Skip to content

Skip to table of contents

ਕਹਾਣੀ 25

ਪਰਿਵਾਰ ਮਿਸਰ ਨੂੰ ਆਇਆ

ਪਰਿਵਾਰ ਮਿਸਰ ਨੂੰ ਆਇਆ

ਹੁਣ ਯੂਸੁਫ਼ ਤੋਂ ਰਿਹਾ ਨਾ ਗਿਆ। ਇਸ ਲਈ ਉਸ ਨੇ ਆਪਣੇ ਨੌਕਰਾਂ ਨੂੰ ਕਮਰੇ ਵਿੱਚੋਂ ਜਾਣ ਲਈ ਕਿਹਾ। ਜਦ ਯੂਸੁਫ਼ ਆਪਣੇ ਭਰਾਵਾਂ ਨਾਲ ਕਮਰੇ ਵਿਚ ਇਕੱਲਾ ਰਹਿ ਗਿਆ, ਤਾਂ ਉਹ ਰੋਣ ਲੱਗ ਪਿਆ। ਪਰ ਉਸ ਦੇ ਭਰਾਵਾਂ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਉਂ ਰੋ ਰਿਹਾ ਸੀ। ਉਸ ਨੇ ਕਿਹਾ: ‘ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ?’

ਉਸ ਦੇ ਭਰਾ ਉਸ ਦੇ ਮੂੰਹ ਵੱਲ ਦੇਖਦੇ ਰਹਿ ਗਏ ਤੇ ਡਰ ਗਏ। ਯੂਸੁਫ਼ ਨੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਕਿਹਾ, ‘ਜ਼ਰਾ ਮੇਰੇ ਨੇੜੇ ਆਓ।’ ਯੂਸੁਫ਼ ਨੇ ਉਨ੍ਹਾਂ ਨੂੰ ਅੱਗੇ ਕਿਹਾ: ‘ਮੈਂ ਤੁਹਾਡਾ ਭਰਾ ਯੂਸੁਫ਼ ਹਾਂ, ਜਿਸ ਨੂੰ ਤੁਸੀਂ ਵੇਚ ਦਿੱਤਾ ਸੀ।’

ਯੂਸੁਫ਼ ਨੇ ਅੱਗੇ ਕਿਹਾ: ‘ਆਪਣੇ ਆਪ ਤੇ ਦੋਸ਼ ਨਾ ਲਾਓ ਕਿ ਤੁਸੀਂ ਮੈਨੂੰ ਇੱਥੇ ਵੇਚਿਆ ਸੀ। ਇਹ ਤਾਂ ਅਸਲ ਵਿਚ ਪਰਮੇਸ਼ੁਰ ਦੀ ਹੀ ਮਰਜ਼ੀ ਸੀ ਕਿ ਮੈਂ ਮਿਸਰ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਆਵਾਂ। ਰਾਜੇ ਨੇ ਮੈਨੂੰ ਪੂਰੇ ਦੇਸ਼ ਦਾ ਹਾਕਮ ਬਣਾਇਆ ਹੈ। ਇਸ ਲਈ ਹੁਣ ਤੁਸੀਂ ਫ਼ੌਰਨ ਮੇਰੇ ਪਿਤਾ ਕੋਲ ਜਾਓ ਅਤੇ ਉਸ ਨੂੰ ਇਹ ਸਾਰੀਆਂ ਗੱਲਾਂ ਦੱਸੋ ਤੇ ਉਸ ਨੂੰ ਇੱਥੇ ਆ ਕੇ ਵੱਸਣ ਲਈ ਕਹੋ।’

ਹੁਣ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਘੁੱਟ ਕੇ ਜੱਫੀ ਪਾਈ ਅਤੇ ਉਨ੍ਹਾਂ ਨੂੰ ਚੁੰਮਿਆ। ਰਾਜੇ ਨੂੰ ਜਦ ਇਹ ਗੱਲ ਪਤਾ ਲੱਗੀ ਕਿ ਯੂਸੁਫ਼ ਦੇ ਭਰਾ ਮਿਸਰ ਨੂੰ ਆਏ ਹੋਏ ਹਨ, ਤਾਂ ਉਸ ਨੇ ਯੂਸੁਫ਼ ਨੂੰ ਕਿਹਾ: ‘ਉਨ੍ਹਾਂ ਨੂੰ ਗੱਡੇ ਲੈ ਜਾਣ ਦਿਓ ਤਾਂਕਿ ਉਹ ਜਾ ਕੇ ਆਪਣੇ ਪਿਤਾ ਅਤੇ ਆਪਣੇ ਪਰਿਵਾਰਾਂ ਨੂੰ ਲਿਆ ਕੇ ਇੱਥੇ ਵਾਪਸ ਆਉਣ। ਮੈਂ ਉਨ੍ਹਾਂ ਨੂੰ ਪੂਰੇ ਮਿਸਰ ਵਿਚ ਸਭ ਤੋਂ ਵਧੀਆ ਜ਼ਮੀਨ ਦਿਆਂਗਾ।’

ਯੂਸੁਫ਼ ਦੇ ਭਰਾਵਾਂ ਨੇ ਇੱਦਾਂ ਹੀ ਕੀਤਾ। ਉਹ ਕਨਾਨ ਗਏ ਅਤੇ ਆਪਣੇ ਪਿਤਾ ਅਤੇ ਪੂਰੇ ਪਰਿਵਾਰ ਨੂੰ ਆਪਣੇ ਨਾਲ ਮਿਸਰ ਲੈ ਆਏ। ਤਸਵੀਰ ਵਿਚ ਦੇਖੋ ਯੂਸੁਫ਼ ਆਪਣੇ ਪਿਤਾ ਨੂੰ ਮਿਲ ਰਿਹਾ ਹੈ।

ਯਾਕੂਬ ਜਦ ਮਿਸਰ ਆ ਕੇ ਰਹਿਣ ਲੱਗਾ, ਤਾਂ ਉਸ ਦਾ ਪਰਿਵਾਰ ਕਾਫ਼ੀ ਵੱਡਾ ਸੀ। ਯਾਕੂਬ, ਉਸ ਦੇ ਪੁੱਤਰਾਂ ਅਤੇ ਪੋਤੇ-ਪੋਤੀਆਂ ਨੂੰ ਮਿਲਾ ਕੇ ਕੁੱਲ 70 ਜਣੇ ਸਨ। ਇਸ ਤੋਂ ਇਲਾਵਾ ਯਾਕੂਬ ਦੀਆਂ ਨੂੰਹਾਂ ਤੇ ਕਈ ਨੌਕਰ-ਚਾਕਰ ਵੀ ਸਨ। ਯਹੋਵਾਹ ਨੇ ਯਾਕੂਬ ਦਾ ਨਾਮ ਬਦਲ ਕੇ ਇਸਰਾਏਲ ਰੱਖ ਦਿੱਤਾ ਸੀ। ਇਸ ਤਰ੍ਹਾਂ ਉਸ ਦਾ ਪਰਿਵਾਰ ਇਸਰਾਏਲ ਦੇ ਨਾਮ ਤੋਂ ਜਾਣਿਆ ਜਾਣ ਲੱਗਾ। ਇਸਰਾਏਲੀਆਂ ਦਾ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਸੀ ਜਿਸ ਬਾਰੇ ਅਸੀਂ ਅਗਲੀਆਂ ਕਹਾਣੀਆਂ ਵਿਚ ਦੇਖਾਂਗੇ।