Skip to content

Skip to table of contents

ਕਹਾਣੀ 27

ਮਿਸਰ ਦਾ ਇਕ ਭੈੜਾ ਰਾਜਾ

ਮਿਸਰ ਦਾ ਇਕ ਭੈੜਾ ਰਾਜਾ

ਤਸਵੀਰ ਵਿਚ ਦੇਖੋ ਕੀ ਹੋ ਰਿਹਾ ਹੈ। ਕੁਝ ਆਦਮੀ ਦੂਸਰਿਆਂ ਤੋਂ ਜ਼ਬਰਦਸਤੀ ਕੰਮ ਕਰਵਾ ਰਹੇ ਹਨ। ਉਹ ਦੇਖੋ, ਇਕ ਜਣਾ ਤਾਂ ਮਜ਼ਦੂਰ ਨੂੰ ਕੁੱਟ ਰਿਹਾ ਹੈ! ਮਜ਼ਦੂਰੀ ਕਰ ਰਹੇ ਲੋਕ ਯਾਕੂਬ ਦੇ ਖ਼ਾਨਦਾਨ ਵਿੱਚੋਂ ਹਨ ਅਤੇ ਇਨ੍ਹਾਂ ਨੂੰ ਇਸਰਾਏਲੀ ਕਿਹਾ ਜਾਂਦਾ ਸੀ। ਦੂਜੇ ਆਦਮੀ ਮਿਸਰੀ ਲੋਕ ਹਨ। ਇਸਰਾਏਲੀ ਹੁਣ ਮਿਸਰੀਆਂ ਦੇ ਗ਼ੁਲਾਮ ਬਣ ਗਏ ਸਨ। ਆਓ ਆਪਾਂ ਦੇਖੀਏ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ।

ਮਿਸਰ ਵਿਚ ਰਾਜੇ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਵੱਡਾ ਆਦਮੀ ਯੂਸੁਫ਼ ਸੀ। ਯੂਸੁਫ਼ ਦੇ ਜੀਉਂਦੇ ਜੀ ਯਾਕੂਬ ਦਾ ਪਰਿਵਾਰ ਕਈ ਸਾਲਾਂ ਤੋਂ ਮਿਸਰ ਵਿਚ ਆਰਾਮ ਨਾਲ ਰਹਿ ਰਿਹਾ ਸੀ। ਪਰ ਯੂਸੁਫ਼ ਦੀ ਮੌਤ ਤੋਂ ਬਾਅਦ ਸਭ ਕੁਝ ਬਦਲ ਗਿਆ। ਇਕ ਨਵਾਂ ਰਾਜਾ ਮਿਸਰ ਤੇ ਰਾਜ ਕਰਨ ਲੱਗ ਪਿਆ ਸੀ। ਉਹ ਇਸਰਾਏਲੀਆਂ ਨੂੰ ਜ਼ਰਾ ਵੀ ਪਸੰਦ ਨਹੀਂ ਕਰਦਾ ਸੀ।

ਇਸ ਬੁਰੇ ਰਾਜੇ ਨੇ ਇਸਰਾਏਲੀਆਂ ਨੂੰ ਆਪਣੇ ਗ਼ੁਲਾਮ ਬਣਾ ਲਿਆ। ਜਿਨ੍ਹਾਂ ਬੰਦਿਆਂ ਦੀ ਨਿਗਰਾਨੀ ਹੇਠ ਇਸਰਾਏਲੀਆਂ ਨੂੰ ਕੰਮ ਕਰਨਾ ਪੈ ਰਿਹਾ ਸੀ, ਉਹ ਬਹੁਤ ਹੀ ਬੁਰੇ ਤੇ ਬੇਰਹਿਮ ਸਨ। ਉਨ੍ਹਾਂ ਨੇ ਇਸਰਾਏਲੀਆਂ ਉੱਤੇ ਜ਼ੁਲਮ ਢਾਹੇ ਅਤੇ ਧੱਕੇ ਨਾਲ ਉਨ੍ਹਾਂ ਕੋਲੋਂ ਮਿਸਰ ਦੀਆਂ ਇਮਾਰਤਾਂ ਬਣਵਾਈਆਂ। ਪਰ ਇਸ ਜ਼ੁਲਮ ਦੇ ਬਾਵਜੂਦ ਵੀ ਇਸਰਾਏਲੀਆਂ ਦੀ ਗਿਣਤੀ ਵਧਦੀ ਚਲੀ ਗਈ। ਫਿਰ ਮਿਸਰੀਆਂ ਨੂੰ ਡਰ ਲੱਗਣ ਲੱਗ ਪਿਆ ਕਿ ਜੇ ਇਸਰਾਏਲੀਆਂ ਦੀ ਗਿਣਤੀ ਇੰਜ ਹੀ ਵਧਦੀ ਰਹੀ, ਤਾਂ ਉਹ ਇਕ ਦਿਨ ਮਿਸਰ ਨੂੰ ਆਪਣਾ ਗ਼ੁਲਾਮ ਬਣਾ ਲੈਣਗੇ।

ਤੁਹਾਨੂੰ ਪਤਾ ਰਾਜੇ ਨੇ ਇਸਰਾਏਲੀਆਂ ਦੀ ਗਿਣਤੀ ਰੋਕਣ ਲਈ ਕੀ ਕੀਤਾ? ਉਸ ਨੇ ਮਿਸਰ ਦੀਆਂ ਦਾਈਆਂ ਨਾਲ ਗੱਲ ਕੀਤੀ ਕਿ ਜਦ ਵੀ ਇਸਰਾਏਲੀ ਤੀਵੀਆਂ ਦੇ ਕੋਈ ਮੁੰਡਾ ਪੈਦਾ ਹੋਵੇ, ਤਾਂ ਉਹ ਉਸ ਨੂੰ ਮਾਰ ਦੇਣ। ਪਰ ਇਹ ਦਾਈਆਂ ਚੰਗੀਆਂ ਸਨ ਅਤੇ ਉਨ੍ਹਾਂ ਨੇ ਇੰਜ ਨਹੀਂ ਕੀਤਾ।

ਸੋ ਰਾਜੇ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਕਿ ‘ਇਸਰਾਏਲੀਆਂ ਦੇ ਮੁੰਡਿਆਂ ਨੂੰ ਮਾਰ ਦਿਓ ਸਿਰਫ਼ ਕੁੜੀਆਂ ਨੂੰ ਹੀ ਜੀਉਂਦਾ ਰਹਿਣ ਦਿਓ।’ ਇਸ ਰਾਜੇ ਨੇ ਇਸਰਾਏਲੀਆਂ ਤੇ ਕਿੰਨਾ ਜ਼ੁਲਮ ਕੀਤਾ! ਚਲੋ ਦੇਖੀਏ ਿੲਕ ਮੁੰਡੇ ਨੂੰ ਕਿੱਦਾਂ ਬਚਾਇਆ ਗਿਅਾ ਸੀ।