Skip to content

Skip to table of contents

ਕਹਾਣੀ 16

ਇਸਹਾਕ ਨੂੰ ਚੰਗੀ ਪਤਨੀ ਮਿਲੀ

ਇਸਹਾਕ ਨੂੰ ਚੰਗੀ ਪਤਨੀ ਮਿਲੀ

ਦੇਖੋ ਤਸਵੀਰ ਵਿਚ ਇਕ ਤੀਵੀਂ ਇਸਹਾਕ ਨੂੰ ਮਿਲਣ ਆ ਰਹੀ ਹੈ, ਕੀ ਤੁਹਾਨੂੰ ਪਤਾ ਹੈ ਕਿ ਇਹ ਕੌਣ ਹੈ? ਇਸ ਦਾ ਨਾਮ ਰਿਬਕਾਹ ਹੈ ਤੇ ਇਸ ਦਾ ਵਿਆਹ ਇਸਹਾਕ ਨਾਲ ਹੋਣ ਵਾਲਾ ਹੈ। ਕੀ ਤੁਹਾਨੂੰ ਪਤਾ ਇਹ ਦੋਵੇਂ ਕਿਵੇਂ ਮਿਲੇ?

ਅਬਰਾਹਾਮ ਨਹੀਂ ਸੀ ਚਾਹੁੰਦਾ ਕਿ ਉਸ ਦਾ ਪੁੱਤਰ ਇਸਹਾਕ ਕਨਾਨ ਦੀ ਕਿਸੇ ਔਰਤ ਨਾਲ ਵਿਆਹ ਕਰਵਾਏ। ਕਨਾਨ ਦੇ ਲੋਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। ਇਸ ਲਈ ਅਬਰਾਹਾਮ ਨੇ ਆਪਣੇ ਨੌਕਰ ਨੂੰ ਕਿਹਾ: ‘ਮੈਂ ਚਾਹੁੰਦਾ ਹਾਂ ਕਿ ਤੂੰ ਵਾਪਸ ਹਾਰਾਨ ਨੂੰ ਜਾ ਜਿੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਹਨ ਅਤੇ ਮੇਰੇ ਪੁੱਤਰ ਇਸਹਾਕ ਲਈ ਇਕ ਪਤਨੀ ਲਿਆ।’

ਸਫ਼ਰ ਲੰਬਾ ਹੋਣ ਕਰਕੇ ਅਬਰਾਹਾਮ ਦਾ ਨੌਕਰ ਹਾਰਾਨ ਨੂੰ ਜਾਣ ਲੱਗਿਆਂ ਆਪਣੇ ਨਾਲ 10 ਊਠ ਲੈ ਗਿਆ। ਅਬਰਾਹਾਮ ਦੇ ਰਿਸ਼ਤੇਦਾਰਾਂ ਦੇ ਪਿੰਡ ਨੇੜੇ ਪਹੁੰਚ ਕੇ ਉਹ ਇਕ ਖੂਹ ਤੇ ਰੁਕਿਆ। ਦੁਪਹਿਰ ਦਾ ਵੇਲਾ ਹੋਣ ਕਰਕੇ ਕਈ ਔਰਤਾਂ ਖੂਹ ਤੇ ਪਾਣੀ ਲੈਣ ਆਈਆਂ ਸਨ। ਔਰਤਾਂ ਨੂੰ ਦੇਖ ਕੇ ਉਸ ਨੇ ਯਹੋਵਾਹ ਅੱਗੇ ਇਹ ਅਰਦਾਸ ਕੀਤੀ: ‘ਜਿਹੜੀ ਔਰਤ ਮੈਨੂੰ ਅਤੇ ਊਠਾਂ ਨੂੰ ਪਾਣੀ ਪਿਲਾਵੇਗੀ ਇਹ ਉਹੋ ਹੋਵੇ ਜਿਸ ਨੂੰ ਤੂੰ ਇਸਹਾਕ ਦੀ ਪਤਨੀ ਹੋਣ ਲਈ ਚੁਣਿਆ ਹੈ।’

ਰਿਬਕਾਹ ਵੀ ਦੂਜੀਆਂ ਔਰਤਾਂ ਵਾਂਗ ਖੂਹ ਤੋਂ ਪਾਣੀ ਲੈਣ ਆਈ ਸੀ। ਅਬਰਾਹਾਮ ਦੇ ਨੌਕਰ ਨੇ ਰਿਬਕਾਹ ਨੂੰ ਆਖਿਆ: ‘ਮੈਨੂੰ ਥੋੜ੍ਹਾ ਪਾਣੀ ਪਿਲਾ।’ ਰਿਬਕਾਹ ਨੇ ਸਿਰਫ਼ ਉਸ ਨੂੰ ਹੀ ਨਹੀਂ, ਸਗੋਂ ਉਸ ਦੇ ਊਠਾਂ ਨੂੰ ਵੀ ਖੂਹ ਵਿੱਚੋਂ ਪਾਣੀ ਕੱਢ ਕੇ ਪਿਲਾਇਆ। ਊਠਾਂ ਨੂੰ ਪਾਣੀ ਪਿਲਾਉਣਾ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਊਠ ਬਹੁਤ ਸਾਰਾ ਪਾਣੀ ਪੀਂਦੇ ਹਨ।

ਊਠਾਂ ਨੂੰ ਪਾਣੀ ਪਿਲਾਉਣ ਪਿੱਛੋਂ ਅਬਰਾਹਾਮ ਦੇ ਨੌਕਰ ਨੇ ਰਿਬਕਾਹ ਨੂੰ ਪੁੱਛਿਆ: ‘ਤੂੰ ਕਿਸ ਦੀ ਧੀ ਹੈ ਅਤੇ ਕੀ ਮੈਂ ਤੁਹਾਡੇ ਘਰ ਰਹਿ ਸਕਦਾ ਹਾਂ?’ ਰਿਬਕਾਹ ਨੇ ਕਿਹਾ: ‘ਮੇਰਾ ਪਿਤਾ ਬਥੂਏਲ ਹੈ ਅਤੇ ਸਾਡੇ ਘਰ ਤੁਹਾਡੇ ਰਹਿਣ ਲਈ ਕਾਫ਼ੀ ਥਾਂ ਹੈ।’ ਬਥੂਏਲ ਦਾ ਨਾਮ ਸੁਣ ਕੇ ਅਬਰਾਹਾਮ ਦੇ ਨੌਕਰ ਨੂੰ ਪਤਾ ਲੱਗ ਗਿਆ ਕਿ ਉਹ ਅਬਰਾਹਾਮ ਦਾ ਭਤੀਜਾ ਹੈ। ਹੁਣ ਉਸ ਨੂੰ ਅਹਿਸਾਸ ਹੋ ਗਿਆ ਕਿ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ। ਇਸ ਲਈ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਕਿ ਉਸ ਨੇ ਉਸ ਨੂੰ ਅਬਰਾਹਾਮ ਦੇ ਰਿਸ਼ਤੇਦਾਰਾਂ ਕੋਲ ਪਹੁੰਚਾ ਦਿੱਤਾ।

ਰਿਬਕਾਹ ਦੇ ਘਰ ਜਾ ਕੇ ਨੌਕਰ ਨੇ ਉਸ ਦੇ ਪਿਤਾ ਤੇ ਭਰਾ ਨੂੰ ਸਾਰੀ ਗੱਲ ਖੋਲ੍ਹ ਕੇ ਦੱਸੀ ਕਿ ਉਹ ਹਾਰਾਨ ਕਿਉਂ ਆਇਆ ਸੀ। ਰਿਬਕਾਹ ਦੇ ਪਿਤਾ ਤੇ ਭਰਾ ਨੇ ਨੌਕਰ ਦੀ ਗੱਲ ਸੁਣੀ ਤੇ ਉਹ ਰਿਬਕਾਹ ਦਾ ਵਿਆਹ ਇਸਹਾਕ ਨਾਲ ਕਰਨ ਨੂੰ ਰਾਜ਼ੀ ਹੋ ਗਏ। ਫਿਰ ਉਨ੍ਹਾਂ ਨੇ ਰਿਬਕਾਹ ਨੂੰ ਵੀ ਪੁੱਛਿਆ ਕਿ ਉਹ ਇਸਹਾਕ ਨਾਲ ਵਿਆਹ ਕਰਾਉਣ ਲਈ ਰਾਜ਼ੀ ਸੀ ਜਾਂ ਨਹੀਂ। ਰਿਬਕਾਹ ਨੇ ਹਾਂ ਕਰ ਦਿੱਤੀ। ਦੂਜੇ ਦਿਨ ਸਵੇਰ ਹੁੰਦਿਆਂ ਹੀ ਰਿਬਕਾਹ ਅਤੇ ਅਬਰਾਹਾਮ ਦਾ ਨੌਕਰ ਊਠਾਂ ਤੇ ਚੜ੍ਹ ਕੇ ਕਨਾਨ ਲਈ ਰਵਾਨਾ ਹੋ ਗਏ।

ਕੁਝ ਦਿਨਾਂ ਦਾ ਲੰਬਾ ਸਫ਼ਰ ਤੈਅ ਕਰ ਕੇ ਉਹ ਸ਼ਾਮ ਨੂੰ ਕਨਾਨ ਪਹੁੰਚੇ। ਰਿਬਕਾਹ ਨੇ ਖੇਤਾਂ ਵਿਚ ਇਕ ਆਦਮੀ ਨੂੰ ਤੁਰਦੇ-ਫਿਰਦੇ ਦੇਖਿਆ। ਇਹ ਆਦਮੀ ਇਸਹਾਕ ਸੀ। ਰਿਬਕਾਹ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋਇਆ। ਤਿੰਨ ਸਾਲ ਪਹਿਲਾਂ ਇਸਹਾਕ ਦੀ ਮਾਂ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹ ਬਹੁਤ ਉਦਾਸ ਰਹਿੰਦਾ ਸੀ। ਪਰ ਹੁਣ ਇਸਹਾਕ ਰਿਬਕਾਹ ਨੂੰ ਪਿਆਰ ਕਰਨ ਲੱਗ ਪਿਆ ਸੀ ਤੇ ਉਹ ਫਿਰ ਤੋਂ ਖ਼ੁਸ਼ ਰਹਿਣ ਲੱਗਾ।