੈਂ ਆਕਾਸ਼ ਦੇ ਵਿਚ ਆਪਣੀ ਸਤਰੰਗੀ ਪੀਂਘ ਪਾਵਾਂਗਾ। ਮੈਂ ਜਦ ਵੀ ਸਤਰੰਗੀ ਪੀਂਘ ਨੂੰ ਬੱਦਲਾਂ ਵਿਚ ਦੇਖਾਂਗਾ ਤਾਂ ਆਪਣੇ ਇਸ ਵਾਅਦੇ ਨੂੰ ਯਾਦ ਕਰਾਂਗਾ।’

ਤਾਂ ਫਿਰ ਹੁਣ ਤੋਂ ਸਤਰੰਗੀ ਪੀਂਘ ਦੇਖ ਕੇ ਤੁਸੀਂ ਕੀ ਸੋਚੋਗੇ? ਹਾਂ, ਤੁਹਾਨੂੰ ਵੀ ਪਰਮੇਸ਼ੁਰ ਦਾ ਵਾਅਦਾ ਯਾਦ ਆਵੇਗਾ ਕਿ ਉਹ ਪਰਲੋ ਲਿਆ ਕੇ ਦੁਨੀਆਂ ਦਾ ਨਾਸ਼ ਫਿਰ ਕਦੇ ਨਹੀਂ ਕਰੇਗਾ।