Skip to content

Skip to table of contents

ਕਹਾਣੀ 28

ਮੂਸਾ ਨੂੰ ਬਚਾਇਆ ਗਿਆ

ਮੂਸਾ ਨੂੰ ਬਚਾਇਆ ਗਿਆ

ਦੇਖੋ ਤੀਵੀਂ ਦੀ ਉਂਗਲ ਫੜੀ ਇਹ ਛੋਟਾ ਜਿਹਾ ਬੱਚਾ ਰੋ ਰਿਹਾ ਹੈ। ਇਸ ਬੱਚੇ ਦਾ ਨਾਮ ਮੂਸਾ ਹੈ। ਪਰ ਤੁਹਾਨੂੰ ਪਤਾ ਇਹ ਸੋਹਣੀ ਤੀਵੀਂ ਕੌਣ ਹੈ? ਇਹ ਫ਼ਿਰਊਨ ਦੀ ਧੀ ਹੈ, ਮਿਸਰ ਦੀ ਰਾਜਕੁਮਾਰੀ।

ਮੂਸਾ ਦੀ ਮਾਂ ਨੂੰ ਡਰ ਸੀ ਕਿ ਕਿਤੇ ਮਿਸਰੀ ਲੋਕ ਉਸ ਦੇ ਮੁੰਡੇ ਦਾ ਵੀ ਕਤਲ ਨਾ ਕਰ ਦੇਣ। ਇਸ ਲਈ ਉਸ ਨੇ ਮੂਸਾ ਨੂੰ ਪਹਿਲਾਂ ਤਿੰਨਾਂ ਮਹੀਨਿਆਂ ਤਕ ਲੁਕੋ ਕੇ ਰੱਖਿਆ। ਫਿਰ ਉਸ ਨੂੰ ਲੱਗਾ ਕਿ ਹੁਣ ਬੱਚੇ ਨੂੰ ਛੁਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਆਪਣੇ ਬੱਚੇ ਨੂੰ ਬਚਾਉਣ ਲਈ ਤੁਹਾਨੂੰ ਪਤਾ ਉਸ ਨੇ ਕੀ ਕੀਤਾ? ਚਲੋ ਅੱਗੇ ਦੇਖਦੇ ਹਾਂ।

ਉਸ ਨੇ ਇਕ ਟੋਕਰੇ ਨੂੰ ਵਧੀਆ ਢੰਗ ਨਾਲ ਬਣਾਇਆ ਤਾਂਕਿ ਉਸ ਅੰਦਰ ਪਾਣੀ ਨਾ ਜਾ ਸਕੇ। ਫਿਰ ਉਸ ਨੇ ਮੂਸਾ ਨੂੰ ਟੋਕਰੇ ਅੰਦਰ ਲਿਟਾ ਦਿੱਤਾ। ਟੋਕਰੇ ਨੂੰ ਉਸ ਨੇ ਨੀਲ ਦਰਿਆ ਦੇ ਕੰਢੇ ਉੱਤੇ ਘਾਹ ਵਿਚਕਾਰ ਰੱਖ ਦਿੱਤਾ। ਫਿਰ ਉਸ ਨੇ ਆਪਣੀ ਕੁੜੀ ਮਿਰਯਮ ਨੂੰ ਟੋਕਰੇ ਤੇ ਨਿਗਾਹ ਰੱਖਣ ਲਈ ਕਿਹਾ।

ਥੋੜ੍ਹੇ ਚਿਰ ਬਾਅਦ ਰਾਜੇ ਦੀ ਧੀ ਨੀਲ ਦਰਿਆ ਤੇ ਨਹਾਉਣ ਆਈ। ਅਚਾਨਕ ਉਹ ਦੀ ਨਜ਼ਰ ਘਾਹ ਵਿਚਕਾਰ ਪਏ ਟੋਕਰੇ ਤੇ ਪਈ। ਉਸ ਨੇ ਫਟਾਫਟ ਆਪਣੀ ਇਕ ਨੌਕਰਾਣੀ ਨੂੰ ਬੁਲਾਇਆ ਤੇ ਕਿਹਾ: ‘ਜਾ ਕੇ ਮੇਰੇ ਲਈ ਉਹ ਟੋਕਰਾ ਲਿਆ।’ ਜਦ ਰਾਜਕੁਮਾਰੀ ਨੇ ਟੋਕਰਾ ਖੋਲ੍ਹਿਆ, ਤਾਂ ਉਹ ਉਸ ਵਿਚ ਪਏ ਬੱਚੇ ਨੂੰ ਦੇਖਦੀ ਹੀ ਰਹਿ ਗਈ ਕਿਉਂਕਿ ਉਹ ਬਹੁਤ ਸੋਹਣਾ ਸੀ। ਮੂਸਾ ਰੋ ਰਿਹਾ ਸੀ ਅਤੇ ਰਾਜਕੁਮਾਰੀ ਨੂੰ ਉਸ ਤੇ ਤਰਸ ਆ ਗਿਆ। ਉਹ ਉਸ ਨੂੰ ਬਚਾਉਣਾ ਚਾਹੁੰਦੀ ਸੀ।

ਤਸਵੀਰ ਵਿਚ ਦੇਖੋ ਮੂਸਾ ਦੀ ਭੈਣ ਮਿਰਯਮ ਰਾਜਕੁਮਾਰੀ ਨਾਲ ਗੱਲ ਕਰ ਰਹੀ ਹੈ। ਉਹ ਉਸ ਨੂੰ ਕਹਿ ਰਹੀ ਹੈ: ‘ਕੀ ਮੈਂ ਜਾ ਕੇ ਇਕ ਇਸਰਾਏਲੀ ਔਰਤ ਨੂੰ ਬੁਲਾ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾ ਸਕੇ?’

ਰਾਜਕੁਮਾਰੀ ਨੇ ਜਵਾਬ ਦਿੱਤਾ, ‘ਹਾਂ ਜ਼ਰੂਰ, ਜਾ।’

ਮਿਰਯਮ ਦੌੜੀ-ਦੌੜੀ ਆਪਣੀ ਮਾਂ ਕੋਲ ਗਈ। ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਫਿਰ ਆਪਣੀ ਮਾਂ ਨੂੰ ਰਾਜਕੁਮਾਰੀ ਕੋਲ ਲੈ ਆਈ। ਰਾਜਕੁਮਾਰੀ ਨੇ ਉਸ ਨੂੰ ਕਿਹਾ: ‘ਇਸ ਬੱਚੇ ਨੂੰ ਲਿਜਾ ਕੇ ਮੇਰੇ ਲਈ ਦੁੱਧ ਚੁੰਘਾ ਅਤੇ ਮੈਂ ਤੈਨੂੰ ਮਜ਼ਦੂਰੀ ਦਿਆਂਗੀ।’

ਇੱਦਾਂ ਮੂਸਾ ਦੀ ਮਾਂ ਨੇ ਹੀ ਉਸ ਦੀ ਦੇਖ-ਭਾਲ ਕੀਤੀ। ਮੂਸਾ ਜਦ ਥੋੜ੍ਹਾ ਜਿਹਾ ਵੱਡਾ ਹੋ ਗਿਆ, ਤਾਂ ਉਸ ਦੀ ਮਾਂ ਉਸ ਨੂੰ ਰਾਜਕੁਮਾਰੀ ਦੇ ਘਰ ਛੱਡ ਆਈ। ਰਾਜਕੁਮਾਰੀ ਨੇ ਮੂਸਾ ਨੂੰ ਗੋਦ ਲੈ ਲਿਆ। ਇੱਦਾਂ ਮੂਸਾ ਦੀ ਪਰਵਰਿਸ਼ ਮਿਸਰ ਦੇ ਰਾਜ ਮਹਿਲ ਵਿਚ ਹੋਈ।