Skip to content

Skip to table of contents

ਕਹਾਣੀ 23

ਫ਼ਿਰਊਨ ਦੇ ਸੁਪਨੇ

ਫ਼ਿਰਊਨ ਦੇ ਸੁਪਨੇ

ਸਾਕੀ ਨੂੰ ਆਜ਼ਾਦ ਹੋਏ ਨੂੰ ਦੋ ਸਾਲ ਹੋ ਚੁੱਕੇ ਸਨ, ਪਰ ਯੂਸੁਫ਼ ਅਜੇ ਵੀ ਜੇਲ੍ਹ ਵਿਚ ਸੀ। ਫਿਰ ਇਕ ਰਾਤ ਕੀ ਹੁੰਦਾ ਹੈ ਕਿ ਰਾਜੇ ਨੂੰ ਦੋ ਸੁਪਨੇ ਆਉਂਦੇ ਹਨ। ਪਰ ਉਹ ਉਨ੍ਹਾਂ ਦਾ ਅਰਥ ਨਹੀਂ ਸਮਝ ਪਾਉਂਦਾ। ਕੀ ਤੁਸੀਂ ਉਸ ਨੂੰ ਤਸਵੀਰ ਵਿਚ ਸੁੱਤਾ ਪਿਆ ਦੇਖ ਸਕਦੇ ਹੋ? ਅਗਲੇ ਦਿਨ ਰਾਜੇ ਨੇ ਆਪਣੇ ਸਾਰੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਆਪਣੇ ਸੁਪਨਿਆਂ ਬਾਰੇ ਦੱਸਿਆ। ਪਰ ਉਨ੍ਹਾਂ ਵਿੱਚੋਂ ਕੋਈ ਵੀ ਉਸ ਨੂੰ ਉਸ ਦੇ ਸੁਪਨੇ ਦਾ ਅਰਥ ਨਾ ਦੱਸ ਸਕਿਆ।

ਹੁਣ ਸਾਕੀ ਨੂੰ ਯੂਸੁਫ਼ ਦਾ ਚੇਤਾ ਆਇਆ ਤੇ ਉਸ ਨੇ ਰਾਜੇ ਨੂੰ ਦੱਸਿਆ ਕਿ ‘ਜਦੋਂ ਮੈਂ ਕੈਦ ਵਿਚ ਸਾਂ ਤਾਂ ਉੱਥੇ ਇਕ ਆਦਮੀ ਸੀ ਜੋ ਸੁਪਨਿਆਂ ਦੇ ਅਰਥ ਦੱਸ ਸਕਦਾ ਸੀ।’ ਰਾਜੇ ਨੇ ਹੁਕਮ ਦਿੱਤਾ ਕਿ ਯੂਸੁਫ਼ ਨੂੰ ਫ਼ੌਰਨ ਉਸ ਦੇ ਅੱਗੇ ਪੇਸ਼ ਕੀਤਾ ਜਾਵੇ।

ਰਾਜੇ ਨੇ ਆਪਣੇ ਸੁਪਨਿਆਂ ਬਾਰੇ ਯੂਸੁਫ਼ ਨੂੰ ਦੱਸਿਆ: ‘ਪਹਿਲਾਂ ਮੈਂ ਸੱਤ ਮੋਟੀਆਂ ਤੇ ਸੋਹਣੀਆਂ ਗਾਵਾਂ ਦੇਖੀਆਂ ਅਤੇ ਫਿਰ ਮੈਂ ਸੱਤ ਬਹੁਤ ਹੀ ਪਤਲੀਆਂ ਗਾਵਾਂ ਦੇਖੀਆਂ। ਫਿਰ ਪਤਲੀਆਂ ਗਾਵਾਂ ਨੇ ਮੋਟੀਆਂ ਨੂੰ ਖਾ ਲਿਆ।’

‘ਮੇਰੇ ਦੂਸਰੇ ਸੁਪਨੇ ਵਿਚ ਮੈਂ ਇੱਕੋ ਡੰਡੀ ਉੱਤੇ ਕਣਕ ਦੇ ਸੱਤ ਮੋਟੇ ਤੇ ਪੱਕੇ ਸਿੱਟੇ ਉੱਗਦੇ ਦੇਖੇ। ਫਿਰ ਮੈਂ ਕਣਕ ਦੇ ਸੱਤ ਪਤਲੇ ਤੇ ਸੁੱਕੇ ਹੋਏ ਸਿੱਟਿਆਂ ਨੂੰ ਦੇਖਿਆ ਅਤੇ ਕਣਕ ਦੇ ਪਤਲੇ ਸਿੱਟੇ, ਕਣਕ ਦੇ ਸੱਤ ਚੰਗੇ ਸਿੱਟਿਆਂ ਨੂੰ ਨਿਗਲਣ ਲੱਗ ਪਏ।’

ਯੂਸੁਫ਼ ਨੇ ਰਾਜੇ ਨੂੰ ਉਸ ਦੇ ਸੁਪਨਿਆਂ ਦਾ ਅਰਥ ਦੱਸਿਆ: ‘ਦੋਹਾਂ ਸੁਪਨਿਆਂ ਦਾ ਇੱਕੋ ਹੀ ਅਰਥ ਹੈ। ਸੱਤ ਮੋਟੀਆਂ ਗਾਵਾਂ ਅਤੇ ਕਣਕ ਦੇ ਸੱਤ ਮੋਟੇ ਸਿੱਟਿਆਂ ਦਾ ਅਰਥ ਹੈ ਸੱਤ ਵਰ੍ਹੇ। ਸੱਤ ਪਤਲੀਆਂ ਗਾਵਾਂ ਅਤੇ ਕਣਕ ਦੇ ਸੱਤ ਪਤਲੇ ਸਿੱਟਿਆਂ ਦਾ ਅਰਥ ਹੈ ਹੋਰ ਸੱਤ ਵਰ੍ਹੇ। ਸੱਤ ਵਰ੍ਹਿਆਂ ਲਈ ਮਿਸਰ ਵਿਚ ਢੇਰ ਸਾਰਾ ਅੰਨ ਉੱਗੇਗਾ। ਇਸ ਤੋਂ ਬਾਅਦ ਦੇ ਸੱਤ ਵਰ੍ਹਿਆਂ ਵਿਚ ਬਹੁਤ ਘੱਟ ਅੰਨ ਉੱਗੇਗਾ।’

ਇਸ ਲਈ ਯੂਸੁਫ਼ ਨੇ ਰਾਜੇ ਨੂੰ ਕਿਹਾ: ‘ਇਕ ਸਿਆਣੇ ਮਨੁੱਖ ਨੂੰ ਚੁਣੋ ਅਤੇ ਸੱਤ ਚੰਗੇ ਵਰ੍ਹਿਆਂ ਦੌਰਾਨ ਅੰਨ ਇਕੱਠਾ ਕਰਨ ਦਾ ਕੰਮ ਉਸ ਨੂੰ ਸੌਂਪ ਦਿਓ। ਇਸ ਤਰ੍ਹਾਂ ਕਾਲ ਦੇ ਸੱਤ ਵਰ੍ਹਿਆਂ ਦੌਰਾਨ ਲੋਕ ਭੁੱਖੇ ਨਹੀਂ ਮਰਨਗੇ।’

ਰਾਜੇ ਨੇ ਇਸ ਕੰਮ ਦੀ ਜ਼ਿੰਮੇਵਾਰੀ ਯੂਸੁਫ਼ ਨੂੰ ਹੀ ਦੇ ਦਿੱਤੀ। ਯੂਸੁਫ਼ ਰਾਜੇ ਦੀ ਤਰ੍ਹਾਂ ਵੱਡਾ ਆਦਮੀ ਬਣ ਗਿਆ। ਰਾਜੇ ਤੋਂ ਇਲਾਵਾ ਉਸ ਨਾਲੋਂ ਉੱਚਾ ਹੋਰ ਕੋਈ ਨਹੀਂ ਸੀ।

ਅੱਠ ਸਾਲ ਬਾਅਦ, ਕਾਲ ਦੌਰਾਨ, ਯੂਸੁਫ਼ ਨੇ ਕੁਝ ਆਦਮੀਆਂ ਨੂੰ ਮਿਸਰ ਆਉਂਦੇ ਦੇਖਿਆ। ਤੁਹਾਨੂੰ ਪਤਾ ਇਹ ਆਦਮੀ ਕੌਣ ਸਨ? ਇਹ ਯੂਸੁਫ਼ ਦੇ 10 ਵੱਡੇ ਭਰਾ ਸਨ। ਕਾਲ ਦਾ ਅਸਰ ਕਨਾਨ ਦੇਸ਼ ਤੇ ਵੀ ਪਿਆ ਸੀ। ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਦੇ ਭਰਾਵਾਂ ਨੂੰ ਅਨਾਜ ਖ਼ਰੀਦਣ ਵਾਸਤੇ ਮਿਸਰ ਭੇਜਿਆ। ਯੂਸੁਫ਼ ਨੇ ਤਾਂ ਇਕਦਮ ਆਪਣੇ ਭਰਾਵਾਂ ਨੂੰ ਪਛਾਣ ਲਿਆ, ਪਰ ਉਨ੍ਹਾਂ ਨੇ ਯੂਸੁਫ਼ ਨੂੰ ਨਾ ਪਛਾਣਿਆ। ਉਹ ਹੁਣ ਵੱਡਾ ਹੋ ਚੁੱਕਾ ਸੀ ਅਤੇ ਉਸ ਦਾ ਪਹਿਰਾਵਾ ਵੀ ਬਦਲ ਚੁੱਕਾ ਸੀ।

ਯੂਸੁਫ਼ ਨੂੰ ਹੁਣ ਉਹ ਸੁਪਨਾ ਯਾਦ ਆਇਆ ਜਿਸ ਵਿਚ ਉਸ ਦੇ ਭਰਾਵਾਂ ਨੇ ਉਸ ਅੱਗੇ ਮੱਥਾ ਟੇਕਿਆ ਸੀ। ਕੀ ਤੁਹਾਨੂੰ ਉਹ ਕਹਾਣੀ ਯਾਦ ਹੈ? ਹੁਣ ਉਹ ਸਮਝ ਸਕਦਾ ਸੀ ਕਿ ਉਸ ਦਾ ਮਿਸਰ ਆਉਣਾ ਜ਼ਰੂਰੀ ਕਿਉਂ ਸੀ। ਤੁਹਾਡੇ ਖ਼ਿਆਲ ਵਿਚ ਯੂਸੁਫ਼ ਨੇ ਆਪਣੇ ਭਰਾਵਾਂ ਨਾਲ ਕੀ ਕੀਤਾ? ਆਓ ਆਪਾਂ ਅਗਲੀ ਕਹਾਣੀ ਵਿਚ ਪੜ੍ਹੀਏ।