Skip to content

Skip to table of contents

ਕਹਾਣੀ 26

ਅੱਯੂਬ ਦੀ ਵਫ਼ਾਦਾਰੀ

ਅੱਯੂਬ ਦੀ ਵਫ਼ਾਦਾਰੀ

ਕੀ ਤੁਹਾਨੂੰ ਇਸ ਬੰਦੇ ਤੇ ਤਰਸ ਨਹੀਂ ਆਉਂਦਾ? ਇਹ ਕਿੰਨਾ ਬੀਮਾਰ ਲੱਗਦਾ ਹੈ। ਇਸ ਦਾ ਨਾਮ ਅੱਯੂਬ ਹੈ ਅਤੇ ਇਸ ਨਾਲ ਗੱਲ ਕਰ ਰਹੀ ਤੀਵੀਂ ਉਸ ਦੀ ਪਤਨੀ ਹੈ। ਤੁਹਾਨੂੰ ਪਤਾ ਉਹ ਆਪਣੇ ਪਤੀ ਨੂੰ ਕੀ ਕਹਿ ਰਹੀ ਹੈ? ਉਹ ਕਹਿ ਰਹੀ ਹੈ, ‘ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ।’ ਆਓ ਦੇਖੀਏ ਕਿ ਉਸ ਦੀ ਪਤਨੀ ਨੇ ਉਸ ਨੂੰ ਇਹ ਗੱਲ ਕਿਉਂ ਕਹੀ ਸੀ ਅਤੇ ਅੱਯੂਬ ਨੂੰ ਇੰਨਾ ਦੁੱਖ ਕਿਉਂ ਸਹਿਣਾ ਪਿਆ।

ਅੱਯੂਬ ਕਨਾਨ ਲਾਗੇ ਊਸ ਦੇਸ਼ ਵਿਚ ਰਹਿੰਦਾ ਸੀ। ਯਹੋਵਾਹ ਅੱਯੂਬ ਨਾਲ ਬਹੁਤ ਪਿਆਰ ਕਰਦਾ ਸੀ ਕਿਉਂਕਿ ਅੱਯੂਬ ਚੰਗਾ ਆਦਮੀ ਸੀ ਅਤੇ ਉਹ ਹਮੇਸ਼ਾ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ। ਪਰ ਇਕ ਅਜਿਹਾ ਸ਼ਖ਼ਸ ਸੀ ਜੋ ਅੱਯੂਬ ਨਾਲ ਬਹੁਤ ਨਫ਼ਰਤ ਕਰਦਾ ਸੀ। ਕੀ ਤੁਹਾਨੂੰ ਪਤਾ ਉਹ ਕੌਣ ਸੀ?

ਇਹ ਉਹ ਫ਼ਰਿਸ਼ਤਾ ਸੀ ਜੋ ਸ਼ਤਾਨ ਬਣਿਆ। ਯਾਦ ਕਰੋ, ਆਪਾਂ ਇਹ ਦੇ ਬਾਰੇ ਪਹਿਲਾਂ ਵੀ ਪੜ੍ਹਿਆ ਸੀ। ਸ਼ਤਾਨ ਯਹੋਵਾਹ ਨੂੰ ਨਫ਼ਰਤ ਕਰਦਾ ਹੈ। ਉਸ ਨੇ ਹੀ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਕੀਤਾ ਸੀ। ਉਹ ਤਾਂ ਸਾਰੇ ਇਨਸਾਨਾਂ ਨੂੰ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਸੀ। ਪਰ ਕੀ ਉਹ ਆਪਣੇ ਇਰਾਦਿਆਂ ਵਿਚ ਕਾਮਯਾਬ ਹੋਇਆ? ਨਹੀਂ। ਆਪਾਂ ਪਿਛਲੀਆਂ ਕਹਾਣੀਆਂ ਵਿਚ ਅਜਿਹੇ ਕਈ ਇਨਸਾਨਾਂ ਬਾਰੇ ਪੜ੍ਹ ਚੁੱਕੇ ਹਾਂ ਜਿਨ੍ਹਾਂ ਨੇ ਯਹੋਵਾਹ ਦਾ ਸਾਥ ਨਹੀਂ ਛੱਡਿਆ। ਕੀ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਦਾ ਨਾਮ ਯਾਦ ਹੈ?

ਮਿਸਰ ਵਿਚ ਯਾਕੂਬ ਅਤੇ ਯੂਸੁਫ਼ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਸਿਰਫ਼ ਅੱਯੂਬ ਹੀ ਯਹੋਵਾਹ ਦਾ ਸਭ ਤੋਂ ਵਫ਼ਾਦਾਰ ਭਗਤ ਸੀ। ਯਹੋਵਾਹ ਚਾਹੁੰਦਾ ਸੀ ਕਿ ਸ਼ਤਾਨ ਵੀ ਇਹ ਗੱਲ ਜਾਣ ਲਵੇ ਕਿ ਉਹ ਸਾਰੇ ਇਨਸਾਨਾਂ ਨੂੰ ਪੁੱਠੇ ਪਾਸੇ ਨਹੀਂ ਲਾ ਸਕਦਾ। ਇਸ ਲਈ ਉਸ ਨੇ ਸ਼ਤਾਨ ਨੂੰ ਕਿਹਾ: ‘ਅੱਯੂਬ ਵੱਲ ਦੇਖ, ਉਹ ਮੇਰੇ ਪ੍ਰਤੀ ਕਿੰਨਾ ਵਫ਼ਾਦਾਰ ਹੈ।’

ਸ਼ਤਾਨ ਨੇ ਯਹੋਵਾਹ ਨੂੰ ਮਿਹਣਾ ਮਾਰਦਿਆਂ ਕਿਹਾ, ‘ਵਫ਼ਾਦਾਰ, ਕਿਹ ਦਾ ਵਫ਼ਾਦਾਰ? ਉਹ ਤਾਂ ਆਪਣੇ ਮਤਲਬ ਲਈ ਤੇਰੀ ਸੇਵਾ ਕਰਦਾ ਹੈ ਕਿਉਂਕਿ ਤੂੰ ਉਸ ਨੂੰ ਅਸੀਸ ਦਿੰਦਾ ਹੈਂ ਅਤੇ ਉਸ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ। ਪਰ ਜੇ ਤੂੰ ਇਹ ਸਭ ਕੁਝ ਉਸ ਤੋਂ ਲੈ ਲਵੇਂ, ਤਾਂ ਉਹ ਤੈਨੂੰ ਫਿਟਕਾਰੇਗਾ।’

ਯਹੋਵਾਹ ਨੇ ਸ਼ਤਾਨ ਨੂੰ ਜਵਾਬ ਦਿੱਤਾ: ‘ਜਾ, ਅੱਯੂਬ ਤੋਂ ਸਭ ਕੁਝ ਖੋਹ ਲੈ ਅਤੇ ਜੋ ਜੀ ਚਾਹੇ ਉਹ ਦੇ ਨਾਲ ਕਰ ਕੇ ਦੇਖ ਲੈ। ਪਰ ਇਕ ਗੱਲ ਯਾਦ ਰੱਖੀਂ ਕਿ ਤੂੰ ਉਸ ਨੂੰ ਜਾਨੋਂ ਨਹੀਂ ਮਾਰ ਸਕਦਾ। ਫਿਰ ਅਸੀਂ ਦੇਖਾਂਗੇ ਕਿ ਉਹ ਮੈਨੂੰ ਫਿਟਕਾਰਦਾ ਹੈ ਜਾਂ ਨਹੀਂ।’

ਪਹਿਲਾਂ ਸ਼ਤਾਨ ਨੇ ਅੱਯੂਬ ਦੀਆਂ ਮੱਝਾਂ-ਗਾਵਾਂ ਅਤੇ ਊਠਾਂ ਦੀ ਚੋਰੀ ਕਰਵਾਈ। ਫਿਰ ਉਸ ਨੇ ਉਸ ਦੀਆਂ ਭੇਡਾਂ ਨੂੰ ਮਰਵਾ ਦਿੱਤਾ। ਇਸ ਤੋਂ ਬਾਅਦ ਇਕ ਤੂਫ਼ਾਨ ਵਿਚ ਉਸ ਨੇ ਅੱਯੂਬ ਦੇ ਦਸਾਂ ਨਿਆਣਿਆਂ ਨੂੰ ਮਾਰ ਦਿੱਤਾ। ਇੰਨਾ ਹੀ ਨਹੀਂ, ਸਗੋਂ ਸ਼ਤਾਨ ਨੇ ਅੱਯੂਬ ਨੂੰ ਇਕ ਭੈੜੀ ਬੀਮਾਰੀ ਵੀ ਲਾ ਦਿੱਤੀ। ਅੱਯੂਬ ਨੇ ਬਹੁਤ ਸਾਰੇ ਦੁੱਖ ਝੱਲੇ ਜਿਸ ਕਰਕੇ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਸੀ, ‘ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ।’ ਉੱਪਰੋਂ ਦੀ ਅੱਯੂਬ ਦੇ ਤਿੰਨ ਝੂਠੇ ਦੋਸਤਾਂ ਨੇ ਆ ਕੇ ਉਸ ਨੂੰ ਕਿਹਾ ਕਿ ਉਸ ਨੇ ਜ਼ਰੂਰ ਕੋਈ ਭੈੜਾ ਕੰਮ ਕੀਤਾ ਹੋਵੇਗਾ ਜਿਸ ਦੀ ਸਜ਼ਾ ਰੱਬ ਉਸ ਨੂੰ ਦੇ ਰਿਹਾ ਸੀ। ਇੰਨਾ ਕੁਝ ਸਹਿਣ ਦੇ ਬਾਵਜੂਦ ਵੀ ਅੱਯੂਬ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ। ਉਸ ਨੇ ਪਰਮੇਸ਼ੁਰ ਬਾਰੇ ਕੁਝ ਬੁਰਾ-ਭਲਾ ਨਹੀਂ ਕਿਹਾ।

ਅੱਯੂਬ ਦੀ ਵਫ਼ਾਦਾਰੀ ਦੇਖ ਕੇ ਯਹੋਵਾਹ ਦਾ ਮਨ ਬਹੁਤ ਖ਼ੁਸ਼ ਹੋਇਆ। ਉਸ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਬਰਕਤਾਂ ਦਿੱਤੀਆਂ। ਤਸਵੀਰ ਵਿਚ ਦੇਖੋ ਉਹ ਹੁਣ ਪੂਰੀ ਤਰ੍ਹਾਂ ਠੀਕ-ਠਾਕ ਹੈ। ਅੱਯੂਬ ਦੇ 10 ਹੋਰ ਸੋਹਣੇ-ਸੋਹਣੇ ਬੱਚੇ ਪੈਦਾ ਹੋਏ ਅਤੇ ਉਹ ਦੇ ਕੋਲ ਦੁਗਣੀਆਂ ਮੱਝਾਂ-ਗਾਵਾਂ, ਭੇਡਾਂ ਤੇ ਊਠ ਸਨ।

ਕੀ ਤੁਸੀਂ ਅੱਯੂਬ ਦੀ ਤਰ੍ਹਾਂ ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹੋਗੇ? ਜੇ ਤੁਸੀਂ ਵੀ ਅੱਯੂਬ ਦੀ ਤਰ੍ਹਾਂ ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹੋਗੇ, ਤਾਂ ਉਹ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ। ਨਾਲੇ ਤੁਸੀਂ ਅਦਨ ਦੇ ਬਾਗ਼ ਵਰਗੀ ਧਰਤੀ ਤੇ ਹਮੇਸ਼ਾ-ਹਮੇਸ਼ਾ ਲਈ ਜੀ ਸਕੋਗੇ।