Skip to content

Skip to table of contents

ਕਹਾਣੀ 22

ਯੂਸੁਫ਼ ਕੈਦ ਵਿਚ

ਯੂਸੁਫ਼ ਕੈਦ ਵਿਚ

ਯੂਸੁਫ਼ 17 ਸਾਲਾਂ ਦਾ ਸੀ ਜਦ ਇਸਮਾਏਲੀ ਬੰਦਿਆਂ ਨੇ ਉਸ ਨੂੰ ਮਿਸਰ ਵਿਚ ਲੈ ਜਾ ਕੇ ਵੇਚ ਦਿੱਤਾ। ਇੱਥੇ ਉਹ ਪੋਟੀਫ਼ਰ ਦੇ ਘਰ ਗ਼ੁਲਾਮ ਬਣ ਕੇ ਕੰਮ ਕਰਦਾ ਸੀ। ਪੋਟੀਫ਼ਰ ਮਿਸਰ ਦੇ ਰਾਜੇ ਲਈ ਕੰਮ ਕਰਦਾ ਸੀ। ਮਿਸਰ ਦੇ ਰਾਜਿਆਂ ਨੂੰ ਫ਼ਿਰਊਨ ਕਿਹਾ ਜਾਂਦਾ ਸੀ।

ਯੂਸੁਫ਼ ਬਹੁਤ ਮਿਹਨਤੀ ਸੀ। ਇਸੇ ਲਈ ਪੋਟੀਫ਼ਰ ਨੇ ਉਸ ਨੂੰ ਆਪਣਾ ਸਾਰਾ ਘਰ-ਬਾਰ ਸੰਭਾਲ ਦਿੱਤਾ। ਪਰ ਤਸਵੀਰ ਨੂੰ ਦੇਖ ਕੇ ਤੁਸੀਂ ਸ਼ਾਇਦ ਪੁੱਛੋ: ‘ਯੂਸੁਫ਼ ਜੇਲ੍ਹ ਵਿਚ ਕੀ ਕਰ ਰਿਹਾ ਹੈ?’ ਯੂਸੁਫ਼ ਨੂੰ ਪੋਟੀਫ਼ਰ ਦੀ ਪਤਨੀ ਕਰਕੇ ਜੇਲ੍ਹ ਜਾਣਾ ਪਿਆ। ਉਸ ਨੇ ਕੀ ਕੀਤਾ ਸੀ?

ਯੂਸੁਫ਼ ਸੋਹਣਾ-ਸੁਨੱਖਾ ਮੁੰਡਾ ਸੀ ਤੇ ਪੋਟੀਫ਼ਰ ਦੀ ਪਤਨੀ ਦਾ ਉਸ ਤੇ ਦਿਲ ਆ ਗਿਆ। ਉਹ ਚਾਹੁੰਦੀ ਸੀ ਕਿ ਯੂਸੁਫ਼ ਉਸ ਨਾਲ ਲੇਟੇ। ਪਰ ਯੂਸੁਫ਼ ਉਸ ਦੀਆਂ ਗੱਲਾਂ ਵਿਚ ਨਾ ਆਇਆ ਕਿਉਂਕਿ ਉਹ ਜਾਣਦਾ ਸੀ ਕਿ ਕਿਸੇ ਦੂਜੇ ਦੀ ਪਤਨੀ ਨਾਲ ਲੇਟਣਾ ਗ਼ਲਤ ਸੀ। ਯੂਸੁਫ਼ ਦੇ ਨਾਂਹ ਕਰਨ ਤੇ ਪੋਟੀਫ਼ਰ ਦੀ ਤੀਵੀਂ ਗੁੱਸੇ ਵਿਚ ਆ ਗਈ। ਉਸ ਨੇ ਆਪਣੇ ਪਤੀ ਨੂੰ ਝੂਠ-ਮੂਠ ਕਹਿ ਦਿੱਤਾ ਕਿ ‘ਉਸ ਭੈੜੇ ਯੂਸੁਫ਼ ਨੇ ਮੇਰੇ ਨਾਲ ਲੇਟਣ ਦੀ ਕੋਸ਼ਿਸ਼ ਕੀਤੀ!’ ਪੋਟੀਫ਼ਰ ਨੇ ਆਪਣੀ ਪਤਨੀ ਦੀ ਗੱਲ ਦਾ ਯਕੀਨ ਕਰ ਲਿਆ ਅਤੇ ਯੂਸੁਫ਼ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ।

ਜੇਲ੍ਹ ਵਿਚ ਕੈਦੀਆਂ ਉੱਤੇ ਨਜ਼ਰ ਰੱਖਣ ਵਾਲੇ ਸਿਪਾਹੀ ਨੇ ਦੇਖਿਆ ਕਿ ਯੂਸੁਫ਼ ਚੰਗਾ ਬੰਦਾ ਸੀ। ਇਸ ਲਈ ਉਸ ਨੇ ਜੇਲ੍ਹ ਦੇ ਬਾਕੀ ਕੈਦੀਆਂ ਉੱਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਯੂਸੁਫ਼ ਨੂੰ ਦੇ ਦਿੱਤੀ। ਇਕ ਦਿਨ ਰਾਜਾ ਆਪਣੇ ਸਾਕੀ ਤੇ ਰਸੋਈਏ ਨਾਲ ਕਿਸੇ ਗੱਲੋਂ ਨਾਰਾਜ਼ ਹੋ ਗਿਆ ਤੇ ਉਸ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਜਿੱਥੇ ਯੂਸੁਫ਼ ਵੀ ਬੰਦ ਸੀ। ਇਕ ਰਾਤ ਸਾਕੀ ਤੇ ਰਸੋਈਏ ਨੂੰ ਇਕ-ਇਕ ਸੁਪਨਾ ਆਇਆ। ਪਰ ਉਨ੍ਹਾਂ ਨੂੰ ਸੁਪਨੇ ਦਾ ਅਰਥ ਸਮਝ ਨਹੀਂ ਆ ਰਿਹਾ ਸੀ। ਅਗਲੇ ਦਿਨ ਯੂਸੁਫ਼ ਨੇ ਕਿਹਾ: ‘ਮੈਨੂੰ ਆਪਣੇ ਸੁਪਨੇ ਦੱਸੋ।’ ਉਨ੍ਹਾਂ ਨੇ ਯੂਸੁਫ਼ ਨੂੰ ਆਪਣੇ ਸੁਪਨੇ ਦੱਸੇ ਅਤੇ ਪਰਮੇਸ਼ੁਰ ਦੀ ਮਦਦ ਨਾਲ ਯੂਸੁਫ਼ ਨੇ ਉਨ੍ਹਾਂ ਦੇ ਸੁਪਨਿਆਂ ਦਾ ਅਰਥ ਦੱਸਿਆ।

ਯੂਸੁਫ਼ ਨੇ ਸਾਕੀ ਨੂੰ ਕਿਹਾ: ‘ਤਿੰਨਾਂ ਦਿਨਾਂ ਵਿਚ ਤੂੰ ਕੈਦ ਤੋਂ ਛੱਡਿਆ ਜਾਵੇਂਗਾ, ਅਤੇ ਤੂੰ ਫਿਰ ਤੋਂ ਰਾਜੇ ਦਾ ਸਾਕੀ ਬਣ ਜਾਵੇਗਾ।’ ਫਿਰ ਯੂਸੁਫ਼ ਨੇ ਉਸ ਨੂੰ ਕਿਹਾ, ‘ਜਦੋਂ ਤੂੰ ਨਿਕਲੇਗਾ, ਤਾਂ ਰਾਜੇ ਨੂੰ ਮੇਰੇ ਬਾਰੇ ਦੱਸੀ ਅਤੇ ਇਸ ਥਾਂ ਤੋਂ ਨਿਕਲਣ ਵਿਚ ਮੇਰੀ ਮਦਦ ਕਰੀਂ।’ ਫਿਰ ਉਸ ਨੇ ਰਸੋਈਏ ਨੂੰ ਕਿਹਾ, ‘ਕੇਵਲ ਤਿੰਨਾਂ ਦਿਨਾਂ ਵਿਚ ਰਾਜਾ ਤੇਰਾ ਸਿਰ ਵੱਢਵਾ ਦੇਵੇਗਾ।’

ਤਿੰਨ ਦਿਨਾਂ ਦੇ ਅੰਦਰ-ਅੰਦਰ ਉਹੀ ਹੋਇਆ ਜੋ ਯੂਸੁਫ਼ ਨੇ ਕਿਹਾ ਸੀ। ਰਸੋਈਏ ਦਾ ਸਿਰ ਵੱਢ ਦਿੱਤਾ ਗਿਆ ਅਤੇ ਸਾਕੀ ਜੇਲ੍ਹ ਵਿੱਚੋਂ ਆਜ਼ਾਦ ਹੋ ਗਿਆ। ਪਰ ਰਾਜੇ ਦੇ ਦਰਬਾਰ ਜਾ ਕੇ ਸਾਕੀ ਯੂਸੁਫ਼ ਨੂੰ ਭੁੱਲ ਗਿਆ। ਯੂਸੁਫ਼ ਬੇਚਾਰਾ ਅਜੇ ਵੀ ਜੇਲ੍ਹ ਅੰਦਰ ਦਿਨ ਕੱਟ ਰਿਹਾ ਸੀ।